Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Sunday 26 November 2017

ਮੋਦੀ ਹਕੂਮਤ ਦੀਆਂ ਸਾਮਰਾਜਪ੍ਰਸਤ ਨਵਉਦਾਰਵਾਦੀ ਨੀਤੀਆਂ ਖ਼ਿਲਾਫ਼ ਸੰਗਰਾਮਾਂ ਦੇ ਪਿੜ ਮਘਾਉਣ ਦਾ ਸੱਦਾ



ਮੋਹਾਲੀ (ਐਸਏਐਸ ਨਗਰ) 26 ਨਵੰਬਰ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪਲੇਠੀ ਚਾਰ ਰੋਜ਼ਾ ਸਰਬ ਭਾਰਤ ਕਾਨਫ਼ਰੰਸ ਦੇ ਸਮਾਪਨ ਮੌਕੇ ਅੱਜ ਇੱਥੇ ਹੋਈ ਪ੍ਰਭਾਵਸ਼ਾਲੀ ਜਨ ਸਭਾ 'ਚ ਪਾਰਟੀ ਵੱਲੋਂ ਭਾਰਤ ਦੇ ਮਿਹਨਤਕਸ਼ਾਂ ਨੂੰ ਸੱਦਾ ਦਿੱਤਾ ਗਿਆ ਕਿ ਉਹ ਲੋਕਾਂ ਦੀ ਰੋਜ਼ੀ ਰੋਟੀ ਖੋਹਣ ਅਤੇ ਸਵੈਮਾਨ ਨੂੰ ਤਹਿਸ ਨਹਿਸ ਕਰਨ ਵਾਲੀਆਂ ਮੋਦੀ ਹਕੂਮਤ ਦੀਆਂ ਸਾਮਰਾਜ ਪ੍ਰਸਤ ਨਵ ਉਦਾਰਵਾਦੀ ਨੀਤੀਆਂ ਖ਼ਿਲਾਫ਼ ਸੰਗਰਾਮਾਂ ਦੇ ਪਿੜ ਮਘਾਉਣ।
ਇਕੱਤਰਤਾ ਨੂੰ ਸੰਬੋਧਨ ਕਰਦਿਆਂ ਨਵੇਂ ਚੁਣੇ ਗਏ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਨਵ ਉਦਾਰਵਾਦੀ ਨੀਤੀਆਂ ਲੋਕਾਂ ਤੋਂ ਰੋਜ਼ਗਾਰ, ਸਿਹਤ ਸਹੂਲਤਾਂ, ਮੁਫ਼ਤ ਅਤੇ ਮਿਆਰੀ ਸਿੱਖਿਆ, ਰਿਹਾਇਸ਼ੀ ਥਾਵਾਂ, ਜਲ-ਜੰਗਲ-ਜ਼ਮੀਨ, ਸਮਾਜਿਕ ਸੁਰੱਖਿਆ ਅਤੇ ਹਰ ਕਿਸਮ ਦੀਆਂ ਜਨਤਕ ਸੇਵਾਵਾਂ ਖੋਹਣ ਦਾ ਜ਼ਰ੍ਹੀਆ ਸਾਬਤ ਹੋ ਚੁੱਕੀਆਂ ਹਨ।
ਉਨ੍ਹਾਂ ਕਿਹਾ ਕਿ ਹੁਣ ਇਹ ਕੋਈ ਭਰਮ ਨਹੀਂ ਰਹਿਣਾ ਚਾਹੀਦਾ ਕਿ ਉਕਤ ਨੀਤੀਆਂ ਦੁਨੀਆ ਭਰ ਦੇ ਮੁਲਕਾਂ ਦੇ ਬੇਸ਼ਕੀਮਤੀ ਕੁਦਰਤੀ ਸੰਸਾਧਨਾਂ 'ਤੇ ਕਿਰਤੀ ਸ਼ਕਤੀ ਦੇ ਬੇਤਰਸ ਲੁੱਟ ਕਰਨ ਵਾਲੇ ਸਾਮਰਾਜੀ ਲੁਟੇਰਿਆਂ, ਬਹੁਕੌਮੀ ਕਾਰਪੋਰੇਸ਼ਨਾਂ, ਅਡਾਨੀ-ਅੰਬਾਨੀ ਵਰਗੇ ਕਾਰਪੋਰੇਟ ਬਘਿਆੜਾਂ ਦੀ ਲੁੱਟ 'ਚ ਵਾਧਾ ਕਰਨ ਦਾ ਹਥਿਆਰ ਹਨ ਅਤੇ ਭਾਰਤੀ ਲੋਕਾਂ ਦਾ ਕੁੱਝ ਵੀ ਨਹੀਂ ਸੰਵਾਰ ਸਕਦੀਆਂ।
ਨਵੇਂ ਚੁਣੇ ਗਏ ਚੇਅਰਮੈਨ ਸਾਥੀ ਕੇ.ਗੰਗਾਧਰਨ ਨੇ ਕਿਹਾ ਕਿ ਉਕਤ ਨੀਤੀਆਂ ਕਰਕੇ ਦਿਨੋਂ ਦਿਨ ਵੱਧ ਰਹੀਂ ਕੰਗਾਲੀ ਕਾਰਨ ਪੈਦਾ ਹੋ ਰਹੀ ਲੋਕ ਬੇਚੈਨੀ ਦੇ ਸੇਕ ਤੋਂ ਬਚਣ ਲਈ ਸਾਮਰਾਜੀ ਦੇਸ਼ ਅਤੇ ਭਾਰਤ ਵਿਚਲੇ ਪ੍ਰਤੀਕਿਰਿਆ ਵਾਦੀ ਅਨਸਰ ਫ਼ਿਰਕਾਪ੍ਰਸਤੀ, ਜਾਤਪਾਤ, ਭਾਸ਼ਾ, ਇਲਾਕਾ ਵਾਦ ਅਤੇ ਹੋਰ ਫੁੱਟ ਪਾਊ ਸਾਜ਼ਿਸ਼ਾਂ ਦੇ ਆਧਾਰ 'ਤੇ ਲੋਕਾਂ ਨੂੰ ਲੀਰੋਂ ਲੀਰ ਕਰਕੇ ਖ਼ਾਨਾ-ਜੰਗੀ ਵਾਲਾ ਮਾਹੌਲ ਤਿਆਰ ਕਰ ਰਹੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਨਵ ਉਦਾਰਵਾਦੀ ਨੀਤੀਆਂ ਅਤੇ ਵੰਡਵਾਦੀ ਸਰਗਰਮੀਆਂ ਦੋਹਾਂ ਦੇ ਖ਼ਿਲਾਫ਼ ਬੇਕਿਰਕ ਸੰਗਰਾਮ ਹੀ ਭਾਰਤੀ ਲੋਕਾਈ ਦੀ ਰਾਖੀ ਦੀ ਗਰੰਟੀ ਹੋ ਸਕਦੇ ਹਨ ਅਤੇ ਦੋਹਾਂ 'ਚੋਂ ਕਿਸੇ ਇਕ ਪ੍ਰਤੀ ਲਿਹਾਜੂ ਜਾਂ ਅਵਸਰਵਾਦੀ ਰਵੱਈਆ ਇਨਕਲਾਬੀ ਲਹਿਰ ਲਈ ਘਾਤਕ ਹੋਵੇਗਾ।
ਜਨਸਭਾ ਨੂੰ ਸੰਬੋਧਨ ਕਰਦੇ ਹੋਏ ਨਵੇਂ ਚੁਣੇ ਗਏ ਖ਼ਜ਼ਾਨਚੀ ਰਜਿੰਦਰ ਪਰਾਂਜਪੇ ਨੇ ਕਿਹਾ ਕਿ ਕੇਂਦਰੀ ਅਤੇ ਸੂਬਾਈ ਸਰਕਾਰਾਂ,ਖੇਤੀ ਸੰਕਟ ਤੇ ਕਰਜ਼ੇ ਕਾਰਨ ਹੋ ਰਹੀਆਂ ਖੇਤ ਮਜ਼ਦੂਰ-ਕਿਸਾਨ ਖੁਦਕੁਸ਼ੀਆਂ, ਨਿੱਤ ਵਧਦੇ ਅਪਰਾਧਾਂ, ਮਾਫ਼ੀਆ ਲੁੱਟ, ਨਸ਼ਾ ਤਸਕਰੀ ਅਤੇ ਹੋਰ ਅਣਮਨੁੱਖੀ ਵਰਤਾਰਿਆਂ ਪ੍ਰਤੀ ਮੁਜਰਮਾਨਾ ਅਣਗਹਿਲੀ ਵਾਲਾ ਵਤੀਰਾ ਧਾਰਨ ਕਰੀ ਬੈਠੀਆਂ ਹਨ।
ਉਨ੍ਹਾਂ ਅੱਗੇ ਕਿਹਾ ਕਿ ਕਾਲੇ ਧਨ ਨੂੰ ਜ਼ਬਤ ਕਰਨ ਦੇ ਨਾਂਅ ਹੇਠ ਲਾਗੂ ਕੀਤੀ ਗਈ ਨੋਟ ਬੰਦੀ ਦੇ ਕਾਲੇ ਧਨ ਅਤੇ ਕਾਲੇ ਕਾਰੋਬਾਰਾਂ 'ਚ ਢੇਰਾਂ ਵਾਧਾ ਕੀਤਾ ਹੈ ਭਾਰਤੀ ਰਾਜਭਾਗ 'ਤੇ ਕਾਬਜ਼ ਅਖੌਤੀ ਅਰਥ ਵਿਗਿਆਨੀ ਹਾਲੇ ਵੀ ਨੋਟ ਬੰਦੀ ਦਾ ਗੁਣਗਾਨ ਕਰੀ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਜੀ.ਐਸ.ਟੀ. ਟੈਕਸਾਂ ਦੀ ਮਾਰ ਥੱਲੇ ਕੁਰਲਾ ਰਹੇ ਮਿਹਨਤਕਸ਼ਾਂ ਦੀ ਕੁੱਬੀ ਪਿੱਠ 'ਤੇ ਹੋਰ ਵਧੇਰੇ ਟੈਕਸ ਭਾਰ ਲੱਦਣ ਦੀ ਸਾਜ਼ਿਸ਼ ਤੋਂ ਸਿਵਾ ਕੁੱਝ ਨਹੀਂ। ਉਨ੍ਹਾਂ ਅੱਗੇ ਕਿਹਾ ਕਿ ਭਾਰਤੀ ਲੋਕ ਵਿਦੇਸ਼ੀ ਧਨਕੁਬੇਰਾਂ, ਭਾਰਤੀ ਇਜਾਰੇਦਾਰ ਪੂੰਜੀਪਤੀਆਂ ਅਤੇ ਪ੍ਰਸ਼ਾਸ਼ਕੀ ਢਾਂਚੇ ਦੀ ਜਾਲਿਮਾਨੀ ਲੁੱਟ ਦਾ ਬੇਤਰਸ ਸ਼ਿਕਾਰ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਭਾਰਤ ਵਿਚ ਹਾਂ ਪੱਖੀ ਸਮਾਜਕ ਪਰਿਵਰਤਨ ਲਈ ਲੜਿਆ ਜਾਣ ਵਾਲਾ ਜਮਾਤੀ ਸੰਗਰਾਮ ਕੇਵਲ ਉੱਚੀਆਂ ਤਨਖ਼ਾਹਾਂ, ਪੱਕੀਆਂ ਨੌਕਰੀਆਂ ਜਾਂ ਬਿਹਤਰ ਜੀਵਨ ਤੱਕ ਸੀਮਤ ਨਹੀਂ, ਬਲਕਿ ਜਾਤਪਾਤ ਖ਼ਾਤਮੇ, ਔਰਤਾਂ ਦੀ ਹਰ ਖੇਤਰ ਵਿਚ ਸਮਾਨਤਾ ਅਤੇ ਪਿਤਰ ਸੱਤਾਵਾਦ ਦੇ ਖ਼ਾਤਮੇ ਅਤੇ ਹਰ ਕਿਸਮ ਦੇ ਪਿਛਾਖੜੀ ਵਿਚਾਰਾਂ 'ਤੇ ਕਦਰਾਂ-ਕੀਮਤਾਂ ਵਿਰੁੱਧ ਸੰਗਰਾਮ ਦੀ ਜਮਾਤੀ ਘੋਲ ਦਾ ਹਿੱਸਾ ਹੈ।
ਪਾਰਟੀ ਦੀ ਪੰਜਾਬ ਇਕਾਈ ਦੇ ਸਕੱਤਰ ਅਤੇ ਕੇਂਦਰੀ ਸਟੈਂਡਿੰਗ ਕਮੇਟੀ ਮੈਂਬਰ ਸਾਥੀ ਹਰਕੰਵਲ ਸਿੰਘ ਵੱਲੋਂ ਦੇਸ਼ ਅਤੇ ਪੰਜਾਬ ਦੇ ਲੋਕਾਂ ਨੂੰ ਪਾਰਟੀ ਵੱਲੋਂ ਲੜੇ ਜਾਣ ਵਾਲੇ ਭਵਿੱਖੀ ਸੰਗਰਾਮਾਂ ਲਈ ਹਰ ਪੱਖ ਤੋਂ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ। ਉਨ੍ਹਾਂ ਸੰਮੇਲਨ ਦੀ ਸਫਲਤਾ 'ਚ ਬੇਮਿਸਾਲ ਯੋਗਦਾਨ ਲਈ ਪੰਜਾਬ ਅਤੇ ਚੰਡੀਗੜ੍ਹ ਦੇ ਮਿਹਨਤਕਸ਼ਾਂ ਤੇ ਅਗਾਂਹਵਧੂ ਲੋਕਾਂ ਦਾ ਧੰਨਵਾਦ ਕੀਤਾ।
ਇਸ ਇਕੱਠ ਨੂੰ ਸਟੈਡਿੰਗ ਕਮੇਟੀ ਦੇ ਮੈਂਬਰ ਕੇ ਹਰੀਹਰਨ ਨੇ ਵੀ ਸੰਬੋਧਨ ਕੀਤਾ।

No comments:

Post a Comment