Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Thursday 28 September 2017

ਥਰਮਲ ਪਲਾਟਾਂ ਨੂੰ ਬੰਦ ਕਰਨ ਦੇ ਨਾਦਰਸ਼ਾਹੀ ਫ਼ੈਸਲੇ ਦੀ ਨਿਖੇਧੀ

ਜਲੰਧਰ 28 ਸਤੰਬਰ -     ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਦੇ ਸਕੱਤਰ ਸਾਥੀ ਹਰਕੰਵਲ ਸਿੰਘ ਵੱਲੋਂ ਬਠਿੰਡਾ ਅਤੇ ਰੋਪੜ ਵਿਚਲੇ ਸਰਕਾਰੀ ਥਰਮਲ ਪਲਾਂਟ ਬੰਦ ਕਰਨ ਦੇ ਨਾਦਰਸ਼ਾਹੀ ਫ਼ੈਸਲੇ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਪਾਰਟੀ ਦੀ ਪਹਿਲੀ ਸੂਬਾਈ ਜਥੇਬੰਦਕ ਕਾਨਫ਼ਰੰਸ ਦੇ ਸਮਾਪਨ ਪਿੱਛੋਂ ਜਾਰੀ ਇੱਕ ਬਿਆਨ ਰਾਹੀਂ ਉਨ੍ਹਾਂ ਕਿਹਾ ਕਿ ਬਠਿੰਡਾ ਥਰਮਲ ਪਲਾਂਟ ਦੇ ਨਵੀਨੀਕਰਨ 'ਤੇ ਪਿਛਲੇ ਜਿਹੇ ਸੈਂਕੜੇ ਕਰੋੜ ਰੁਪਏ ਖ਼ਰਚੇ ਗਏ ਹਨ, ਪਰ ਅੱਜ ਥਰਮਲ ਦੀ ਮਿਆਦ ਪੁੱਗਣ ਦੀਆਂ ਦਲੀਲਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਸੁਆਲ ਕੀਤਾ ਕਿ ਥਰਮਲਾਂ ਰਾਹੀਂ ਸਿੱਧਾ ਅਤੇ ਅਸਿੱਧਾ ਰੋਜ਼ਗਾਰ ਪ੍ਰਾਪਤ ਕਰਕੇ ਜੂਨ ਗੁਜ਼ਾਰਾ ਕਰਨ ਵਾਲੇ ਪਰਿਵਾਰਾਂ ਨੂੰ ਥਰਮਲ ਬੰਦ ਹੋਣ ਪਿੱਛੋਂ ਪੇਸ਼ ਆਉਣ ਵਾਲੀਆਂ ਦਿੱਕਤਾਂ ਦਾ ਸੂਬਾ ਸਰਕਾਰ ਨੇ ਕੀ ਬਦਲਵਾਂ ਪ੍ਰਬੰਧ ਕੀਤਾ ਹੈ? ਸਾਥੀ ਹਰਕੰਵਲ ਸਿੰਘ ਨੇ ਕਿਹਾ ਕਿ ਮੌਜੂਦਾ ਕਾਂਗਰਸ ਸਰਕਾਰ ਦੀ ਜੇ ਇੱਕੋ-ਇੱਕ ਕਾਰਗੁਜ਼ਾਰੀ ਦੀ ਨਿਸ਼ਾਨਦੇਹੀ ਕਰਨੀ ਹੋਵੇ ਤਾਂ ਇਹੋ ਕਿਹਾ ਜਾ ਸਕਦਾ ਹੈ ਕਿ ਇਹ ਸਰਕਾਰ ਵਾਅਦਾ ਖਿਲਾਫ਼ੀਆਂ ਦਾ ਨਵਾਂ ਰਿਕਾਰਡ ਬਣਾਉਣ ਜਾ ਰਹੀ ਹੈ। ਉਨ੍ਹਾਂ ਖ਼ਦਸ਼ਾ ਜ਼ਾਹਿਰ ਕੀਤਾ ਕਿ ਥਰਮਲ ਬੰਦ ਕਰਨ ਪਿੱਛੇ ਅਸਲੀ ਮੰਸ਼ਾਂ ਥਰਮਲਾਂ ਦੀ ਬੇਸ਼ਕੀਮਤੀ ਜ਼ਮੀਨ ਅਤੇ ਹੋਰ ਜਾਇਦਾਦਾਂ ਨੂੰ ਖ਼ੁਰਦ-ਬੁਰਦ ਕਰਨਾ ਹੈ। ਆਰ.ਐਮ.ਪੀ.ਆਈ. ਆਗੂ ਨੇ ਅੱਗੇ ਕਿਹਾ ਕਿ ਬਿਜਲੀ ਉਤਪਾਦਨ ਦੇ ਮਾਮਲੇ ਵਿੱਚ ਪੰਜਾਬ ਨੂੰ ਸਵੈ ਨਿਰਭਰ ਬਣਾਉਣ ਵਾਲੇ ਥਰਮਲ ਅੱਜ ਵੀ 2 ਤੋਂ ਢਾਈ ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਬਿਜਲੀ ਪੈਦਾ ਕਰ ਰਹੇ ਹਨ ਪਰ ਫਿਰ ਵੀ ਪਤਾ ਨਹੀਂ ਕਿਨ੍ਹਾਂ ਲੁਕਵੇਂ ਉਦੇਸ਼ਾਂ ਅਧੀਨ ਸੂਬਾ ਹਕੂਮਤ ਪ੍ਰਾਈਵੇਟ ਅਦਾਰਿਆਂ ਤੋਂ ਅੰਤਾਂ ਦੀ ਮਹਿੰਗੀ ਬਿਜਲੀ ਖ਼ਰੀਦ ਕੇ ਥਰਮਲਾਂ ਨੂੰ ਬੰਦ ਕਰਨਾ ਚਾਹੁੰਦੀ ਹੈ। ਸਾਥੀ ਹਰਕੰਵਲ ਸਿੰਘ ਨੇ ਐਲਾਨ ਕੀਤਾ ਕਿ ਪਾਰਟੀ ਥਰਮਲ ਕਾਮਿਆਂ ਦੇ ਥਰਮਲ ਬਚਾਉਣ ਦੇ ਘੋਲ ਦੀ ਪੂਰਨ ਹਿਮਾਇਤ ਕਰੇਗੀ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਉਕਤ ਪੰਜਾਬ ਹਿਤੈਸ਼ੀ ਘੋਲ ਦੀ ਸਰਵਪੱਖੀ ਇਮਦਾਦ ਕਰਨ ਦੀ ਅਪੀਲ ਕੀਤੀ।

ਲੁੱਟ ਮਚਾਉਣ ਲਈ ਹਾਕਮ ਧਿਰਾਂ ਅੰਧ ਰਾਸ਼ਟਰਵਾਦ ਫੈਲਾ ਰਹੀਐ : ਰਾਮ ਸ਼ਰਨ ਜੋਸ਼ੀ

ਬਠਿੰਡਾ 28 ਸਤੰਬਰ -     ਅੰਧ ਰਾਸ਼ਟਰਵਾਦ ਦਾ ਹਮਲਾ ਕੋਈ ਨਿੱਖੜਵਾਂ ਵਰਤਾਰਾ ਨਹੀਂ ਬਲਕਿ ਸਾਮਰਾਜ ਵੱਲੋਂ ਸਮੁੱਚੇ ਸੰਸਾਰ 'ਤੇ ਆਪਣਾ ਆਰਥਿਕ ਰਾਜਸੀ ਗ਼ਲਬਾ ਕਾਇਮ ਕਰਨ ਲਈ ਸਾਮਰਾਜੀ ਦੇਸ਼ਾਂ ਅਤੇ ਸੰਸਾਰ ਭਰ ਵਿਚਲੇ ਉਨ੍ਹਾਂ ਦੇ ਹਮਾਇਤੀਆਂ ਵੱਲੋਂ ਗਿਣੀ ਮਿਥੀ ਸਾਜ਼ਿਸ਼ ਅਧੀਨ ਅਮਲ 'ਚ ਲਿਆਂਦਾ ਜਾ ਰਿਹਾ ਹੈ।
ਇਹ ਵਿਚਾਰ ਅੱਜ ਇੱਥੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਪੰਜਾਬ ਰਾਜ ਕਮੇਟੀ ਦੀ ਪਹਿਲੀ ਜਥੇਬੰਦਕ ਕਾਨਫ਼ਰੰਸ ਦੇ ਆਖ਼ਰੀ ਦਿਨ, ਸ਼ਹੀਦ ਭਗਤ ਸਿੰਘ ਦੇ 110ਵੇਂ ਜਨਮ ਦਿਨ ਨੂੰ ਸਮਰਪਿਤ ਇਕ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਉੱਘੇ ਪੱਤਰਕਾਰ ਤੇ ਲੇਖਕ ਸ਼੍ਰੀ ਰਾਮ ਸ਼ਰਨ ਜੋਸ਼ੀ ਨੇ ਪੇਸ਼ ਕੀਤੇ। ਅੱਜ ਦਾ ਇਹ ਸੈਮੀਨਾਰ 'ਅੰਧ ਰਾਸ਼ਟਰਵਾਦ ਦੇ ਦੌਰ ਵਿਚ ਪ੍ਰਗਤੀਸ਼ੀਲ ਧਿਰਾਂ ਦੀ ਭੂਮਿਕਾ' ਵਿਸ਼ੇ 'ਤੇ ਆਯੋਜਿਤ ਕੀਤਾ ਗਿਆ।
ਸ੍ਰੀ ਜੋਸ਼ੀ ਨੇ ਕਿਹਾ ਕਿ ਟਰੰਪ ਤੋਂ ਮੋਦੀ ਤੱਕ ਸਾਰੇ ਹਾਕਮ ਇਸ ਸਾਜ਼ਿਸ਼ੀ ਨੀਤੀ 'ਤੇ ਅਮਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੰਸਾਰ ਦੇ ਕਈ ਦੇਸ਼ਾਂ ਦੇ ਮੁਖੀ ਕਾਰਪੋਰੇਟ ਘਰਾਣਿਆਂ 'ਚੋਂ ਚੁਣੇ ਜਾ ਰਹੇ ਹਨ ਜਿਨ੍ਹਾਂ 'ਚ ਅਮਰੀਕਾ ਦਾ ਮੁਖੀ ਅਤੇ ਫਰਾਂਸ ਦੇ ਮੁਖੀ ਦਾ ਚੁਣਿਆ ਜਾਣਾ ਵਿਸ਼ੇਸ਼ ਜ਼ਿਕਰਯੋਗ ਹੈ। ਉਨ੍ਹਾਂ 1922 ਤੋਂ 2014 ਤੱਕ ਦੇ ਇਕ ਆਰਥਿਕ ਅਧਿਐਨ ਨੂੰ ਪੇਸ਼ ਕਰਦਿਆਂ ਕਿਹਾ ਕਿ ਉਦੋਂ ਤੋਂ ਲੈ ਕੇ ਗ਼ਰੀਬੀ ਅਮੀਰੀ ਦਾ ਪਾੜਾ ਲਗਾਤਾਰ ਤੇਜ਼ੀ ਨਾਲ ਵਧਿਆ ਹੈ। ਪਰ ਇਹ ਵਾਧਾ 1991 ਤੋਂ ਲਾਗੂ ਹੋਈਆਂ ਨਵ ਉਦਾਰਵਾਦੀ ਨੀਤੀਆਂ ਤੋਂ ਬਾਅਦ ਬਹੁਤ ਤੇਜ਼ੀ ਨਾਲ ਵਧਿਆ ਹੈ। ਇਸ ਲੁੱਟ ਨੂੰ ਹੋਰ ਤੇਜ਼ ਕਰਨ ਲਈ ਸੰਸਾਰ ਭਰ ਦੇ ਹਾਕਮ ਧਰਮ ਅਤੇ ਫ਼ਿਰਕੂ ਏਜੰਡੇ ਦਾ ਸਹਾਰਾ ਲੈ ਰਹੇ ਹਨ।
ਉਨ੍ਹਾਂ ਕਿਹਾ ਕਿ ਆਰਥਿਕ ਮੰਦਵਾੜੇ 'ਤੇ ਲੋਕਾਂ ਦਾ ਧਿਆਨ ਭਟਕਾਉਣ ਲਈ ਭਾਰਤ ਸਮੇਤ ਹੋਰਨਾਂ ਦੇਸ਼ਾਂ 'ਚ ਅੰਧ ਰਾਸ਼ਟਰਵਾਦ ਦਾ ਸਹਾਰਾ ਲਿਆ ਜਾ ਰਿਹਾ ਹੈ। ਜੋਸ਼ੀ ਨੇ ਕਿਹਾ ਕਿ ਕਿਹਾ ਜਾਂਦਾ ਹੈ ਕਿ ਧਰਮ ਰਾਸ਼ਟਰ ਨੂੰ ਬੰਨ੍ਹ ਕੇ ਰੱਖਦਾ ਹੈ ਪਰ ਇਸ 'ਚ ਸਚਾਈ ਨਹੀਂ ਹੈ। ਦੁਨੀਆ ਦੇ ਕਈ ਦੇਸ਼ ਇਕ ਧਰਮ ਹੋਣ ਕਾਰਨ ਆਪਸ ਵਿਚ ਲੜ ਰਹੇ ਹਨ।
ਅੰਤ ਸ੍ਰੀ ਜੋਸ਼ੀ ਨੇ ਕਿਹਾ ਕਿ ਅਜੋਕੇ ਦੌਰ 'ਚ ਮਿਹਨਤੀ ਤਬਕਿਆਂ ਖ਼ਾਸਕਰ ਦਲਿਤਾਂ, ਘੱਟ ਗਿਣਤੀਆਂ, ਔਰਤਾਂ ਅਤੇ ਆਦਿਵਾਸੀਆਂ ਨੂੰ ਨਾਲ ਲੈ ਕੇ ਹੀ ਸੰਘਰਸ਼ ਦਾ ਰਾਹ ਮਲਿਆ ਜਾ ਸਕਦਾ ਹੈ, ਜਿਸ ਨਾਲ ਇਸ ਅਖੌਤੀ ਅੰਧ ਰਾਸ਼ਟਰਵਾਦ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ।
ਇਸ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਅੰਧ ਰਾਸ਼ਟਰਵਾਦ ਦਾ ਮੁਕਾਬਲਾ ਮਜ਼ਬੂਤ ਜਥੇਬੰਦੀ ਨਾਲ ਹੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਅੰਧ ਰਾਸ਼ਟਰਵਾਦ ਦੇ ਦੌਰ 'ਚ ਘੱਟ ਗਿਣਤੀਆਂ, ਔਰਤਾਂ ਤੇ ਦਲਿਤਾਂ 'ਤੇ ਹਮਲੇ ਹੋਰ ਵੀ ਤਿੱਖੇ ਹੋ ਰਹੇ ਹਨ, ਜਿਨ੍ਹਾਂ ਨੂੰ ਲਾਮਬੰਦ ਕਰਨ ਤੋਂ ਬਿਨਾਂ ਹੋਰ ਕੋਈ ਵੀ ਚਾਰਾ ਨਹੀਂ ਹੈ। ਸਾਥੀ ਪਾਸਲਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਕਰਵਾਏ ਇਸ ਸੈਮੀਨਾਰ 'ਚ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੋਂ ਪਰੇਰਨਾ ਲੈਣੀ ਚਾਹੀਦੀ ਹੈ। ਜਿਨ੍ਹਾਂ ਨੇ ਦੇਸ਼ ਦੇ ਅੰਦੋਲਨ 'ਚ ਫ਼ਿਰਕੂ ਆਧਾਰ 'ਤੇ ਵੰਡ ਨੂੰ ਰੋਕਣ।
ਸਟੇਜ ਸਕੱਤਰ ਦੇ ਫ਼ਰਜ਼ ਗੁਰਨਾਮ ਸਿੰਘ ਦਾਊਦ ਨੇ ਨਿਭਾਏ, ਆਰੰਭ 'ਚ ਡਾ. ਜੋਸ਼ੀ ਦੀ ਜਾਣ ਪਛਾਣ ਡਾ. ਕਰਮਜੀਤ ਸਿੰਘ ਨੇ ਕਰਾਈ। ਇਸ ਮੌਕੇ ਸਵਾਗਤੀ ਕਮੇਟੀ ਦੇ ਚੇਅਰਮੈਨ ਜਸਪਾਲ ਮਾਨਖੇੜਾ ਤੋਂ ਬਿਨਾਂ ਸੂਬਾ ਸਕੱਤਰ ਸਾਥੀ ਹਰਕੰਵਲ ਸਿੰਘ ਤੇ ਸਾਰੇ ਸਕੱਤਰੇਤ ਮੈਂਬਰ ਹਾਜ਼ਰ ਸਨ। ਸਮਾਗਮ ਦੇ ਆਰੰਭ 'ਚ ਮਹੀਪਾਲ ਨੇ ਹਾਜ਼ਰੀਨ ਨੂੰ ਜੀ ਆਇਆ ਕਿਹਾ।

ਸੂਬਾ ਕਾਨਫ਼ਰੰਸ ਨੇ ਸਾਥੀ ਹਰਕੰਵਲ ਸਿੰਘ ਨੂੰ ਸੂਬਾ ਸਕੱਤਰ ਚੁਣਿਆ


ਬਠਿੰਡਾ 28, ਸਤੰਬਰ - ਸਾਮਰਾਜ ਨਿਰਦੇਸ਼ਤ ਨਵ ਉਦਾਰਵਾਦੀ ਨੀਤੀਆਂ ਤੇ ਫ਼ਿਰਕੂ ਫੁੱਟ ਪਾਊ ਤਾਕਤਾਂ ਖ਼ਿਲਾਫ਼ ਬੇਲਿਹਾਜ਼ ਸੰਗਰਾਮਾਂ ਦੀ ਉਸਾਰੀ ਦੇ ਸੰਕਲਪ ਨਾਲ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਦੀ ਪਹਿਲੀ ਜਥੇਬੰਦਕ ਕਾਨਫ਼ਰੰਸ ਸੰਪੰਨ ਹੋ ਗਈ। ਤਿੰਨ ਰੋਜ਼ਾ ਕਾਨਫ਼ਰੰਸ ਪਰਸੋਂ 26 ਸਤੰਬਰ ਤੋਂ ਇੱਥੇ ਚੱਲ ਰਹੀ ਸੀ। ਅੱਜ ਆਖ਼ਰੀ ਦਿਨ ਸਰਵਸੰਮਤੀ ਨਾਲ 55 ਮੈਂਬਰੀ ਕਮੇਟੀ ਚੁਣੀ ਗਈ ਜਿਸ ਵਿਚ ਸਰਵਸੰਮਤੀ ਨਾਲ ਸਾਥੀ ਹਰਕੰਵਲ ਸਿੰਘ ਨੂੰ ਆਪਣਾ ਸਕੱਤਰ ਚੁਣ ਲਿਆ। ਇਸ ਤੋਂ ਪਹਿਲਾਂ ਰਾਜ ਕਮੇਟੀ ਵੱਲੋਂ ਸਾਥੀ ਮੰਗਤ ਰਾਮ ਪਾਸਲਾ ਨੇ 27 ਸਤੰਬਰ ਨੂੰ ਦਿਨ ਭਰ ਚੱਲੀ ਬਹਿਸ ਦਾ ਜਵਾਬ ਦਿੱਤਾ। ਉਨ੍ਹਾਂ 62 ਡੈਲੀਗੇਟਾਂ ਵੱਲੋਂ ਉਠਾਏ ਨੁਕਤਿਆਂ ਦਾ ਜਵਾਬ ਦਿੰਦਿਆਂ ਪਾਰਟੀ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਨਵੰਬਰ 'ਚ ਪਾਰਟੀ ਦੀ ਸਰਬ ਭਾਰਤ ਕਾਨਫ਼ਰੰਸ ਚੰਡੀਗੜ੍ਹ 'ਚ ਕੀਤੀ ਜਾ ਰਹੀ ਹੈ, ਜਿਸ ਲਈ ਜ਼ੋਰਾਂ ਸ਼ੋਰਾਂ ਨਾਲ ਤਿਆਰੀਆਂ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਪੰਜਾਬ ਦੇ ਕਾਰਕੁਨਾਂ, ਹਮਦਰਦਾਂ ਅਤੇ ਹੋਰ ਪਾਰਟੀ ਹਮਾਇਤੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਕਾਨਫ਼ਰੰਸ ਨੂੰ ਕਾਮਯਾਬ ਕਰਨ ਲਈ ਆਪਣਾ ਬਣਦਾ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਇਸ ਸਰਵ ਭਾਰਤੀ ਕਾਨਫ਼ਰੰਸ 'ਚ ਪਾਰਟੀ ਪ੍ਰੋਗਰਾਮ, ਸੰਵਿਧਾਨ ਅਤੇ ਮੌਜੂਦਾ ਰਾਜਸੀ ਅਵਸਥਾ ਬਾਰੇ ਮਤਾ ਬਹਿਸ ਉਪਰੰਤ ਪ੍ਰਵਾਨ ਕੀਤਾ ਜਾਵੇਗਾ।
ਅੰਤ 'ਚ ਨਵੇਂ ਚੁਣੇ ਸਕੱਤਰ ਸਾਥੀ ਹਰਕੰਵਲ ਸਿੰਘ  ਨੇ ਕਿਹਾ ਕਿ ਇਸ ਕਾਨਫ਼ਰੰਸ ਵੱਲੋਂ ਕੀਤੇ ਫ਼ੈਸਲੇ ਮੁਤਾਬਿਕ ਸਾਮਰਾਜ ਨਿਰਦੇਸ਼ਤ ਨਵ ਉਦਾਰਵਾਦੀ ਨੀਤੀਆਂ ਤੇ ਫ਼ਿਰਕੂ ਫੁੱਟ ਤਾਕਤਾਂ ਖ਼ਿਲਾਫ਼ ਬੇਲਿਹਾਜ਼ ਸੰਗਰਾਮਾਂ ਦੀ ਉਸਾਰੀ ਲਈ ਪਾਰਟੀ ਵੱਲੋਂ ਹਾਣ ਦੀ ਲਹਿਰ ਜਥੇਬੰਦੀ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਪਾਰਟੀ ਵੱਲੋਂ ਮਜ਼ਦੂਰਾਂ, ਕਿਸਾਨਾਂ ਤੇ ਹੋਰ ਮਿਹਨਤਕਸ਼ ਤਬਕਿਆਂ ਨੂੰ ਨਾਲ ਲੈ ਕੇ ਲੋਕ ਪੱਖੀ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਾਤੀਪਾਤੀ ਜ਼ੁਲਮਾਂ ਘੱਟ ਗਿਣਤੀਆਂ ਖ਼ਿਲਾਫ਼ ਕੀਤੇ ਜਾ ਰਹੇ ਹਮਲਿਆਂ ਵਿਰੁੱਧ ਆਵਾਜ਼ ਨੂੰ ਹੋਰ ਵੀ ਮਜ਼ਬੂਤੀ ਨਾਲ ਬੁਲੰਦ ਕੀਤਾ ਜਾਵੇਗਾ। ਔਰਤਾਂ 'ਤੇ ਹੁੰਦੀ ਜਿਣਸੀ ਹਿੰਸਾ, ਖੇਤੀ ਕਰਜ਼ਿਆਂ, ਮਜ਼ਦੂਰਾਂ-ਕਿਸਾਨਾਂ ਦੀਆਂ ਖੁਦਕੁਸ਼ੀਆਂ ਬੇਰੁਜ਼ਗਾਰ ਯੁਵਕਾਂ ਦੇ ਮੁੱਦਿਆਂ 'ਤੇ ਸੰਘਰਸ਼ਾਂ ਨੂੰ ਲਾਮਬੰਦ ਕੀਤਾ ਜਾਵੇਗਾ।
ਕਾਨਫ਼ਰੰਸ ਦੇ ਆਖ਼ਰੀ ਦਿਨ ਅੱਜ ਫ਼ਿਰਕਾਪ੍ਰਸਤੀ ਵਿਰੁੱਧ ਮਤਾ ਪਾਸ ਕੀਤਾ ਗਿਆ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਚੋਣ ਵਾਅਦੇ ਲਾਗੂ ਨਾ ਕਰਨ ਵਿਰੁੱਧ ਸੰਘਰਸ਼ ਦਾ ਸੱਦਾ ਵੀ ਦਿੱਤਾ ਗਿਆ, ਜਿਸ ਤਹਿਤ 20 ਅਕਤੂਬਰ ਤੱਕ ਜ਼ਿਲ੍ਹਾ ਪੱਧਰੀ ਕਨਵੈੱਨਸ਼ਨਾਂ ਕਰਨ ਦਾ ਸੱਦਾ ਦਿੱਤਾ ਗਿਆ। ਅਕਤੂਬਰ ਇਨਕਲਾਬ ਦੇ ਮਹਾਨ ਦਿਨ ਮੌਕੇ 7 ਨਵੰਬਰ ਨੂੰ ਜ਼ਿਲ੍ਹਾ ਪੱਧਰੀ ਵਿਸ਼ਾਲ ਲੋਕ ਮਾਰਚ ਕੀਤੇ ਜਾਣਗੇ।
ਕਾਨਫ਼ਰੰਸ ਤੇ ਪੰਜਾਬ ਸਰਕਾਰ ਤੇ ਪਾਵਰ ਕਾਰਪੋਰੇਸ਼ਨ ਵੱਲੋਂ ਸਰਕਾਰੀ ਥਰਮਲ ਪਲਾਂਟ ਬਠਿੰਡਾ ਅਤੇ ਰੋਪੜ ਦੇ ਦੋ ਯੂਨਿਟ ਬੰਦ ਕਰਨ ਵਿਰੁੱਧ ਵੀ ਮਤਾ ਪਾਸ ਕੀਤਾ ਗਿਆ। ਕਾਨਫ਼ਰੰਸ ਨੇ ਮੰਗ ਕੀਤੀ ਕਿ ਲੋਕਾਂ ਦੇ ਪੈਸੇ ਨਾਲ ਬਣੇ ਇਹ ਥਰਮਲ ਪਲਾਂਟ ਮੁੜ ਚਾਲੂ ਕੀਤੇ ਜਾਣ।

Wednesday 27 September 2017

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਪਹਿਲੀ ਸੂਬਾਈ ਜਥੇਬੰਦਕ ਕਾਨਫ਼ਰੰਸ ਆਰੰਭ

ਬਠਿੰਡਾ 27, ਸਤੰਬਰ - ''ਦੇਸ਼ ਵਾਸੀਆਂ ਦੀਆਂ ਅਕਹਿ ਮੁਸੀਬਤਾਂ ਅਤੇ ਦੇਸ਼ ਨੂੰ ਦਰਪੇਸ਼ ਸਰਵਵਿਆਪੀ ਸੰਕਟ ਦਾ ਹੱਲ ਕੇਵਲ ਤੇ ਕੇਵਲ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਦੀ ਸਥਾਈ ਏਕਤਾ ਅਤੇ ਵਿਸ਼ਾਲ ਸਾਂਝੇ ਜਨ ਸੰਗਰਾਮਾਂ ਰਾਹੀਂ ਹੀ ਹੋ ਸਕਦਾ ਹੈ।'' ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਇੱਥੇ, ਚੱਲ ਰਹੀ ਤਿੰਨ ਦਿਨਾਂ ਪਹਿਲੀ ਸੂਬਾਈ ਜਥੇਬੰਦਕ ਕਾਨਫ਼ਰੰਸ ਵਿਚ ਡੈਲੀਗੇਟਾਂ ਵੱਲੋਂ ਕੀਤੇ ਗਏ ਵਿਚਾਰ-ਵਟਾਂਦਰੇ 'ਚੋਂ ਉਪਰੋਕਤ ਸਰਵ ਸੰਮਤ ਰਾਇ ਨਿੱਖਰ ਕੇ ਸਾਹਮਣੇ ਆਈ।
ਬੀਤੇ ਕੱਲ੍ਹ ਸਾਥੀ ਮੰਗਤ ਰਾਮ ਪਾਸਲਾ ਵੱਲੋਂ ਪੇਸ਼ ਕੀਤੇ ਗਏ ਰਾਜਸੀ ਅਤੇ ਜਥੇਬੰਦਕ ਰਿਪੋਰਟ ਦੇ ਖਰੜੇ 'ਤੇ ਹੋਈ ਬਹਿਸ ਵਿਚ ਹਿੱਸਾ ਲੈਂਦਿਆਂ ਸਮੁੱਚੇ ਡੈਲੀਗੇਟਾਂ ਨੇ ਸੁਝਾਅ ਦਿੱਤਾ ਸੀ ਕਿ ਜਾਤੀਪਾਤੀ ਜ਼ੁਲਮਾਂ, ਘੱਟ ਗਿਣਤੀਆਂ 'ਤੇ ਕਾਤਲਾਨਾ ਹਮਲਿਆਂ, ਔਰਤਾਂ 'ਤੇ ਹੁੰਦੀ ਜਿਣਸੀ ਹਿੰਸਾ, ਖੇਤੀ ਕਰਜ਼ਿਆਂ, ਮਜ਼ਦੂਰ-ਕਿਸਾਨ ਖੁਦਕੁਸ਼ੀਆਂ, ਬੇਰੁਜ਼ਗਾਰ ਯੁਵਕਾਂ ਆਦਿ ਮੁੱਦਿਆਂ 'ਤੇ ਵਿਸ਼ੇਸ਼ ਧਿਆਨ ਦਿੰਦਿਆਂ ਲਗਾਤਾਰ ਸੰਘਰਸ਼ ਉਲੀਕੇ ਜਾਣੇ ਚਾਹੀਦੇ ਹਨ।
ਡੈਲੀਗੇਟਾਂ ਨੇ ਹਰ ਪੱਧਰ 'ਤੇ ਸਿਧਾਂਤਕ ਪਕਿਆਈ ਦੀ ਗਰੰਟੀ ਕਰਦੀ ਪਾਰਟੀ ਵਿੱਦਿਆ ਦਾ ਪ੍ਰਬੰਧ ਕਰਨ, ਪਾਰਟੀ ਨੂੰ ਹੇਠਾਂ ਤੋਂ ਉੱਪਰ ਤੱਕ ਮਜ਼ਬੂਤ ਕਰਨ ਅਤੇ ਹਰ ਪੱਧਰ 'ਤੇ ਜਮਹੂਰੀ ਮਾਹੌਲ ਸਿਰਜਣ ਦੇ ਠੋਸ ਸੁਝਾਅ ਦਿੱਤੇ।
ਅਨੇਕਾਂ ਡੈਲੀਗੇਟਾਂ ਵੱਲੋਂ ਬਦਲਵੇਂ ਲੋਕ ਪੱਖੀ ਸਭਿਆਚਾਰ ਦਾ ਪਸਾਰ ਕਰਨ ਅਤੇ ਬੌਧਿਕ ਹਲਕਿਆਂ ਵਿਚ ਹੋਰ ਪਸਾਰ ਦੇ ਆਏ ਸੁਝਾਆਂ ਦੇ ਮੱਦੇ ਨਜ਼ਰ ਉਪਰੋਕਤ ਫਰੰਟਾਂ ਦੀ ਨੇੜ ਭਵਿੱਖ 'ਚ ਕਾਇਮੀ ਦਾ ਫ਼ੈਸਲਾ ਲਿਆ ਗਿਆ।
ਕਾਨਫ਼ਰੰਸ ਵੱਲੋਂ ਪਾਸ ਕੀਤੇ ਗਏ ਇਕ ਮਤੇ ਰਾਹੀਂ ਭਾਰਤੀ ਕਿਰਤੀ ਵਰਗਾਂ ਨੂੰ ਸੱਦਾ ਦਿੱਤਾ ਗਿਆ ਕਿ ਉਹ ਨਵ ਉਦਾਰਵਾਦੀ ਨੀਤੀਆਂ ਦੀਆਂ ਹਿਮਾਇਤੀ ਕਿਸੇ ਇਕ ਜਾਂ ਦੂਜੀ ਪਾਰਟੀ ਵੱਲ ਝਾਕ ਛੱਡ ਕੇ ਲੋਕ ਪੱਖੀ ਧਿਰਾਂ ਦੀ ਅਗਵਾਈ 'ਚ ਸੰਗਰਾਮਾਂ ਦੇ ਪਿੜ ਮੱਲਣ।
ਬਹਿਸ ਵਿਚ ਇਸ ਗੱਲ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਕਿ ਫ਼ਿਰਕੂ ਧਰੁਵੀਕਰਨ ਦੇ ਮਕਸਦ ਅਧੀਨ ਕੀਤੀਆਂ ਜਾ ਰਹੀਆਂ ਘੱਟ ਗਿਣਤੀਆਂ ਖ਼ਾਸਕਰ ਮੁਸਲਮਾਨਾਂ ਦੀਆਂ ਹੱਤਿਆਵਾਂ ਵਿਰੁੱਧ ਥਾਂ ਪੁਰ ਥਾਂ ਲੋਕ ਲਾਮਬੰਦੀ ਕਰਦਿਆਂ ਸੰਘ ਪਰਿਵਾਰ ਨੂੰ ਵਧੇਰੇ ਤੋਂ ਵਧੇਰੇ ਲੋਕਾਂ 'ਚ ਪੇਪਰਦ ਕੀਤਾ ਜਾਵੇ।
ਭਾਰਤੀ ਉੱਚ ਹਲਕਿਆਂ ਵੱਲੋਂ ਅਫ਼ਗ਼ਾਨਿਸਤਾਨ ਵਿਖੇ ਫ਼ੌਜਾਂ ਭੇਜਣ ਦੇ ਫ਼ੈਸਲੇ ਤੋਂ ਪਿੱਛੇ ਹਟਣ ਨੂੰ ਡੈਲੀਗੇਟਾਂ ਨੇ ਲੋਕਾਂ 'ਚ ਕਾਇਮ ਜੰਗ ਵਿਰੋਧੀ ਸਾਮਰਾਜ ਵਿਰੋਧੀ ਭਾਵਨਾਵਾਂ ਦਾ ਪ੍ਰਗਟਾਵਾ ਕਿਹਾ ਗਿਆ। ਭਲਕੇ 28 ਸਤੰਬਰ ਨੂੰ ਨਵੀਂ ਟੀਮ ਦੀ ਚੋਣ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਸੈਮੀਨਾਰ ਵੀ ਕੀਤਾ ਜਾਵੇਗਾ ਜਿਸ 'ਚ ਉੱਘੇ ਪੱਤਰਕਾਰ ਅਤੇ ਲੇਖਕ ਰਾਮ ਸ਼ਰਨ ਜੋਸ਼ੀ ''ਅੰਧ ਰਾਸ਼ਟਰਵਾਦ ਦਾ ਦੌਰ ਅਤੇ ਪ੍ਰਗਤੀਸ਼ੀਲ ਧਿਰਾਂ ਸਨਮੁੱਖ ਚਣੌਤੀਆਂ ਵਿਸ਼ੇ 'ਤੇ ਕੁੰਜੀਵਤ ਭਾਸ਼ਣ ਦੇਣਗੇ।
ਜ਼ਿਕਰਯੋਗ ਹੈ ਸਥਾਨਕ ਜੁਗਰਾਜ ਪੈਲੇਸ ਵਿਚ 26 ਤੋਂ 28 ਸਤੰਬਰ 2017 ਤੱਕ ਹੋ ਰਹੀ ਉਕਤ ਕਾਨਫ਼ਰੰਸ ਦੇ ਸਮੁੱਚੇ ਇਲਾਕੇ ਨੂੰ ''ਗ਼ਦਰੀ ਸ਼ਹੀਦ ਰਹਿਮਤ ਅਲੀ ਵਜ਼ੀਦ ਕੇ ਨਗਰ'', ਕਾਨਫ਼ਰੰਸ ਹਾਲ ਨੂੰ ''ਗ਼ਦਰੀ ਬਾਬਾ ਮੰਗੂ ਰਾਮ ਮੂੰਗੋਵਾਲ ਹਾਲ'' ਅਤੇ ਮੰਚ ਨੂੰ ਸ਼ਹੀਦ ਸਾਥੀ ਗੁਰਨਾਮ ਉੱਪਲ ਮੰਚ'' ਦਾ ਨਾਂਅ ਦਿੱਤਾ ਗਿਆ ਹੈ।

Friday 22 September 2017

ਸੰਘ ਪਰਿਵਾਰ ਦੇ ਨਾਪਾਕ ਫਿਰਕੂ ਇਰਾਦਿਆਂ ਨੂੰ ਭਾਂਜ ਦੇਣ ਲਈ ਮਜ਼ਬੂਤ ਜਨਤਕ ਲਹਿਰ ਉਸਾਰਨ ਦਾ ਐਲਾਨ

ਸੰਘ ਪਰਿਵਾਰ ਦੇ ਨਾਪਾਕ ਫਿਰਕੂ ਇਰਾਦਿਆਂ ਨੂੰ ਭਾਂਜ ਦੇਣ ਲਈ ਮਜ਼ਬੂਤ ਜਨਤਕ ਲਹਿਰ ਉਸਾਰਨ ਦਾ ਐਲਾਨ
ਜਲੰਧਰ, 22 ਸਤੰਬਰ - ''ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (RMPI) ਸੰਘ ਪਰਿਵਾਰ ਦੇ ਨਾਪਾਕ ਫਿਰਕੂ ਇਰਾਦਿਆਂ ਨੂੰ ਇਕ ਮਜ਼ਬੂਤ ਜਨਤਕ ਲਹਿਰ ਉਸਾਰ ਕੇ ਪੂਰੀ ਤਰ੍ਹਾਂ ਭਾਂਜ ਦੇਵੇਗੀ। ਇਸ ਕਾਰਜ ਲਈ ਛੇਤੀ ਹੀ ਖੱਬੀਆਂ, ਜਮਹੂਰੀ ਧਰਮ ਨਿਰਪੱਖ ਤੇ ਦੇਸ਼ ਭਗਤ ਰਾਜਨੀਤਕ ਪਾਰਟੀਆਂ, ਜਨਤਕ ਜਥੇਬੰਦੀਆਂ ਤੇ ਬੁੱਧੀਜੀਵੀਆਂ ਦੀ ਇਕ ਵਿਸ਼ਾਲ ਮੀਟਿੰਗ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿਚ ਉਕਤ ਮੰਤਵ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ।''
ਇਹ ਸ਼ਬਦ ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਇਕ ਪ੍ਰੈਸ ਕਾਨਫਰੰਸ ਵਿਚ ਆਖੇ। ਇਕ ਪਾਸੇ ਮੋਦੀ ਸਰਕਾਰ ਦੀਆਂ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਆਰਥਿਕ ਨੀਤੀਆਂ ਨਾਲ ਦੇਸ਼ ਨੂੰ ਭਿਆਨਕ ਆਰਥਿਕ ਮੰਦੀ ਨੇ ਜਕੜ ਲਿਆ ਹੈ, ਜਿਸਦੇ ਨਤੀਜੇ ਵਜੋਂ ਅੱਤ ਦੀ ਮਹਿੰਗਾਈ, ਬੇਕਾਰੀ, ਡੀਜ਼ਲ, ਪੈਟਰੋਲੀਅਮ ਦੀਆਂ ਅਸਮਾਨ ਛੂਹਦੀਆਂ ਕੀਮਤਾਂ ਤੇ ਸਮਾਜਿਕ ਸੁਰੱਖਿਆ ਦੀ ਘਾਟ ਨੇ ਲੋਕਾਂ ਨੂੰ ਤਰਾਹ ਤਰਾਹ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ ਤੇ ਦੂਸਰੇ ਬੰਨੇ ਨੋਟਬੰਦੀ ਤੇ ਜੀ.ਐਸ.ਟੀ. ਵਰਗੇ ਲੋਕ ਵਿਰੋਧੀ ਕਦਮਾਂ ਨੇ ਛੋਟੇ ਵਿਉਪਾਰੀਆਂ, ਦੁਕਾਨਦਾਰਾਂ ਤੇ ਘਰੇਲੂ ਉਦਯੋਗਪਤੀਆਂ ਨੂੰ ਤਬਾਹ ਕਰ ਦਿੱਤਾ ਹੈ।
ਸਾਥੀ ਪਾਸਲਾ ਨੇ ਅੱਗੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਪੂਰੀ ਤਰ੍ਹਾਂ ਵਿਸਾਰ ਦਿੱਤਾ ਹੈ ਤੇ ਲੋਕ ਸੰਘਰਸ਼ਾਂ ਨੂੰ ਗੈਰ ਜਮਹੂਰੀ ਢੰਗਾਂ ਨਾਲ ਦਬਾਉਣ ਦਾ ਅਕਾਲੀ-ਭਾਜਪਾ ਸਰਕਾਰ ਵਾਲਾ ਰਾਹ ਚੁਣ ਲਿਆ ਹੈ। ਥਾਂ ਥਾਂ ਘਰ ਬਣਾਉਣ ਵਾਸਤੇ ਪਲਾਟਾਂ ਦੀ ਮੰਗ ਕਰਦਿਆਂ ਸੰਘਰਸ਼ਸ਼ੀਲ ਬੇਜ਼ਮੀਨੇ ਲੋਕਾਂ ਤੇ ਦਲਿਤਾਂ ਉਪਰ ਪੁਲਸ ਅਤੇ ਗੁੰਡਾ ਤੱਤਾਂ ਵਲੋਂ ਵੱਡੀ ਪੱਧਰ 'ਤੇ ਜ਼ੁਲਮ ਢਾਇਆ ਜਾ ਰਿਹਾ ਹੈ। ਟਪਿਆਲਾ (ਅੰਮ੍ਰਿਤਸਰ) ਵਿਖੇ ਇਨ੍ਹਾਂ ਖੂਨੀ ਹਮਲਿਆਂ ਵਿਚ ਇਕ ਦਿਹਾਤੀ ਮਜ਼ਦੂਰ ਸੁਖਦੇਵ ਸਿੰਘ ਸ਼ਹੀਦ ਹੋ ਗਿਆ ਹੈ ਤੇ ਹੋਰ ਕਈ ਸਾਥੀ ਜ਼ਖ਼ਮੀ ਹੋਏ ਹਨ। ਕਰਜ਼ੇ ਦੇ ਭਾਰ ਹੇਠਾਂ ਦੱਬੇ ਖੇਤ ਮਜ਼ਦੂਰਾਂ ਤੇ ਕਿਸਾਨਾਂ ਦੇ ਹੱਕੀ ਸੰਘਰਸ਼ਾਂ ਉਪਰ ਕੀਤੇ ਜਾ ਰਹੇ ਪੁਲਸ ਦਮਨ ਦੀ ਨਿਖੇਧੀ ਕਰਦਿਆਂ ਸਾਥੀ ਪਾਸਲਾ ਨੇ ਪਾਰਟੀ ਵਲੋਂ ਐਲਾਨ ਕੀਤਾ ਹੈ ਕਿ ਸਰਕਾਰੀ ਨੀਤੀਆਂ ਤੇ ਫਿਰਕੂ ਤਾਕਤਾਂ ਵਿਰੁੱਧ ਅਤੇ ਲੋਕ ਹਿੱਤਾਂ ਦੀ ਰਾਖੀ ਲਈ ਆਰ.ਐਮ.ਪੀ.ਆਈ. ਦੇਸ਼ ਪੱਧਰ ਉਪਰ ਸਾਂਝੀ ਜਨਤਕ ਲਹਿਰ ਉਸਾਰਨ ਲਈ ਪੂਰੀ ਵਾਹ ਲਾਏਗੀ।
ਸਾਥੀ ਪਾਸਲਾ ਨੇ ਐਲਾਨ ਕੀਤਾ ਕਿ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵਿਚ ਹੋਏ ਲੱਕ ਤੋੜਵੇਂ ਵਾਧੇ ਦੇ  ਵਿਰੁੱਧ 24 ਸਤੰਬਰ ਨੂੰ ਪਿੰਡਾਂ ਤੇ ਸ਼ਹਿਰਾਂ ਵਿਚ ਮੋਦੀ ਸਰਕਾਰ ਦੇ ਪੁਤਲੇ ਫੂਕੇ ਜਾਣਗੇ।
ਮੰਗਤ ਰਾਮ ਪਾਸਲਾ ਨੇ ਅੱਗੇ ਦੱਸਿਆ ਕਿ ਬਠਿੰਡਾ ਸ਼ਹਿਰ ਵਿਖੇ ਪਾਰਟੀ ਦੀ ਪਹਿਲੀ ਸੂਬਾਈ ਜਥੇਬੰਦਕ ਕਾਨਫਰੰਸ 26-27-28 ਸਤੰਬਰ ਨੂੰ ਕੀਤੀ ਜਾਵੇਗੀ ਜਿਸ ਵਿਚ ਜੁੜਨ ਵਾਲੇ 325 ਡੈਲੀਗੇਟਾਂ ਤੇ ਦਰਸ਼ਕਾਂ ਵਲੋਂ ਭਵਿੱਖ ਵਿਚ ਅਰੰਭੇ ਜਾਣ ਵਾਲੇ ਜਨਤਕ ਘੋਲਾਂ ਤੇ ਸੰਘ ਪਰਿਵਾਰ ਦੀਆਂ ਫਿਰਕਾਪ੍ਰਸਤ ਨੀਤੀਆਂ ਨੂੰ ਪਛਾੜਨ ਲਈ ਯੋਜਨਾਬੰਦੀ ਕੀਤੀ ਜਾਵੇਗੀ। ਸ਼ਹੀਦ-ਇ-ਆਜ਼ਮ ਭਗਤ ਸਿੰਘ ਨੂੰ ਸਮਰਪਤ ਸ਼ਹੀਦ ਗਦਰੀ ਬਾਬਾ ਰਹਿਮਤ ਅਲੀ ਵਜ਼ੀਦਕੇ ਕੰਪਲੈਕਸ, ਗਦਰੀ ਬਾਬਾ ਮੰਗੂ ਰਾਮ ਮੁਗੋਵਾਲ ਹਾਲ ਅਤੇ ਸ਼ਹੀਦ ਗੁਰਨਾਮ ਸਿੰਘ ਉਪਲ ਮੰਚ 'ਤੇ ਕੀਤੀ ਜਾਣ ਵਾਲੀ ਆਰ.ਐਮ.ਪੀ.ਆਈ. ਦੀ ਇਸ ਪਹਿਲੀ ਜਥੇਬੰਦਕ ਕਾਨਫਰੰਸ ਵਿਚ ਨਵੀਂ ਸੂਬਾ ਕਮੇਟੀ, ਸੂਬਾਈ ਸਕੱਤਰ ਅਤੇ ਆਰ.ਐਮ.ਪੀ.ਆਈ. ਦੀ 23 ਤੋਂ 26 ਨਵੰਬਰ 2017 ਨੂੰ ਚੰਡੀਗੜ੍ਹ ਹੋਣ ਵਾਲੀ ਕੁਲ ਹਿੰਦ ਕਾਨਫਰੰਸ ਲਈ ਡੈਲੀਗੇਟਾਂ ਦੀ ਚੋਣ ਕੀਤੀ ਜਾਵੇਗੀ।
ਸਾਥੀ ਪਾਸਲਾ ਨੇ ਦੱਸਿਆ ਕਿ ਕਾਨਫਰੰਸ ਦੇ ਅੰਤਲੇ ਦਿਨ 28 ਸਤੰਬਰ ਨੂੰ 'ਅੰਧ ਰਾਸ਼ਟਰਵਾਦ ਦਾ ਦੌਰ ਤੇ ਪ੍ਰਗਤੀਸ਼ੀਲ ਧਿਰਾਂ ਦੀ ਭੂਮਿਕਾ' ਵਿਸ਼ੇ 'ਤੇ ਸੈਮੀਨਾਰ ਹੋਵੇਗਾ ਜਿਸ ਨੂੰ ਦੇਸ਼ ਦੇ ਪ੍ਰਸਿੱਧ ਪੱਤਰਕਾਰ ਤੇ ਲੇਖਕ ਸ਼੍ਰੀ ਰਾਮ ਸ਼ਰਨ ਜੋਸ਼ੀ ਸੰਬੋਧਨ ਕਰਨਗੇ।

(ਮੰਗਤ ਰਾਮ ਪਾਸਲਾ)

Wednesday 20 September 2017

ਅੰਧ ਰਾਸ਼ਟਰਵਾਦ ਦਾ ਦੌਰ ਤੇ ਪ੍ਰਗਤੀਸ਼ੀਲ ਧਿਰਾਂ ਦੀ ਭੂਮਿਕਾ' ਵਿਸ਼ੇ 'ਤੇ ਸੈਮੀਨਾਰ 28 ਸਤੰਬਰ ਨੂੰ


ਕਿਸਾਨਾਂ ਦੀਆਂ ਗ੍ਰਿਫਤਾਰੀਆਂ ਅਤੇ ਲਾਠੀਚਾਰਜ ਕਰਨਾ ਜਮਹੂਰੀ ਅਧਿਕਾਰਾਂ 'ਤੇ ਹਮਲਾ: ਪਾਸਲਾ

ਜਲੰਧਰ 20 ਸਤੰਬਰ - ''ਪੰਜਾਬ ਸਰਕਾਰ ਲੋਕਾਂ ਨਾਲ ਚੋਣਾਂ ਸਮੇਂ ਕੀਤੇ ਵਾਅਦੇ ਪੂਰੇ ਕਰੇ ਅਤੇ ਸੰਘਰਸ਼ ਕਰ ਰਹੇ ਕਿਸਾਨਾਂ ਉਤੇ ਅਤਿਆਚਾਰ ਕਰਨਾ ਬੰਦ ਕਰੇ'' ਇਹ ਸ਼ਬਦ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਹੇ।
ਸਾਥੀ ਪਾਸਲਾ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵੇਲੇ ਕਿਸਾਨਾਂ ਮਜ਼ਦੂਰਾਂ ਸਿਰ ਚੜਿਆ ਹਰ ਪ੍ਰਕਾਰ ਦਾ ਕਰਜਾ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ ਪਰ ਚੋਣਾਂ ਜਿੱਤ ਕੇ ਪੰਜਾਬ ਵਿਚ ਸਰਕਾਰ ਬਣਾ ਲੈਣ ਤੋਂ ਬਾਅਦ ਉਹ ਵਾਅਦਾ ਵਫ਼ਾ ਨਹੀ ਹੋਇਆ ਅਤੇ ਪੰਜਾਬ ਵਿਚ ਮਜ਼ਦੂਰਾਂ ਤੇ ਕਿਸਾਨਾਂ ਦੀਆਂ ਖੁਦਕਸ਼ੀਆਂ ਪਹਿਲਾਂ ਦੀ ਤਰ੍ਹਾਂ ਲਗਾਤਾਰ ਜਾਰੀ ਹਨ।
ਕਾਮਰੇਡ ਪਾਸਲਾ ਨੇ ਦੱਸਿਆ ਕਿ ਕਰਜਾ ਮੁਆਫੀ, ਵੇਚੀਆਂ ਫਸਲਾਂ ਦੇ ਬਕਾਏ, ਪੈਦਾ ਕੀਤੀਆਂ ਫਸਲਾਂ ਦੇ ਲਾਹੇਵੇਦ ਭਾਅ ਲੈਣ ਲਈ ਅਤੇ ਹੋਰ ਮੰਗਾਂ ਲਈ ਪੰਜਾਬ ਅੰਦਰ ਸਾਰੀਆਂ ਹੀ ਕਿਸਾਨ-ਮਜ਼ਦੂਰ ਜਥੇਬੰਦੀਆਂ ਆਪੋ ਆਪਣੇ ਢੰਗ ਨਾਲ ਸੰਘਰਸ਼ ਕਰ ਰਹੀਆਂ ਹਨ। ਪਰ ਕੈਪਟਨ ਸਰਕਾਰ ਸੰਘਰਸ਼ ਕਰਦੀਆਂ ਕਿਸਾਨ ਜਥੇਬੰਦੀਆਂ ਉਪਰ ਅਤਿਆਚਾਰ ਕਰ ਰਹੀ ਹੈ। 22 ਸਤੰਬਰ ਤੋਂ ਮੁਖ ਮੰਤਰੀ ਦੀ ਪਟਿਆਲਾ ਰਿਹਾਇਸ਼ ਦੇ ਸਾਹਮਣੇ 5 ਦਿਨ ਦਾ ਧਰਨਾ ਮਾਰਨ ਦਾ ਐਲਾਨ ਕਿਸਾਨ ਜਥੇਬੰਦੀਆਂ ਵਲੋਂ ਕੀਤਾ ਗਿਆ ਹੈ ਅਤੇ ਮੁਹਾਲੀ ਵਿਖੇ ਕਿਸਾਨ ਧਰਨਾ ਲਾਕੇ ਬੈਠੇ ਹੋਏ ਹਨ। ਪੰਜਾਬ ਸਰਕਾਰ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਕਰਕੇ ਅਤੇ ਕਿਸਾਨਾਂ ਉਪਰ ਲਾਠੀਚਾਰਜ ਕਰਕੇ ਉਹਨਾਂ ਦੇ ਜਮਹੂਰੀ ਅਧਿਕਾਰਾਂ ਉਤੇ ਹਮਲਾ ਕਰ ਰਹੀ ਹੈ। ਜਿਸ ਦੀ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਸਖਤ ਨਿੰਦਿਆ ਕਰਦੀ ਹੈ, ਅਤੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਫੜੇ ਹੋਏ ਕਿਸਾਨ ਤੁਰੰਤ ਰਿਹਾਅ ਕੀਤੇ ਜਾਣ ਅਤੇ ਕਿਸਾਨਾਂ ਦੀਆਂ ਕਰਜਾ ਮੁਆਫੀ ਸਮੇਤ ਸਾਰੀਆਂ ਜਾਇਜ ਮੰਗਾਂ ਤੁਰੰਤ ਪ੍ਰਵਾਨ ਕੀਤੀਆ ਜਾਣ। ਕਾਮਰੇਡ ਪਾਸਲਾ ਨੇ ਸਾਝੇ ਸੰਘਰਸ਼ਾਂ ਰਾਹੀਂ ਕੀਤੀਆਂ ਗਈਆ ਪਿਛਲੇ ਸਮੇਂ ਦੀਆਂ ਪ੍ਰਾਪਤੀਆਂ ਦੀ ਯਾਦ ਦਿਵਾਉਦਿਆਂ ਜੋਰ ਦੇ ਕੇ ਕਿਹਾ ਕਿ ਸਾਰੀਆਂ ਮਜਦੂਰ ਕਿਸਾਨ ਜਥੇਬੰਦੀਆਂ ਆਪਣੀ ਸੰਕੀਰਨਵਾਦੀ ਸੋਚ ਅਤੇ ਸਰਕਾਰ ਨਾਲ ਮੇਲ-ਮਿਲਾਪ ਦੀ ਨੀਤੀ ਤਿਆਗ ਕੇ ਇਕ ਮੰਚ ਤੇ ਇਕੱਠੀਆਂ ਹੋਣ ਅਤੇ ਸਾਂਝਾ ਸੰਘਰਸ਼ ਕਰਨ ਤਾਂ ਕਿ ਸਰਕਾਰ ਦੀ ਹੰਕਾਰਵਾਦੀ ਅਤੇ ਲੋਕ ਵਿਰੋਧੀ ਸੋਚ  ਨੂੰ ਭਾਂਜ ਦਿਤੀ ਜਾ ਸਕੇ।
ਜਾਰੀ ਕਰਤਾ
ਮੰਗਤ ਰਾਮ ਪਾਸਲਾ
ਜਨਰਲ ਸੱਕਤਰ  ਆਰ.ਐਮ.ਪੀ.ਆਈ

Saturday 16 September 2017

ਆਰ.ਐਮ.ਪੀ.ਆਈ. ਦੀ ਪੰਜਾਬ ਰਾਜ ਕਮੇਟੀ ਦੀ ਸੂਬਾਈ ਜਥੇਬੰਦਕ ਕਾਨਫ਼ਰੰਸ 26 ਤੋਂ 28 ਸਤੰਬਰ ਨੂੰ

ਬਠਿੰਡਾ, 16 ਸਤੰਬਰ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਦੀ ਸੂਬਾਈ ਜਥੇਬੰਦਕ ਕਾਨਫ਼ਰੰਸ 26 ਤੋਂ 28 ਸਤੰਬਰ 2017 ਤੱਕ ਜੁਗਰਾਜ ਪੈਲੇਸ, ਨਜਦੀਕ ਸਿਲਵਰ ਉਕਸ ਸਕੂਲ ਬੀਬੀ ਵਾਲਾ ਰੋਡ, ਬਠਿੰਡਾ ਵਿਖੇ ਹੋਣ ਜਾ ਰਹੀ ਹੈ।
ਉਕਤ ਜਾਣਕਾਰੀ ਅੱਜ ਇੱਕ ਲਿਖਤੀ ਬਿਆਨ ਰਾਹੀਂ ਪਾਰਟੀ ਦੇ ਸੂਬਾਈ ਸਕੱਤਰੇਤ ਮੈਂਬਰ ਸਾਥੀ ਮਹੀਪਾਲ ਅਤੇ ਬਠਿੰਡਾ-ਮਾਨਸਾ ਜ਼ਿਲ੍ਹਾ ਕਮੇਟੀ ਦੇ ਸਕੱਤਰ ਸਾਥੀ ਲਾਲ ਚੰਦ ਸਰਦੂਲਗੜ੍ਹ ਨੇ ਦਿੱਤੀ।
ਦੋਹਾਂ ਆਗੂਆਂ ਨੇ ਦੱਸਿਆ ਕਿ ਜਥੇਬੰਦਕ ਕਾਨਫ਼ਰੰਸ ਦੀ ਤਿੰਨ ਦਿਨ ਚੱਲਣ ਵਾਲੀ ਸਮੁੱਚੀ ਕਰਵਾਈ ਸ਼ਹੀਦ-ਏ-ਆਜਮ ਭਗਤ ਸਿੰਘ ਦੇ ਜਨਮ ਦਿਵਸ 28 ਸਤੰਬਰ 2017 ਨੂੰ ਸਮਰਪਿਤ ਹੋਵੇਗੀ। ਉਨ੍ਹਾਂ ਕਿਹਾ ਕਿ 28 ਸਤੰਬਰ ਨੂੰ ਪੈਲੇਸ ਦੇ ਹਾਲ ਵਿੱਚ 'ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੀ ਅਜੋਕੇ ਦੌਰ 'ਚ ਪਰਸੰਗਕਤਾ' ਵਿਸ਼ੇ ਦਾ ਸੂਬਾਈ ਸੈਮੀਨਾਰ ਹੋਵੇਗਾ।
ਸਾਥੀ ਮਹੀਪਾਲ ਅਤੇ ਲਾਲ ਚੰਦ ਨੇ ਕਿਹਾ ਕਿ ਕਾਨਫ਼ਰੰਸ ਦੇ ਸਮੁੱਚੇ ਚੌਗਿਰਦੇ ਨੂੰ 'ਗਦਰੀ ਸ਼ਹੀਦ ਰਹਿਮਤ ਅਲੀ ਵਜ਼ੀਦ ਕੇ ਨਗਰ' ਦਾ ਨਾਂ ਦਿੱਤਾ ਜਾਵੇਗਾ। ਕਾਨਫ਼ਰੰਸ ਵਾਲੇ ਹਾਲ ਅਤੇ ਸਟੇਜ ਨੂੰ ਕ੍ਰਮਵਾਰ 'ਗਦਰੀ ਬਾਬਾ ਮੰਗੂਰਾਮ ਮੁੱਗੋਵਾਲ ਹਾਲ' ਅਤੇ 'ਸ਼ਹੀਦ ਸਾਥੀ ਗੁਰਨਾਮ ਸਿੰਘ ਉੱਪਲ ਮੰਚ' ਦਾ ਨਾਂਅ ਦਿੱਤਾ ਜਾਵੇਗਾ।
ਦੋਹਾਂ ਆਗੂਆਂ ਨੇ ਅੱਗੇ ਦੱਸਿਆ ਕਿ ਤਿੰਨ ਦਿਨਾਂ ਕਾਨਫਰੰਸ 'ਚ ਭਵਿੱਖ ਦੀਆਂ ਰਾਜਸੀ ਸਰਗਰਮੀਆਂ, ਪਾਰਟੀ ਦੇ ਪਸਾਰ ਅਤੇ ਮਜ਼ਬੂਤੀ 'ਤੇ ਜਨਸੰਗਰਾਮਾਂ ਦੀ ਰੂਪ ਰੇਖਾ ਉਲੀਕੀ ਜਾਵੇਗੀ। ਇਸ ਤੋਂ ਇਲਾਵਾ ਆਉਂਦੇ ਸਮੇਂ ਲਈ ਸੂੂਬਾਈ ਟੀਮ ਅਤੇ ਸਕੱਤਰ ਦੀ ਚੋਣ ਵੀ ਕੀਤੀ ਜਾਣੀ ਹੈ। ਕਾਨਫ਼ਰੰਸ ਸ਼ਹੀਦਾਂ ਦੀ ਯਾਦ ਵਿੱਚ ਸੂਹਾ ਝੰਡਾ ਲਹਿਰਾਏ ਜਾਣ ਉਪਰੰਤ 26 ਸਤੰਬਰ ਨੂੰ ਠੀਕ 12 ਵਜੇ ਦਿਨੇ ਸ਼ੁਰੂ ਹੋਵੇਗੀ ਅਤੇ 28 ਸਤੰਬਰ ਨੂੰ ਬਾਅਦ ਦੁਪਹਿਰ 3.30 ਵਜੇ ਸੰਪੰਨ ਹੋਵੇਗੀ।
ਕਾਨਫ਼ਰੰਸ ਦੀ ਹਰ ਪੱਖ ਤੋਂ ਕਾਮਯਾਬੀ ਲਈ ਇੱਕ ਸੁਆਗਤੀ ਕਮੇਟੀ ਚੁਣੀ ਗਈ ਹੈ, ਜਿਸ ਦੇ ਚੇਅਰਮੈਨ ਉੱਘੇ ਪੰਜਾਬੀ ਲੇਖਕ ਸ਼੍ਰੀ ਜਸਪਾਲ ਮਾਨਖੇੜਾ ਚੁਣੇ ਗਏ ਹਨ। ਸਰਵ ਸਾਥੀ ਸੰਪੂਰਨ ਸਿੰਘ, ਮਿੱਠੂ ਸਿੰਘ ਚਹਿਲ, ਹਰਬੰਸ ਸਿੰਘ ਸੰਧੂ (ਉਪ ਚੇਅਰਮੈਂਨ) ਸੱਤਪਾਲ ਗੋਇਲ (ਸਕੱਤਰ), ਦਮਜੀਤ ਦਰਸ਼ਨ, ਨਾਇਬ ਸਿੰਘ ਔਲਖ, ਲਾਭ ਸਿੰਘ ਬਾਜਕ (ਸਹਾਇਕ ਸਕੱਤਰ), ਮਲਕੀਤ ਸਿੰਘ ਮਹਿਮਾ (ਵਿੱਤ ਸਕੱਤਰ), ਜਗਤਾਰ ਸਿੰਘ (ਪ੍ਰੈਸ ਸਕੱਤਰ), ਸਰਬਜੀਤ ਢਿੱਲੋਂ (ਕੋ-ਆਰਡੀਨੇਟਰ) ਚੁਣੇ ਗਏ ਹਨ। ਸਮਾਜ ਦੀਆਂ ਅਨੇਕਾਂ ਸ਼ਖਸ਼ੀਅਤਾਂ ਨੂੰ ਕਮੇਟੀ ਮੈਂਬਰ ਚੁਣਿਆ ਗਿਆ ਹੈ।

(ਮਹੀਪਾਲ)

Saturday 9 September 2017

ਨਵ ਉਦਾਰਵਾਦੀ ਨੀਤੀਆਂ ਅਤੇ ਫ਼ਿਰਕੂ-ਫੁੱਟ ਪਾਊ ਤਾਕਤਾਂ ਖ਼ਿਲਾਫ਼ ਦੇਸ਼ ਭਰ 'ਚ ਸੰਘਰਸ਼ ਤੇਜ਼ ਕਰਨ ਦਾ ਸੱਦਾ

ਤਰੀਸ਼ੂਰ (ਕੇਰਲਾ) 9 ਸਤੰਬਰ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇਸ਼ ਦੇ ਲੋਕਾਂ ਦੀ ਰੱਤ ਨਿਚੋੜ ਰਹੀਆਂ ਨਵ ਉਦਾਰਵਾਦੀ ਨੀਤੀਆਂ ਅਤੇ ਮਾਨਵਤਾ ਦੀਆਂ ਸਭ ਤੋਂ ਖ਼ਤਰਨਾਕ ਦੁਸ਼ਮਣ ਫ਼ਿਰਕੂ-ਫੁੱਟ ਪਾਊ ਤਾਕਤਾਂ ਖ਼ਿਲਾਫ਼ ਦੇਸ਼ ਭਰ 'ਚ ਸੰਘਰਸ਼ ਤੇਜ਼ ਕਰੇਗੀ।
ਉਕਤ ਫ਼ੈਸਲਾ ਸਾਥੀ ਕੇ.ਗੰਗਾਧਰਨ ਦੀ ਪ੍ਰਧਾਨਗੀ ਹੇਠ ਆਰ.ਐਮ.ਪੀ.ਆਈ. ਦੀ ਕੇਂਦਰੀ ਕਮੇਟੀ ਦੀ ਸੰਪੰਨ ਹੋਈ ਮੀਟਿੰਗ ਵਿੱਚ ਲਿਆ ਗਿਆ।
ਮੀਟਿੰਗ ਦੇ ਫ਼ੈਸਲੇ ਜਾਰੀ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਦੱਸਿਆ ਕਿ ਉਪਰੋਕਤ ਦੇਸ਼ ਭਗਤ ਸੰਗਰਾਮ ਦੀ ਸਫ਼ਲਤਾ ਲਈ ਖੱਬੀਆਂ ਅਤੇ ਸੰਗਰਾਮੀ ਧਿਰਾਂ ਦਾ ਬਹੁਪੱਖੀ ਸਹਿਯੋਗ ਲੈਣ ਲਈ ਸਿਰ ਤੋੜ ਯਤਨ ਕੀਤੇ ਜਾਣਗੇ।
ਸਾਥੀ ਪਾਸਲਾ ਨੇ ਅੱਗੇ ਦੱਸਿਆਂ ਕਿ ਯੁੱਗ ਪਲਟਾਊ ਅਕਤੂਬਰ ਇਨਕਲਾਬ ਦੀ 100ਵੀਂ ਵਰ੍ਹੇਗੰਢ ਦੇਸ਼ ਭਰ ਵਿੱਚ ਲੋਕ ਮਾਰਚ ਜਥੇਬੰਦ ਕਰਕੇ ਮਨਾਈ ਜਾਵੇਗੀ ਤਾਂ ਕਿ ਅਕਤੂਬਰ ਇਨਕਲਾਬ ਦੀਆਂ ਸ਼ਾਨਾਂ ਮੱਤੀਆਂ ਪ੍ਰਾਪਤੀਆਂ ਕਿਰਤੀਆਂ ਨਾਲ ਸਾਂਝੀਆਂ ਕੀਤੀ ਜਾ ਸਕਣ।
ਸਾਥੀ ਪਾਸਲਾ ਨੇ ਪ੍ਰਸਿੱਧ ਪੱਤਰਕਾਰ ਅਤੇ ਸਮਾਜਵਾਦੀ ਗ਼ੌਰੀ ਲੰਕੇਸ਼ ਦੇ ਕਾਇਰਤਾ ਪੂਰਨ ਕਤਲ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਉਸ ਦੇ ਕਾਤਲਾਂ ਅਤੇ ਉਨ੍ਹਾਂ ਦੀ ਪੁਸ਼ਤ ਪਨਾਹੀ ਕਰਨ ਵਾਲਿਆਂ ਦੀ ਬਿਨਾਂ ਦੇਰੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਭਾਜਪਾ ਵਿਧਾਇਕ ਅਤੇ ਆਗੂ ਇਹ ਬਿਆਨ ਦੇਣ ਕਿ ਜੇ ਗ਼ੌਰੀ ਆਰ.ਐਸ.ਐਸ. ਤੇ ਭਾਜਪਾ ਦੇ ਖ਼ਿਲਾਫ਼ ਨਾ ਲਿਖਦੀ ਤਾਂ ਕਤਲ ਨਹੀਂ ਹੋਣਾ ਸੀ ਤਾਂ ਉਦੋਂ ਕਾਤਲਾਂ ਬਾਰੇ ਭੁਲੇਖੇ ਦੀ ਕੋਈ ਗੁੰਜਾਇਸ਼ ਨਹੀਂ ਰਹਿ ਜਾਂਦੀ।
ਉਨ੍ਹਾਂ ਜਾਣਕਾਰੀ ਦਿੱਤੀ ਕਿ ਕੇਂਦਰੀ ਕਮੇਟੀ ਵੱਲੋਂ ਚੰਡੀਗੜ੍ਹ ਵਿਖੇ 23 ਤੋਂ 26 ਨਵੰਬਰ 2017 ਤੱਕ ਕੀਤੀ ਜਾ ਰਹੀ ਪਾਰਟੀ ਦੀ ਪਲੇਠੀ ਕੁੱਲ ਹਿੰਦ ਕਾਨਫ਼ਰੰਸ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ। ਉਕਤ ਕਾਨਫ਼ਰੰਸ ਵਿੱਚ ਦੇਸ਼ ਭਰ 'ਚੋਂ ਪੁੱਜਣ ਵਾਲੇ 400 ਡੈਲੀਗੇਟਾਂ ਵੱਲੋਂ ਪਾਰਟੀ ਪ੍ਰੋਗਰਾਮ ਅਤੇ ਰਾਜਸੀ 'ਤੇ ਵਿਚਾਰਧਾਰਕ ਮਤੇ ਨੂੰ ਗੰਭੀਰ ਵਿਚਾਰਾਂ ਉਪਰੰਤ ਮਨਜ਼ੂਰੀ ਦਿੱਤੀ ਜਾਵੇਗੀ।

Wednesday 6 September 2017

ਗੌਰੀ ਲੰਕੇਸ਼ ਦੇ ਕਤਲ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ

ਜਲੰਧਰ, 6 ਸਤੰਬਰ- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਨੇ ਉੱਘੀ ਪੱਤਰਕਾਰ ਅਤੇ ਕਾਲਮ ਨਵੀਸ ਸਾਥੀ ਗੌਰੀ ਲੰਕੇਸ਼ ਦੀ ਕਾਇਰਤਾਪੂਰਨ ਹੱਤਿਆ ਦੀ ਪੁਰਜ਼ੋਰ ਸ਼ਬਦਾਂ 'ਚ ਨਿਖੇਧੀ ਕੀਤੀ ਹੈ। ਅੱਜ ਇੱਥੋਂ ਜਾਰੀ ਇੱਕ ਬਿਆਨ 'ਚ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਨਰਿੰਦਰ ਦਭੋਲਕਰ, ਗੋਵਿੰਦ ਪਨਸਾਰੇ ਅਤੇ ਪ੍ਰੋ. ਕਲਬੁਰਗੀ ਦੇ ਘਿਨਾਉਣੇ ਕਤਲ ਤੋਂ ਬਾਅਦ ਪਿਛਾਂਹ ਖਿੱਚੂ ਤੇ ਬੌਣੀ ਸੋਚ ਦੇ ਕਾਤਲ ਟੋਲੇ ਵੱਲੋਂ ਆਪਣੇ ਸਰਪ੍ਰਸਤ ਫ਼ਿਰਕੂ ਲਾਣੇ ਦੀ ਸ਼ਹਿ 'ਤੇ ਇੱਕ ਹੋਰ ਰੌਸ਼ਨ ਦਿਮਾਗ਼ ਸਾਥੀ ਗ਼ੌਰੀ ਲੰਕੇਸ਼ ਦੇ ਰੂਪ 'ਚ ਕਰਿਆ ਹੀਣ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਰਿਆ ਹੀਣ ਹੋਣ ਦੇ ਬਾਵਜੂਦ ਸਾਥੀ ਗ਼ੌਰੀ ਦੇ ਦਿਮਾਗ਼ ਵਿਚਲੇ ਭਵਿੱਖ ਮੁਖੀ ਵਿਚਾਰ ਕਾਤਲਾਂ ਅਤੇ ਉਨ੍ਹਾਂ ਦੇ ਸਰਪ੍ਰਸਤਾਂ ਨੂੰ ਹਮੇਸ਼ਾ ਚਣੌਤੀ ਦਿੰਦੇ ਰਹਿਣਗੇ। ਉਨ੍ਹਾ ਕਾਤਲਾਂ ਨੂੰ ਬਿਨਾਂ ਦੇਰੀ ਗ੍ਰਿਫ਼ਤਾਰ ਕਰਨ ਅਤੇ ਕਤਲ ਪਿਛਲੇ ਸਾਜ਼ਿਸ਼ ਕਰਤਾਵਾਂ ਨੂੰ ਲੋਕ ਕਚਹਿਰੀ 'ਚ ਬੇਪਰਦ ਕਰਨ ਦਾ ਸੱਦਾ ਦਿੱਤਾ।
ਸਾਥੀ ਪਾਸਲਾ ਨੇ ਅੱਗੇ ਕਿਹਾ ਕਿ ਕਤਲ ਦੇ ਪਿਛੋਕੜ ਨਾਲ ਜੁੜਿਆ ਘਟਨਾਕ੍ਰਮ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਸਾਥੀ ਗ਼ੌਰੀ ਲੰਕੇਸ਼ ਦੇ ਕਤਲ ਪਿੱਛੇ ਕੱਟੜ ਹਿੰਦੂਤਵ ਵਾਦੀ ਕਾਤਲ ਗਰੋਹਾਂ ਦਾ ਹੱਥ ਹੈ। ਜ਼ਿਕਰਯੋਗ ਹੈ ਕਿ ਆਪਣੀ ਲਿਖਤਾਂ ਰਾਹੀਂ ਸਰਕਾਰ ਦੇ ਹੱਥ ਠੋਕੇ ਫ਼ਿਰਕੂ ਤੱਤਾਂ ਨੂੰ ਚਣੌਤੀ ਦੇਣ ਬਦਲੇ ਨਾ ਸਿਰਫ਼ ਗ਼ੌਰੀ ਲੰਕੇਸ਼ ਨੂੰ ਮਾਣਹਾਨੀ ਦਾ ਮੁਕੱਦਮਾ ਝੱਲਣਾ ਪਿਆ ਸੀ ਬਲਕਿ ਉਨ੍ਹਾਂ ਨੂੰ ਅਨੇਕਾਂ ਵਾਰ ਉਕਤ ਹਨੇਰੇ ਦੇ ਸੁਦਾਗਰਾਂ ਵੱਲੋਂ ਕਤਲ ਕਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਸਨ। ਸਾਥੀ ਪਾਸਲਾ ਨੇ ਸਮੂਹ ਪਾਰਟੀ ਇਕਾਈਆਂ, ਹਮਦਰਦਾਂ ਅਤੇ ਜਨ ਸੰਗਠਨਾਂ ਨੂੰ ਉਕਤ ਕਾਇਰਤਾ ਪੂਰਨ ਕਤਲ ਵਿਰੁੱਧ ਹਰ ਢੰਗ ਦੀ ਲਾਮਬੰਦੀ ਦਾ ਸੱਦਾ ਦਿੱਤਾ।
ਕਾਮਰੇਡ ਪਾਸਲਾ ਨੇ ਸਮੂਹ ਖੱਬੀਆਂ ਅਤੇ ਪ੍ਰਗਤੀਸ਼ੀਲ ਧਿਰਾਂ ਨੂੰ ਉਕਤ ਕਤਲੋਗਾਰਤ ਵਿਰੁੱਧ ਸਾਂਝਾ ਮੰਚ ਅਤੇ ਸਾਂਝਾ ਸੰਗਰਾਮ ਉਸਾਰਨ ਦੀ ਅਪੀਲ ਵੀ ਕੀਤੀ।
(ਮੰਗਤ ਰਾਮ ਪਾਸਲਾ)