Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Sunday 26 November 2017

ਕਾਨਫ਼ਰੰਸ ਵੱਲੋਂ ਸਰਬ ਸੰਮਤੀ ਨਾਲ ਨਵੀਂ ਕੇਂਦਰੀ ਕਮੇਟੀ, ਅਹੁਦੇਦਾਰਾਂ, ਕੰਟਰੋਲ ਕਮਿਸ਼ਨ ਦੀ ਚੋਣ ਕੀਤੀ




ਸ਼ਹੀਦ-ਇ-ਆਜ਼ਮ ਭਗਤ ਸਿੰਘ ਨਗਰ (ਚੰਡੀਗੜ੍ਹ) 26 ਨਵੰਬਰ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪਲੇਠੀ ਚਾਰ ਰੋਜ਼ਾ ਸਰਬ ਭਾਰਤ ਕਾਨਫ਼ਰੰਸ ਇੱਥੇ ਮੋਦੀ ਸਰਕਾਰ ਦੀਆਂ ਸਾਮਰਾਜੀ ਦੇਸ਼ਾਂ, ਬਹੁਕੌਮੀ ਕਾਰਪੋਰੇਸ਼ਨਾਂ ਅਤੇ ਕਾਰਪੋਰੇਟ ਘਰਾਣਿਆਂ ਦੇ ਹਿਤ ਪੂਰਦਿਆਂ ਗ਼ਰੀਬੀ, ਬੇਰੁਜ਼ਗਾਰੀ ਤੇ ਮਹਿੰਗਾਈ 'ਚ ਨਿਰੰਤਰ ਵਾਧਾ ਕਰਨ ਵਾਲੀਆਂ ਨੀਤੀਆਂ ਦਾ ਰਾਹ ਰੋਕਣ ਲਈ ਇਕ ਵਿਸ਼ਾਲ ਜਨਤਕ ਮੁਜ਼ਾਹਮਤ ਖੜੀ ਕਰਨ ਵਾਸਤੇ ਖੱਬੀਆਂ ਧਿਰਾਂ ਦਾ ਮਜ਼ਬੂਤ ਮੋਰਚਾ ਉਸਾਰਨ ਦੇ ਸੰਕਲਪ ਨਾਲ ਸੰਪੰਨ ਹੋ ਗਈ।
23 ਨਵੰਬਰ ਤੋਂ 26 ਨਵੰਬਰ ਤੱਕ ਚੱਲੀ ਇਸ ਕਾਨਫ਼ਰੰਸ ਵਿਚ ਸੰਘ ਪਰਵਾਰ ਦੀ ਸਾਜ਼ਿਸ਼ ਤਹਿਤ ਭਾਰਤ ਨੂੰ ਇਕ ਕੱਟੜ ਹਿੰਦੂ ਰਾਜ ਵਿਚ ਤਬਦੀਲ ਕਰਨ ਦੇ ਕੋਝੇ ਇਰਾਦੇ ਨਾਲ ਘੱਟ ਗਿਣਤੀਆਂ ਖ਼ਿਲਾਫ਼ ਕੀਤੇ ਜਾ ਰਹੇ ਕਾਤਲਾਨਾ ਹਮਲਿਆਂ, ਫ਼ਿਰਕੂ ਕੂੜ ਪ੍ਰਚਾਰ, ਇਤਿਹਾਸ ਅਤੇ ਪਾਠਕ੍ਰਮ ਦੀ ਭੰਨਤੋੜ ਵਿਰੁੱਧ ਵਿਸ਼ਾਲ ਲਾਮਬੰਦੀ ਕਰਨ ਦਾ ਵੀ ਸੰਕਲਪ ਲਿਆ ਗਿਆ।
ਕਾਨਫ਼ਰੰਸ ਵੱਲੋਂ ਨਿਰਣਾ ਲਿਆ ਗਿਆ ਕਿ ਭਾਰਤ ਵਿਚ ਵੇਲਾ ਵਿਹਾਅ ਚੁੱਕੀਆਂ ਨਿਘਾਰੀਆਂ ਕਦਰਾਂ-ਕੀਮਤਾਂ ਅਧੀਨ ਸੰਸਥਾਗਤ ਰੂਪ ਧਾਰਨ ਕਰ ਚੁੱਕੇ ਅਖੌਤੀ ਉੱਚ ਜਾਤੀ ਹੰਕਾਰ 'ਚੋਂ ਜਨਮੇਂ ਦਲਿਤਾਂ ਖ਼ਿਲਾਫ਼ ਹੁੰਦੇ ਜਾਤ-ਪਾਤੀ ਜ਼ੁਲਮਾਂ ਅਤੇ ਪਿਤਰ-ਸੱਤਾਵਾਦੀ ਸੋਚ 'ਚੋਂ ਪੈਦਾ ਹੋਏ ਔਰਤਾਂ ਖ਼ਿਲਾਫ਼ ਹੁੰਦੇ ਲਿੰਗ ਆਧਾਰਤ ਅਪਰਾਧਾਂ ਤੇ ਚੁਤਰਫ਼ਾ ਵਿਤਕਰੇ ਖ਼ਿਲਾਫ਼ ਸੰਗਰਾਮਾਂ ਦੀ ਉਸਾਰੀ ਦੇ ਨਾਲ ਨਾਲ ਹਰ ਪੱਧਰ 'ਤੇ ਵਿਚਾਰਧਾਰਕ ਮੁਹਿੰਮ ਤਿੱਖੀ ਕੀਤੀ ਜਾਵੇਗੀ। ਕਾਨਫ਼ਰੰਸ ਨੇ ਇਹ ਵੀ ਨੋਟ ਕੀਤਾ ਕਿ ਭਾਰਤ ਸਭ ਤੋਂ ਵੱਧ ਯੁਵਾ ਸ਼ਕਤੀ ਵਾਲਾ ਦੇਸ਼ ਹੋਣ ਦੇ ਬਾਵਜੂਦ ਇੱਥੇ ਜਵਾਨੀ ਨੂੰ ਉਸਾਰੂ ਸੇਧ ਤੇ ਸਥਾਈ ਰੁਜ਼ਗਾਰ ਦੇਣ ਵਾਲੀ ਕੋਈ ਨੀਤੀ ਕਿਸੇ ਵੀ ਸਰਕਾਰ ਨੇ ਨਹੀਂ ਬਣਾਈ। ਪਾਰਟੀ ਇਸ ਯੁਵਾ ਸ਼ਕਤੀ ਨੂੰ ਜਥੇਬੰਦ ਕਰਕੇ ਸੰਘਰਸ਼ਾਂ ਦੇ ਮੈਦਾਨ ਵਿਚ ਉਤਾਰਨ ਲਈ ਵਿਸ਼ੇਸ਼ ਤੇ ਬੱਝਵੇਂ ਉਪਰਾਲੇ ਕਰੇਗੀ।
ਅੰਤਲੇ ਦਿਨ ਕਾਨਫ਼ਰੰਸ ਵੱਲੋਂ ਸਰਬ ਸੰਮਤੀ ਨਾਲ ਨਵੀਂ ਕੇਂਦਰੀ ਕਮੇਟੀ, ਅਹੁਦੇਦਾਰਾਂ, ਕੰਟਰੋਲ ਕਮਿਸ਼ਨ ਦੀ ਚੋਣ ਕੀਤੀ ਗਈ, ਜਿਸ ਅਨੁਸਾਰ ਸਾਥੀ ਕੇ. ਗੰਗਾਧਰਨ ਚੇਅਰਮੈਨ, ਸਾਥੀ ਮੰਗਤ ਰਾਮ ਪਾਸਲਾ ਜਨਰਲ ਸਕੱਤਰ ਅਤੇ ਸਾਥੀ ਰਜਿੰਦਰ ਪਰਾਂਜਪੇ ਖ਼ਜ਼ਾਨਚੀ ਚੁਣੇ ਗਏ। ਇਸ ਤੋਂ ਇਲਾਵਾ ਸਰਵ ਸਾਥੀ ਹਰਕੰਵਲ ਸਿੰਘ, ਕੇ. ਹਰੀਹਰਨ, ਸਟੈਂਡਿੰਗ ਕਮੇਟੀ ਦੇ ਮੈਂਬਰ ਚੁਣੇ ਗਏ। ਇਸ ਤੋਂ ਇਲਾਵਾ ਸਾਥੀ ਰਘਬੀਰ ਸਿੰਘ, ਗੁਰਨਾਮ ਸਿੰਘ ਦਾਊਦ, ਕੁਲਵੰਤ ਸਿੰਘ ਸੰਧੂ, ਮਹੀਪਾਲ, ਟੀ.ਐਲ. ਸੰਤੋਸ਼, ਕੇ.ਕੇ. ਰੇਮਾ, ਐਨ.ਰੇਨੂੰ, ਟੀ.ਕੁਮਾਰਮਕੁਟੀ, ਐਮ.ਰਾਜਾਗੋਪਾਲ, ਸੀ.ਚੇਤਲਾਸਾਮੀ, ਪੀ.ਐਮਾਵਾਸੀ, ਸੰਜੇ ਰਾਊਤ, ਰਮੇਸ਼ ਠਾਕਰ, ਇੰਦਰਜੀਤ ਸਿੰਘ ਗਰੇਵਾਲ, ਤੇਜਿੰਦਰ ਥਿੰਦ, ਮਨਦੀਪ ਸਿੰਘ, ਬਾਲੀ ਰਾਮ ਚੌਧਰੀ, ਬੀ.ਕਰਿਸ਼ਨਣ,  ਕੇਂਦਰੀ ਕਮੇਟੀ ਦੇ ਮੈਂਬਰਾਨ ਚੁਣੇ ਗਏ।
ਕਾਨਫ਼ਰੰਸ ਵੱਲੋਂ ਪਾਰਟੀ ਪ੍ਰੋਗਰਾਮ, ਰਾਜਸੀ ਮਤਾ ਅਤੇ ਵਿਧਾਨ ਸਰਬਸੰਮਤੀ ਨਾਲ ਪ੍ਰਵਾਨ ਕੀਤੇ ਗਏ।।ਜਿਸ ਵਿਚ ਸਮਾਜਵਾਦੀ ਦੇਸ਼ਾਂ ਦੀਆਂ ਕਮਿਊਨਿਸਟ ਪਾਰਟੀਆਂ ਗੈਰ ਸਮਾਜਵਾਦੀ ਦੇਸ਼ਾਂ ਦੀਆਂ ਕਮਿਊਨਿਸਟ ਪਾਰਟੀਆਂ ਨਾਲ ਚੰਗੇ ਸਬੰਧ ਬਣਾਉਣ। ਇਕ ਹੋਰ ਮਤੇ ਰਾਹੀਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਹ ਤਾਮਿਲਨਾਡੂ ਦੇ ਮਛੇਰਿਆਂ ਦੀਆਂ ਮੁਸ਼ਕਲਾਂ ਸ੍ਰੀਲੰਕਾ ਦੀ ਸਰਕਾਰ ਨਾਲ ਗੱਲਬਾਤ ਜ਼ਰੀਏ ਹੱਲ ਕਰਵਾਏ।
ਪਾਸ ਕੀਤੇ ਗਏ ਇਕ ਹੋਰ ਮਤੇ ਰਾਹੀਂ ਮੰਗ ਕੀਤੀ ਗਈ ਕਿ ਸਰਬਉੱਚ ਅਦਾਲਤ ਦੇ ਬਰਾਬਰ ਕੰਮ ਬਦਲੇ ਬਰਾਬਰ ਤਨਖ਼ਾਹ ਦੇ ਫ਼ੈਸਲੇ ਨੂੰ ਸਰਕਾਰ ਬਿਨਾਂ ਦੇਰੀ ਅਸਲ ਭਾਵਨਾ 'ਚ ਲਾਗੂ ਕਰੇ।
ਕਾਨਫ਼ਰੰਸ ਨੇ ਇਕ ਵੱਖਰੇ ਮਤੇ 'ਚ ਕਿਹਾ ਕਿ ਕੇਰਲ 'ਚ ਆਰ.ਐਮ.ਪੀ.ਆਈ. ਕਾਰਕੁਨਾਂ ਅਤੇ ਕੇਰਲ ਸਰਕਾਰ ਵੱਲੋਂ ਦਮਨ ਕੀਤਾ ਜਾ ਰਿਹਾ ਹੈ। ਕਾਨਫ਼ਰੰਸ ਨੇ ਚੱਲਦੇ ਦਮਨ ਦੀ ਨਿਖੇਧੀ ਕਰਦਿਆਂ ਸੀਪੀਆਈ (ਐਮ) ਨੂੰ ਕਿਹਾ ਕਿ ਉਹ ਕੇਰਲ ਸਟੇਟ ਕਮੇਟੀ ਨੂੰ ਦਮਨ ਬੰਦ ਕਰਨ ਨੂੰ ਕਹੇ। ਕਾਨਫ਼ਰੰਸ ਨੇ ਕਿਹਾ ਕਿ ਇਹ ਖੱਬੀ ਏਕਤਾ 'ਚ ਵੱਡੀ ਰੁਕਾਵਟ ਹੈ ਅਤੇ ਕਮਿਊਨਿਸਟ ਕਿਰਦਾਰ ਦੇ ਉਲਟ ਹੈ।

No comments:

Post a Comment