Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Tuesday 13 June 2017

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵਲੋਂ 19 ਤੋਂ 23 ਜੂਨ ਤੱਕ ਰੋਹ ਭਰਪੂਰ ਰੋਸ ਮੁਜ਼ਾਹਰੇ ਕਰਨ ਦਾ ਸੱਦਾ

ਜਲੰਧਰ , 13 ਜੂਨ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵਲੋਂ 19 ਤੋਂ 23 ਜੂਨ ਤੱਕ ਪੰਜਾਬ ਦੇ ਸਮੂਹ ਤਹਿਸੀਲ ਹੈਡਕੁਆਰਟਰਾਂ ਅਤੇ ਚੋਣਵੇਂ ਜ਼ਿਲ੍ਹਾ ਕੇਂਦਰਾਂ 'ਤੇ ਰੋਹ ਭਰਪੂਰ ਰੋਸ ਮੁਜ਼ਾਹਰੇ ਕੀਤੇ ਜਾਣਗੇ। ਉਕਤ ਰੋਸ ਮੁਜ਼ਾਹਰੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਚੋਣ ਵਾਅਦੇ ਲਾਗੂ ਕਰਾਉਣ ਅਤੇ ਦਲਿਤਾਂ ਤੇ ਔਰਤਾਂ 'ਤੇ ਦੇਸ਼ ਭਰ 'ਚ ਹੋ ਰਹੇ ਜਾਤੀਪਾਤੀ ਅੱਤਿਆਚਾਰਾਂ ਅਤੇ ਜਿਨਸੀ ਹਿੰਸਾ ਖਿਲਾਫ ਵਿਸ਼ਾਲ ਲੋਕ ਰਾਇ 'ਤੇ ਫੈਸਲਾਕੁੰਨ ਸੰਗਰਾਮ ਲਾਮਬੰਦ ਕਰਨ ਦੇ ਉਦੇਸ਼ ਨਾਲ ਕੀਤੇ ਜਾ ਰਹੇ ਹਨ। ਅੱਜ ਇੱਥੇ ਸਾਥੀ ਗੁਰਨਾਮ ਸਿੰਘ ਦਾਊਦ ਦੀ ਪ੍ਰਧਾਨਗੀ ਹੇਠ ਹੋਈ ਆਰ.ਐਮ.ਪੀ.ਆਈ. ਦੀ ਦੋ ਦਿਨਾਂ ਸੂਬਾ ਕਮੇਟੀ ਮੀਟਿੰਗ ਵਿਚ ਉਕਤ ਫੈਸਲਾ ਕੀਤਾ ਗਿਆ।
ਸੂਬਾ ਕਮੇਟੀ ਦੇ ਫੈਸਲੇ ਜਾਰੀ ਕਰਦਿਆਂ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਦੱਸਿਆ ਕਿ ਮੀਟਿੰਗ ਵਲੋਂ ਨਿੱਤ ਦਿਨ ਵੱਧਦੇ ਜਾ ਰਹੇ ਖੇਤੀ ਸੰਕਟ ਕਾਰਨ ਰੋਜ਼ ਦਾ ਵਰਤਾਰਾ ਬਣ ਚੁੱਕੀਆਂ ਮਜ਼ਦੂਰ-ਕਿਸਾਨ ਖੁਦਕੁਸ਼ੀਆਂ, ਛਾਲਾਂ ਮਾਰ ਕੇ ਵੱਧਦੀ ਜਾ ਰਹੀ ਬੇਕਾਰੀ ਅਤੇ ਵਿਸਫੋਟਕ ਰੂਪ ਧਾਰ ਚੁੱਕੀ ਬੇਰੋਜ਼ਗਾਰੀ 'ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ।
ਉਨ੍ਹਾਂ ਅੱਗੋਂ ਕਿਹਾ ਕਿ ਮੀਟਿੰਗ ਇਸ ਰਾਇ ਦੀ ਹੈ ਕਿ ਉਕਤ ਲੋਕ ਮਾਰੂ ਵਰਤਾਰਾ ਪਿਛਲੇ ਕਰੀਬ ਢਾਈ ਦਹਾਕਿਆਂ ਤੋਂ ਲਾਗੂ ਕੀਤੀਆਂ ਜਾ ਰਹੀਆਂ ਉਦਾਰੀਕਰਣ-ਸੰਸਾਰੀਕਰਣ ਦੀਆਂ ਸਾਮਰਾਜ ਪੱਖੀ ਨੀਤੀਆਂ ਦਾ ਮੰਤਕੀ ਸਿੱਟਾ ਹੈ। ਉਕਤ ਨੀਤੀਆਂ ਨੂੰ ਕੇਂਦਰ ਦੀ ਮੋਦੀ ਸਰਕਾਰ ਪਿਛਲੀਆਂ ਸਭੇ ਸਰਕਾਰਾਂ ਨਾਲੋਂ ਤੇਜੀ ਨਾਲ ਲਾਗੂ ਕਰ ਰਹੀ ਹੈ, ਜਿਸ ਦੇ ਹੋਰ ਵੀ ਭਿਆਨਕ ਨਤੀਜੇ ਨਿਕਲਣਗੇ।
ਮੀਟਿੰਗ ਵਲੋਂ ਇਹ ਗੱਲ ਵੀ ਡਾਢੇ ਗੁੱਸੇ ਨਾਲ ਨਾਲ ਨੋਟ ਕੀਤੀ ਗਈ ਕਿ ਮੋਦੀ ਸਰਕਾਰ ਨਿੱਤ ਸਟੈਂਡ ਅੱਪ ਇੰਡੀਆ, ਮੇਕ ਇਨ ਇੰਡੀਆ, ਦੇਸ਼ ਆਗੇ ਬੜ੍ਹ ਰਹਾ ਹੈ, ਹੋ ਰਹਾ ਹੈ ਵਿਕਾਸ ਆਦਿ ਦੇ ਰੂਪ ਵਿਚ ਨਵੇਂ ਨਵੇਂ ਨਾਹਰੇ ਅਤੇ ਜੁਮਲੇ ਛੱਡ ਰਹੀ ਹੈ ਜਦਕਿ ਜ਼ਮੀਨੀ ਪੱਧਰ 'ਤੇ ਲੋਕਾਂ ਖਾਸ ਕਰ ਕਿਰਤੀ ਕਿਸਾਨਾਂ ਦੀ ਹਾਲਤ ਦਿਨੋਂ-ਦਿਨ ਨਿੱਘਰਦੀ ਹੀ ਜਾ ਰਹੀ ਹੈ। ਇਸੇ ਲਈ ਉਪਰੋਕਤ ਵੱਡੇ ਵੱਡੇ ਗਪੌੜਸ਼ੰਖ ਲੋਕਾਂ 'ਚ ਉਪਹਾਸ ਅਤੇ ਘ੍ਰਿਣਾ ਦਾ ਪਾਤਰ ਬਣ ਰਹੇ ਹਨ।
ਮੀਟਿੰਗ ਵਲੋਂ ਇਹ ਵੀ ਨੋਟ ਕੀਤਾ ਗਿਆ ਕਿ ਆਰ.ਐਸ.ਐਸ. ਅਤੇ ਉਸ ਨਾਲ ਸਬੰਧਤ ਸਮੁੱਚਾ ਸੰਘ ਪਰਿਵਾਰ, ਕੇਂਦਰ 'ਚ ਆਪਣੀ ਹੱਥਠੋਕਾ ਮੋਦੀ ਸਰਕਾਰ ਕਾਇਮ ਹੋਣ ਦਾ ਲਾਹਾ ਲੈਂਦੇ ਹੋਏ, ਯੋਜਨਾਬੱਧ ਢੰਗ ਨਾਲ ਦਲਿਤਾਂ, ਔਰਤਾਂ, ਘੱਟ ਗਿਣਤੀਆਂ; ਖਾਸਕਰ ਮੁਸਲਮਾਨਾਂ 'ਤੇ ਵੱਖੋ ਵੱਖ ਬਹਾਨਿਆਂ ਹੇਠ ਹਰ ਰੋਜ਼ ਅਕਹਿ ਕਹਿਰ ਵਰਤਾ ਰਹੇ ਹਨ। ਇਨ੍ਹਾਂ ਵਰਗਾਂ 'ਤੇ ਸੰਘੀ ਟੋਲੇ ਦਾ ਲੂੰ ਕੰਡੇ ਖੜ੍ਹੇ ਕਰਨ ਵਾਲਾ ਜਬਰ ਸਭ ਹੱਦਾਂ ਬੰਨੇ ਟੱਪ ਗਿਆ ਹੈ। ਕਾਂਗਰਸ ਪਾਰਟੀ ਤੋਂ ਚੰਗੇ ਰਾਜ ਵਾਲਿਆਂ ਦੀਆਂ ਉਮੀਦਾਂ ਨੂੰ ਗਹਿਰਾ ਝਟਕਾ ਲੱਗਾ ਹੈ। ਮੀਟਿੰਗ ਵਲੋਂ ਇਹ ਵੀ ਵਿਚਾਰਿਆ ਗਿਆ ਕਿ ਆਪਣੇ ਕੋਝੇ ਵੱਖਵਾਦੀ ਮਨਸੂਬੇ ਪੂਰੇ ਕਰਨ ਲਈ ਅਤੇ ਕਿਰਤੀਆਂ ਤੇ ਦੇਸ਼ ਦੇ ਕੁਦਰਤੀ ਵਸੀਲਿਆਂ ਦੀ ਚੌਤਰਫਾ ਬੇਕਿਰਕ ਲੁੱਟ ਦੀ ਜਾਮਨੀ ਕਰਦੀਆਂ ਨੀਤੀਆਂ ਬੇਰੋਕ ਜਾਰੀ ਰੱਖੇ ਜਾਣ ਲਈ ਸੰਘ ਪਰਿਵਾਰ ਅਤੇ ਕੇਂਦਰੀ ਹਕੂਮਤ ਪ੍ਰਗਤੀਸ਼ੀਲ ਤੇ ਜਮਹੂਰੀ ਧਿਰਾਂ ਤੇ ਵਿਅਕਤੀਆਂ ਨੂੰ ਆਪਣੇ ਰਾਹ ਦਾ ਸਭ ਤੋਂ ਵੱਡਾ ਅੜਿੱਕਾ ਸਮਝਦੇ ਹੋਏ ਉਨ੍ਹਾਂ ਤੇ ਜਾਨਲੇਵਾ ਹਮਲੇ ਕਰ ਰਹੇ ਹਨ। ਸੀ.ਪੀ.ਆਈ.(ਐਮ) ਦੇ ਕੇਂਦਰੀ ਦਫਤਰ 'ਚ ਕੀਤੀ ਗਈ ਬੁਰਛਾਗਰਦੀ ਅਤੇ ਐਨ.ਡੀ.ਟੀ.ਵੀ. ਤੇ ਕੀਤੀ ਗਈ ਕਾਰਵਾਈ ਇਸ ਦੀਆਂ ਉਘੜਵੀਆਂ ਮਿਸਾਲਾਂ ਹਨ।
ਸੂਬਾ ਕਮੇਟੀ ਵਲੋਂ ਸਮੂਹ ਅਣਖੀ ਪੰਜਾਬੀਆਂ ਨੂੰ ਉਪਰੋਕਤ ਮਾਨਵਤਾ ਵਿਰੋਧੀ ਨੀਤੀ ਚੌਖਟੇ ਖਿਲਾਫ਼ ਹਰ ਪੱਧਰ 'ਤੇ ਆਵਾਜ਼ ਬੁਲੰਦ ਕਰਨ ਅਤੇ ਘੋਲ ਪਿੜਾਂ 'ਚ ਨਿਤਰਨ ਦੀ ਅਪੀਲ ਕੀਤੀ ਗਈ।
ਮੀਟਿੰਗ ਵਲੋਂ ਸਮੂਹ ਪਾਰਟੀ ਇਕਾਈਆਂ, ਹਮਦਰਦਾਂ ਅਤੇ ਜਨਸੰਗਠਨਾਂ ਨੂੰ ਸੱਦਾ ਦਿੱਤਾ ਗਿਆ ਕਿ ਉਹ ਮੋਦੀ ਅਤੇ ਕੈਪਟਨ ਸਰਕਾਰ ਵਲੋਂ ਕੀਤੇ ਗਏ ਹਰ ਘਰ ਨੂੰ ਰੋਜ਼ਗਾਰ ਦੇਣ, ਕਰਜ਼ਾ ਮੁਆਫੀ, ਮਕਾਨ ਬਣਾ ਕੇ ਦੇਣ, ਰੇਤ, ਬੱਜਰੀ ਤੇ ਹੋਰ ਮਾਫੀਆ ਲੁੱਟ ਖਤਮ ਕਰਨ, ਭ੍ਰਿਸ਼ਟਾਚਾਰ ਤੇ ਗੁੰਡਾਗਰਦੀ ਖਤਮ ਕਰਨ, ਸਮਾਜਿਕ ਸੁਰੱਖਿਆ ਪੈਨਸ਼ਨਾਂ ਦੋ ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰਨ। ਸਭਨਾ ਨੂੰ ਬਿਨ੍ਹਾਂ ਵਿਤਕਰੇ ਤੋਂ ਇਕਸਾਰ ਆਰਥਕ ਸਮਾਜਕ ਤੇ ਮਨੁੱਖੀ ਅਧਿਕਾਰ ਦੇਣ ਆਦਿ ਵਾਅਦਿਆਂ ਦੀ ਪੂਰਤੀ ਲਈ ਘਰ ਘਰ ਪਹੁੰਚ ਕਰਨ ਲਈ ਲੋਕ ਲਾਮਬੰਦੀ ਵਾਸਤੇ ਦਿਨ ਰਾਤ ਇਕ ਕਰ ਦੇਣ।

(ਮੰਗਤ ਰਾਮ ਪਾਸਲਾ)

No comments:

Post a Comment