Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Friday 23 July 2021

ਗੈਰ ਸਮਾਜੀ ਅਨਸਰਾਂ ਖ਼ਿਲਾਫ਼ ਕਾਰਵਾਈ ਕਰਨ ਲਈ ਕੇਰਲ ਦੇ ਮੁਖ ਮੰਤਰੀ ਨੂੰ ਲਿਖਿਆ ਪੱਤਰ

ਜਲੰਧਰ, 23 ਜੁਲਾਈ- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੇ ਚੇਅਰਮੈਨ ਸਾਥੀ ਕੇ. ਗੰਗਾਧਰਨ ਅਤੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਪਾਰਟੀ ਦੀ ਕੇਰਲਾ ਰਾਜ ਕਮੇਟੀ ਦੇ ਸਕੱਤਰ ਸਾਥੀ ਐਨ.ਵੇਨੂੰ ਅਤੇ ਪਾਰਟੀ ਦੀ ਕੇਰਲਾ ਰਾਜ ਇਕਾਈ ਦੇ ਸੰਸਥਾਪਕ ਮਰਹੂਮ ਸਾਥੀ ਟੀ.ਪੀ. ਚੰਦਰਸ਼ੇਖਰਨ ਦੇ ਸਪੁੱਤਰ ਅਭਿਨੰਦ ਤੇ ਪਰਿਵਾਰਕ ਜੀਆਂ ਨੂੰ ਗੈਰ ਸਮਾਜੀ ਅਨਸਰਾਂ ਵਲੋਂ ਦਿੱਤੀਆਂ ਗਈਆਂ ਜਾਨੋਂ ਮਾਰਨ ਦੀਆਂ ਧਮਕੀਆਂ ਦਾ ਗੰਭੀਰ ਨੋਟਿਸ ਲਿਆ ਹੈ।
ਉਨ੍ਹਾਂ ਕੇਰਲਾ ਦੇ ਮੁੱਖ ਮੰਤਰੀ ਸ਼੍ਰੀ ਪੀ. ਵਿਜਯਨ ਨੂੰ ਲਿਖੇ ਇੱਕ ਪੱਤਰ ਰਾਹੀਂ ਆਰਐਮਪੀਆਈ ਦੀ ਕੇਰਲਾ ਰਾਜ ਇਕਾਈ ਦੇ ਆਗੂਆਂ ਅਤੇ ਉਨ੍ਹਾਂ ਦੇ ਪਰਿਵਾਰਕ ਜੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਧਮਕੀਆਂ ਦੇਣ ਵਾਲੇ ਅਪਰਾਧੀ ਤੱਤਾਂ ਨੂੰ ਫੌਰੀ ਗ੍ਰਿਫਤਾਰ ਕੀਤੇ ਜਾਣ ਅਤੇ ਇਨ੍ਹਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।
ਸਾਥੀ ਗੰਗਾਧਰਨ ਅਤੇ ਪਾਸਲਾ ਨੇ ਕਿਹਾ ਕਿ ਪਾਰਟੀ ਦੇ ਸੰਸਥਾਪਕ ਸਾਥੀ ਚੰਦਰਸ਼ੇਖਰਨ ਨੂੰ ਅਜਿਹੇ ਹੀ ਸਮਾਜ ਵਿਰੋਧੀ ਤੱਤਾਂ ਵਲੋਂ ਸ਼ਹੀਦ ਕਰ ਦਿੱਤਾ ਗਿਆ ਸੀ ਅਤੇ ਹੁਣ ਉਹੀ ਟੋਲਾ ਸ਼ਹੀਦ ਦੀ ਪਤਨੀ ਕਾਮਰੇਡ ਕੇਕੇ ਰੇਮਾ, ਜੋ ਕਿ ਮੌਜੂਦਾ ਵਿਧਾਇਕਾ ਵੀ ਹਨ, ਉਹਨਾਂ ਦੇ ਸਪੁੱਤਰ ਅਭਿਨੰਦ ਅਤੇ ਪਾਰਟੀ ਦੇ ਉੱਚ ਆਗੂਆਂ ਨੂੰ ਕਤਲ ਕਰਨਾ ਚਾਹੁੰਦਾ ਹੈ।
ਉਨ੍ਹਾਂ ਕੇਰਲਾ ਸਰਕਾਰ ਨੂੰ ਅਪੀਲ ਕੀਤੀ ਕਿ ਮੌਜੂਦਾ ਸਮਾਂ, ਦੇਸ਼ ਨੂੰ ਤਬਾਹ ਕਰਨ 'ਤੇ ਤੁਲੀਆਂ ਫਿਰਕੂ ਫਾਸ਼ੀ ਸ਼ਕਤੀਆਂ ਖ਼ਿਲਾਫ਼ ਦੇਸ਼ ਦੀ ਸਮੁੱਚੀ ਖੱਬੀ ਧਿਰ ਦੀ ਸਾਂਝੀ ਪਹਿਲ ਕਦਮੀ ਅਤੇ ਇੱਕਜੁਟ ਦਖਲਅੰਦਾਜ਼ੀ ਦੀ ਮੰਗ ਕਰਦਾ ਹੈ, ਇਸ ਲਈ ਸਰਕਾਰ ਵਲੋਂ ਪ੍ਰਾਂਤ ਦੇ ਸਮੁੱਚੇ ਖੱਬੇ ਪੱਖੀ ਕਾਡਰ ਦੀ ਰਾਖੀ ਲਈ ਹਰ ਸੰਭਵ ਯਤਨ ਕੀਤੇ ਜਾਣ।