Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Friday 23 June 2017

Revolutionary Marxist Party of India massive demonstratins were organised


Jalandhar; 23rd June - Upon  call of the State Commitee of Revolutionary Marxist Party of India (RMPI), massive demonstratins were organised today at Baba Bakala, Samana, Nakodar, Gurdaspur, Kapurthala, Nawan Shehar, Koom Kalan, Mansa, Abohar, Sri Mukatsar Sahib tehsil headquarters. Despite peak paddy season , the toiling masses of the state, participated in large numbers everywhere in these actions. The participation of women and youth was noteworthy. Started from June 19th, these protest actions were culminated today . The call of these demonstrations was given against countrywide rising atrocities against dalits on the basis of upper caste chauvinism, planned communal voilence against minorities, especially against Muslims by the goons backed by RSS and openly sheltered by Modi Govt.,  gender discrimination and physical asaults against women. The demand of fulfiling election promises made by BJP and Congress to win the elections of Parliament and Punjab Assembly was another feature of these protest actions. These impressive gatherings were addressed by Comrade Mangat Ram Pasla General Secratary RMPI, along with other prominent leaders.

Issued by  
(Ravi Kanwar)

ਆਰਐੱਮਪੀਆਈ ਵਲੋਂ ਰੋਹ ਭਰਪੂਰ ਮੁਜ਼ਹਾਰੇ

ਜਲੰਧਰ, 23 ਜੂਨ - ''ਬੀਤੇ ਕੱਲ੍ਹ ਪੰਜਾਬ ਵਿਧਾਨ ਸਭਾ 'ਚ ਮਚਿਆ ਘਮਾਸਾਨ ਜਿੱਥੇ ਅਤੀ ਨਿੰਦਣਯੋਗ ਹੈ, ਉਥੇ ਇਹ ਵੀ ਸਿੱਧ ਕਰਦਾ ਹੈ ਕਿ ਵਿਧਾਨਕਾਰਾਂ ਦੀਆਂ ਤਿੰਨ ਮੁੱਖ ਧਿਰਾਂ ਭਾਵ ਕਾਂਗਰਸ, ਅਕਾਲੀ-ਭਾਜਪਾ ਅਤੇ ਆਪ ਨਿੱਜੀ ਹਊਮੈਂ ਅਤੇ ਧੁਰ ਅੰਦਰ ਤੱਕ ਲੋਕ ਵਿਰੋਧੀ ਮਾਨਸਿਕਤਾ ਨਾਲ ਗ੍ਰਸੇ ਹੋਏ ਹਨ।'' ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਤੇ ਹੋਰ ਕੇਂਦਰੀ ਅਤੇ ਸੂਬਾਈ ਆਗੂਆਂ ਨੇ ਪਾਰਟੀ ਵਲੋਂ ਜਥੇਬੰਦ ਕੀਤੇ ਗਏ ਤਹਿਸੀਲ ਪੱਧਰੀ ਮੁਜ਼ਾਹਰਿਆਂ ਤੋਂ ਪਹਿਲਾਂ ਹੋਈਆਂ ਪ੍ਰਭਾਵਸ਼ਾਲੀ ਇਕੱਤਰਤਾਵਾਂ ਨੂੰ ਸੰਬੋਧਨ ਕਰਦਿਆਂ ਕੀਤਾ। ਜਿਕਰਯੋਗ ਹੈ ਕਿ ਆਰ.ਐਮ.ਪੀ.ਆਈ. ਵਲੋਂ 19 ਜੂਨ ਤੋਂ ਸੂਬੇ ਦੇ ਤਹਿਸੀਲ, ਸਦਰ ਮੁਕਾਮਾਂ 'ਤੇ ਧਰਨੇ ਮੁਜ਼ਾਹਰਿਆਂ ਦੀ ਲੜੀ ਸ਼ੁਰੂ ਕੀਤੀ ਹੋਈ ਹੈ ਅਤੇ ਅੱਜ ਆਖਰੀ ਦਿਨ ਬਾਬਾ ਬਕਾਲਾ, ਨਕੋਦਰ, ਗੁਰਦਾਸਪੁਰ, ਸਮਾਣਾ, ਕਪੂਰਥਲਾ, ਮੁਕਤਸਰ, ਕੂੰਮ ਕਲਾਂ, ਮਾਨਸਾ, ਸ਼ਹੀਦ ਭਗਤ ਸਿੰਘ ਨਗਰ, ਅਬੋਹਰ ਵਿਖੇ ਰੋਹ ਭਰਪੂਰ ਮੁਜ਼ਾਹਰੇ ਕੀਤੇ ਗਏ।
ਸਾਥੀ ਪਾਸਲਾ ਅਤੇ ਦੂਜੇ ਪਾਰਟੀ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਕਿਰਤੀ ਕਿਸਾਨਾਂ ਦੇ ਅਤੀ ਗੰਭੀਰ ਮਸਲੇ ਜਿਵੇਂ ਕਿ ਨਿੱਤ ਹੋ ਰਹੀਆਂ ਖੁਦਕੁਸ਼ੀਆਂ, ਕਰਜ਼ਾ, ਬੇਰੋਜ਼ਗਾਰੀ ਤੇ ਨਸ਼ਿਆਂ ਨਾਲ ਬੇਹਾਲ ਨੌਜਵਾਨੀ, ਸਕੂਲਾਂ, ਹਸਪਤਾਲਾਂ ਤੇ ਹੋਰ ਜਨਤਕ ਅਦਾਰਿਆਂ ਦੀ ਮਾੜੀ ਹਾਲਤ, ਛਾਲਾਂ ਮਾਰ ਕੇ ਵੱਧ ਰਹੀ ਮਹਿੰਗਾਈ ਤੇ ਭੁਖਮਰੀ, ਨਿੱਤ ਵੱਧਦੇ ਅਪਰਾਧ ਤੇ ਮਾਫੀਆ ਲੁੱਟ, ਚੁਫੇਰੇ ਫੈਲੀ ਲਾਕਾਨੂੰਨੀ ਅਤੇ ਭ੍ਰਿਸ਼ਟਾਚਾਰ ਆਦਿ ਸਭ ਵਿਸਾਰ ਕੇ ਪੰਜਾਬ ਵਿਧਾਨ ਸਭਾ ਨੂੰ ਅਣਮਨੁੱਖੀ ਜ਼ੋਰ ਅਜਮਾਈ ਅਤੇ ਭੱਦੀ ਸ਼ਬਦਾਵਲੀ ਦਾ ਅਖਾੜਾ ਬਣਾਇਆ ਜਾ ਰਿਹਾ ਹੈ ਜੋ ਕਿ ਅਤੀ ਨਿੰਦਣਯੋਗ ਹੈ। ਕਮਿਊਨਿਸਟ ਆਗੂਆਂ ਨੇ ਪੰਜਾਬ ਦੇ ਲੋਕਾਂ ਨੂੰ ਭਾਵਪੂਰਤ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਦੀ ਆਸ ਉਕਤ ਪੂੰਜੀਪਤੀ ਜਗੀਰੂ ਹਿਤਾਂ ਦੀਆਂ ਅਲੰਬਰਦਾਰ ਪਾਰਟੀਆਂ ਤੋਂ ਕਰਨੀ ਫਜ਼ੂਲ ਹੈ। ਇਸ ਮੰਤਵ ਲਈ ਲਾਲ ਝੰਡੇ ਦੀ ਅਗਵਾਈ ਵਾਲੀ ਜੁਝਾਰੂ ਅਤੇ ਪ੍ਰਗਤੀਸ਼ੀਲ ਲਹਿਰ ਦੀ ਮਜ਼ਬੂਤੀ ਅਤੇ ਪਸਾਰ ਹੀ ਇਕੋ ਇਕ ਲਾਜ਼ਮੀ ਸ਼ਰਤ ਹੈ।
ਪਾਰਟੀ ਆਗੂਆਂ ਨੇ ਕਿਹਾ ਕਿ ਉਪਰੋਕਤ ਧਰਨੇ ਦੇਸ਼ ਭਰ 'ਚ ਦਲਿਤਾਂ ਉਪਰ ਹੋ ਰਹੇ ਜਾਤੀਪਾਤੀ ਜ਼ੁਲਮਾਂ, ਘੱਟ ਗਿਣਤੀਆਂ ਤੇ ਯੋਜਨਾਬੱਧ ਢੰਗ ਨਾਲ ਬਰਪਾਏ ਜਾ ਰਹੇ ਫਿਰਕੂ ਹਿੰਸਾ ਦੇ ਕਹਿਰ ਅਤੇ ਔਰਤਾਂ 'ਤੇ ਹੋ ਰਹੇ ਹਿੰਸਕ ਹਮਲਿਆਂ ਤੇ ਲਿੰਗ ਅਧਾਰਿਤ ਵਿਤਕਰਿਆਂ ਨੂੰ ਸਖਤੀ ਨਾਲ ਰੋਕੇ ਜਾਣ ਅਤੇ ਪੀੜਤਾਂ ਨੂੰ ਢੁੱਕਵੇਂ ਮੁਆਵਜ਼ੇ ਸਹਿਤ ਉਨ੍ਹਾਂ ਦੇ ਮੁਕੰਮਲ ਮੁੜ ਵਸੇਬੇ ਦੀ ਮੰਗ ਲਈ ਕੀਤੇ ਜਾ ਰਹੇ ਹਨ ਅਤੇ ਇਹ ਸੰਘਰਸ਼ ਹੋਰ ਉਚੇਚੇ ਪੱਧਰ 'ਤੇ ਜਾਰੀ ਰੱਖਿਆ ਜਾਵੇਗਾ।
ਉਕਤ ਧਰਨਿਆਂ ਦਾ ਇਕ ਮਕਸਦ ਇਹ ਵੀ ਸੀ ਕਿ ਕੇਂਦਰ ਦੀ ਭਾਜਪਾ ਅਤੇ ਪੰਜਾਬ ਦੀ ਕਾਂਗਰਸ ਪਾਰਟੀ ਵਲੋਂ ਕ੍ਰਮਵਾਰ ਲੋਕ ਸਭਾ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣ ਲਈ, ਲੋਕਾਂ ਨਾਲ ਕੀਤੇ ਗਏ ਵਾਅਦੇ ਲਾਗੂ ਕਰਵਾਉਣ ਲਈ ਵਿਸ਼ਾਲ ਜਨਤਕ ਅੰਦੋਲਨ ਰਾਹੀਂ ਮਜ਼ਬੂਰ ਕੀਤਾ ਜਾ ਸਕੇ। ਧਰਨਿਆਂ-ਮੁਜ਼ਾਹਰਿਆਂ 'ਚ ਕਿਰਤੀ ਲੋਕ ਵਿਸ਼ੇਸ਼ ਕਰ ਔਰਤਾਂ ਅਤੇ ਨੌਜਵਾਨ ਝੋਨੇ ਦਾ ਰੁਝੇਵੇਂ ਭਰਿਆ ਸੀਜਨ ਹੋਣ ਦੇ ਬਾਵਜੂਦ ਭਾਰੀ ਗਿਣਤੀ 'ਚ ਸ਼ਮੂਲੀਅਤ ਕਰ ਰਹੇ ਹਨ ਜੋ ਇਸ ਗੱਲ ਦਾ ਸੂਚਕ ਹੈ ਕਿ ਭਵਿੱਖ 'ਚ ਪੰਜਾਬੀ ਮੁੱਦਿਆਂ ਅਧਾਰਤ ਹਾਂ ਪੱਖੀ ਲਹਿਰ ਨੂੰ ਬਲ ਬਖਸ਼ਣਗੇ।
ਕਮਿਊਨਿਸਟ ਆਗੂਆਂ ਨੇ ਕੇਂਦਰੀ ਵਜ਼ੀਰ ਵੈਕੱਈਆ ਨਾਇਡੂ ਵਲੋਂ ਦਿੱਤੇ ਬਿਆਨ, ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ''ਕਰਜ਼ਾ ਮੁਆਫੀ ਦੀ ਮੰਗ ਇਕ ਫੈਸ਼ਨ ਬਣ ਗਈ ਹੈ'', ਦੀ ਘੋਰ ਨਿਖੇਧੀ ਕਰਦਿਆਂ ਕਿਹਾ ਕਿ ਇਹ ਸਰਕਾਰ ਚਲਾ ਰਹੀ ਪਾਰਟੀ ਦੀ ਘੋਰ ਲੋਕ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਹੈ। ਉਨ੍ਹਾਂ ਸਵਾਲ ਕੀਤਾ ਕਿ ਇਹੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਲੱਖਾਂ ਕਰੋੜ ਰੁਪਏ ਦੇ ਕਰਜ਼ਿਆਂ 'ਤੇ ਕਿਵੇਂ ਬਿਨਾਂ ਸ਼ਰਤ ਲੀਕ ਮਾਰੀ ਜਾ ਰਹੀ ਹੈ?
ਸਾਥੀ ਪਾਸਲਾ ਤੋਂ ਇਲਾਵਾ ਗੁਰਨਾਮ ਸਿੰਘ ਦਾਊਦ, ਲਾਲ ਚੰਦ ਕਟਾਰੂਚੱਕ, ਕੁਲਵੰਤ ਸਿੰਘ ਸੰਧੂ, ਜਗਜੀਤ ਸਿੰਘ ਜੱਸੇਆਣਾ, ਮੋਹਣ ਸਿੰਘ ਧਮਾਣਾ, ਲਾਲ ਚੰਦ ਸਰਦੂਲਗੜ੍ਹ, ਛੱਜੂ ਰਾਮ ਰਿਸ਼ੀ, ਸੋਹਣ ਸਿੰਘ ਸਲੇਮਪੁਰੀ, ਗੁਰਮੇਜ ਗੇਜੀ, ਪੂਰਨ ਚੰਦ, ਰਘਬੀਰ ਸਿੰਘ ਬੈਨੀਪਾਲ, ਦਰਸ਼ਨ ਨਾਹਰ, ਜਸਵਿੰਦਰ ਢੇਸੀ, ਮਨੋਹਰ ਸਿੰਘ ਗਿੱਲ ਨੇ ਵੱਖੋ-ਵੱਖ ਥਾਈਂ ਇਕੱਤਰਤਾਵਾਂ ਨੂੰ ਸੰਬੋਧਨ ਕੀਤਾ।
ਜਾਰੀ ਕਰਤਾ

(ਰਵੀ ਕੰਵਰ)

Thursday 22 June 2017

ਫਿਲੌਰ, ਪਠਾਨਕੋਟ, ਮਹਿਲ ਕਲਾਂ, ਰਾਏਕੋਟ, ਸੰਗਰੂਰ, ਆਨੰਦਪੁਰ ਸਾਹਿਬ 'ਚ ਤਹਿਸੀਲ ਪੱਧਰੀ ਮੁਜ਼ਹਾਰੇ ਕੀਤੇ

ਜਲੰਧਰ, 22 ਜੂਨ - ''ਕਿਸੇ ਸਮੇਂ ਖੁਸ਼ਹਾਲੀ ਅਤੇ ਜਿੰਦਾਦਿਲੀ ਦਾ ਪ੍ਰਤੀਕ ਕਹਾਉਣ ਵਾਲਾ ਸੂਬਾ ਪੰਜਾਬ ਅੱਜ ਖੁਦਕੁਸ਼ੀਆਂ ਦੀ ਉਚ ਦਰ ਕਾਰਨ ਸੰਸਾਰ ਭਰ 'ਚ ਬਦਨਾਮ ਹੋ ਚੁੱਕਾ ਹੈ। '' ਇਹ ਸ਼ਬਦ ਅੱਜ ਫਿਲੌਰ, ਪਠਾਨਕੋਟ, ਮਹਿਲ ਕਲਾਂ, ਰਾਏਕੋਟ, ਸੰਗਰੂਰ, ਆਨੰਦਪੁਰ ਸਾਹਿਬ ਵਿਖੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵਲੋਂ ਕੀਤੇ ਗਏ ਤਹਿਸੀਲ ਪੱਧਰੀ ਮੁਜ਼ਾਹਰਿਆਂ ਤੋਂ ਪਹਿਲਾਂ ਕੀਤੀਆਂ ਗਈਆਂ ਵਿਸ਼ਾਲ ਰੈਲੀਆਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਉਚ ਆਗੂਆਂ ਨੇ ਕਹੇ। ਆਗੂਆਂ ਨੇ ਕਿਹਾ ਕਿ ਅੱਜ ਦੇ ਸਾਰੇ ਹੀ ਪੰਜਾਬੀ ਅਖਬਾਰਾਂ 'ਚ ਲੱਗੀਆਂ, ਸੂਬੇ ਦੇ ਵੱਖੋ ਵੱਖ ਹਿੱਸਿਆਂ 'ਚੋਂ ਗਰੀਬਾਂ ਵਲੋਂ ਕੀਤੀਆਂ ਖੁਦਕੁਸ਼ੀਆਂ ਦੀਆਂ ਖਬਰਾਂ, ਜ਼ਿਨ੍ਹਾਂ 'ਚ ਕਪੂਰਥਲਾ 'ਚ ਇਕੋ ਟੱਬਰ ਦੇ ਕਈ ਬੱਚਿਆਂ ਦੀ ਖੁਦਕੁਸ਼ੀ ਦੀ ਹਿਰਦੇਵੇਧਕ ਘਟਣਾ ਵੀ ਸ਼ਾਮਲ ਹੈ, ਪੰਜਾਬ ਦੀ ਤ੍ਰਾਸਿਦਕ ਸਥਿਤੀ ਦੀ ਦਰਦਨਾਕ ਕਹਾਣੀ ਬਿਆਨ ਕਰਨ ਲਈ ਕਾਫੀ ਹਨ। ਉਨ੍ਹਾਂ ਕਿਹਾ ਕਿ ਪੰਜਾਬ 'ਚ ਮਜ਼ਦੂਰ ਕਿਸਾਨ ਖੁਦਕੁਸ਼ੀਆਂ ਤਾਂ ਰੋਜ ਦਾ ਵਰਤਾਰਾ ਹੈਨ ਹੀ ਸਗੋਂ ਹੁਣ ਹੋਰ ਮਿਹਨਤੀ ਭਾਗ ਵੀ ਇਸ ਅਮਾਨਵੀ ਸਵੈਘਾਤ ਵੱਲ ਤੇਜੀ ਨਾਲ ਵੱਧ ਰਹੇ ਹਨ। ਕਮਿਊਨਿਸਟ ਆਗੂਆਂ ਨੇ ਕਿਹਾ ਕਿ ਪਿਛਲੇ ਸੱਤ ਦਹਾਕਿਆਂ ਤੋਂ ਦੇਸ਼ ਦੇ ਹਾਕਮਾਂ ਵਲੋਂ ਅਪਣਾਈਆਂ ਨੀਤੀਆਂ, ਜਿਨ੍ਹਾਂ ਕਰਕੇ ਗਰੀਬ ਹੋਰ ਗਰੀਬ ਅਤੇ ਧਨਾਢ ਹੋਰ ਧਨਾਢ ਹੋਇਆ ਹੈ, ਇਸ ਸਥਿਤੀ ਲਈ ਸਿੱਧੇ ਰੂਪ 'ਚ ਜ਼ਿੰਮੇਵਾਰ ਹਨ ਅਤੇ ਰਹਿੰਦੀ ਖੂੰਹਦੀ ਕਸਰ ਪਿਛਲੇ ਕਰੀਬ ਢਾਈ ਤਿੰਨ ਦਹਾਕਿਆਂ ਤੋਂ ਅਪਣਾਈਆਂ ਗਈਆਂ ਉਦਾਰੀਕਰਣ-ਸੰਸਾਰੀਕਰਣ-ਨਿੱਜੀਕਰਨ ਦੀਆਂ ਨਵਉਦਾਰਵਾਦੀ ਆਰਥਕ ਸਨਅੱਤੀ ਨੀਤੀਆਂ ਨੇ ਕੱਢ ਦਿੱਤੀ ਹੈ। ਉਕਤ ਨੀਤੀਆਂ ਨੇ ਦੇਸ਼ ਦੇ ਕੁਦਰਤੀ ਖਜਾਨਿਆਂ ਅਤੇ ਹੁਣ ਤੱਕ ਉਸਾਰੇ ਗਏ ਅਧਾਰਭੂਤ ਢਾਂਚੇ ਦੀ ਬੇਤਰਸ ਲੁੱਟ ਦੇ ਰਸਤੇ ਦੇਸੀ-ਬਦੇਸ਼ੀ ਕਾਰਪੋਰੇਟ ਘਰਾਣਿਆਂ, ਬਹੁਕੌਮੀ ਕਾਰਪੋਰੇਸ਼ਨਾਂ ਅਤੇ ਸਾਮਰਾਜੀ ਵਿੱਤੀ ਅਦਾਰਿਆਂ ਲਈ ਚੋੜ ਚੌਪੱਟ ਕਰ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਉਕਤ ਅਣਮਨੁੱਖੀ ਲੁੱਟ ਜਾਰੀ ਰੱਖਣ ਲਈ ਦੇਸ਼ 'ਤੇ ਰਾਜ ਕਰ ਰਹੀ ਪਾਰਟੀ ਭਾਜਪਾ ਅਤੇ ਉਸ ਦੇ ਘ੍ਰਿਣਾਯੋਗ ਮਾਰਗਦਰਸ਼ਕ ਆਰ.ਐਸ.ਐਸ. ਫਿਰਕੂ ਧਰੁਵੀਕਰਣ ਤੇ ਫਿਰਕੂ ਦੰਗਿਆਂ ਦੇ ਅਧਾਰ 'ਤੇ ਦੇਸ਼ ਦੇ ਲੋਕਾਂ ਨੂੰ ਧਰਮ ਦੇ ਅਧਾਰ 'ਤੇ ਵੰਡ ਰਹੇ ਹਨ ਅਤੇ ਕੱਟੜ ਹਿੰਦੂ ਰਾਸ਼ਟਰ ਕਾਇਮ ਕਰਨ ਲਈ ਹਰ ਹੀਲਾ ਵਰਤ ਰਹੇ ਹਨ। ਉਨ੍ਹਾਂ ਕਿਹਾ ਕਿ ਆਰ.ਐਸ.ਐਸ ਭਾਰਤੀ ਕਿਰਤੀਆਂ ਨੂੰ ਸਦੀਆਂ ਪਹਿਲਾਂ ਜਾਤੀ ਦੇ ਅਧਾਰ 'ਤੇ ਲੀਰੋ ਲੀਰ ਕਰਨ ਵਾਲੀ ਮਨੂਸਮਿਰਤੀ ਮੁੜ ਲਾਗੂ ਕਰਨ ਲਈ ਯਤਨਸ਼ੀਲ ਹੈ। ਦੇਸ਼ ਪਰ 'ਚ ਦਲਿਤਾਂ, ਘੱਟ ਗਿਣਤੀਆਂ ਅਤੇ ਔਰਤਾਂ 'ਤੇ ਹੋ ਰਹੇ ਜਾਤੀਪਾਤੀ ਅਤਿਆਚਾਰਾਂ-ਫਿਰਕੂ ਹਿੰਸਾ, ਜਿਨਸੀ ਅਪਰਾਧਾਂ ਅਤੇ ਲਿੰਗ ਅਧਾਰਿਤ ਵਿਤਕਰੇ ਦੀਆਂ ਘਟਨਾਵਾਂ ਲਈ ਉਪਰੋਕਤ ਸਾਜਿਸ਼ੀ ਨੀਤੀ ਚੌਖਟਾ ਹੀ ਜਿੰਮੇਵਾਰ ਹੈ। ਉਨ੍ਹਾਂ ਦੋਸ਼ ਲਾਇਆ ਕਿ ਆਰ.ਐਸ.ਐਸ. ਅਤੇ ਇਸ ਦੇ ਸਹਿਯੋਗੀ ਸੰਗਠਨਾਂ ਦੇ ਕਾਰਕੁੰਨ, ਜਿਨ੍ਹਾਂ 'ਚੋਂ ਅਨੇਕਾਂ ਦਾ ਅਪਰਾਧਕ ਪਿਛੋਕੜ ਹੈ, ਕੇਂਦਰ 'ਚ ਅਤੇ ਅਨੇਕਾਂ ਸੂਬਿਆਂ 'ਚ ਭਾਜਪਾ ਸਰਕਾਰਾਂ ਹੋਣ ਦਾ ਲਾਭ ਲੈ ਕੇ ਦਲਿਤਾਂ-ਔਰਤਾਂ ਅਤੇ ਘਟ ਗਿਣਤੀਆਂ ਦਾ ਘਾਣ ਕਰ ਰਹੇ ਹਨ।
ਆਗੂਆਂ ਨੇ ਦੱਸਿਆ ਕਿ ਪਾਰਟੀ ਵਲੋਂ ਸੂਬੇ ਦੇ ਸਭਨਾ ਤਹਿਸੀਲ ਹੈਡ ਕੁਆਰਟਰਾਂ 'ਤੇ ਮੁਜ਼ਾਹਰੇ ਉਪਰੋਕਤ ਲੋਕ ਦੋਖੀ ਨੀਤੀ ਚੌਖਟੇ ਵਿਰੁੱਧ 19 ਤੋਂ 23 ਜੂਨ ਤੱਕ ਕੀਤੇ ਜਾ ਰਹੇ ਹਨ ਅਤੇ ਇਸ ਤੋਂ ਬਾਅਦ ਅਗਲੇਰੇ ਪੱਧਰ ਦੇ ਸੰਗਰਾਮ ਉਲੀਕੇ ਜਾਣਗੇ। ਕਮਿਊਨਿਸਟ ਆਗੂਆਂ ਨੇ ਦੱਸਿਆ ਕਿ ਕੇਂਦਰ ਦੀ ਭਾਜਪਾ ਅਤੇ ਸੂਬੇ ਦੀ ਕਾਂਗਰਸ ਹਕੂਮਤ ਵਲੋਂ ਵੋਟ ਪ੍ਰਾਪਤੀ ਲਈ ਕੀਤੇ ਗਏ ਅਤੇ ਗੱਦੀ 'ਤੇ ਬੈਠਣ ਸਾਰ ਅਸਲੋਂ ਹੀ ਵਿਸਾਰ ਦਿੱਤੇ ਗਏ ਚੋਣ ਵਾਅਦੇ ਲਾਗੂ ਕਰਾਉਣ ਲਈ ਵਿਸਾਲ ਜਨ ਲਾਮਬੰਦੀ ਅਧਾਰਤ ਜਨ ਸੰਗਰਾਮਾਂ ਦੀ ਉਸਾਰੀ ਉਕਤ ਸੰਘਰਸ਼ ਦਾ ਦੂਜਾ ਵੱਡਾ ਮਕਸਦ ਹੈ।
ਸਭਨਾਂ ਨੇ ਸੂਬਾ ਹਕੂਮਤ ਦੇ ਕਰਜ਼ਾ ਮੁਆਫੀ ਦੇ ਅੱਧੇ ਪਚੱਧੇ ਐਲਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਇਸ ਰਿਆਇਤ ਤੋਂ ਅਸਲੋਂ ਹੀ ਵਾਂਝੇ ਰੱਖਣ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਮੁਕੰਮਲ ਕਰਜ਼ ਮੁਆਫੀ ਦੀ ਮੰਗ ਕੀਤੀ।
ਰੈਲੀਆਂ ਵਿਚ ਇਕੱਤਰ ਕਿਰਤੀ, ਕਿਸਾਨਾਂ, ਔਰਤਾਂ ਨੇ ਸਾਰੇ ਥਾਂਈਂ ਰੋਹ ਭਰਪੂਰ ਮੁਜ਼ਾਹਰੇ ਵੀ ਕੀਤੇ।
ਇਕੱਤਰਤਾਵਾਂ ਨੂੰ ਹੋਰਨਾਂ ਤੋਂ ਇਲਾਵਾ ਸਾਥੀ ਮੰਗਤ ਰਾਮ ਪਾਸਲਾ ਜਨਰਲ ਸਕੱਤਰ, ਲਾਲ ਚੰਦ ਕਟਾਰੂਚੱਕ, ਕੁਲਵੰਤ ਸਿੰਘ ਸੰਧੂ, ਭੀਮ ਸਿੰਘ ਆਲਮਪੁਰ (ਸਾਰੇ ਸੂਬਾ ਸਕੱਤਰੇਤ ਮੈਂਬਰਾਨ), ਜਸਵਿੰਦਰ ਢੇਸੀ, ਗੱਜਣ ਸਿੰਘ ਦੁੱਗਾਂ, ਮਲਕੀਤ ਸਿੰਘ ਵਜੀਦਕੇ, ਨੱਥਾ ਸਿੰਘ, ਸ਼ਿਵ ਕੁਮਾਰ, ਹਰਿੰਦਰ ਸਿੰਘ ਰੰਧਾਵਾ, ਨੀਲਮ ਘੁਮਾਣ ਨੇ ਵੀ ਸੰਬੋਧਨ ਕੀਤਾ।
ਜਾਰੀ ਕਰਤਾ

(ਰਵੀ ਕੰਵਰ)
94643-36019

Wednesday 21 June 2017

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਅਜਨਾਲਾ, ਸਰਦੂਲਗੜ੍ਹ, ਸ਼ਾਹਕੋਟ, ਬਟਾਲਾ ਵਿਖੇ ਜਥੇਬੰਦ ਕੀਤੇ ਗਏ ਰੋਸ ਮੁਜ਼ਾਹਰੇ

ਜਲੰਧਰ , 21 ਜੂਨ - ਚੋਣਾਂ ਵੇਲੇ ਲਾਇਆ ਗਿਆ ਕਰਜ-ਮੁਆਫੀ ਦਾ ਲਾਰਾ ਅਤੇ ਮੌਜੂਦਾ ਵਿਧਾਨ ਸਭਾ ਦੇ ਪਲੇਠੇ ਬਜਟ ਦਾ ਝਲਕਾਰਾ, ਸੂਬੇ ਦੀ ਹਕੂਮਤ 'ਤੇ ਕਾਬਜ਼ ਕਾਂਗਰਸ ਪਾਰਟੀ ਦੇ ਕਹਿਣੀ ਅਤੇ ਕਰਨੀ ਦੇ ਪਾੜੇ ਦਾ ਮੂੰਹੋਂ ਬੋਲਦਾ ਸਬੂਤ ਹੈ'', ਇਹ ਸ਼ਬਦ ਅੱਜ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਅਜਨਾਲਾ, ਸਰਦੂਲਗੜ੍ਹ, ਸ਼ਾਹਕੋਟ, ਬਟਾਲਾ ਵਿਖੇ ਜਥੇਬੰਦ ਕੀਤੇ ਗਏ ਰੋਸ ਮੁਜ਼ਾਹਰਿਆਂ ਤੋਂ ਪਹਿਲਾਂ ਹੋਈਆਂ ਰੈਲੀਆਂ ਨੂੰ ਸੰਬੋਧਨ ਕਰਦਿਆਂ ਪਾਰਟੀ ਆਗੂਆਂ ਨੇ ਕਹੇ। ਉਨ੍ਹਾਂ ਦੋਸ਼ ਲਾਇਆ ਕਿ ਕਿਸਾਨਾਂ ਦੀ ਨਾਮਾਤਰ ਕਰਜ਼-ਮੁਆਫੀ ਅਤੇ ਖੇਤ ਮਜਦੂਰਾਂ ਨੂੰ ਇਸ ਰਿਆਇਤ ਤੋਂ ਪੂਰੀ ਤਰ੍ਹਾਂ ਵਾਂਝੇ ਰੱਖਣਾ ਸੂਬਾ ਹਕੂਮਤ ਦੀ ਸਰਾਸਰ ਵਾਅਦਾ ਖਿਲਾਫੀ ਹੈ ਅਤੇ ਪਾਰਟੀ ਇਸ ਵਿਰੁੱਧ ਲਗਾਤਾਰ ਪੜਾਅਵਾਰ ਸੰਘਰਸ਼ ਜਾਰੀ ਰੱਖੇਗੀ।
ਕਮਿਊਨਿਸਟ ਆਗੂਆਂ ਨੇ ਕਿਹਾ ਕਿ ਦੇਸੀ-ਬਦੇਸ਼ੀ ਕਾਰਪੋਰੇਟ ਘਰਾਣਿਆਂ, ਬਹੁਕੌਮੀ ਕਾਰਪੋਰੇਸ਼ਨਾਂ ਅਤੇ ਸਾਮਰਾਜੀ ਵਿੱਤੀ ਸੰਸਥਾਵਾਂ ਵਲੋਂ ਦੇਸ਼ ਦੇ ਕੁਦਰਤੀ ਵਸੀਲਿਆਂ ਦੀ ਚੌਤਰਫਾ ਲੁੱਟ ਨੂੰ ਯਕੀਨੀ ਬਣਾਏ ਜਾਣ ਲਈ, ਕੇਂਦਰ ਦੀ ਮੋਦੀ ਸਰਕਾਰ, ਭਾਜਪਾ ਤੇ ਇਸ ਦੇ ਸਹਿਯੋਗੀ ਸੰਗਠਨ ਜਮਹੂਰੀਅਤ ਦੀ ਥਾਂ ਤਾਨਾਸ਼ਾਹੀ, ਧਰਮ ਨਿਰਪੱਖਤਾ ਦੀ ਥਾਂ ਫਿਰਕਾਪ੍ਰਸਤੀ ਅਤੇ ਹਕੀਕੀ ਰਾਸ਼ਟਰਵਾਦ ਦੀ ਥਾਂ ਅੰਨ੍ਹੇ ਕੌਮਵਾਦ ਦਾ ਬੋਲਬਾਲਾ ਕਾਇਮ ਕਰਨ 'ਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਉਕਤ ਸਾਰਾ ਕੁੱਝ ਕੱਟੜ ਹਿੰਦੂ ਰਾਸ਼ਟਰ ਦੀ ਸਥਾਪਨਾ ਦੇ ਕੋਝੇ ਉਦੇਸ਼ ਅਧੀਨ ਆਰ.ਐਸ.ਐਸ. ਦੇ ਇਸ਼ਾਰੇ 'ਤੇ ਕੀਤਾ ਜਾ ਰਿਹਾ ਹੈ।
ਧਰਨਿਆਂ ਨੂੰ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਸੂਬਾ ਸਕੱਤਰੇਤ ਮੈਂਬਰਾਨ ਸਰਵ ਸਾਥੀ ਕੁਲਵੰਤ ਸਿੰਘ ਸੰਧੂ, ਰਤਨ ਸਿੰਘ ਰੰਧਾਵਾ, ਸਤਨਾਮ ਸਿੰਘ ਅਜਨਾਲਾ, ਲਾਲ ਚੰਦ ਕਟਾਰੂਚੱਕ; ਸੂਬਾ ਕਮੇਟੀ ਮੈਂਬਰਾਨ ਸਾਥੀ ਲਾਲ ਚੰਦ ਸਰਦੂਲਗੜ੍ਹ, ਜਸਵਿੰਦਰ ਸਿੰਘ ਢੇਸੀ, ਮਨੋਹਰ ਸਿੰਘ ਗਿੱਲ, ਦਰਸ਼ਨ ਨਾਹਰ ਤੋਂ ਇਲਾਵਾ ਸਥਾਨਕ ਆਗੂਆਂ ਨੇ ਵੀ ਸੰਬੋਧਨ ਕੀਤਾ।
ਉਕਤ ਤਹਿਸੀਲ ਪੱਧਰੀ ਧਰਨੇ 23 ਜੂਨ ਤੱਕ ਜਾਰੀ ਰਹਿਣਗੇ ਅਤੇ ਉਸ ਪਿਛੋਂ ਅਗਲੇ ਪੜਾਅ ਦੀ ਰੂਪ ਰੇਖਾ ਦਾ ਐਲਾਨ ਬਾਅਦ 'ਚ ਕੀਤਾ ਜਾਵੇਗਾ।
ਮੁਜ਼ਾਹਰਾਕਾਰੀ ਮੰਗ ਕਰ ਰਹੇ ਸਨ ਕਿ ਕੇਂਦਰ ਅਤੇ ਸੂਬਾ ਹਕੂਮਤ ਸਭਨਾ ਨੂੰ ਰੋਜ਼ਗਾਰ, ਸਿੱਖਿਆ, ਸਿਹਤ ਸਹੂਲਤਾਂ, ਮਕਾਨ ਬਨਾਉਣ ਲਈ ਥਾਂ ਅਤੇ ਗਰਾਂਟ, ਸਨਮਾਨਯੋਗ ਬੁਢਾਪਾ, ਵਿਧਵਾ-ਅੰਗਹੀਨ ਪੈਨਸ਼ਨਾਂ, ਰੇਤਾ ਬੱਜਰੀ ਸਮੇਤ ਹਰ ਕਿਸਮ ਦੇ ਮਾਫੀਆ-ਅਪਰਾਧਾਂ ਅਤੇ ਕੁਰੱਪਸ਼ਨ ਤੋਂ ਮੁਕਤੀ, ਕਿਸਾਨਾਂ-ਮਜ਼ਦੂਰਾਂ ਦੀ ਮੁਕੰਮਲ ਕਰਜ ਮਾਫੀ ਦੇ ਵਾਅਦੇ ਇਨ ਬਿਨ ਲਾਗੂ ਕਰਨ।
ਜਾਰੀ ਕਰਤਾ

(ਰਵੀ ਕੰਵਰ)

Tuesday 20 June 2017

ਗੁਰਬਤ ਦੀ ਜੂਨ ਹੰਢਾਅ ਰਹੇ ਬੇਜ਼ਮੀਨੇ ਮਜ਼ਦੂਰਾਂ ਅਤੇ ਦਲਿਤਾਂ ਨੂੰ ਉਕਾ ਹੀ ਨਜ਼ਰਅੰਦਾਜ਼ ਕਰ ਦੇਣ ਦੀ ਨਿਖੇਧੀ

ਜਲੰਧਰ , 20 ਜੂਨ - ''ਪੰਜਾਬ ਸਰਕਾਰ ਵਲੋਂ, ਬੀਤੇ ਕੱਲ੍ਹ ਐਲਾਨੇ ਗਏ, ਅੱਧੇ ਅਧੂਰੇ ਕਰਜ਼ ਮਾਫੀ ਦੇ ਐਲਾਨਾਂ 'ਚ ਸੂਬੇ ਦੇ ਖੇਤੀ ਅਰਥਚਾਰੇ 'ਤੇ ਨਿਰਭਰ ਅਤੇ ਸਭ ਤੋਂ ਵਧੇਰੇ ਗੁਰਬਤ ਦੀ ਜੂਨ ਹੰਢਾਅ ਰਹੇ ਬੇਜ਼ਮੀਨੇ ਮਜ਼ਦੂਰਾਂ ਅਤੇ ਦਲਿਤਾਂ ਨੂੰ ਉਕਾ ਹੀ ਨਜ਼ਰਅੰਦਾਜ਼ ਕਰ ਦੇਣਾ, ਸੂਬਾ ਹਕੂਮਤ ਦੀ ਘੋਰ ਨਿੰਦਣਯੋਗ ਕਾਰਵਾਈ ਹੈ।'' ਇਹ ਗੱਲ ਅੱਜ ਇੱਥੋਂ ਜਾਰੀ ਇਕ ਬਿਆਨ ਰਾਹੀਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਹੀ। ਉਨ੍ਹਾਂ ਕਿਹਾ ਕਿ ਬੇਜ਼ਮੀਨੇ/ਦਲਿਤਾਂ ਸਿਰ ਚੜ੍ਹੇ ਸਮੁੱਚੇ ਕਰਜ਼ਿਆਂ 'ਚੋਂ ਕੇਵਲ ਅਨੁਸੂਚਿਤ ਜਾਤੀ ਕਾਰਪੋਰੇਸ਼ਨ ਤੋਂ ਲਏ ਕਰਜ਼ੇ ਸਾਫ ਕਰਨਾ, ''ਊਠ ਤੋਂ ਛਾਨਣੀ ਲਾਹੁਣ'' ਦੀ ਮਿਸਾਲ ਤੋਂ ਵੀ ਨਿਗੂਣੀ ਰਾਹਤ ਹੈ। ਸਾਥੀ ਪਾਸਲਾ ਨੇ ਕਿਹਾ ਕਿ ਕਿਸਾਨਾਂ ਦੇ ਹੱਦ ਕਰਜ਼ੇ ਕੁੱਲ ਕਰਜ਼ਿਆਂ ਦਾ ਇਕ ਬਹੁਤ ਛੋਟਾ ਭਾਗ ਹੈ। ਇਸ ਮੁਆਫੀ ਦੇ ਐਲਾਨ ਵਿਚ ਸ਼ਾਹੂਕਾਰਾਂ ਅਤੇ ਅਜਿਹੇ ਹੋਰ ਕਰਜ਼ਿਆਂ ਦਾ ਕਿਧਰੇ ਵੀ ਜ਼ਿਕਰ ਤੱਕ ਨਹੀਂ। ਉਨ੍ਹਾਂ ਇਹ ਵੀ ਖਦਸ਼ਾ ਜਾਹਿਰ ਕੀਤਾ ਕਿ ਕੀਤੇ ਗਏ ਐਲਾਨਾਂ ਨੂੰ ਅਮਲੀ ਰੂਪ ਦੇਣ ਵੇਲੇ ਅਣਗਿਣਤੀ ਚੋਰ ਮੋਰੀਆਂ ਰਾਹੀਂ ਐਲਾਣੀ ਗਈ ਰਾਹਤ ਨੂੰ ਪਤਾ ਨਹੀਂ ਕਿੰਨੇ ਖੋਰੇ ਲੱਗਣੇ ਹਨ। ਪਿਛਲਾ ਤਜ਼ਰਬਾ ਇਸ ਕਿਸਮ ਦੇ ਖੋਰਿਆਂ ਦੀ ਜਿਊਂਦੀ ਜਾਗਦੀ ਮਿਸਾਲ ਹੈ।
ਕਮਿਊਨਿਸਟ ਆਗੂ ਨੇ ਜ਼ੋਰ ਦੇ ਕੇ ਕਿਹਾ ਕਿ ਸਮੱਸਿਆ ਦੇ ਬੁਨਿਆਦੀ ਹੱਲ ਵੱਲ ਕੇਂਦਰੀ ਸਰਕਾਰ, ਪੰਜਾਬ ਸਰਕਾਰ ਅਤੇ ਸਮੁੱਚੇ ਸਰਕਾਰੀ ਤੰਤਰ ਨੇ ਪੂਰੀ ਤਰ੍ਹਾਂ ਅੱਖਾਂ ਮੀਟ ਰੱਖੀਆਂ ਹਨ। ਇਸ ਸਮੱਸਿਆ ਦਾ ਪੱਕਾ ਠੱਕਾ ਹੱਲ ਹੈ ਅਜਿਹੀ ਨੀਤੀ, ਜਿਸ ਸਦਕਾ ਕਿਸਾਨਾਂ-ਮਜ਼ਦੂਰਾਂ ਸਿਰ ਕਰਜ਼ਾ ਚੜ੍ਹਨ ਦੀ ਨੌਬਤ ਹੀ ਨਾ ਆਏ। ਇਸ ਨੀਤੀ ਦਾ ਬੁਨਿਆਦੀ ਅਧਾਰ ਹੈ, ਖੇਤੀ 'ਚ ਆਮਦਨ ਖਰਚ ਦੇ ਪਾੜੇ ਨੂੰ ਖਤਮ ਕਰਨਾ। ਦੂਜਾ ਮੁੱਖ ਮੁੱਦਾ ਹੈ ਖੇਤੀ ਕਿੱਤੇ ਵਿਚ ਬੇਵਜ੍ਹਾ ਖੱਪ ਰਹੀ ਕਿਰਤ ਸ਼ਕਤੀ ਲਈ ਬਦਲਵੇਂ ਰੁਜ਼ਗਾਰ ਦਾ ਇੰਤਜਾਮ ਕਰਨਾ। ਪਰ ਅਜੋਕੇ ਆਰਥਿਕ ਮਾਡਲ ਦੀ ਉਪਜ ਰੋਜਗਾਰ ਰਹਿਤ ਵਿਕਾਸ (Jobless Growth) ਦੇ ਚਲਦਿਆਂ ਰੋਜਗਾਰਾਂ ਦੇ ਤਾਂ ਸਗੋਂ ਭੋਗ ਹੀ ਪੈ ਚੁੱਕਾ ਹੈ। ਸਾਥੀ ਪਾਸਲਾ ਨੇ ਸਮੂਹ ਕਿਰਤੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਰਕਾਰ ਵਲੋਂ ਕਰਜਾ ਮਾਫ ਲਈ ਅਪਣਾਏ ਗਏ ਇਸ ਨੀਤੀ ਚੌਖਟੇ ਵਿਰੁੱਧ ਅਤੇ ਖੇਤ ਮਜ਼ਦੂਰਾਂ/ਕਿਸਾਨਾਂ ਦੇ ਹਰ ਕਿਸਮ ਦੇ ਕਰਜ਼ਿਆਂ ਦੇ ਪੂਰੀ ਤਰ੍ਹਾਂ ਖਾਤਮੇਂ ਤੱਕ ਸੰਘਰਸ਼ ਦੇ ਪਿੜ ਮਘਾਈ ਰੱਖਣ। ਉਨ੍ਹਾਂ ਜਮਹੂਰੀ ਅਤੇ ਪ੍ਰਗਤੀਸ਼ੀਲ ਧਿਰਾਂ ਨੂੰ ਉਕਤ ਅੰਦੋਲਨ ਲਈ ਸਰਵਪੱਖੀ ਹਿਮਾਇਤ ਜੁਟਾਉਣ ਦਾ ਵੀ ਸੱਦਾ ਦਿੱਤਾ।

(ਮੰਗਤ ਰਾਮ ਪਾਸਲਾ)

ਆਰ.ਐਮ.ਪੀ.ਆਈ. ਵਲੋਂ ਦੂਜੇ ਦਿਨ ਤਰਨ ਤਾਰਨ, ਹੁਸ਼ਿਆਰਪੁਰ, ਨਰੋਟ ਜੈਮਲ ਸਿੰਘ 'ਚ ਕੀਤੇ ਰੋਸ ਮੁਜ਼ਾਹਰੇ

ਜਲੰਧਰ , 20 ਜੂਨ - 'ਹਾਕਮ ਲੁਟੇਰੀਆਂ ਜਮਾਤਾਂ ਦੇ ਹਿੱਤਾਂ ਦੀ ਰਾਖੀ ਲਈ ਰਾਜ ਭਾਗ ਚਲਾ ਰਹੀਆਂ ਪਾਰਟੀਆਂ ਚੋਣਾਂ ਜਿੱਤਣ ਲਈ ਲੋਕਾਂ ਦੀ ਦੁਖਦੀ ਰਗ 'ਤੇ ਹੱਥ ਰੱਖਣ ਵਾਲੇ ਚੋਣ ਵਾਅਦੇ ਕਰਦੀਆਂ ਹਨ ਅਤੇ ਚੋਣਾਂ ਜਿੱਤਣ ਸਾਰ ਹੀ ਉਕਤ ਵਾਅਦਿਆਂ ਨੂੰ ਬਿਨਾਂ ਦੇਰੀ ਵਿਸਾਰ ਦਿੰਦੀਆਂ ਹਨ।'' ਇਹ ਗੱਲ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵਲੋਂ ਤਰਨ ਤਾਰਨ, ਹੁਸ਼ਿਆਰਪੁਰ, ਨਰੋਟ ਜੈਮਲ ਸਿੰਘ ਵਿਖੇ ਕੀਤੇ ਗਏ ਤਹਿਸੀਲ ਪੱਧਰੀ ਮੁਜ਼ਾਹਰਿਆਂ ਤੋਂ ਪਹਿਲਾਂ ਹੋਈਆਂ ਇਕੱਤਰਤਾਵਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਕੇਂਦਰੀ ਕਮੇਟੀ ਦੇ ਮੈਂਬਰਾਂ ਸਾਥੀ ਹਰਕੰਵਲ ਸਿੰਘ ਅਤੇ ਗੁਰਨਾਮ ਸਿੰਘ ਦਾਊਦ, ਸੂਬਾ ਸਕੱਤਰੇਤ ਦੇ ਮੈਂਬਰਾਂ ਸਾਥੀ ਪਰਗਟ ਸਿੰਘ ਜਾਮਾਰਾਇ ਅਤੇ ਲਾਲ ਚੰਦ ਕਟਾਰੂਚੱਕ, ਸੂਬਾ ਕਮੇਟੀ ਮੈਂਬਰਾਂ ਪ੍ਰਿੰਸੀਪਲ ਪਿਆਰਾ ਸਿੰਘ ਅਤੇ ਮਹਿੰਦਰ ਸਿੰਘ ਖੈਰੜ ਨੇ ਕਹੀ। ਕਮਿਊਨਿਸਟ ਆਗੂਆਂ ਨੇ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਰਾਜਸੀ ਪਾਰਟੀਆਂ ਨੂੰ ਚੋਣ ਵਾਅਦੇ ਪੂਰੇ ਕਰਨ ਲਈ ਮਜ਼ਬੂਰ ਕਰਨ ਵਾਲੀ ਕੋਈ ਸੰਵਿਧਾਨਕ ਵਿਵਸਥਾ ਮੌਜੂਦ ਨਹੀਂ ਹੈ। ਪਰ ਆਰ.ਐਮ.ਪੀ.ਆਈ. ਸੂਬਾ ਅਤੇ ਕੇਂਦਰੀ ਸਰਕਾਰਾਂ 'ਤੇ ਚੋਣ ਵਾਅਦੇ ਲਾਗੂ ਕਰਾਉਣ ਲਈ ਜਨਤਕ ਦਬਾਅ ਬਨਾਉਣ ਹਿੱਤ ਸੰਗਰਾਮਾਂ ਦੀ ਉਸਾਰੀ 'ਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਆਗੂਆਂ ਨੇ ਕਿਹਾ ਕਿ ''ਢੋਲ ਗੰਵਾਰ ਸ਼ੂਦਰ ਪਸ਼ੂ ਨਾਰੀ, ਯਿਹ ਸਭ ਹੈ ਤਾੜਣ ਕੇ ਅਧਿਕਾਰੀ'' ਦੇ ਬੁਨਿਆਦੀ ਸਿਧਾਂਤ ਦੀ ਧਾਰਣੀ ਮਨੂਸਿਮਰਤੀ ਅਧਾਰਤ ਸ਼ਾਸ਼ਨ ਭਾਰਤ 'ਚ ਕਾਇਮ ਕਰਨ ਲਈ ਤਰਲੋ ਮੱਛੀ ਹੋ ਰਹੇ ਸੰਘ ਪਰਿਵਾਰ ਦੀ ਹਰ ਸਾਜਿਸ਼ ਦਾ ਡੱਟ ਕੇ ਮੁਕਾਬਲਾ ਕੀਤਾ ਜਾਵੇਗਾ।
ਸਭਨਾ ਸਾਥੀਆਂ ਨੇ ਘੱਟ ਗਿਣਤੀਆਂ 'ਤੇ ਵਰਤਾਈ ਜਾ ਰਹੀ ਫਿਰਕੂ ਹਿੰਸਾ ਅਤੇ ਔਰਤਾਂ 'ਤੇ ਹੋ ਰਹੇ ਵਹਿਸ਼ੀ ਜਿਨਸੀ ਹਮਲਿਆਂ ਨੂੰ ਤੁਰੰਤ ਠੱਲ੍ਹ ਪਾਏ ਜਾਣ ਦੀ ਵੀ ਮੰਗ ਕੀਤੀ। ਉਨ੍ਹਾਂ ਐਲਾਨ ਕੀਤਾ ਕਿ ਇਹ ਸੰਗਰਾਮ ਹੋਰ ਵਧੇਰੇ ਤੇਜ 'ਤੇ ਵਿਸ਼ਾਲ ਕਰਨ ਦੇ ਸਿਰਤੋੜ ਯਤਨ ਕੀਤੇ ਜਾਣਗੇ। ਰੋਸ ਪ੍ਰਦਰਸ਼ਨਾਂ 'ਚ ਔਰਤਾਂ ਵੀ ਭਾਰੀ ਗਿਣਤੀ 'ਚ ਸ਼ਾਮਲ ਹੋਈਆਂ।
ਉਕਤ ਧਰਨੇ ਸਾਰੇ ਪੰਜਾਬ 'ਚ 23 ਜੂਨ ਤੱਕ ਜਾਰੀ ਰਹਿਣਗੇ।

(ਰਵੀ ਕੰਵਰ)

Monday 19 June 2017

ਆਰ.ਐਮ.ਪੀ.ਆਈ. ਵਲੋਂ ਖਡੂਰ ਸਾਹਿਬ, ਸੰਗਤ ਮੰਡੀ, ਸ਼੍ਰੀ ਅੰਮ੍ਰਿਤਸਰ ਸਾਹਿਬ, ਫਰੀਦਕੋਟ, ਪਟਿਆਲਾ 'ਚ ਕੀਤੇ ਰੋਸ ਮੁਜ਼ਹਾਰੇ

ਜਲੰਧਰ , 19 ਜੂਨ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਸੱਦੇ 'ਤੇ ਅੱਜ ਤਰਨ ਤਾਰਨ ਜ਼ਿਲ੍ਹੇ ਦੀ ਤਹਿਸੀਲ ਖਡੂਰ ਸਾਹਿਬ, ਬਠਿੰਡਾ ਜ਼ਿਲ੍ਹੇ ਦੀ ਸਬ ਤਹਿਸੀਲ ਸੰਗਤ ਮੰਡੀ, ਸ਼੍ਰੀ ਅੰਮ੍ਰਿਤਸਰ ਸਾਹਿਬ, ਫਰੀਦਕੋਟ, ਪਟਿਆਲਾ ਵਿਖੇ ਇਕੱਤਰ ਹੋਏ ਭਾਰੀ ਗਿਣਤੀ ਕਿਰਤੀ, ਕਿਸਾਨਾਂ, ਔਰਤਾਂ ਅਤੇ ਹੋਰ ਮਿਹਨਤੀ ਵਰਗਾਂ ਵਲੋਂ ਅੱਜ ਜਬਰਦਸਤ ਰੋਸ ਪ੍ਰਦਰਸ਼ਨ ਕਰਕੇ ਸਬੰਧਤ ਅਧਿਕਾਰੀਆਂ ਰਾਹੀਂ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜੇ ਗਏ।
ਭੇਜੇ ਗਏ ਮੰਗ ਪੱਤਰਾਂ ਰਾਹੀਂ ਮੰਗ ਕੀਤੀ ਗਈ ਕਿ ਦਲਿਤਾਂ, ਔਰਤਾਂ, ਘੱਟ ਗਿਣਤੀਆਂ ਤੇ ਦੇਸ਼ ਭਰ 'ਚ ਫਿਰਕੂ ਹਿੰਸਾ, ਜਿਨਸੀ ਅਪਰਾਧ ਅਤੇ ਉਚ ਜਾਤੀ ਹੰਕਾਰ ਦੀ ਭਾਵਨਾ ਨਾਲ ਕੀਤੇ ਜਾ ਰਹੇ ਅੱਤਿਆਚਾਰਾਂ 'ਤੇ ਸਖਤੀ ਨਾਲ ਰੋਕ ਲਾਈ ਜਾਵੇ ਅਤੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੰਦੇ ਹੋਏ ਪੀੜਤਾਂ ਲਈ ਯੋਗ ਮੁਆਵਜ਼ੇ ਸਮੇਤ ਮੁਕੰਮਲ ਮੁੜ ਵਸੇਬੇ ਦਾ ਪ੍ਰਬੰਧ ਕੀਤਾ ਜਾਵੇ। ਇਹ ਵੀ ਮੰਗ ਕੀਤੀ ਗਈ ਕਿ ਕੇਂਦਰੀ ਸਰਕਾਰ ਚਲਾ ਰਹੀ ਭਾਰਤੀ ਜਨਤਾ ਪਾਰਟੀ ਅਤੇ ਸੂਬੇ ਦੀ ਹਕੂਮਤ 'ਤੇ ਕਾਬਜ਼ ਕਾਂਗਰਸ ਪਾਰਟੀ ਵਲੋਂ ਚੋਣਾਂ ਜਿੱਤਣ ਲਈ ਕੀਤੇ ਗਏ ਚੋਣ ਵਾਅਦਿਆਂ 'ਤੇ ਇੰਨ ਬਿੰਨ ਅਮਲ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਉਕਤ ਸਰਕਾਰਾਂ ਵਲੋਂ ਹਰ ਕਿਸੇ ਨੂੰ ਰੋਜ਼ਗਾਰ ਦੇਣ, ਰਿਹਾਇਸ਼ ਲਈ ਮਕਾਨ ਅਤੇ ਥਾਵਾਂ ਦੇਣ, ਕੁਰੱਪਸ਼ਨ ਅਤੇ ਨਸ਼ਿਆਂ ਦਾ ਖਾਤਮਾ ਕਰਨ, ਹਰ ਕਿਸੇ ਨੂੰ ਸਮਾਜਕ ਸੁਰੱਖਿਆ ਅਧੀਨ ਸਨਮਾਣਯੋਗ ਬੁਢਾਪਾ-ਵਿਧਵਾ-ਅੰਗਹੀਨ ਪੈਨਸ਼ਨਾਂ ਦੇਣ, ਕਿਸਾਨੀ ਕਰਜ਼ੇ ਮੁਆਫ ਕਰਨ, ਰੇਤ ਬੱਜਰੀ ਦੀਆਂ ਕੀਮਤਾਂ ਘੱਟ ਕਰਨ ਆਦਿ ਦੇ ਵਾਅਦੇ ਕੀਤੇ ਗਏ ਸਨ।
ਅੱਜ ਪਾਰਟੀ ਦੇ ਜਲੰਧਰ ਸਥਿਤ ਹੈਡ ਕੁਆਰਟਰ, ਚੀਮਾ ਭਵਨ ਤੋਂ ਉਕਤ ਮੁਜ਼ਾਹਰਿਆਂ ਬਾਰੇ ਜਾਣਕਾਰੀ ਦਿੰਦਿਆਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਦੱਸਿਆ ਕਿ ਸੂਬੇ ਦੇ ਬਾਕੀ ਜ਼ਿਲਿਆਂ ਵਿਚਲੀਆਂ ਤਹਿਸੀਲਾਂ/ਅਤੇ ਸਬ ਤਹਿਸੀਲਾਂ 'ਤੇ ਉਕਤ ਕਿਸਮ ਦੇ ਰੋਸ ਮੁਜ਼ਾਹਰੇ 23 ਜੂਨ ਤੱਕ ਇਸੇ ਤਰ੍ਹਾਂ ਜਾਰੀ ਰਹਿਣਗੇ। ਸਾਥੀ ਪਾਸਲਾ ਨੇ ਸਮੂਹ ਮਿਹਨਤੀ ਵਰਗਾਂ 'ਤੇ ਅਗਾਂਹਵਧੂ ਧਿਰਾਂ ਨੂੰ ਉਕਤ ਮੁਜ਼ਾਹਰਿਆਂ ਨੂੰ ਹਰ ਪੱਖੋਂ ਸਫਲ ਕਰਨ ਦੀ ਅਪੀਲ ਕੀਤੀ।
ਵਰਨਣਯੋਗ ਹੈ ਕਿ ਪੰਜਾਬ ਦੇ ਬਜਟ ਸੈਸ਼ਨ ਦੌਰਾਨ ਕੀਤੇ ਜਾ ਰਹੇ ਉਕਤ ਮੁਜ਼ਾਹਰਿਆਂ ਦਾ ਸੱਦਾ ਆਰ.ਐਮ.ਪੀ.ਆਈ. ਦੀ ਸੂਬਾ ਕਮੇਟੀ ਵਲੋਂ ਦਿੱਤਾ ਗਿਆ ਸੀ।
ਉਕਤ ਮੁਜ਼ਾਹਰਿਆਂ ਸਮੇਂ ਹੋਈਆਂ ਇਕੱਤਰਤਾਵਾਂ ਨੂੰ ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰਾਨ ਸਰਵਸਾਥੀ ਪਰਗਟ ਸਿੰਘ ਜਾਮਾਰਾਏ ਅਤੇ ਰਤਨ ਸਿੰਘ ਰੰਧਾਵਾ, ਸੂਬਾ ਕਮੇਟੀ ਮੈਂਬਰਾਨ ਸਰਵਸਾਥੀ ਛੱਜੂ ਰਾਮ ਰਿਸ਼ੀ, ਮੁਖਤਿਆਰ ਸਿੰਘ ਮੱਲ੍ਹਾ, ਜਸਪਾਲ ਸਿੰਘ ਝਬਾਲ, ਪੂਰਨ ਚੰਦ ਨੰਨਹੇੜਾ, ਗੁਰਤੇਜ ਸਿੰਘ ਹਰੀਨੌ, ਲਾਲ ਚੰਦ ਸਰਦੂਲਗੜ੍ਹ ਅਤੇ ਜ਼ਿਲ੍ਹਾ ਪੱਧਰੀ ਆਗੂਆਂ ਮਿੱਠੂ ਸਿੰਘ ਘੁੱਦਾ, ਜਗਤਾਰ ਸਿੰਘ ਕਰਮਪੁਰਾ, ਬਲਵਿੰਦਰ ਸਿੰਘ ਛੇਹਰਟਾ, ਸੰਪੂਰਨ ਸਿੰਘ ਆਦਿ ਨੇ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਬਜਟ ਸੈਸ਼ਨ ਤੋਂ ਬਾਅਦ ਸੰਘਰਸ਼ ਦਾ ਹੋਰ ਵਿਸਥਾਰ ਕੀਤਾ ਜਾਵੇਗਾ।

(ਮੰਗਤ ਰਾਮ ਪਾਸਲਾ)

Thursday 15 June 2017

ਅਜੋਕੀਆਂ ਹਾਲਤਾਂ 'ਚ ਕਿਵੇਂ ਪ੍ਰਸੰਗਿਕ ਹੋਣ ਕਮਿਊਨਿਸਟ?



ਮੰਗਤ ਰਾਮ ਪਾਸਲਾ

ਭਾਰਤ ਅੰਦਰ ਕਮਿਊਨਿਸਟ ਲਹਿਰ ਦਾ ਲੰਬਾ ਤੇ ਸ਼ਾਨਾਮੱਤਾ ਪ੍ਰੰਤੂ ਨਾਲ ਹੀ ਗੰਭੀਰ ਗ਼ਲਤੀਆਂ ਦਾ ਇਤਿਹਾਸ ਹੈ। ਦੇਸ਼ ਦੀ ਆਜ਼ਾਦੀ ਦੀ ਜੰਗ ਵਿਚ ਗਦਰ ਪਾਰਟੀ ਦੇ ਬਲੀਦਾਨ ਅਤੇ ਕਮਿਊਨਿਸਟਾਂ ਦਾ ਯੋਗਦਾਨ ਇਤਿਹਾਸ ਦੇ ਸੁਨਹਿਰੀ ਪੰਨਿਆਂ 'ਤੇ ਉਕਰਿਆ ਹੋਇਆ ਹੈ। ਐਪਰ, ਦੂਜੀ ਸੰਸਾਰ ਜੰਗ ਸਮੇਂ, ਹਿਟਲਰ ਦੇ ਫਾਸ਼ੀਵਾਦ ਨੂੰ ਹਰਾਉਣ ਦੇ ਮਕਸਦ ਨਾਲ, ਇਸ ਜੰਗ ਵਿਚ ਫਾਸ਼ੀਵਾਦ ਵਿਰੋਧੀ ਕੈਂਪ ਵਿਚ ਇੰਗਲੈਂਡ ਦੀ ਸ਼ਮੂਲੀਅਤ ਕਾਰਨ ਦੇਸ਼ ਅੰਦਰ ਬਰਤਾਨਵੀ ਸਾਮਰਾਜ ਵਿਰੋਧੀ ਆਜ਼ਾਦੀ ਦੀ ਲੜਾਈ ਨੂੰ ਭਾਰਤ ਦੀ ਕਮਿਊਨਿਸਟ ਪਾਰਟੀ ਨੇ ਕੁਝ ਚਿਰ ਲਈ ਨਰਮ ਕਰ ਦਿੱਤਾ ਤੇ ਲੋਕਾਂ ਨੂੰ ਅੰਗਰੇਜ਼ਾਂ ਦੀ ਫ਼ੌਜ ਵਿਚ ਭਰਤੀ ਹੋ ਕੇ ਜੰਗ ਵਿਚ ਹਿਟਲਰਸ਼ਾਹੀ ਵਿਰੁੱਧ ਲੜਨ ਦਾ ਪੈਂਤੜਾ ਅਪਣਾਇਆ। ਇਸ ਨੂੰ 'ਲੋਕਾਂ ਦੀ ਜੰਗ' ਦਾ ਨਾਂਅ ਦਿੱਤਾ ਗਿਆ। ਇਹ ਪੈਂਤੜਾ ਪੂਰੀ ਤਰ੍ਹਾਂ ਠੀਕ ਨਹੀਂ ਸੀ। ਸੰਸਾਰ ਜੰਗ ਵਿਚ ਹਿਟਲਰ ਨੂੰ ਹਾਰ ਦੇਣ ਲਈ ਇਤਿਹਾਦੀ ਫ਼ੌਜਾਂ ਦੀ ਹਮਾਇਤ ਤਾਂ ਜਾਇਜ਼ ਸੀ, ਪ੍ਰੰਤੂ ਦੇਸ਼ ਅੰਦਰ ਸਾਮਰਾਜ ਵਿਰੁੱਧ ਆਜ਼ਾਦੀ ਦੀ ਲੜਾਈ ਨੂੰ ਥੋੜ੍ਹੇ ਸਮੇਂ ਲਈ ਵੀ ਮੁਲਤਵੀ ਕਰਨਾ ਸਰਾਸਰ ਗ਼ਲਤ ਸੀ।
ਆਜ਼ਾਦੀ ਮਿਲਣ ਉਪਰੰਤ ਵੀ ਕਮਿਊਨਿਸਟ ਪਾਰਟੀ ਵੱਲੋਂ ਇਸ ਨੂੰ 'ਕਾਲੀ ਆਜ਼ਾਦੀ' ਕਹਿ ਕੇ ਭੰਡਿਆ ਗਿਆ, ਜੋ ਹਕੀਕਤਾਂ ਅਤੇ ਲੋਕ ਭਾਵਨਾਵਾਂ ਨਾਲ ਮੇਲ ਨਹੀਂ ਖਾਂਦਾ ਸੀ। ਇਹ ਡਾਢੇ ਮਾਣ ਦੀ ਗੱਲ ਹੈ ਕਿ ਸੁਤੰਤਰਤਾ ਮਿਲਣ ਤੋਂ ਬਾਅਦ ਦੇ ਸਾਲਾਂ ਵਿਚ ਮਜ਼ਦੂਰਾਂ, ਖੇਤ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ, ਇਸਤਰੀਆਂ ਭਾਵ ਹਰ ਵਰਗ ਦੇ ਲੋਕਾਂ ਦੀਆਂ ਮੰਗਾਂ ਤੇ ਉਮੰਗਾਂ ਦੀ ਪ੍ਰਾਪਤੀ ਲਈ ਅਤੇ ਭਾਰਤੀ ਹਾਕਮਾਂ ਦੇ ਹਰ ਜਬਰ ਜ਼ੁਲਮ ਦਾ ਟਾਕਰਾ ਕਰਨ ਵਿਚ ਕਮਿਊਨਿਸਟ ਅਗਲੀਆਂ ਕਤਾਰਾਂ ਵਿਚ ਰਹੇ। ਫ਼ਿਰਕਾਪ੍ਰਸਤੀ, ਅੰਧਵਿਸ਼ਵਾਸ ਤੇ ਸਮਾਜਿਕ ਜਬਰ ਵਿਰੁੱਧ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਕਾਇਮ ਰੱਖਣ ਵਾਸਤੇ ਕਮਿਊਨਿਸਟ ਧਿਰਾਂ ਨੇ ਆਪਣੀਆਂ ਜਾਨਾਂ ਦੀ ਅਹੂਤੀ ਪਾਈ ਹੈ। ਲੋਕਾਂ ਦੀ ਸੇਵਾ ਹਿਤ ਕੀਤੀਆਂ ਇਨ੍ਹਾਂ ਘਾਲਣਾਵਾਂ ਨੂੰ ਦੇਸ਼ ਦੇ ਜਨ ਸਮੂਹਾਂ ਨੇ ਕਾਫ਼ੀ ਹੱਦ ਤੱਕ ਬਣਦਾ ਹੁੰਗਾਰਾ ਵੀ ਭਰਿਆ। ਪ੍ਰੰਤੂ ਇਹ ਇਕ ਹਕੀਕਤ ਹੈ ਕਿ ਦੇਸ਼ ਦੀ ਸਮੁੱਚੀ ਖੱਬੀ ਲਹਿਰ ਅਜੇ ਦੇਸ਼ ਦੀ ਰਾਜਨੀਤੀ ਵਿਚ ਕੋਈ ਮਹੱਤਵਪੂਰਨ ਤੇ ਫ਼ੈਸਲਾਕੁੰਨ ਭੂਮਿਕਾ ਨਿਭਾਉਣ ਤੋਂ ਕੋਹਾਂ ਦੂਰ ਹੈ। ਕਈ ਖੇਤਰਾਂ ਵਿਚ ਤਾਂ ਇਸ ਦੇ ਜਨ ਆਧਾਰ ਨੂੰ ਖੋਰਾ ਵੀ ਲੱਗਾ ਹੈ। ਇਸ ਘਾਟ ਦੇ ਹੋਰਨਾਂ ਅਨੇਕਾਂ ਕਾਰਨਾਂ ਦੇ ਨਾਲ-ਨਾਲ ਪਿਛਲੀ ਸਦੀ ਦੇ 90ਵਿਆਂ ਵਿਚ ਸੋਵੀਅਤ ਯੂਨੀਅਨ ਵਿਚ ਸਮਾਜਵਾਦੀ ਪ੍ਰਬੰਧ ਦਾ ਢਹਿ ਢੇਰੀ ਹੋ ਜਾਣ ਦਾ, ਪੂੰਜੀਪਤੀ ਵਰਗ ਵੱਲੋਂ ਮਾਰਕਸਵਾਦ-ਲੈਨਿਨਵਾਦ ਦੀ ਵਿਗਿਆਨਕ ਵਿਚਾਰਧਾਰਾ ਉਪਰ ਕੀਤੇ ਜਾਣ ਵਾਲੇ ਹਮਲੇ ਅਤੇ ਕਮਿਊਨਿਸਟ ਲਹਿਰ ਦੇ ਅੰਦਰ ਉਪਜੇ ਸੱਜੇ ਤੇ ਖੱਬੇ ਪੱਖੀ ਕੁਰਾਹਿਆਂ ਦਾ ਵੀ ਵੱਡਾ ਯੋਗਦਾਨ ਹੈ।
ਦੇਸ਼ ਦੀ ਕਮਿਊਨਿਸਟ ਲਹਿਰ ਵਿਚ ਪੈਦਾ ਹੋਏ ਇਹ ਭਟਕਾਅ ਅਜੇ ਵੀ ਨਿਰੰਤਰ ਜਾਰੀ ਹਨ ਤੇ ਮੰਦੇ ਭਾਗੀਂ ਆਪਣੀਆਂ ਜੜ੍ਹਾਂ ਹੋਰ ਡੂੰਘੀਆਂ ਕਰ ਰਹੇ ਹਨ। ਕਮਿਊਨਿਸਟ ਅੰਦੋਲਨ ਅੰਦਰ ਆਏ ਸੱਜੇ ਤੇ ਖੱਬੇ ਪੱਖੀ ਭਟਕਾਵਾਂ ਉਪਰ ਖੱਬੀ ਲਹਿਰ ਦੇ ਆਗੂ ਜਿੰਨੀ ਜਲਦੀ ਗੰਭੀਰ ਆਤਮ-ਚਿੰਤਨ ਕਰਨ ਤੋਂ ਬਾਅਦ ਕਾਬੂ ਪਾ ਲੈਣਗੇ, ਸਮਾਂ ਓਨਾ ਹੀ ਇਨਕਲਾਬੀ ਲਹਿਰ ਦੇ ਵਾਧੇ ਲਈ ਲਾਹੇਵੰਦ ਸਿੱਧ ਹੋਵੇਗਾ। ਇਨਕਲਾਬੀ ਲਹਿਰ ਦਾ ਭਵਿੱਖ ਹੀ ਇਨ੍ਹਾਂ ਕੁਰਾਹਿਆਂ ਉਤੇ ਆਬੂਰ ਹਾਸਲ ਕਰਨ ਨਾਲ ਬੱਝਾ ਹੋਇਆ ਹੈ। ਦੇਸ਼ ਦੀਆਂ ਅਜੋਕੀਆਂ ਬਾਹਰਮੁਖੀ ਹਾਲਤਾਂ ਇਨਕਲਾਬੀ ਲਹਿਰ ਦੇ ਵਾਧੇ ਲਈ ਬਹੁਤ ਹੀ ਸਾਜ਼ਗਾਰ ਹਨ। ਹਾਕਮ ਧਿਰਾਂ ਦੀਆਂ ਲੋਕ ਮਾਰੂ ਨਵਉਦਾਰਵਾਦੀ ਨੀਤੀਆਂ ਪ੍ਰਤੀ ਆਮ ਲੋਕਾਂ ਦਾ ਮੋਹ ਭੰਗ ਹੋ ਰਿਹਾ ਹੈ ਅਤੇ ਉਹ ਨਵੇਂ ਸੰਘਰਸ਼ ਲਾਮਬੰਦ ਕਰਨ ਲਈ ਅੰਗੜਾਈਆਂ ਲੈ ਰਹੇ ਹਨ। ਇਨ੍ਹਾਂ ਲੋਕਾਂ ਦੀ ਅਗਵਾਈ ਕਰਕੇ ਇਸ ਨੂੰ ਜਥੇਬੰਦ ਸ਼ਕਲ ਦੇਣ ਵਾਸਤੇ ਇਕ ਹਕੀਕੀ ਇਨਕਲਾਬੀ ਪਾਰਟੀ ਅਤੇ ਖੱਬੇ ਪੱਖੀ ਦਲਾਂ ਦੀ ਏਕਤਾ ਲੋੜੀਂਦੀ ਹੈ।
ਆਜ਼ਾਦੀ ਤੋਂ ਤੁਰੰਤ ਬਾਅਦ ਕਮਿਊਨਿਸਟ ਲਹਿਰ ਅੰਦਰ ਨਹਿਰੂ ਸਰਕਾਰ ਪ੍ਰਤੀ ਵਤੀਰੇ ਨੂੰ ਲੈ ਕੇ ਮਤਭੇਦ ਉੱਭਰ ਆਏ ਸਨ। ਕਾਮਰੇਡ ਡਾਂਗੇ ਦੀ ਅਗਵਾਈ ਵਾਲਾ ਧੜਾ ਨਹਿਰੂ ਸਰਕਾਰ ਨਾਲ ਮਿਲਵਰਤੋਂ ਕਰਨ ਦੀ ਵਕਾਲਤ ਕਰ ਰਿਹਾ ਸੀ, ਜਦ ਕਿ ਕਾਮਰੇਡ ਪੀ. ਸੁੰਦਰੱਈਆ, ਬੀ.ਟੀ. ਰੰਧੀਵੇ ਆਦਿ ਆਗੂ ਇਸ ਸਰਕਾਰ ਨੂੰ ਸਰਮਾਏਦਾਰਾਂ-ਜਗੀਰਦਾਰਾਂ ਦੀ ਨੁਮਾਇੰਦਾ ਦੱਸ ਕੇ ਮੂਲ ਰੂਪ ਵਿਚ ਇਸ ਦੀ ਡਟਵੀਂ ਵਿਰੋਧਤਾ ਕਰਨ ਦੇ ਮੁੱਦਈ ਸਨ। ਵੱਖ-ਵੱਖ ਮੁੱਦਿਆਂ ਉਪਰ ਇਹ ਮਤਭੇਦ ਚਲਦੇ ਰਹੇ ਅਤੇ ਸੰਨ 1964 ਵਿਚ ਕਮਿਊਨਿਸਟ ਲਹਿਰ ਦੋ ਭਾਗਾਂ, ਸੀ.ਪੀ.ਆਈ. ਅਤੇ ਸੀ.ਪੀ.ਆਈ.(ਐਮ) ਵਿਚਕਾਰ ਵੰਡੀ ਗਈ। ਸੀ.ਪੀ.ਆਈ. ਨੇ ਸੋਵੀਅਤ ਯੂਨੀਅਨ ਦੀ ਹਮਾਇਤ ਨਾਲ ਨਹਿਰੂ ਸਰਕਾਰ ਦੇ ਆਰਥਿਕ ਵਿਕਾਸ ਨੂੰ 'ਗੈਰ-ਸਰਮਾਏਦਾਰ ਤਰੱਕੀ ਦਾ ਰਾਹ' ਦਾ ਨਾਂਅ ਦਿੱਤਾ, ਜੋ ਅੱਗੋਂ ਜਾ ਕੇ ਮੰਤਕੀ ਤੌਰ 'ਤੇ ਕਾਂਗਰਸ-ਕਮਿਊਨਿਸਟ ਸਾਂਝ ਦੇ ਮਾਰੂ ਰੂਪ ਵਿਚ ਸਾਹਮਣੇ ਆਇਆ। ਸੀ.ਪੀ.ਆਈ. (ਐਮ) ਨੇ ਸਮਕਾਲੀ ਸਰਕਾਰ ਵਿਰੁੱਧ ਠੀਕ ਰਾਜਨੀਤਕ ਪੈਂਤੜਾ ਲੈ ਕੇ ਜਨ ਅੰਦੋਲਨ ਤੇਜ਼ ਕਰਨ ਦੀ ਨੀਤੀ ਅਪਣਾਈ, ਜਿਸ ਦੇ ਨਤੀਜੇ ਵਜੋਂ ਇਹ ਕਮਿਊਨਿਸਟ ਆਗੂ ਨਹਿਰੂ ਦੀ ਕੇਂਦਰੀ ਸਰਕਾਰ ਤੇ ਵੱਖ-ਵੱਖ ਸੂਬਾਈ ਸਰਕਾਰਾਂ ਦੇ ਜਬਰ ਦਾ ਨਿਸ਼ਾਨਾ ਬਣੇ। ਸੀ.ਪੀ.ਆਈ. ਦੀ ਸਰਮਾਏਦਾਰ-ਜਗੀਰਦਾਰ ਜਮਾਤਾਂ ਦੀ ਨੁਮਾਇੰਦਗੀ ਕਰਦੀ ਕਾਂਗਰਸ ਪਾਰਟੀ ਨਾਲ ਪਾਈ ਸਾਂਝ ਇਸ ਨੂੰ 1975 ਵਿਚ ਮਰਹੂਮ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਵੱਲੋਂ ਦੇਸ਼ ਉਪਰ ਅੰਦਰੂਨੀ ਐਮਰਜੈਂਸੀ ਠੋਸਣ ਵਰਗੇ ਗ਼ੈਰ-ਲੋਕਰਾਜੀ ਕਦਮ ਦੀ ਖੁੱਲ੍ਹੀ ਹਮਾਇਤ ਕਰਨ ਦੀ ਹੱਦ ਤੱਕ ਲੈ ਗਈ। ਬਾਅਦ ਦੇ ਸਾਲਾਂ ਦੌਰਾਨ ਵੀ ਸੀ.ਪੀ.ਆਈ. ਮੌਕਾਪ੍ਰਸਤ ਪਾਰਲੀਮਾਨੀ ਕੁਰਾਹੇ ਦਾ ਸ਼ਿਕਾਰ ਹੋ ਕੇ ਲੁਟੇਰੇ ਵਰਗਾਂ ਦੀਆਂ ਰਾਜਨੀਤਕ ਪਾਰਟੀਆਂ ਨਾਲ ਸਾਂਝਾਂ ਪਾਉਣ ਦੀ ਆਦੀ ਬਣ ਗਈ, ਭਾਵੇਂ ਕਿ ਇਸ ਦਾ ਇਕ ਹਿੱਸਾ ਇਸ ਰਾਜਨੀਤਕ ਮੌਕਾਪ੍ਰਸਤੀ ਦੇ ਵਿਰੁੱਧ ਆਪਣੀ ਆਵਾਜ਼ ਵੀ ਉਠਾਉਂਦਾ ਆ ਰਿਹਾ ਹੈ। ਭਾਵੇਂ ਕਈ ਵਾਰ ਇਸ ਸਾਂਝ ਦੇ ਨਤੀਜੇ ਵਜੋਂ ਸੀ.ਪੀ.ਆਈ. ਨੂੰ ਕੁਝ ਪਾਰਲੀਮੈਂਟ ਤੇ ਅਸੈਂਬਲੀ ਸੀਟਾਂ ਤਾਂ ਮਿਲਦੀਆਂ ਰਹੀਆਂ, ਪ੍ਰੰਤੂ ਜਨਤਕ ਆਧਾਰ ਦੇ ਪੱਖ ਤੋਂ ਇਹ ਲਗਾਤਾਰ ਸੁੰਗੜਦੀ ਗਈ। ਇਸ ਜਮਾਤੀ ਮਿਲਵਰਤੋਂ ਦਾ ਸਭ ਤੋਂ ਵੱਧ ਨੁਕਸਾਨ ਸੀ.ਪੀ.ਆਈ. ਦੇ ਆਗੂਆਂ ਤੇ ਕਾਰਕੁਨਾਂ ਵਿਚ ਕਮਿਊਨਿਸਟ ਮਿਆਰਾਂ 'ਚ ਆਈ ਗਿਰਾਵਟ ਦੇ ਰੂਪ ਵਿਚ ਨਿਕਲਿਆ। ਇਸ ਸੋਧਵਾਦੀ ਭਟਕਾਅ ਬਾਰੇ ਸੀ.ਪੀ.ਆਈ. ਨੂੰ ਆਪ ਕਮਿਊਨਿਸਟ ਲਹਿਰ ਦੇ ਨਫ਼ੇ-ਨੁਕਸਾਨ ਦੇ ਪੱਖ ਤੋਂ ਘੋਖਣ ਦੀ ਲੋੜ ਹੈ।
ਸੀ.ਪੀ.ਆਈ. (ਐਮ) ਨੇ ਠੀਕ ਜਮਾਤੀ ਦ੍ਰਿਸ਼ਟੀਕੋਣ ਅਪਣਾ ਕੇ ਹਾਕਮ ਜਮਾਤਾਂ ਦੇ ਸ਼ਾਸਨ ਵਿਰੁੱਧ 1964 ਤੋਂ ਲੈ ਕੇ ਐਮਰਜੈਂਸੀ ਦੇ ਖਾਤਮੇ ਦੇ ਸਾਲ (1977) ਤੱਕ ਲਗਾਤਾਰ ਸੰਘਰਸ਼ ਕਰਨ ਦਾ ਪੈਂਤੜਾ ਧਾਰਨ ਕੀਤਾ। ਇਸ ਦਰੁਸਤ ਰਾਜਸੀ ਸੇਧ ਸਦਕਾ ਹੀ ਸੀ.ਪੀ.ਆਈ.(ਐਮ) ਪੱਛਮੀ ਬੰਗਾਲ, ਕੇਰਲਾ, ਤਰੀਪੁਰਾ, ਆਂਧਰਾ ਪ੍ਰਦੇਸ਼, ਅਸਾਮ, ਪੰਜਾਬ, ਮਹਾਰਾਸ਼ਟਰ ਆਦਿ ਕਈ ਸੂਬਿਆਂ ਵਿਚ ਇਕ ਮਜ਼ਬੂਤ ਰਾਜਸੀ ਧਿਰ ਵਜੋਂ ਉੱਭਰੀ। ਨੌਜਵਾਨਾਂ ਅਤੇ ਵਿਦਿਆਰਥੀਆਂ ਵਿਚੋਂ ਨਵਾਂ ਕਾਡਰ ਵੀ ਵੱਡੀ ਗਿਣਤੀ ਵਿਚ ਪਾਰਟੀ ਤੇ ਜਨਤਕ ਜਥੇਬੰਦੀਆਂ ਵਿਚ ਸ਼ਾਮਿਲ ਹੋਇਆ। ਪ੍ਰੰਤੂ ਅਫ਼ਸੋਸ ਦੀ ਗੱਲ ਇਹ ਹੈ ਕਿ 1977 ਵਿਚ ਕੇਂਦਰ ਵਿਚ ਜਨਤਾ ਸਰਕਾਰ ਦੀ ਕਾਇਮੀ ਤੋਂ ਬਾਅਦ ਸੀ.ਪੀ.ਆਈ.(ਐਮ) ਵਿਚ ਹੌਲੀ-ਹੌਲੀ ਜਮਾਤੀ ਘੋਲਾਂ ਉਪਰ ਟੇਕ ਰੱਖਣ ਤੇ ਹਾਕਮ ਧਿਰਾਂ ਨਾਲ ਸਮਝੌਤਾ ਰਹਿਤ ਜੰਗ ਜਾਰੀ ਰੱਖਦਿਆਂ ਇਸ ਨਾਲ ਸੱਤਾ ਸਾਂਝੀ ਕਰਨ ਤੋਂ ਪੂਰੀ ਤਰ੍ਹਾਂ ਦੂਰੀ ਬਣਾਈ ਰੱਖਣ ਦੀ ਰਾਜਸੀ ਸਮਝਦਾਰੀ ਤੋਂ ਕਿਸੇ ਨਾ ਕਿਸੇ ਬਹਾਨੇ ਪਾਸਾ ਵੱਟ ਕੇ ਪਾਰਟੀ ਆਗੂਆਂ ਦਾ ਇਕ ਹਿੱਸਾ ਹਾਕਮ ਧਿਰਾਂ ਨਾਲ ਸਾਂਝਾਂ ਪਾਉਣ ਤੇ ਸੱਤਾ ਦੇ ਗਲਿਆਰਿਆਂ ਵਿਚ ਆਪਣੀ ਪੁੱਛ-ਪੜਤਾਲ ਵਧਾਉਣ ਲਈ ਮੌਕਾਪ੍ਰਸਤ ਰਾਜਨੀਤਕ ਪੈਂਤੜੇ ਲੈਣ ਦਾ ਸ਼ਿਕਾਰ ਬਣਦਾ ਗਿਆ। ਜਮਾਤੀ ਮਿਲਵਰਤੋਂ ਦਾ ਇਹ ਮਾਰੂ ਰੋਗ ਇਕੀਵੀਂ ਸਦੀ ਦੇ ਸ਼ੁਰੂ ਵਿਚ ਕਾਂਗਰਸ ਦੀ ਕੇਂਦਰੀ ਸਰਕਾਰ ਵਿਚ ਸੀ.ਪੀ.ਆਈ.(ਐਮ) ਦੀ ਖੁੱਲ੍ਹੀ ਭਿਆਲੀ, ਸੋਮਨਾਥ ਚੈਟਰਜੀ ਦੇ ਲੋਕ ਸਭਾ ਸਪੀਕਰ ਬਣਨ ਅਤੇ ਸਰਕਾਰ ਦੀ ਨੀਤੀਗਤ ਅਗਵਾਈ ਕਰਨ ਲਈ ਕਾਂਗਰਸ-ਸੀ.ਪੀ.ਆਈ.(ਐਮ) ਦੀ ਬਣਾਈ ਸਾਂਝੀ ਕੋ ਆਰਡੀਨੇਸ਼ਨ ਕਮੇਟੀ ਦੇ ਗਠਨ ਨਾਲ, ਇਕ ਸਿਆਸੀ ਕੈਂਸਰ ਦਾ ਰੂਪ ਧਾਰਨ ਕਰ ਗਿਆ। ਪੱਛਮੀ ਬੰਗਾਲ ਦੀ ਖੱਬੇ ਪੱਖੀ ਸਰਕਾਰ ਜਮਹੂਰੀਅਤ ਤੇ ਜਮਾਤੀ ਘੋਲਾਂ ਦੀ ਸਭ ਤੋਂ ਮੋਹਰਲੀ ਚੌਂਕੀ ਬਣਨ ਦੀ ਥਾਂ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਆਰਥਿਕ ਨੀਤੀਆਂ ਦੀ ਮੁੜ੍ਹੈਲੀ ਬਣ ਕੇ ਪੱਛਮੀ ਬੰਗਾਲ ਦੇ ਲੋਕਾਂ ਉੱਪਰ ਜ਼ੁਲਮ ਢਾਹੁਣ ਦੇ ਰਾਹ ਤੁਰ ਪਈ। ਕੇਰਲਾ ਵਿਚ ਕਾਂਗਰਸ ਦੇ ਵਿਰੋਧ ਵਿਚ ਖੱਬੇ ਤੇ ਜਮਹੂਰੀ ਫਰੰਟ ਦੀ ਸਰਕਾਰ ਦੀ ਕਾਇਮੀ ਵੱਡੀ ਹੱਦ ਤੱਕ ਹੁਣ ਸਿਰਫ ਨਾਂਅ ਦੀ ਹੀ ਤਬਦੀਲੀ ਹੈ, ਬੁਨਿਆਦੀ ਆਰਥਿਕ ਤੇ ਰਾਜਨੀਤਕ ਸੇਧਾਂ ਦੀ ਪੱਧਰ ਉੱਪਰ ਕੁਝ ਵੀ ਵੱਖਰਾ ਨਹੀਂ ਹੈ। ਕੇਰਲਾ ਦੀ ਖੱਬੇ ਤੇ ਜਮਹੂਰੀ ਮੋਰਚੇ ਦੀ ਸਰਕਾਰ ਦਾ ਆਪਣੇ ਵਿਰੋਧੀਆਂ, ਖਾਸਕਰ ਆਰ.ਐਮ.ਪੀ.ਆਈ. ਦੇ ਆਗੂਆਂ ਤੇ ਕਾਰਕੁਨਾਂ ਉਤੇ ਹਮਲੇ, ਅਸਹਿਣਸ਼ੀਲਤਾ ਭਰਪੂਰ ਕਾਰਵਾਈਆਂ ਅਤੇ ਸਾਥੀ ਟੀ.ਪੀ. ਚੰਦਰਸ਼ੇਖਰਨ ਦਾ ਸੀ.ਪੀ.ਆਈ.(ਐਮ) ਦੇ ਆਗੂਆਂ ਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਕੀਤਾ ਗਿਆ ਕਤਲ ਜਮਾਤੀ ਮਿਲਵਰਤੋਂ ਦੀ ਪਟੜੀ ਚੜ੍ਹੀ ਕਿਸੇ ਸੋਸ਼ਲ ਡੈਮੋਕਰੈਟਿਕ ਪਾਰਟੀ ਦਾ ਮੰਤਕੀ ਕਾਰਾ ਹੀ ਕਿਹਾ ਜਾ ਸਕਦਾ ਹੈ। ਲੋਕ ਲਾਜ ਲਈ ਕਾਗਜ਼ਾਂ ਉਪਰ ਕਈ ਵਾਰ ਠੀਕ ਨਿਰਣੇ ਕਰਕੇ ਵੀ ਐਨ ਉਸਦੇ ਉਲਟ ਅਮਲ ਕਰਨਾ ਸੀ.ਪੀ.ਆਈ.(ਐਮ) ਆਗੂਆਂ ਦੀ ਖਾਸੀਅਤ ਬਣ ਗਿਆ ਹੈ। ਉਂਝ ਹੁਣ ਸੀ.ਪੀ.ਆਈ.(ਐਮ) ਨੇ 1964 ਦੇ ਪਾਰਟੀ ਪ੍ਰੋਗਰਾਮ ਨੂੰ ਸਮਾਂਅਨਕੂਲ ਕਰਨ ਦੇ ਬਹਾਨੇ ਇਸ ਪ੍ਰੋਗਰਾਮ ਦੀਆਂ ਕਈ ਸਹੀ ਮੂਲ ਧਾਰਨਾਵਾਂ ਨੂੰ ਬਦਲ ਦਿੱਤਾ ਹੈ। ਉਦਾਹਰਣ ਵਜੋਂ ਮੌਜੂਦਾ ਕੇਂਦਰੀ ਸਰਮਾਏਦਾਰ-ਜਗੀਰਦਾਰ ਸਰਕਾਰਾਂ, ਜਿਸਦੀ ਅਗਵਾਈ ਵੱਡੀ ਸਰਮਾਏਦਾਰੀ ਕਰ ਰਹੀ ਹੈ, ਵਿਚ ਸ਼ਮੂਲੀਅਤ ਕਰਨ ਬਾਰੇ ਪਾਰਟੀ ਦੀ ਕੇਂਦਰੀ ਕਮੇਟੀ ਢੁਕਵਾਂ ਫੈਸਲਾ ਲੈ ਸਕਦੀ ਹੈ। (ਜੋ ਸ਼ਾਮਿਲ ਹੋਣ ਵੱਲ ਹੀ ਸੇਧਤ ਹੈ) ਜਦਕਿ ਇਹ 1964 ਦੇ ਪਾਰਟੀ ਪ੍ਰੋਗਰਾਮ ਦੀ ਭਾਵਨਾ ਅਨੁਸਾਰ ਪੂਰੀ ਤਰ੍ਹਾਂ ਵਰਜਿਤ ਸੀ।
1967 ਵਿਚ ਕਮਿਊਨਿਸਟ ਅੰਦੋਲਨ ਅੰਦਰ ਇਕ ਹੋਰ ਵੰਨਗੀ ਨੇ ਜਨਮ ਲਿਆ, ਜੋ ਨਕਸਲਬਾੜੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਹ ਅੰਦੋਲਨ ਪੱਛਮੀ ਬੰਗਾਲ ਦੇ ਇਕ ਇਲਾਕੇ 'ਨਕਸਲਬਾੜੀ' ਤੋਂ ਉਦੋਂ ਆਰੰਭ ਹੋਇਆ, ਜਦੋਂ ਸੂਬੇ ਵਿਚ ਲਹੂ ਵੀਟਵੇਂ ਜਨ ਅੰਦੋਲਨਾਂ ਦੇ ਨਤੀਜੇ ਵਜੋਂ ਖੱਬੇ ਪੱਖ ਦੇ ਮਹੱਤਵਪੂਰਨ ਦਖ਼ਲ ਵਾਲੀ ਸਾਂਝੀ ਸਰਕਾਰ ਹੋਂਦ ਵਿਚ ਆਈ ਸੀ। ਇਹ ਨਵੀਂ ਪਾਰਟੀ, ਜੋ ਸੀ.ਪੀ.ਆਈ. (ਐਮ.ਐਲ.) ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ, ਭਾਰਤੀ ਲੋਕਾਂ ਵਲੋਂ 1947 ਵਿਚ ਪ੍ਰਾਪਤ ਕੀਤੀ ਰਾਜਸੀ ਆਜ਼ਾਦੀ ਨੂੰ ਇਕ ਢੌਂਗ ਮੰਨਦੀ ਹੈ ਅਤੇ ਭਾਰਤ ਦੀ ਸਰਕਾਰ ਨੂੰ ਸਾਮਰਾਜ ਦੀ ਦਲਾਲ ਸਰਕਾਰ ਵਜੋਂ ਆਂਕਦੀ ਹੈ। ਇਸ ਪਾਰਟੀ ਦਾ ਨਿਰਣਾ ਹੈ ਕਿ ਆਰਥਿਕ ਲੜਾਈਆਂ ਲੜਨ ਦੀ ਜਗ੍ਹਾ ਕਿਸੇ ਕੋਨੇ ਤੋਂ ਉਠਿਆ ਚੰਦ ਲੋਕਾਂ ਦਾ ਹਥਿਆਰਬੰਦ ਘੋਲ ਦੇਸ਼ ਵਿਚ ਇਨਕਲਾਬੀ ਤਬਦੀਲੀ ਕਰਨ ਦਾ ਕਾਰਜ ਸਿਰੇ ਚਾੜ੍ਹ ਸਕਦਾ ਹੈ। ਇਸ ਪਾਰਟੀ ਨੇ ਭਾਰਤੀ ਲੋਕਤੰਤਰ ਤੇ ਵੋਟ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਰੱਦ ਕਰਕੇ ਸਿਰਫ ਹਥਿਆਰਬੰਦ ਘੋਲ ਨੂੰ ਹੀ ਮੂਲ ਸੰਘਰਸ਼ ਮੰਨਿਆ। ਬਿਨਾਂ ਸ਼ੱਕ ਨਕਸਲਵਾੜੀ ਲਹਿਰ ਦੇ ਗਰਮ ਨਾਅਰਿਆਂ ਨੇ ਦੇਸ਼ ਦੇ ਕਈ ਭਾਗਾਂ ਵਿਚ ਬਹੁਤ ਸਾਰੇ ਲੋਕਾਂ, ਖ਼ਾਸਕਰ ਨੌਜਵਾਨ ਤੇ ਵਿਦਿਆਰਥੀ ਵਰਗ ਨੂੰ ਕਾਫੀ ਪ੍ਰਭਾਵਿਤ ਕੀਤਾ। ਬਹੁਤ ਸਾਰੇ ਨਕਸਲੀ ਕਾਰਕੁਨ ਤੇ ਆਗੂ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰ ਦਿੱਤੇ ਗਏ ਤੇ ਬਹੁਤ ਸਾਰਿਆਂ ਨੂੰ ਕਠੋਰ ਪੁਲਿਸ ਜਬਰ ਦਾ ਸਾਹਮਣਾ ਕਰਨਾ ਪਿਆ। ਕਿਉਂਕਿ ਇਹ ਅੰਦੋਲਨ ਸ਼ੁਰੂ ਤੋਂ ਹੀ ਖੱਬੇ ਪੱਖੀ ਭਟਕਾਅ ਦਾ ਸ਼ਿਕਾਰ ਸੀ, ਇਸ ਕਾਰਨ ਛੇਤੀ ਹੀ ਇਸ ਨੂੰ ਭਾਰਤੀ ਰਾਜ ਸੱਤਾ ਨੇ ਪੁਲਿਸ ਤੇ ਹੋਰ ਅਰਧ ਸੈਨਿਕ ਬਲਾਂ ਦੇ ਜਬਰ ਨਾਲ ਦਬਾਅ ਦਿੱਤਾ। ਹੁਣ ਨਕਸਲਬਾੜੀ ਪਾਰਟੀ ਅੱਗੋਂ ਕਈ ਧੜਿਆਂ ਤੇ ਛੋਟੇ-ਛੋਟੇ ਗਰੁੱਪਾਂ ਵਿਚ ਵੰਡੀ ਹੋਈ ਹੈ। ਅੱਜ ਵੀ ਸੀ.ਪੀ.ਆਈ. (ਮਾਓਵਾਦੀ) ਰਾਜ ਸੱਤਾ ਉਪਰ ਕਾਬਜ਼ ਹੋਣ ਲਈ ਕੇਂਦਰੀ ਭਾਰਤ ਦੇ ਬਿਹਾਰ, ਝਾਰਖੰਡ, ਉੜੀਸਾ, ਪੱਛਮ 'ਚ ਮਹਾਰਾਸ਼ਟਰ ਅਤੇ ਦੱਖਣ ਦੇ ਆਂਧਰਾ ਪ੍ਰਦੇਸ਼ ਆਦਿ ਪ੍ਰਾਂਤਾਂ ਵਿਚ ਹਥਿਆਰਬੰਦ ਘੋਲ ਕਰ ਰਹੀ ਹੈ। ਨਕਸਲਬਾੜੀ ਪਾਰਟੀ ਦੇ ਕਈ ਧੜੇ ਇਸ ਖੱਬੇ ਕੁਰਾਹੇ ਤੋਂ ਖਹਿੜਾ ਛੁਡਾਉਣ ਦਾ ਯਤਨ ਵੀ ਕਰ ਰਹੇ ਹਨ ਤੇ ਕਈ ਦੂਸਰੇ ਵਿੰਗੇ-ਟੇਢੇ ਢੰਗ ਨਾਲ ਸਿਧਾਂਤਕ ਰੂਪ ਵਿਚ ਮਾਓਵਾਦੀਆਂ ਦੀ ਹਮਾਇਤ ਵੀ ਕਰਦੇ ਹਨ। ਕੇਂਦਰੀ ਸਰਕਾਰ ਤੇ ਇਸ ਦੀਆਂ ਸਹਿਯੋਗੀ ਪ੍ਰਾਂਤਕ ਸਰਕਾਰਾਂ ਪੁਲਿਸ ਤੇ ਫ਼ੌਜ ਦੀ ਮਦਦ ਨਾਲ ਮਾਓਵਾਦੀਆਂ ਦੀ ਲਹਿਰ ਨੂੰ ਖ਼ਤਮ ਕਰਨਾ ਚਾਹੁੰਦੀਆਂ ਹਨ। ਇਸ ਬਹਾਨੇ ਅਕਸਰ ਹੀ ਆਮ ਲੋਕਾਂ 'ਤੇ ਵੀ ਲੂੰਅ ਕੰਢੇ ਖੜ੍ਹੇ ਕਰਨ ਵਾਲਾ ਜਬਰ ਕੀਤਾ ਜਾਂਦਾ ਹੈ। ਭਾਵੇਂ ਇਸ ਲਹਿਰ ਦਾ ਵੱਡਾ ਭਾਗ ਨਕਸਲਬਾੜੀ ਲਹਿਰ ਵਿਚ ਮਾਅਰਕੇਬਾਜ਼ੀ ਰੁਝਾਨ ਨੂੰ ਨੋਟ ਤਾਂ ਕਰਦਾ ਹੈ, ਪ੍ਰੰਤੂ ਸਮੁੱਚੇ ਰੂਪ ਵਿਚ ਅਜੇ ਉਹ ਇਸ ਭਟਕਾਅ ਪ੍ਰਤੀ ਡਟਵਾਂ ਵਿਚਾਰਧਾਰਕ ਤੇ ਰਾਜਨੀਤਕ ਪੈਂਤੜਾ ਨਹੀਂ ਲੈ ਰਿਹਾ। ਇੱਥੇ ਅਸੀਂ ਇਸ ਲਹਿਰ ਦੇ ਮਿਥੇ ਇਨਕਲਾਬ ਦੇ ਨਿਸ਼ਾਨੇ, ਸੁਹਿਰਦ ਕਾਰਕੁਨਾਂ ਦੀ ਪ੍ਰਤੀਬੱਧਤਾ ਅਤੇ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਕੁਰਬਾਨੀਆਂ ਉੱਪਰ ਕੋਈ ਉਂਗਲ ਨਹੀਂ ਉਠਾ ਰਹੇ ਤੇ ਨਾ ਹੀ ਸਰਕਾਰੀ ਜਬਰ ਨੂੰ ਹੱਕੀ ਠਹਿਰਾਅ ਰਹੇ ਹਾਂ। ਸਿਰਫ ਨਕਸਲਬਾੜੀ ਲਹਿਰ ਦੇ ਸਿਧਾਂਤਕ ਪੈਂਤੜੇ 'ਤੇ ਲੋਕਾਂ ਦੀ ਵੱਡੀ ਹਮਾਇਤ ਤੋਂ ਬਿਨਾਂ ਚੰਦ ਸੂਰਮਿਆਂ ਦੇ ਨਿੱਜੀ ਹੌਸਲੇ ਤੇ ਹਥਿਆਰਬੰਦ ਘੋਲ ਰਾਹੀਂ ਇਨਕਲਾਬ ਸਿਰੇ ਚਾੜ੍ਹਨ ਦੀ ਸਮਝਦਾਰੀ ਅਤੇ ਪ੍ਰਾਪਤ ਸੀਮਤ ਜਮਹੂਰੀ ਆਜ਼ਾਦੀਆਂ ਨੂੰ ਇਨਕਲਾਬੀ ਲਹਿਰ ਦੇ ਵਾਧੇ ਵਾਸਤੇ ਵਰਤਣ ਦੀ ਥਾਂ ਨਕਾਰਨ ਦੀ ਖੱਬੀ ਮਾਅਰਕੇਬਾਜ਼ੀ ਦੀ ਸਮਝਦਾਰੀ ਉੱਪਰ ਹੀ ਕਿੰਤੂ ਕਰ ਰਹੇ ਹਾਂ।
ਹੋਰਨਾਂ ਘਾਟਾਂ ਕਮਜ਼ੋਰੀਆਂ ਨੂੰ ਸਹੀ ਪ੍ਰਸੰਗ ਵਿਚ ਵਿਚਾਰਨ ਦੇ ਨਾਲ-ਨਾਲ ਅੱਜ ਪਹਿਲ ਦੇ ਆਧਾਰ 'ਤੇ ਸੱਜੇ ਸੋਧਵਾਦੀ ਜਮਾਤੀ ਮਿਲਵਰਤੋਂ ਦੀ ਧਾਰਾ, ਜਨਤਕ ਲਹਿਰ ਤੋਂ ਸੱਖਣੀ ਚੰਦ ਸੂਰਮਿਆਂ ਦੇ ਹਥਿਆਰਬੰਦ ਘੋਲ ਰਾਹੀਂ ਇਨਕਲਾਬ ਦੀ ਕਾਮਯਾਬੀ ਹਾਸਲ ਕਰਨ ਦੀ ਧਾਰਾ ਅਤੇ ਲਿਖਤਾਂ ਵਿਚ ਠੀਕ ਦਿਸ਼ਾ ਤੇ ਨਿਰਣੇ ਆਂਕਣ ਦੇ ਬਾਵਜੂਦ ਅਮਲਾਂ ਵਿਚ ਜਮਾਤੀ ਮਿਲਵਰਤੋਂ ਤੇ ਪਾਰਲੀਮਾਨੀ ਮੌਕਾਪ੍ਰਸਤੀ ਦੇ ਕੁਰਾਹੇ ਪੈਣ ਦੀ ਧਾਰਾ ਬਾਰੇ ਵਿਚਾਰ ਕਰਨ ਤੇ ਸਵੈ-ਪੜਚੋਲ ਕਰਕੇ ਠੀਕ ਰਾਜਸੀ ਦਿਸ਼ਾ ਤੈਅ ਕਰਨ ਦੀ ਜ਼ਰੂਰਤ ਹੈ ਸਾਰੇ ਕਮਿਊਨਿਸਟਾਂ ਨੂੰ। ਕੋਈ ਇਕ ਧਾਰਾ ਨਾ ਪੂਰੀ ਤਰ੍ਹਾਂ ਦੋਸ਼ ਮੁਕਤ ਹੈ ਤੇ ਨਾ ਹੀ ਮਾਰਕਸਵਾਦੀ-ਲੈਨਿਨਵਾਦੀ ਵਿਚਾਰਧਾਰਾ ਦੇ ਭਾਰਤ ਦੀਆਂ ਠੋਸ ਅਵਸਥਾਵਾਂ ਵਿਚ ਲਾਗੂ ਕਰਨ ਦੀ ਸਿਆਣਪ ਦੀ ਕਿਸੇ ਕੋਲ ਅਜਾਰੇਦਾਰੀ ਹੈ। ਸਾਰੀਆਂ ਹੀ ਧਾਰਾਵਾਂ ਵਿਚ ਕੁਝ ਅਪਣਾਉਣ ਤੇ ਸਿੱਖਣ ਵਾਲੀਆਂ ਸੇਧਾਂ ਹਨ ਤੇ ਕੁਝ ਤਿਆਗਣ ਵਾਲੀਆਂ। ਇਹ ਤਦ ਹੀ ਸੰਭਵ ਹੈ, ਜੇਕਰ ਸਾਰੀਆਂ ਹੀ ਕਮਿਊਨਿਸਟ ਤੇ ਖੱਬੇ ਪੱਖੀ ਧਿਰਾਂ ਆਜ਼ਾਦਾਨਾ ਤੌਰ 'ਤੇ ਆਪਣੇ ਆਪ ਅਤੇ ਸਾਂਝੇ ਰੂਪ ਵਿਚ ਸਿਰ ਜੋੜ ਕੇ ਬੈਠਣ, ਵਿਚਾਰ ਵਟਾਂਦਰੇ ਰਾਹੀਂ ਆਪਣੇ ਅਤੀਤ ਦਾ ਮੁਲਾਂਕਣ ਕਰਨ ਤੇ ਭਵਿੱਖੀ ਸੇਧਾਂ ਤੇ ਯੋਜਨਾਵਾਂ ਤੈਅ ਕਰਨ। ਸਮਾਜਿਕ ਪਰਿਵਰਤਨ ਦਾ ਰਾਹ ਔਕੜਾਂ ਭਰਿਆ, ਲੰਬਾ ਤੇ ਸਿਰੜੀ ਸੰਘਰਸ਼ਾਂ ਨਾਲ ਨੱਥਿਆ ਹੋਇਆ ਹੈ। ਭਾਵੇਂ ਅਸੀਂ ਇਸਨੂੰ ਝਬਦੇ ਹੀ ਪੂਰਾ ਤਾਂ ਨਾ ਕਰ ਸਕੀਏ, ਪ੍ਰੰਤੂ ਕਿਰਤੀਆਂ ਦੇ ਇਸ ਖੂਬਸੂਰਤ ਆਸਾਂ ਦੇ ਮਹਿਲ ਦੀਆਂ ਮਜ਼ਬੂਤ ਨੀਹਾਂ ਉਸਾਰਨ ਵਿਚ ਮਦਦਗਾਰ ਤਾਂ ਹੋ ਹੀ ਸਕਦੇ ਹਾਂ।
 
ਧੰਨਵਾਦ ਸਾਹਿਤ ਰੋਜ਼ਾਨਾ ਅਜੀਤ ਜਲੰਧਰ
14-15.6.2017

Tuesday 13 June 2017

Revolutionary Marxist Party of India (RMPI) will organise mass protest actions from June 19th to 23rd on sub-divisional Head Quarters all over Punjab

Jalandhar, June 13th - Revolutionary Marxist Party of India (RMPI) will organise mass protest actions from June 19th to 23rd on sub-divisional Head Quarters all over Punjab. This was stated here, today by Comrade Mangat Ram Pasla, General Secratery RMPI. He was briefing the decisions of two days meeting of Punjab State unit of Party. The meeting was presided over by Com. Gurnam Singh Daud.
The wide range actions will be organised with the purpose of mobilising masses to press upon the central and state govts to fulfil their electoral promises.
The Growing atrocities against Dalits and Women, are the other concerns of these actions. The unfortunate suicides by farmers and farm Labourers due to deepening agrarian crisis will also be brought into focus during these protest actions. The other issues are price rise and unemployement.
The State committee is of the firm opinion that all above said problems are sure outcome of neo-liberal policies being implemented by almost all Central and State Govts. But the Modi Govt. has crossed all limits in this regard.
The meeting noted that R.S.S. and its associate bodies are committing atrocities against dalits, women and minorities with the support of Central Govt.
The meeting condemned the growing intolerence and terror attacks upon progressive and democratic institutions and individuals. The State meet also condemned the biased  action against NDTV. by CBI with the instructions of Modi regime. 
(Mangat Ram Pasla)

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵਲੋਂ 19 ਤੋਂ 23 ਜੂਨ ਤੱਕ ਰੋਹ ਭਰਪੂਰ ਰੋਸ ਮੁਜ਼ਾਹਰੇ ਕਰਨ ਦਾ ਸੱਦਾ

ਜਲੰਧਰ , 13 ਜੂਨ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵਲੋਂ 19 ਤੋਂ 23 ਜੂਨ ਤੱਕ ਪੰਜਾਬ ਦੇ ਸਮੂਹ ਤਹਿਸੀਲ ਹੈਡਕੁਆਰਟਰਾਂ ਅਤੇ ਚੋਣਵੇਂ ਜ਼ਿਲ੍ਹਾ ਕੇਂਦਰਾਂ 'ਤੇ ਰੋਹ ਭਰਪੂਰ ਰੋਸ ਮੁਜ਼ਾਹਰੇ ਕੀਤੇ ਜਾਣਗੇ। ਉਕਤ ਰੋਸ ਮੁਜ਼ਾਹਰੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਚੋਣ ਵਾਅਦੇ ਲਾਗੂ ਕਰਾਉਣ ਅਤੇ ਦਲਿਤਾਂ ਤੇ ਔਰਤਾਂ 'ਤੇ ਦੇਸ਼ ਭਰ 'ਚ ਹੋ ਰਹੇ ਜਾਤੀਪਾਤੀ ਅੱਤਿਆਚਾਰਾਂ ਅਤੇ ਜਿਨਸੀ ਹਿੰਸਾ ਖਿਲਾਫ ਵਿਸ਼ਾਲ ਲੋਕ ਰਾਇ 'ਤੇ ਫੈਸਲਾਕੁੰਨ ਸੰਗਰਾਮ ਲਾਮਬੰਦ ਕਰਨ ਦੇ ਉਦੇਸ਼ ਨਾਲ ਕੀਤੇ ਜਾ ਰਹੇ ਹਨ। ਅੱਜ ਇੱਥੇ ਸਾਥੀ ਗੁਰਨਾਮ ਸਿੰਘ ਦਾਊਦ ਦੀ ਪ੍ਰਧਾਨਗੀ ਹੇਠ ਹੋਈ ਆਰ.ਐਮ.ਪੀ.ਆਈ. ਦੀ ਦੋ ਦਿਨਾਂ ਸੂਬਾ ਕਮੇਟੀ ਮੀਟਿੰਗ ਵਿਚ ਉਕਤ ਫੈਸਲਾ ਕੀਤਾ ਗਿਆ।
ਸੂਬਾ ਕਮੇਟੀ ਦੇ ਫੈਸਲੇ ਜਾਰੀ ਕਰਦਿਆਂ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਦੱਸਿਆ ਕਿ ਮੀਟਿੰਗ ਵਲੋਂ ਨਿੱਤ ਦਿਨ ਵੱਧਦੇ ਜਾ ਰਹੇ ਖੇਤੀ ਸੰਕਟ ਕਾਰਨ ਰੋਜ਼ ਦਾ ਵਰਤਾਰਾ ਬਣ ਚੁੱਕੀਆਂ ਮਜ਼ਦੂਰ-ਕਿਸਾਨ ਖੁਦਕੁਸ਼ੀਆਂ, ਛਾਲਾਂ ਮਾਰ ਕੇ ਵੱਧਦੀ ਜਾ ਰਹੀ ਬੇਕਾਰੀ ਅਤੇ ਵਿਸਫੋਟਕ ਰੂਪ ਧਾਰ ਚੁੱਕੀ ਬੇਰੋਜ਼ਗਾਰੀ 'ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ।
ਉਨ੍ਹਾਂ ਅੱਗੋਂ ਕਿਹਾ ਕਿ ਮੀਟਿੰਗ ਇਸ ਰਾਇ ਦੀ ਹੈ ਕਿ ਉਕਤ ਲੋਕ ਮਾਰੂ ਵਰਤਾਰਾ ਪਿਛਲੇ ਕਰੀਬ ਢਾਈ ਦਹਾਕਿਆਂ ਤੋਂ ਲਾਗੂ ਕੀਤੀਆਂ ਜਾ ਰਹੀਆਂ ਉਦਾਰੀਕਰਣ-ਸੰਸਾਰੀਕਰਣ ਦੀਆਂ ਸਾਮਰਾਜ ਪੱਖੀ ਨੀਤੀਆਂ ਦਾ ਮੰਤਕੀ ਸਿੱਟਾ ਹੈ। ਉਕਤ ਨੀਤੀਆਂ ਨੂੰ ਕੇਂਦਰ ਦੀ ਮੋਦੀ ਸਰਕਾਰ ਪਿਛਲੀਆਂ ਸਭੇ ਸਰਕਾਰਾਂ ਨਾਲੋਂ ਤੇਜੀ ਨਾਲ ਲਾਗੂ ਕਰ ਰਹੀ ਹੈ, ਜਿਸ ਦੇ ਹੋਰ ਵੀ ਭਿਆਨਕ ਨਤੀਜੇ ਨਿਕਲਣਗੇ।
ਮੀਟਿੰਗ ਵਲੋਂ ਇਹ ਗੱਲ ਵੀ ਡਾਢੇ ਗੁੱਸੇ ਨਾਲ ਨਾਲ ਨੋਟ ਕੀਤੀ ਗਈ ਕਿ ਮੋਦੀ ਸਰਕਾਰ ਨਿੱਤ ਸਟੈਂਡ ਅੱਪ ਇੰਡੀਆ, ਮੇਕ ਇਨ ਇੰਡੀਆ, ਦੇਸ਼ ਆਗੇ ਬੜ੍ਹ ਰਹਾ ਹੈ, ਹੋ ਰਹਾ ਹੈ ਵਿਕਾਸ ਆਦਿ ਦੇ ਰੂਪ ਵਿਚ ਨਵੇਂ ਨਵੇਂ ਨਾਹਰੇ ਅਤੇ ਜੁਮਲੇ ਛੱਡ ਰਹੀ ਹੈ ਜਦਕਿ ਜ਼ਮੀਨੀ ਪੱਧਰ 'ਤੇ ਲੋਕਾਂ ਖਾਸ ਕਰ ਕਿਰਤੀ ਕਿਸਾਨਾਂ ਦੀ ਹਾਲਤ ਦਿਨੋਂ-ਦਿਨ ਨਿੱਘਰਦੀ ਹੀ ਜਾ ਰਹੀ ਹੈ। ਇਸੇ ਲਈ ਉਪਰੋਕਤ ਵੱਡੇ ਵੱਡੇ ਗਪੌੜਸ਼ੰਖ ਲੋਕਾਂ 'ਚ ਉਪਹਾਸ ਅਤੇ ਘ੍ਰਿਣਾ ਦਾ ਪਾਤਰ ਬਣ ਰਹੇ ਹਨ।
ਮੀਟਿੰਗ ਵਲੋਂ ਇਹ ਵੀ ਨੋਟ ਕੀਤਾ ਗਿਆ ਕਿ ਆਰ.ਐਸ.ਐਸ. ਅਤੇ ਉਸ ਨਾਲ ਸਬੰਧਤ ਸਮੁੱਚਾ ਸੰਘ ਪਰਿਵਾਰ, ਕੇਂਦਰ 'ਚ ਆਪਣੀ ਹੱਥਠੋਕਾ ਮੋਦੀ ਸਰਕਾਰ ਕਾਇਮ ਹੋਣ ਦਾ ਲਾਹਾ ਲੈਂਦੇ ਹੋਏ, ਯੋਜਨਾਬੱਧ ਢੰਗ ਨਾਲ ਦਲਿਤਾਂ, ਔਰਤਾਂ, ਘੱਟ ਗਿਣਤੀਆਂ; ਖਾਸਕਰ ਮੁਸਲਮਾਨਾਂ 'ਤੇ ਵੱਖੋ ਵੱਖ ਬਹਾਨਿਆਂ ਹੇਠ ਹਰ ਰੋਜ਼ ਅਕਹਿ ਕਹਿਰ ਵਰਤਾ ਰਹੇ ਹਨ। ਇਨ੍ਹਾਂ ਵਰਗਾਂ 'ਤੇ ਸੰਘੀ ਟੋਲੇ ਦਾ ਲੂੰ ਕੰਡੇ ਖੜ੍ਹੇ ਕਰਨ ਵਾਲਾ ਜਬਰ ਸਭ ਹੱਦਾਂ ਬੰਨੇ ਟੱਪ ਗਿਆ ਹੈ। ਕਾਂਗਰਸ ਪਾਰਟੀ ਤੋਂ ਚੰਗੇ ਰਾਜ ਵਾਲਿਆਂ ਦੀਆਂ ਉਮੀਦਾਂ ਨੂੰ ਗਹਿਰਾ ਝਟਕਾ ਲੱਗਾ ਹੈ। ਮੀਟਿੰਗ ਵਲੋਂ ਇਹ ਵੀ ਵਿਚਾਰਿਆ ਗਿਆ ਕਿ ਆਪਣੇ ਕੋਝੇ ਵੱਖਵਾਦੀ ਮਨਸੂਬੇ ਪੂਰੇ ਕਰਨ ਲਈ ਅਤੇ ਕਿਰਤੀਆਂ ਤੇ ਦੇਸ਼ ਦੇ ਕੁਦਰਤੀ ਵਸੀਲਿਆਂ ਦੀ ਚੌਤਰਫਾ ਬੇਕਿਰਕ ਲੁੱਟ ਦੀ ਜਾਮਨੀ ਕਰਦੀਆਂ ਨੀਤੀਆਂ ਬੇਰੋਕ ਜਾਰੀ ਰੱਖੇ ਜਾਣ ਲਈ ਸੰਘ ਪਰਿਵਾਰ ਅਤੇ ਕੇਂਦਰੀ ਹਕੂਮਤ ਪ੍ਰਗਤੀਸ਼ੀਲ ਤੇ ਜਮਹੂਰੀ ਧਿਰਾਂ ਤੇ ਵਿਅਕਤੀਆਂ ਨੂੰ ਆਪਣੇ ਰਾਹ ਦਾ ਸਭ ਤੋਂ ਵੱਡਾ ਅੜਿੱਕਾ ਸਮਝਦੇ ਹੋਏ ਉਨ੍ਹਾਂ ਤੇ ਜਾਨਲੇਵਾ ਹਮਲੇ ਕਰ ਰਹੇ ਹਨ। ਸੀ.ਪੀ.ਆਈ.(ਐਮ) ਦੇ ਕੇਂਦਰੀ ਦਫਤਰ 'ਚ ਕੀਤੀ ਗਈ ਬੁਰਛਾਗਰਦੀ ਅਤੇ ਐਨ.ਡੀ.ਟੀ.ਵੀ. ਤੇ ਕੀਤੀ ਗਈ ਕਾਰਵਾਈ ਇਸ ਦੀਆਂ ਉਘੜਵੀਆਂ ਮਿਸਾਲਾਂ ਹਨ।
ਸੂਬਾ ਕਮੇਟੀ ਵਲੋਂ ਸਮੂਹ ਅਣਖੀ ਪੰਜਾਬੀਆਂ ਨੂੰ ਉਪਰੋਕਤ ਮਾਨਵਤਾ ਵਿਰੋਧੀ ਨੀਤੀ ਚੌਖਟੇ ਖਿਲਾਫ਼ ਹਰ ਪੱਧਰ 'ਤੇ ਆਵਾਜ਼ ਬੁਲੰਦ ਕਰਨ ਅਤੇ ਘੋਲ ਪਿੜਾਂ 'ਚ ਨਿਤਰਨ ਦੀ ਅਪੀਲ ਕੀਤੀ ਗਈ।
ਮੀਟਿੰਗ ਵਲੋਂ ਸਮੂਹ ਪਾਰਟੀ ਇਕਾਈਆਂ, ਹਮਦਰਦਾਂ ਅਤੇ ਜਨਸੰਗਠਨਾਂ ਨੂੰ ਸੱਦਾ ਦਿੱਤਾ ਗਿਆ ਕਿ ਉਹ ਮੋਦੀ ਅਤੇ ਕੈਪਟਨ ਸਰਕਾਰ ਵਲੋਂ ਕੀਤੇ ਗਏ ਹਰ ਘਰ ਨੂੰ ਰੋਜ਼ਗਾਰ ਦੇਣ, ਕਰਜ਼ਾ ਮੁਆਫੀ, ਮਕਾਨ ਬਣਾ ਕੇ ਦੇਣ, ਰੇਤ, ਬੱਜਰੀ ਤੇ ਹੋਰ ਮਾਫੀਆ ਲੁੱਟ ਖਤਮ ਕਰਨ, ਭ੍ਰਿਸ਼ਟਾਚਾਰ ਤੇ ਗੁੰਡਾਗਰਦੀ ਖਤਮ ਕਰਨ, ਸਮਾਜਿਕ ਸੁਰੱਖਿਆ ਪੈਨਸ਼ਨਾਂ ਦੋ ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰਨ। ਸਭਨਾ ਨੂੰ ਬਿਨ੍ਹਾਂ ਵਿਤਕਰੇ ਤੋਂ ਇਕਸਾਰ ਆਰਥਕ ਸਮਾਜਕ ਤੇ ਮਨੁੱਖੀ ਅਧਿਕਾਰ ਦੇਣ ਆਦਿ ਵਾਅਦਿਆਂ ਦੀ ਪੂਰਤੀ ਲਈ ਘਰ ਘਰ ਪਹੁੰਚ ਕਰਨ ਲਈ ਲੋਕ ਲਾਮਬੰਦੀ ਵਾਸਤੇ ਦਿਨ ਰਾਤ ਇਕ ਕਰ ਦੇਣ।

(ਮੰਗਤ ਰਾਮ ਪਾਸਲਾ)

Tuesday 6 June 2017

RMPI strongly condemned the raids by CBI on NDTV


Jalandhar, June 6 - Revolutionary Marxist  Party of India (RMPI) strongly condemned the raids by CBI on the houses and offices of NDTV Co- founder and Chairman Pronoy Rai and his Wife.
   Comrade Mangat Ram Pasla, General Secretary of the Party while issuing a Press relase here today termed these raids by Central agencies an abnoxious attempt to muzzle the independence and freedom of the Press. This step of the Central agencies on behest of Govt. shows that Govt. is afraid of growing popularity and credibility of NDTV amongst the people. Registration of Criminal cases after 8 years of full payment of loan also shows that these has only been registered to witch-hunt this Channel. He also Stated that NDTV is one of the few media houses which is daringly exposing the reactionary, anti-Constitution and anti-people policies of saffron clad Govts. and this steps is to suppress  the genuine voice of this Channel and a message to other media houses to fall in line.
Comarade  Pasla  has appealed to the all pro-democracy and pro-justice people of the Country to widely condemn and resist such hitlarite attacks of the Modi Govt.

ਐਨ.ਡੀ.ਟੀ.ਵੀ. ਦੇ ਸਹਿ ਸੰਸਥਾਪਕ 'ਤੇ ਕੇਸ ਦਰਜ ਕਰਨ ਦੀ ਨਿਖੇਧੀ

ਜਲੰਧਰ , 6 ਜੂਨ - ਉਘੇ ਟੀ.ਵੀ.ਚੈਨਲ ਐਨ.ਡੀ.ਟੀ.ਵੀ. ਦੇ ਸਹਿ ਸੰਸਥਾਪਕ ਪ੍ਰਨੋਏ ਰਾਏ ਅਤੇ ਉਨ੍ਹਾਂ ਦੀ ਪਤਨੀ ਵਿਰੁੱਧ ਝੂਠਾ ਕੇਸ ਦਰਜ ਕਰਕੇ ਸੀ.ਬੀ.ਆਈ. ਵਲੋਂ ਉਨ੍ਹਾਂ ਦੇ ਘਰ ਤੇ ਦਫਤਰ ਉਪਰ ਮਾਰੇ ਗਏ ਛਾਪਿਆਂ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਇਸਨੂੰ ਮੋਦੀ ਸਰਕਾਰ ਦਾ ਪ੍ਰੈਸ ਦੀ ਆਜ਼ਾਦੀ ਉਪਰ ਸ਼ਰਮਨਾਕ ਹਮਲਾ ਕਰਾਰ ਦਿੱਤਾ ਹੈ।
ਅੱਜ ਏਥੇ ਜਾਰੀ ਕੀਤੇ ਗਏ ਪ੍ਰੈਸ ਬਿਆਨ ਵਿਚ ਸਾਥੀ ਪਾਸਲਾ ਨੇ ਕਿਹਾ ਕਿ ਇਸ ਚੈਨਲ ਦੀ ਲੋਕਾਂ ਅੰਦਰ ਵੱਧ ਰਹੀ ਪ੍ਰਤਿਸ਼ਠਾ ਅਤੇ ਭਰੋਸੇਯੋਗਤਾ ਤੋਂ ਘਬਰਾਈ ਹੋਈ ਸਰਕਾਰ ਦੀ ਇਹ ਘਿਨੌਣੀ ਕਾਰਵਾਈ ਉਸਦੀ ਬੁਖਲਾਹਟ ਦੀ ਪ੍ਰਤੀਕ ਹੈ। ਇਸ ਟੀ.ਵੀ. ਚੈਨਲ ਦਾ ਸੰਚਾਲਨ ਕਰਨ ਵਾਲੀ ਕੰਪਨੀ ਵਲੋਂ ਕਿਸੇ ਬੈਂਕ ਤੋਂ 2008 ਵਿਚ ਲਏ ਗਏ ਕਰਜ਼ੇ ਦੀ ਪੂਰੀ ਵਾਪਸੀ ਹੋ ਜਾਣ ਦੇ ਬਾਵਜੂਦ ਕੰਪਨੀ ਦੇ ਸਹਿਸੰਸਥਾਪਕ ਉਪਰ 8 ਸਾਲ ਬਾਅਦ ਧੋਖਾਧੜੀ ਦਾ ਅਪਰਾਧਕ ਕੇਸ ਦਰਜ ਕਰਨਾ ਬਦਲਾ ਲਊ ਮੰਦੀ ਭਾਵਨਾ ਨਾਲ ਕੀਤੀ ਗਈ ਇਕ ਨਿਰੋਲ ਹੁਜੱਤਬਾਜੀ ਹੈ। ਸਰਕਾਰ ਦੀਆਂ ਪਿਛਾਖੜੀ ਤੇ ਲੋਕ ਮਾਰੂ ਨੀਤੀਆਂ ਦੀ ਇਸ ਚੈਨਲ ਵਲੋਂ ਨਿਡਰਤਾ ਸਹਿਤ ਕੀਤੀ ਜਾ ਰਹੀ ਆਲੋਚਨਾ ਤੋਂ ਜਾਪਦਾ ਹੈ ਕਿ ਮੋਦੀ ਸਰਕਾਰ ਬੁਰੀ ਤਰ੍ਹਾਂ ਤੜਫ ਉਠੀ ਹੈ ਅਤੇ ਚੈਨਲ ਦਾ ਮੂੰਹ ਬੰਦ ਕਰਨ ਦੇ ਅਜਿਹੇ ਗੈਰ ਜਮਹੂਰੀ ਤੇ ਹੋਛੇ ਕਦਮਾਂ 'ਤੇ ਉਤਾਰੂ ਹੋ ਗਈ ਹੈ।
ਸਾਥੀ ਪਾਸਲਾ ਨੇ ਦੇਸ਼ ਦੇ ਸਮੂਹ ਇਨਸਾਫ ਪਸੰਦ ਤੇ ਜਮਹੂਰੀਅਤ ਪਸੰਦ ਲੋਕਾਂ ਨੂੰ ਸਰਕਾਰ ਦੇ ਅਜਿਹੇ ਹਿਟਲਰਸ਼ਾਹੀ ਕਦਮਾਂ ਦਾ ਵਿਆਪਕ ਰੂਪ ਵਿਚ ਵਿਰੋਧ ਕਰਨ ਦੀ ਅਪੀਲ ਕੀਤੀ ਹੈ।

Saturday 3 June 2017

ਦਲਿਤਾਂ ਤੇ ਸ਼ੋਸ਼ਿਤ ਵਰਗਾਂ ਦੀ ਹਿਤੈਸ਼ੀ ਨਹੀਂ ਭਾਜਪਾ



ਮੰਗਤ ਰਾਮ ਪਾਸਲਾ
ਜਦੋਂ ਦੇਸ਼ ਦੇ ਹੁਕਮਰਾਨ ਅਤੇ ਉਨ੍ਹਾਂ ਦੇ ਪ੍ਰੇਰਨਾ-ਸਰੋਤ ਆਰ.ਐੱਸ.ਐੱਸ., ਦੇਸ਼ ਨੂੰ ਪੁਰਾਣੀਆਂ ਵੇਲਾ ਵਿਹਾਅ ਚੁੱਕੀਆਂ ਪਰੰਪਰਾਵਾਂ ਤੇ ਸਮਾਜਿਕ ਕਦਰਾਂ-ਕੀਮਤਾਂ ਵਿੱਚ ਮੁੜ ਧਕੇਲਣ ਦੀ ਵਕਾਲਤ ਕਰ ਰਹੇ ਹੋਣ, ਤਦ ਫੇਰ ਮੱਧਕਾਲੀਨ ਯੁੱਗ ਤੋਂ ਦਲਿਤਾਂ ਨਾਲ ਹੋ ਰਹੇ ਅਣਮਨੁੱਖੀ ਤੇ ਅੱਤਿਆਚਾਰੀ ਵਿਵਹਾਰ ਨੂੰ ਮੁੜ ਵਾਪਰਨ ਤੋਂ ਕਿਵੇਂ ਰੋਕਿਆ ਜਾ ਸਕਦਾ ਹੈ? ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਸਹਾਰਨਪੁਰ ਵਿੱਚ ਸੰਘ ਪਰਿਵਾਰ ਦੇ ਮੈਂਬਰਾਂ ਤੇ ਹੁੜਦੰਗ ਮਚਾਉਣ ਵਾਲੇ ਹੋਰਨਾਂ ਸ਼ਰਾਰਤੀ ਤੱਤਾਂ ਵੱਲੋਂ ਦਲਿਤ ਸਮਾਜ ਉਪਰ ਕੀਤੇ ਕਹਿਰ ਤੋਂ ਮਨੁੱਖਤਾ ਤੜਪ ਉੱਠੀ ਹੈ। ਜਬਰ ਦੀ ਇਹ ਕੋਈ ਪਹਿਲੀ ਜਾਂ ਅੰਤਿਮ ਘਟਨਾ ਨਹੀਂ ਹੈ। ਯੂ.ਪੀ. ਦੇ ਮੁੱਖ ਮੰਤਰੀ ਅਦਿਤਿਆ ਨਾਥ ਯੋਗੀ ਦੇ ਅਹੁਦਾ ਸੰਭਾਲਣ ਤੋਂ ਬਾਅਦ ਗਊ ਹੱਤਿਆ ਦੇ ਨਾਂ ਉਪਰ ਆਪੂੰ ਸਜੇ ‘ਗਊ ਰਕਸ਼ਕਾਂ’ ਦੁਆਰਾ ਸਾਧਾਰਨ ਲੋਕਾਂ, ਖ਼ਾਸਕਰ ਮੁਸਲਮਾਨਾਂ ਵਿਰੁੱਧ ਵਿੱਢੀ ਗਈ ਮੁਹਿੰਮ, ‘ਰੋਮਿਓ ਸਕੁਐਡਾਂ’ ਵੱਲੋਂ ਬੇਕਸੂਰ ਲੜਕੇ-ਲੜਕੀਆਂ ਨਾਲ ਕੀਤੇ ਜਾ ਰਹੇ ਦੁਰਵਿਵਹਾਰ ਅਤੇ ਗਊ ਮਾਸ ਦਾ ਸੇਵਨ ਕਰਨ ਦੇ ਇਲਜ਼ਾਮ ਲਗਾ ਕੇ ਨਿਰਦੋਸ਼ ਮੁਸਲਿਮ ਭਾਈਚਾਰੇ ਵਿਰੁੱਧ ਖੇਡੇ ਜਾ ਰਹੇ ਤਾਂਡਵ ਨਾਚ ਨਾਲ ਸੰਘ ਪਰਿਵਾਰ ਦੇ ਅਸਲੀ ਮਨਸੂਬਿਆਂ ਦਾ ਪਤਾ ਲੱਗਦਾ ਹੈ।
ਉਂਜ ਇਹ ਵਰਤਾਰਾ ਪਿਛਲੀ ਸਰਕਾਰ ਦੇ ਕਾਰਜਕਾਲ ਵਿੱਚ ਵੀ ਚਲਦਾ ਰਿਹਾ ਹੈ। ਸਾਰੇ ਦੇਸ਼ ਵਿੱਚ ਮੀਡੀਆ ਉਪਰ ਯੋਜਨਾਬੱਧ ਢੰਗ ਨਾਲ ਕੀਤੇ ਜਾ ਰਹੇ ਕੂੜ-ਪ੍ਰਚਾਰ ਰਾਹੀਂ ਸਰਕਾਰ ਵਿਰੋਧੀ ਕੋਈ ਵੀ ਸ਼ਬਦ ਜਾਂ ਜਮਹੂਰੀ ਧਿਰਾਂ ਵੱਲੋਂ ਮੋਦੀ ਸਰਕਾਰ ਵਿਰੁੱਧ ਕਿਹਾ ਗਿਆ ਹਰ ਸ਼ਬਦ ਦੇਸ਼ ਧ੍ਰੋਹ ਹੈ ਅਤੇ ਪਾਕਿਸਤਾਨ ਤੇ ਚੀਨ ਸਮੇਤ ਸਾਰੇ ਗੁਆਂਢੀ ਦੇਸ਼ਾਂ ਨਾਲ ਝਗੜੇ ਵਾਲੇ ਮੁੱਦੇ ਗੱਲਬਾਤ ਰਾਹੀਂ ਹੱਲ ਕਰਨ ਲਈ ਕੀਤੀ ਗਈ ਹਰ ਗੁਹਾਰ ਨੂੰ ‘ਕੌਮ ਵਿਰੋਧੀ’ ਕਾਰਾ ਦੱਸਿਆ ਜਾ ਰਿਹਾ ਹੈ। ਅਤਿਵਾਦੀ ਤੱਤਾਂ ਵੱਲੋਂ ਕੀਤੀਆਂ ਜਾਂਦੀਆਂ ਹਿੰਸਕ ਕਾਰਵਾਈਆਂ ਨੂੰ ਬਿਨਾਂ ਕੋਈ ਪੁੱਛ-ਪੜਤਾਲ ਕੀਤਿਆਂ ਤੁਰੰਤ ਹੀ ਇੱਕ ਖ਼ਾਸ ਫ਼ਿਰਕੇ ਦੇ ਸਿਰ ਮੜ੍ਹ ਦਿੱਤਾ ਜਾਂਦਾ ਹੈ, ਹਾਲਾਂਕਿ ਅਜਿਹੀਆਂ ਸਮਾਜ ਵਿਰੋਧੀ ਹਿੰਸਕ ਕਾਰਵਾਈਆਂ ਕਰਨ ਵਾਲੇ ਅਨਸਰ ਹਰ ਫ਼ਿਰਕੇ, ਪ੍ਰਾਂਤ, ਜਾਤ ਤੇ ਧਰਮ ਨਾਲ ਸਬੰਧਿਤ ਹਨ। ਬੇਕਸੂਰ ਮੁਸਲਿਮ ਨੌਜਵਾਨਾਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਸਾਲਾਂਬੱਧੀ ਜੇਲ੍ਹਾਂ ਵਿੱਚ ਡੱਕ ਦਿੱਤਾ ਜਾਂਦਾ ਹੈ। ਜਦੋਂ ਕੋਈ ਅਦਾਲਤ ਅਜਿਹੇ ਕਿਸੇ ਨੌਜਵਾਨ ਨੂੰ ਬੇਗੁਨਾਹ ਕਰਾਰ ਦੇ ਕੇ ਰਿਹਾਈ ਦੇ ਹੁਕਮ ਸੁਣਾ ਦਿੰਦੀ ਹੈ, ਉਦੋਂ ਤਕ ਜ਼ਿੰਦਗੀ ਦੇ ਕੀਮਤੀ ਸਾਲ ਜੇਲ੍ਹ ਵਿੱਚ ਬਿਤਾ ਕੇ ਬਾਹਰ ਆਇਆ ਵਿਅਕਤੀ ਕਿਵੇਂ ਜ਼ਿੰਦਗੀ ਗੁਜ਼ਾਰੇਗਾ, ਇਸ ਦਾ ਅੰਦਾਜ਼ਾ ਲਗਾਉਣਾ ਵੀ ਮੁਸ਼ਕਿਲ ਹੈ। ਪਾਕਿਸਤਾਨੀ ਹਾਕਮਾਂ, ਫ਼ੌਜ ਤੇ ਅਤਿਵਾਦੀਆਂ ਵੱਲੋਂ ਕੀਤੀ ਜਾਂਦੀ ਹਰ ਕਾਰਵਾਈ ਨੂੰ ਮੁਸਲਮਾਨ ਘੱਟ-ਗਿਣਤੀ ਦੇ ਲੋਕਾਂ ਨਾਲ ਰਲਗੱਡ ਕੀਤਾ ਜਾ ਰਿਹਾ ਹੈ ਜੋ ਅੱਗੋਂ ਫ਼ਿਰਕੂ ਨਫ਼ਰਤ ਵਿੱਚ ਸੌਖਿਆਂ ਹੀ ਤਬਦੀਲ ਹੋ ਜਾਂਦਾ ਹੈ।
ਸਮਾਜ ਦੇ ਫ਼ਿਰਕੂ ਲੀਹਾਂ ’ਤੇ ਧਰੁਵੀਕਰਨ ਕਰਨ ਦੇ ਮਨਸ਼ੇ ਪਿੱਛੇ ਦੇਸ਼ ਨੂੰ ਇੱਕ ਧਰਮ ਆਧਾਰਿਤ ‘ਹਿੰਦੂ ਰਾਸ਼ਟਰ’ ਵਿੱਚ ਤਬਦੀਲ ਕਰਨਾ ਹੈ ਜਿਸ ਦਾ ਸੰਘ ਪਰਿਵਾਰ ਐਲਾਨ ਵੀ ਕਰ ਚੁੱਕਾ ਹੈ। ਇਹ ਨਾਮ-ਨਿਹਾਦ ਧਰਮ ਆਧਾਰਿਤ ‘ਹਿੰਦੂ ਰਾਸ਼ਟਰ’ ਬਿਨਾਂ ਸ਼ੱਕ ਧਰਮ ਆਧਾਰਤ ਕਿਸੇ ਕੱਟੜਵਾਦੀ ਮੁਸਲਮ ਦੇਸ਼ ਅਤੇ 1980ਵਿਆਂ ਵਿੱਚ ਪੰਜਾਬ ’ਚ ‘ਖਾਲਿਸਤਾਨ’ ਦੀ ਤਰਜ਼ ’ਤੇ ਕਾਇਮ ਕਰਨ ਵਾਲੇ ਰਾਸ਼ਟਰ ਦੀ ਮੰਗ ਵਰਗਾ ਹੀ ਹੋਵੇਗਾ। ਭਾਰਤ ਦੀ 81 ਫ਼ੀਸਦੀ ਹਿੰਦੂ ਵਸੋਂ ਦਾ ਵੱਡਾ ਹਿੱਸਾ ਪਹਿਲਾਂ ਹੀ ਇੱਕੋ ਜਮਾਤ ਦੇ ਵੱਖ ਵੱਖ ਹਿੰਦੂ ਪ੍ਰਧਾਨ ਮੰਤਰੀਆਂ ਤੇ ਹਿੰਦੂ ਬਹੁਗਿਣਤੀ ਵਾਲੇ ਕੇਂਦਰੀ ਮੰਤਰੀ ਮੰਡਲਾਂ ਦੀਆਂ ਆਰਥਿਕ ਨੀਤੀਆਂ ਦਾ ਫ਼ਲ ਗਰੀਬੀ, ਬੇਕਾਰੀ, ਅਨਪੜ੍ਹਤਾ ਤੇ ਹਰ ਕਿਸਮ ਦੀਆਂ ਤੰਗਆਂ-ਤੁਰਸ਼ੀਆਂ ਦੇ ਰੂਪ ਵਿੱਚ ਚੱਖ ਰਿਹਾ ਹੈ। ਸੰਘ ਪਰਿਵਾਰ ਦੀ ਅਯੁੱਧਿਆ ਵਿੱਚ ਝਗੜੇ ਵਾਲੀ ਜਗ੍ਹਾ ਉਪਰ ਰਾਮ ਮੰਦਰ ਬਣਾਉਣ ਦੀ ਰੱਟ ਧਾਰਮਿਕ ਆਸਥਾ ਨਾਲੋਂ ਬਿਲਕੁਲ ਅਲੱਗ ਰਾਜਨੀਤਕ ਤੇ ਵਿਚਾਰਧਾਰਕ ਸੰਕੀਰਣਤਾ ਭਰੀ ਜ਼ਿੱਦ ਜ਼ਿਆਦਾ ਹੈ। ਮੋਦੀ ਸਰਕਾਰ ਵੱਲੋਂ ‘ਸਭ ਕਾ ਸਾਥ, ਸਭ ਕਾ ਵਿਕਾਸ’ ਦਾ ਰਟਣ ਮੰਤਰ ਸਿਰਫ਼ ਲੋਕਾਂ ਦੇ ਅੱਖੀਂ ਘੱਟਾ ਪਾਉਣ ਦਾ ਹੀ ਯਤਨ ਮਾਤਰ ਹੈ।

ਲੁਕਵੇਂ ਤੇ ਧੋਖੇ ਭਰੇ ਸ਼ਬਦ ਜਾਲ ਨਾਲ ਸੰਘੀ ਆਗੂ ਵੇਲਾ ਵਿਹਾਅ ਚੁੱਕੀ ਅਮਾਨਵੀ ਮਨੂਵਾਦੀ ਵਿਵਸਥਾ ਦਾ ਗੁਣਗਾਨ ਕਰਕੇ ਇਸ ਦੀ ਮੁੜ ਸਥਾਪਤੀ ਨੂੰ ਹੱਕ ਬਜਾਨਬ ਠਹਿਰਾ ਰਹੇ ਹਨ। ਹਾਲਾਂਕਿ ਅਸਲੀਅਤ ਇਹ ਕਿ ਇਹ ਮਨੂਵਾਦੀ ਸਮਾਜਿਕ ਵਿਵਸਥਾ ਹੀ ਸੀ, ਜਿਸ ਨੇ ਸਮਾਜ ਵਿੱਚ ਸਥਾਪਤ ਕੀਤੇ ਚਾਰੇ ਵਰਣਾਂ ਬ੍ਰਾਹਮਣ, ਕਸ਼ੱਤਰੀ, ਵੈਸ਼ ਤੇ ਸ਼ੂਦਰ ਨਾਮੀ ਜਾਤਾਂ-ਪਾਤਾਂ ਵਿੱਚੋਂ ਸਭ ਤੋਂ ਹੇਠਲੀ ਜਾਤੀ ਦੇ ‘ਸ਼ੂਦਰ’ ਲੋਕਾਂ ਨੂੰ ਬਾਕੀ ਸਮਾਜ ਦੀ ਸੇਵਾ ਕਰਨ ਦਾ ਸਾਰਾ ਜ਼ਿੰਮਾ ਦਿੱਤਾ ਹੋਇਆ ਸੀ। ਇਸ ਦੇ ਬਦਲੇ ‘ਸ਼ੂਦਰ ਭਾਈਚਾਰੇ’ ਦੇ ਕੰਨਾਂ ਵਿੱਚ ਢਾਲਿਆ ਸਿੱਕਾ ਪਾ ਕੇ, ਪਿੱਠ ਨਾਲ ਕੰਡਿਆਂ ਵਾਲੀਆਂ ਝਾੜੀਆਂ ਬੰਨ੍ਹ ਕੇ ਅਤੇ ਹਰ ਕਿਸਮ ਦੇ ਅਪਮਾਨਾਂ ਭਰੀ ਜ਼ਿੰਦਗੀ ਦੇ ਚੁੱਪ-ਚਾਪ ਜੀਵੀ ਜਾਣ ਵਰਗਾ ਇਵਜ਼ਾਨਾ ਮਿਲਦਾ ਸੀ। ਪੜ੍ਹਾਈ, ਚੰਗਾ ਨਿਵਾਸ, ਪੌਸ਼ਟਿਕ ਖੁਰਾਕ ਤੇ ਰਹਿਣ-ਸਹਿਣ ਲਈ ਚੰਗੇ ਜੀਵਨ ਤੋਂ ਮਹਿਰੂਮ ਦਲਿਤ (ਸ਼ੂਦਰ) ਸਮਾਜ ਹਰ ਕੁਦਰਤੀ ਸਾਧਨ ਤੋਂ ਵਿਰਵਾ ਕਰ ਦਿੱਤਾ ਗਿਆ। ਇਸ ਅਵਸਥਾ ਵਿੱਚੋਂ ਦਲਿਤ ਭਾਈਚਾਰੇ ਦੇ ਵੱਖਰੇ ਮੁਹੱਲੇ, ਅਲੱਗ ਜਲ ਸਰੋਤ, ਵੱਖਰੇ ਧਾਰਮਿਕ ਅਸਥਾਨ ਅਤੇ ਇੱਥੋਂ ਤਕ ਕਿ ਮੁਰਦਾ ਸਾੜਨ ਲਈ ਦਲਿਤਾਂ ਦੇ ਵੱਖਰੇ ਸ਼ਮਸ਼ਾਨਘਾਟ ਸਮਾਜ ਵਿੱਚ ਪਸਰੇ ਇਸ ਜਾਤੀਵਾਦੀ ਕੋਹੜ ਦਾ ਹੀ ਇੱਕ ਨਮੂਨਾ ਹਨ। ਜਾਤ-ਪਾਤ ਦੇ ਇਸ ਘਣਚੱਕਰ ਵਿੱਚੋਂ ਬਾਹਰ ਨਿਕਲਣ ਵਾਸਤੇ ਬਹੁਤ ਸਾਰੀਆਂ ਧਾਰਮਿਕ ਸ਼ਖ਼ਸੀਅਤਾਂ, ਸੰਤਾਂ-ਭਗਤਾਂ, ਸਮਾਜ ਸੁਧਾਰਕਾਂ ਤੇ ਅਗਾਂਹਵਧੂ ਲੋਕਾਂ ਨੇ ਜ਼ਿੰਦਗੀ ਭਰ ਲਹੂ ਵੀਟਵੇਂ ਘੋਲ ਕੀਤੇ। ਦਲਿਤ ਸਮਾਜ ਦੇ ਚੇਤਨ ਹਿੱਸਿਆਂ ਨੇ ਵੀ ਇਨ੍ਹਾਂ ਅੰਦੋਲਨਾਂ ਵਿੱਚ ਕੁੱਦ ਕੇ ਭਾਰੀ ਕੁਰਬਾਨੀਆਂ ਕੀਤੀਆਂ ਅਤੇ ਉੱਚ ਜਾਤੀਆਂ ਤੇ ਸ਼ਾਸਕਾਂ ਦੇ ਜਬਰ ਨੂੰ ਸਹਾਰਿਆ। ਅਜੇ ਤਕ ਵੀ ਦਲਿਤਾਂ ਉਪਰ ਇਹ ਜ਼ੁਲਮਾਂ ਦੀ ਕਹਾਣੀ ਅਮੁੱਕ ਖੜ੍ਹੀ ਦਿਖਾਈ ਦੇ ਰਹੀ ਹੈ।
ਰਾਖਵੇਂਕਰਨ (ਰਿਜ਼ਰਵੇਸ਼ਨ) ਨਾਲ ਦਲਿਤ ਤੇ ਦੂਸਰੇ ਪਛੜੇ ਵਰਗ, ਜੋ ਬਹੁਤ ਹੀ ਸੀਮਤ ਹੱਦ ਤੱਕ ਪੜ੍ਹਨ-ਲਿਖਣ ਤੇ ਨੌਕਰੀਆਂ ਹਾਸਲ ਕਰਨ ਦੇ ਕਾਬਲ ਬਣੇ ਹਨ, ਆਰ.ਐੱਸ.ਐੱਸ. ਦੇ ਪ੍ਰਚਾਰਕ ਉਸ ਰਾਖਵੇਂਕਰਨ ਨੂੰ ਵੀ ਸਮਾਪਤ ਕਰਨ ਲਈ ਬਹੁਤ ਉਤਾਵਲੇ ਹਨ। ਰਿਜ਼ਰਵੇਸ਼ਨ ਖਤਮ ਕਰਕੇ ਸਭ ਲੋਕਾਂ ਨੂੰ ਯੋਗਤਾ ਅਨੁਸਾਰ ਵਿੱਦਿਆ ਤੇ ਨੌਕਰੀ ਪ੍ਰਾਪਤ ਕਰਨ ਦੇ ਅਧਿਕਾਰ ਦੀ ਦਲੀਲ ਅਸਲ ਵਿੱਚ ਦਲਿਤ ਵਰਗ ਨਾਲ ਸਦੀਆਂ ਤੋਂ ਹੋ ਰਹੇ ਸਮਾਜਿਕ ਜਬਰ ਤੇ ਅਣਮਨੁੱਖੀ ਜੀਵਨ ਹਾਲਤਾਂ ਨੂੰ ਸਮਝਣ ਤੋਂ ਪੂਰੀ ਤਰ੍ਹਾਂ ਪਾਸਾ ਵੱਟਣ ਵਾਲੀ ਤਰਕ ਰਹਿਤ ਮੰਗ ਹੈ। ‘ਯੋਗਤਾ’ ਦਾ ਸੰਕਲਪ ਸਭ ਲੋਕਾਂ ਲਈ ਹਰ ਖੇਤਰ ਵਿੱਚ ਸਮਾਨਤਾ ਨਾਲ ਜੁੜਿਆ ਹੋਇਆ ਹੈ, ਜਿਸ ਦੀ ਜਾਤ-ਪਾਤ ਵਿੱਚ ਵੰਡੇ ਸਮਾਜ ਅਧੀਨ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।
ਅੱਜ ਪੂਰੇ ਦੇਸ਼ ਵਿੱਚ ਦਲਿਤਾਂ, ਔਰਤਾਂ ਤੇ ਘੱਟ-ਗਿਣਤੀਆਂ ਵਿਰੁੱਧ ਆਰ.ਐਸ.ਐਸ. ਦੇ ਕਾਰਕੁਨਾਂ, ਦੂਸਰੇ ਸੱਜੇ-ਪੱਖੀ ਹਿੰਦੂ ਸੰਗਠਨਾਂ ਤੇ ਮੋਦੀ ਸਰਕਾਰ ਦੀ ਸਰਕਾਰੀ ਮਸ਼ੀਨਰੀ ਵੱਲੋਂ ਕੀਤੇ ਜਾ ਰਹੇ ਅੱਤਿਆਚਾਰ ਸੰਘ ਪਰਿਵਾਰ ਦੀ ਮਨੂਵਾਦੀ ਸੋਚ ਦਾ ਹੀ ਅੰਗ ਹਨ। ਭਵਿੱਖ ਵਿੱਚ ਇਸ ਦੇ ਹੋਰ ਵਧਣ ਦੀਆਂ ਸੰਭਾਵਨਾਵਾਂ ਦਿਖ ਰਹੀਆਂ ਹਨ।
ਇਹ ਵੀ ਇੱਕ ਸਚਾਈ ਹੈ ਕਿ ਲੁਟੇਰੇ ਵਰਗਾਂ ਦੀਆਂ ਰਾਜਨੀਤਕ ਪਾਰਟੀਆਂ, ਜੋ ਮੌਜੂਦਾ ਆਰਥਿਕ ਤੇ ਰਾਜਨੀਤਕ ਢਾਂਚੇ ਨੂੰ ਇਸੇ ਰੂਪ ਵਿੱਚ ਜਿਊਂਦੇ ਰੱਖਣ ਦੀਆਂ ਹਾਮੀ ਹਨ, ਦਲਿਤਾਂ ਤੇ ਘੱਟ-ਗਿਣਤੀਆਂ ਉਪਰ ਹੋ ਰਹੇ ਸਮਾਜਿਕ ਜਬਰ ਉਪਰ ਸਿਰਫ਼ ਮਗਰਮੱਛ ਦੇ ਹੰਝੂ ਹੀ ਵਹਾਉਂਦੀਆਂ ਹਨ। ਉਨ੍ਹਾਂ ਦਲਾਂ ਦੇ ਕਾਰਜਕਾਲ ਵਿੱਚ ਵੀ ਇਹ ਦੁਖਾਂਤ ਜਾਰੀ ਰਿਹਾ ਹੈ। ਅਸਲ ਵਿੱਚ ਉਨ੍ਹਾਂ ਦੇ ਹਿੱਤ ਇਨ੍ਹਾਂ ਅੱਤਿਆਚਾਰਾਂ ਦੇ ਜਾਰੀ ਰਹਿਣ ਵਿੱਚ ਹੀ ਵਧਦੇ-ਫੁਲਦੇ ਹਨ। ਦੂਸਰੇ ਬੰਨੇ ਜਾਤੀ-ਪਾਤੀ ਆਧਾਰ ਉਪਰ ਦਲਿਤਾਂ ਦੇ ਸੰਗਠਨ ਕਾਇਮ ਕਰਨ ਵਾਲੇ ਰਾਜਸੀ ਨੇਤਾ ਸਮੁੱਚੇ ਦਲਿਤ ਸਮਾਜ ਨੂੰ ਪੈਦਾਵਾਰੀ ਸਾਧਨਾਂ ਉਪਰ ਸਾਂਝੀ ਮਾਲਕੀ ਸਥਾਪਤ ਕਰਨ ਤੇ ਜਿਊਣ-ਯੋਗ ਜ਼ਿੰਦਗੀ ਗੁਜ਼ਾਰਨ ਲਈ ਲੋੜੀਂਦੇ ਸਾਧਨ ਜੁਟਾਉਣ ਦੀ ਥਾਂ ਜਾਤੀ-ਪਾਤੀ ਵੰਡ ਦਾ ਲਾਹਾ ਲੈ ਕੇ ਸਿਰਫ਼ ਆਪ ਸੱਤਾ ’ਤੇ ਕਾਬਜ਼ ਹੋਣ ਦਾ ਜੁਗਾੜ ਹੀ ਜੁਟਾਉਣਾ ਚਾਹੁੰਦੇ ਹਨ। ਉਹ ਇਹ ਗੱਲ ਛੁਪਾ ਲੈਂਦੇ ਹਨ ਕਿ ਭਾਰਤ ਦੀਆਂ ਸਰਬ-ਉੱਚ ਪਦਵੀਆਂ ਜਿਵੇਂ ਰਾਸ਼ਟਰਪਤੀ, ਕੇਂਦਰੀ ਮੰਤਰੀ, ਸੂਬੇ ਦੇ ਮੁੱਖ ਮੰਤਰੀ, ਰਾਜਪਾਲਾਂ, ਸੁਪਰੀਮ ਕੋਰਟ ਦੇ ਜੱਜਾਂ ਆਦਿ ਦੀ ਕੁਰਸੀ ਉਪਰ ਦਲਿਤ ਸਮਾਜ ਨਾਲ ਸਬੰਧਿਤ ਕਿਸੇ ਵਿਅਕਤੀ ਦੇ ਬੈਠਣ ਨਾਲ (ਜੋ ਵਾਪਰਦਾ ਰਿਹਾ ਹੈ), ਦੇਸ਼ ਦੇ ਸਮੁੱਚੇ ਦਲਿਤ ਤੇ ਦੂਸਰੀਆਂ ਪੱਛੜੀਆਂ ਜਾਤੀਆਂ ਨਾਲ ਸਬੰਧਤ ਲੋਕਾਂ ਦਾ ਕੁਝ ਨਹੀਂ ਸੰਵਰਿਆ। ਉਲਟਾ ਸਥਿਤੀ ਹੋਰ ਵੀ ਗੰਭੀਰ ਬਣਦੀ ਗਈ।
ਦਲਿਤਾਂ ਤੇ ਦੂਸਰੀਆਂ ਕਥਿਤ ਨੀਵੀਆਂ ਜਾਤੀਆਂ ਨਾਲ ਸਬੰਧਿਤ ਲੋਕਾਈ ਦਾ ਭਲਾ ਅਤੇ ਭਵਿੱਖ ਕੁਦਰਤੀ ਸਾਧਨਾਂ ’ਤੇ ਸਾਂਝੀ ਮਾਲਕੀ ਰਾਹੀਂ ਕਾਣੀ-ਵੰਡ ਦੇ ਖਾਤਮੇ ਨਾਲ ਬੱਝਾ ਹੋਇਆ ਹੈ। ਇਸ ਸੰਘਰਸ਼ ਵਿੱਚ ਦਲਿਤਾਂ ਨੂੰ ਦੂਸਰੇ ਤਬਕਿਆਂ ਦੇ ਕਿਰਤੀਆਂ ਤੇ ਮਿਹਨਤਕਸ਼ਾਂ ਦੇ ਭਰਪੂਰ ਸਹਿਯੋਗ ਦੀ ਜ਼ਰੂਰਤ ਹੈ, ਜੋ ਜਲ, ਜੰਗਲ, ਜ਼ਮੀਨ ਵਰਗੇ ਕੁਦਰਤੀ ਸਾਧਨਾਂ ਤੋਂ ਵਿਰਵੇ ਹਨ। ਇਨ੍ਹਾਂ ਲੋਕਾਂ ਨੂੰ ਵੀ ਦਲਿਤ ਸਮਾਜ ਨਾਲ ਹੋ ਰਹੇ ਘੋਰ ਅਨਿਆਂ, ਸਮਾਜਕ ਜਬਰ ਤੇ ਜਾਤੀਵਾਦੀ ਵਿਤਕਰੇ ਦਾ ਅਹਿਸਾਸ ਹੋਣਾ ਚਾਹੀਦਾ ਹੈ ਤੇ ਇਸ ਦੇ ਖਾਤਮੇ ਲਈ ਆਜ਼ਾਦਾਨਾ ਤੌਰ ’ਤੇ ਆਪ ਵੀ ਅਤੇ ਦਲਿਤ ਭਾਈਚਾਰੇ ਨਾਲ ਮਿਲ ਕੇ ਸਾਂਝੀ ਲੜਾਈ ਲੜਨ ਦੀ ਜ਼ਰੂਰਤ ਹੈ। ਹਾਕਮ ਧਿਰਾਂ ਵੱਲੋਂ ਦਲਿਤ ਸਮਾਜ ਨੂੰ ‘ਖ਼ੈਰਾਤ ਤੇ ਦਾਨ’ ਦੇ ਰੂਪ ਵਿੱਚ ਦਿੱਤੀਆਂ ਜਾਂਦੀਆਂ ਨਿਗੂਣੀਆਂ ਰਿਆਇਤਾਂ ਉਨ੍ਹਾਂ ਦੀ ਹੀ ਕੀਤੀ ਗਈ ਲੁੱਟ ਦਾ ਛੋਟਾ ਜਿਹਾ ਹਿੱਸਾ ਹੁੰਦਾ ਹੈ। ਕਈ ਵਾਰ ਲੋਟੂ ਸਰਕਾਰਾਂ ਦੁਆਰਾ ਦਲਿਤਾਂ ਪ੍ਰਤੀ ਦਿਖਾਈ ਜਾ ਰਹੀ ਇਸ ਤਰ੍ਹਾਂ ਦੀ ‘ਫਰਾਖ਼ਦਿਲੀ’ ਸਾਡੇ ਸਵੈਮਾਨ ਤੇ ਲੜਾਕੂ ਸ਼ਕਤੀ ਨੂੰ ਠੇਸ ਪਹੁੰਚਾਉਂਦੀ ਹੈ। ਸਾਨੂੰ, ਕਿਰਤੀ ਲੋਕਾਂ ਨੂੰ ਥੋੜ੍ਹਚਿਰੀ ਲਾਭਾਂ ਬਦਲੇ ਲੰਮੇ ਅਰਸੇ ਦੇ ਮਿੱਥੇ ਅਸਲ ਮੰਤਵ ਨੂੰ ਧੁੰਦਲਾ ਨਹੀਂ ਹੋਣ ਦੇਣਾ ਚਾਹੀਦਾ। ਦਲਿਤਾਂ ਤੇ ਹੋਰ ਸ਼ੋਸ਼ਿਤ ਵਰਗਾਂ ਲਈ ਜਨਤਕ ਘੋਲਾਂ ਨੂੰ ਤਿੱਖਿਆਂ ਕੀਤੇ ਬਿਨਾਂ ਸਮਾਜਿਕ ਤੇ ਆਰਥਿਕ ਲੁੱਟ-ਖਸੁੱਟ ਤੋਂ ਨਿਜਾਤ ਪਾਉਣ ਦਾ ਹੋਰ ਕੋਈ ਦੂਸਰਾ ਰਾਹ ਹੀ ਨਹੀਂ ਹੈ।
 

ਸੰਪਰਕ: 98141-82998
(ਪੰਜਾਬੀ ਟ੍ਰਿਬਿਊਨ ਤੋਂ ਧੰਨਵਾਦ ਸਹਿਤ)