Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Thursday 22 June 2017

ਫਿਲੌਰ, ਪਠਾਨਕੋਟ, ਮਹਿਲ ਕਲਾਂ, ਰਾਏਕੋਟ, ਸੰਗਰੂਰ, ਆਨੰਦਪੁਰ ਸਾਹਿਬ 'ਚ ਤਹਿਸੀਲ ਪੱਧਰੀ ਮੁਜ਼ਹਾਰੇ ਕੀਤੇ

ਜਲੰਧਰ, 22 ਜੂਨ - ''ਕਿਸੇ ਸਮੇਂ ਖੁਸ਼ਹਾਲੀ ਅਤੇ ਜਿੰਦਾਦਿਲੀ ਦਾ ਪ੍ਰਤੀਕ ਕਹਾਉਣ ਵਾਲਾ ਸੂਬਾ ਪੰਜਾਬ ਅੱਜ ਖੁਦਕੁਸ਼ੀਆਂ ਦੀ ਉਚ ਦਰ ਕਾਰਨ ਸੰਸਾਰ ਭਰ 'ਚ ਬਦਨਾਮ ਹੋ ਚੁੱਕਾ ਹੈ। '' ਇਹ ਸ਼ਬਦ ਅੱਜ ਫਿਲੌਰ, ਪਠਾਨਕੋਟ, ਮਹਿਲ ਕਲਾਂ, ਰਾਏਕੋਟ, ਸੰਗਰੂਰ, ਆਨੰਦਪੁਰ ਸਾਹਿਬ ਵਿਖੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵਲੋਂ ਕੀਤੇ ਗਏ ਤਹਿਸੀਲ ਪੱਧਰੀ ਮੁਜ਼ਾਹਰਿਆਂ ਤੋਂ ਪਹਿਲਾਂ ਕੀਤੀਆਂ ਗਈਆਂ ਵਿਸ਼ਾਲ ਰੈਲੀਆਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਉਚ ਆਗੂਆਂ ਨੇ ਕਹੇ। ਆਗੂਆਂ ਨੇ ਕਿਹਾ ਕਿ ਅੱਜ ਦੇ ਸਾਰੇ ਹੀ ਪੰਜਾਬੀ ਅਖਬਾਰਾਂ 'ਚ ਲੱਗੀਆਂ, ਸੂਬੇ ਦੇ ਵੱਖੋ ਵੱਖ ਹਿੱਸਿਆਂ 'ਚੋਂ ਗਰੀਬਾਂ ਵਲੋਂ ਕੀਤੀਆਂ ਖੁਦਕੁਸ਼ੀਆਂ ਦੀਆਂ ਖਬਰਾਂ, ਜ਼ਿਨ੍ਹਾਂ 'ਚ ਕਪੂਰਥਲਾ 'ਚ ਇਕੋ ਟੱਬਰ ਦੇ ਕਈ ਬੱਚਿਆਂ ਦੀ ਖੁਦਕੁਸ਼ੀ ਦੀ ਹਿਰਦੇਵੇਧਕ ਘਟਣਾ ਵੀ ਸ਼ਾਮਲ ਹੈ, ਪੰਜਾਬ ਦੀ ਤ੍ਰਾਸਿਦਕ ਸਥਿਤੀ ਦੀ ਦਰਦਨਾਕ ਕਹਾਣੀ ਬਿਆਨ ਕਰਨ ਲਈ ਕਾਫੀ ਹਨ। ਉਨ੍ਹਾਂ ਕਿਹਾ ਕਿ ਪੰਜਾਬ 'ਚ ਮਜ਼ਦੂਰ ਕਿਸਾਨ ਖੁਦਕੁਸ਼ੀਆਂ ਤਾਂ ਰੋਜ ਦਾ ਵਰਤਾਰਾ ਹੈਨ ਹੀ ਸਗੋਂ ਹੁਣ ਹੋਰ ਮਿਹਨਤੀ ਭਾਗ ਵੀ ਇਸ ਅਮਾਨਵੀ ਸਵੈਘਾਤ ਵੱਲ ਤੇਜੀ ਨਾਲ ਵੱਧ ਰਹੇ ਹਨ। ਕਮਿਊਨਿਸਟ ਆਗੂਆਂ ਨੇ ਕਿਹਾ ਕਿ ਪਿਛਲੇ ਸੱਤ ਦਹਾਕਿਆਂ ਤੋਂ ਦੇਸ਼ ਦੇ ਹਾਕਮਾਂ ਵਲੋਂ ਅਪਣਾਈਆਂ ਨੀਤੀਆਂ, ਜਿਨ੍ਹਾਂ ਕਰਕੇ ਗਰੀਬ ਹੋਰ ਗਰੀਬ ਅਤੇ ਧਨਾਢ ਹੋਰ ਧਨਾਢ ਹੋਇਆ ਹੈ, ਇਸ ਸਥਿਤੀ ਲਈ ਸਿੱਧੇ ਰੂਪ 'ਚ ਜ਼ਿੰਮੇਵਾਰ ਹਨ ਅਤੇ ਰਹਿੰਦੀ ਖੂੰਹਦੀ ਕਸਰ ਪਿਛਲੇ ਕਰੀਬ ਢਾਈ ਤਿੰਨ ਦਹਾਕਿਆਂ ਤੋਂ ਅਪਣਾਈਆਂ ਗਈਆਂ ਉਦਾਰੀਕਰਣ-ਸੰਸਾਰੀਕਰਣ-ਨਿੱਜੀਕਰਨ ਦੀਆਂ ਨਵਉਦਾਰਵਾਦੀ ਆਰਥਕ ਸਨਅੱਤੀ ਨੀਤੀਆਂ ਨੇ ਕੱਢ ਦਿੱਤੀ ਹੈ। ਉਕਤ ਨੀਤੀਆਂ ਨੇ ਦੇਸ਼ ਦੇ ਕੁਦਰਤੀ ਖਜਾਨਿਆਂ ਅਤੇ ਹੁਣ ਤੱਕ ਉਸਾਰੇ ਗਏ ਅਧਾਰਭੂਤ ਢਾਂਚੇ ਦੀ ਬੇਤਰਸ ਲੁੱਟ ਦੇ ਰਸਤੇ ਦੇਸੀ-ਬਦੇਸ਼ੀ ਕਾਰਪੋਰੇਟ ਘਰਾਣਿਆਂ, ਬਹੁਕੌਮੀ ਕਾਰਪੋਰੇਸ਼ਨਾਂ ਅਤੇ ਸਾਮਰਾਜੀ ਵਿੱਤੀ ਅਦਾਰਿਆਂ ਲਈ ਚੋੜ ਚੌਪੱਟ ਕਰ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਉਕਤ ਅਣਮਨੁੱਖੀ ਲੁੱਟ ਜਾਰੀ ਰੱਖਣ ਲਈ ਦੇਸ਼ 'ਤੇ ਰਾਜ ਕਰ ਰਹੀ ਪਾਰਟੀ ਭਾਜਪਾ ਅਤੇ ਉਸ ਦੇ ਘ੍ਰਿਣਾਯੋਗ ਮਾਰਗਦਰਸ਼ਕ ਆਰ.ਐਸ.ਐਸ. ਫਿਰਕੂ ਧਰੁਵੀਕਰਣ ਤੇ ਫਿਰਕੂ ਦੰਗਿਆਂ ਦੇ ਅਧਾਰ 'ਤੇ ਦੇਸ਼ ਦੇ ਲੋਕਾਂ ਨੂੰ ਧਰਮ ਦੇ ਅਧਾਰ 'ਤੇ ਵੰਡ ਰਹੇ ਹਨ ਅਤੇ ਕੱਟੜ ਹਿੰਦੂ ਰਾਸ਼ਟਰ ਕਾਇਮ ਕਰਨ ਲਈ ਹਰ ਹੀਲਾ ਵਰਤ ਰਹੇ ਹਨ। ਉਨ੍ਹਾਂ ਕਿਹਾ ਕਿ ਆਰ.ਐਸ.ਐਸ ਭਾਰਤੀ ਕਿਰਤੀਆਂ ਨੂੰ ਸਦੀਆਂ ਪਹਿਲਾਂ ਜਾਤੀ ਦੇ ਅਧਾਰ 'ਤੇ ਲੀਰੋ ਲੀਰ ਕਰਨ ਵਾਲੀ ਮਨੂਸਮਿਰਤੀ ਮੁੜ ਲਾਗੂ ਕਰਨ ਲਈ ਯਤਨਸ਼ੀਲ ਹੈ। ਦੇਸ਼ ਪਰ 'ਚ ਦਲਿਤਾਂ, ਘੱਟ ਗਿਣਤੀਆਂ ਅਤੇ ਔਰਤਾਂ 'ਤੇ ਹੋ ਰਹੇ ਜਾਤੀਪਾਤੀ ਅਤਿਆਚਾਰਾਂ-ਫਿਰਕੂ ਹਿੰਸਾ, ਜਿਨਸੀ ਅਪਰਾਧਾਂ ਅਤੇ ਲਿੰਗ ਅਧਾਰਿਤ ਵਿਤਕਰੇ ਦੀਆਂ ਘਟਨਾਵਾਂ ਲਈ ਉਪਰੋਕਤ ਸਾਜਿਸ਼ੀ ਨੀਤੀ ਚੌਖਟਾ ਹੀ ਜਿੰਮੇਵਾਰ ਹੈ। ਉਨ੍ਹਾਂ ਦੋਸ਼ ਲਾਇਆ ਕਿ ਆਰ.ਐਸ.ਐਸ. ਅਤੇ ਇਸ ਦੇ ਸਹਿਯੋਗੀ ਸੰਗਠਨਾਂ ਦੇ ਕਾਰਕੁੰਨ, ਜਿਨ੍ਹਾਂ 'ਚੋਂ ਅਨੇਕਾਂ ਦਾ ਅਪਰਾਧਕ ਪਿਛੋਕੜ ਹੈ, ਕੇਂਦਰ 'ਚ ਅਤੇ ਅਨੇਕਾਂ ਸੂਬਿਆਂ 'ਚ ਭਾਜਪਾ ਸਰਕਾਰਾਂ ਹੋਣ ਦਾ ਲਾਭ ਲੈ ਕੇ ਦਲਿਤਾਂ-ਔਰਤਾਂ ਅਤੇ ਘਟ ਗਿਣਤੀਆਂ ਦਾ ਘਾਣ ਕਰ ਰਹੇ ਹਨ।
ਆਗੂਆਂ ਨੇ ਦੱਸਿਆ ਕਿ ਪਾਰਟੀ ਵਲੋਂ ਸੂਬੇ ਦੇ ਸਭਨਾ ਤਹਿਸੀਲ ਹੈਡ ਕੁਆਰਟਰਾਂ 'ਤੇ ਮੁਜ਼ਾਹਰੇ ਉਪਰੋਕਤ ਲੋਕ ਦੋਖੀ ਨੀਤੀ ਚੌਖਟੇ ਵਿਰੁੱਧ 19 ਤੋਂ 23 ਜੂਨ ਤੱਕ ਕੀਤੇ ਜਾ ਰਹੇ ਹਨ ਅਤੇ ਇਸ ਤੋਂ ਬਾਅਦ ਅਗਲੇਰੇ ਪੱਧਰ ਦੇ ਸੰਗਰਾਮ ਉਲੀਕੇ ਜਾਣਗੇ। ਕਮਿਊਨਿਸਟ ਆਗੂਆਂ ਨੇ ਦੱਸਿਆ ਕਿ ਕੇਂਦਰ ਦੀ ਭਾਜਪਾ ਅਤੇ ਸੂਬੇ ਦੀ ਕਾਂਗਰਸ ਹਕੂਮਤ ਵਲੋਂ ਵੋਟ ਪ੍ਰਾਪਤੀ ਲਈ ਕੀਤੇ ਗਏ ਅਤੇ ਗੱਦੀ 'ਤੇ ਬੈਠਣ ਸਾਰ ਅਸਲੋਂ ਹੀ ਵਿਸਾਰ ਦਿੱਤੇ ਗਏ ਚੋਣ ਵਾਅਦੇ ਲਾਗੂ ਕਰਾਉਣ ਲਈ ਵਿਸਾਲ ਜਨ ਲਾਮਬੰਦੀ ਅਧਾਰਤ ਜਨ ਸੰਗਰਾਮਾਂ ਦੀ ਉਸਾਰੀ ਉਕਤ ਸੰਘਰਸ਼ ਦਾ ਦੂਜਾ ਵੱਡਾ ਮਕਸਦ ਹੈ।
ਸਭਨਾਂ ਨੇ ਸੂਬਾ ਹਕੂਮਤ ਦੇ ਕਰਜ਼ਾ ਮੁਆਫੀ ਦੇ ਅੱਧੇ ਪਚੱਧੇ ਐਲਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਇਸ ਰਿਆਇਤ ਤੋਂ ਅਸਲੋਂ ਹੀ ਵਾਂਝੇ ਰੱਖਣ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਮੁਕੰਮਲ ਕਰਜ਼ ਮੁਆਫੀ ਦੀ ਮੰਗ ਕੀਤੀ।
ਰੈਲੀਆਂ ਵਿਚ ਇਕੱਤਰ ਕਿਰਤੀ, ਕਿਸਾਨਾਂ, ਔਰਤਾਂ ਨੇ ਸਾਰੇ ਥਾਂਈਂ ਰੋਹ ਭਰਪੂਰ ਮੁਜ਼ਾਹਰੇ ਵੀ ਕੀਤੇ।
ਇਕੱਤਰਤਾਵਾਂ ਨੂੰ ਹੋਰਨਾਂ ਤੋਂ ਇਲਾਵਾ ਸਾਥੀ ਮੰਗਤ ਰਾਮ ਪਾਸਲਾ ਜਨਰਲ ਸਕੱਤਰ, ਲਾਲ ਚੰਦ ਕਟਾਰੂਚੱਕ, ਕੁਲਵੰਤ ਸਿੰਘ ਸੰਧੂ, ਭੀਮ ਸਿੰਘ ਆਲਮਪੁਰ (ਸਾਰੇ ਸੂਬਾ ਸਕੱਤਰੇਤ ਮੈਂਬਰਾਨ), ਜਸਵਿੰਦਰ ਢੇਸੀ, ਗੱਜਣ ਸਿੰਘ ਦੁੱਗਾਂ, ਮਲਕੀਤ ਸਿੰਘ ਵਜੀਦਕੇ, ਨੱਥਾ ਸਿੰਘ, ਸ਼ਿਵ ਕੁਮਾਰ, ਹਰਿੰਦਰ ਸਿੰਘ ਰੰਧਾਵਾ, ਨੀਲਮ ਘੁਮਾਣ ਨੇ ਵੀ ਸੰਬੋਧਨ ਕੀਤਾ।
ਜਾਰੀ ਕਰਤਾ

(ਰਵੀ ਕੰਵਰ)
94643-36019

No comments:

Post a Comment