Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Wednesday 6 September 2017

ਗੌਰੀ ਲੰਕੇਸ਼ ਦੇ ਕਤਲ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ

ਜਲੰਧਰ, 6 ਸਤੰਬਰ- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਨੇ ਉੱਘੀ ਪੱਤਰਕਾਰ ਅਤੇ ਕਾਲਮ ਨਵੀਸ ਸਾਥੀ ਗੌਰੀ ਲੰਕੇਸ਼ ਦੀ ਕਾਇਰਤਾਪੂਰਨ ਹੱਤਿਆ ਦੀ ਪੁਰਜ਼ੋਰ ਸ਼ਬਦਾਂ 'ਚ ਨਿਖੇਧੀ ਕੀਤੀ ਹੈ। ਅੱਜ ਇੱਥੋਂ ਜਾਰੀ ਇੱਕ ਬਿਆਨ 'ਚ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਨਰਿੰਦਰ ਦਭੋਲਕਰ, ਗੋਵਿੰਦ ਪਨਸਾਰੇ ਅਤੇ ਪ੍ਰੋ. ਕਲਬੁਰਗੀ ਦੇ ਘਿਨਾਉਣੇ ਕਤਲ ਤੋਂ ਬਾਅਦ ਪਿਛਾਂਹ ਖਿੱਚੂ ਤੇ ਬੌਣੀ ਸੋਚ ਦੇ ਕਾਤਲ ਟੋਲੇ ਵੱਲੋਂ ਆਪਣੇ ਸਰਪ੍ਰਸਤ ਫ਼ਿਰਕੂ ਲਾਣੇ ਦੀ ਸ਼ਹਿ 'ਤੇ ਇੱਕ ਹੋਰ ਰੌਸ਼ਨ ਦਿਮਾਗ਼ ਸਾਥੀ ਗ਼ੌਰੀ ਲੰਕੇਸ਼ ਦੇ ਰੂਪ 'ਚ ਕਰਿਆ ਹੀਣ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਰਿਆ ਹੀਣ ਹੋਣ ਦੇ ਬਾਵਜੂਦ ਸਾਥੀ ਗ਼ੌਰੀ ਦੇ ਦਿਮਾਗ਼ ਵਿਚਲੇ ਭਵਿੱਖ ਮੁਖੀ ਵਿਚਾਰ ਕਾਤਲਾਂ ਅਤੇ ਉਨ੍ਹਾਂ ਦੇ ਸਰਪ੍ਰਸਤਾਂ ਨੂੰ ਹਮੇਸ਼ਾ ਚਣੌਤੀ ਦਿੰਦੇ ਰਹਿਣਗੇ। ਉਨ੍ਹਾ ਕਾਤਲਾਂ ਨੂੰ ਬਿਨਾਂ ਦੇਰੀ ਗ੍ਰਿਫ਼ਤਾਰ ਕਰਨ ਅਤੇ ਕਤਲ ਪਿਛਲੇ ਸਾਜ਼ਿਸ਼ ਕਰਤਾਵਾਂ ਨੂੰ ਲੋਕ ਕਚਹਿਰੀ 'ਚ ਬੇਪਰਦ ਕਰਨ ਦਾ ਸੱਦਾ ਦਿੱਤਾ।
ਸਾਥੀ ਪਾਸਲਾ ਨੇ ਅੱਗੇ ਕਿਹਾ ਕਿ ਕਤਲ ਦੇ ਪਿਛੋਕੜ ਨਾਲ ਜੁੜਿਆ ਘਟਨਾਕ੍ਰਮ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਸਾਥੀ ਗ਼ੌਰੀ ਲੰਕੇਸ਼ ਦੇ ਕਤਲ ਪਿੱਛੇ ਕੱਟੜ ਹਿੰਦੂਤਵ ਵਾਦੀ ਕਾਤਲ ਗਰੋਹਾਂ ਦਾ ਹੱਥ ਹੈ। ਜ਼ਿਕਰਯੋਗ ਹੈ ਕਿ ਆਪਣੀ ਲਿਖਤਾਂ ਰਾਹੀਂ ਸਰਕਾਰ ਦੇ ਹੱਥ ਠੋਕੇ ਫ਼ਿਰਕੂ ਤੱਤਾਂ ਨੂੰ ਚਣੌਤੀ ਦੇਣ ਬਦਲੇ ਨਾ ਸਿਰਫ਼ ਗ਼ੌਰੀ ਲੰਕੇਸ਼ ਨੂੰ ਮਾਣਹਾਨੀ ਦਾ ਮੁਕੱਦਮਾ ਝੱਲਣਾ ਪਿਆ ਸੀ ਬਲਕਿ ਉਨ੍ਹਾਂ ਨੂੰ ਅਨੇਕਾਂ ਵਾਰ ਉਕਤ ਹਨੇਰੇ ਦੇ ਸੁਦਾਗਰਾਂ ਵੱਲੋਂ ਕਤਲ ਕਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਸਨ। ਸਾਥੀ ਪਾਸਲਾ ਨੇ ਸਮੂਹ ਪਾਰਟੀ ਇਕਾਈਆਂ, ਹਮਦਰਦਾਂ ਅਤੇ ਜਨ ਸੰਗਠਨਾਂ ਨੂੰ ਉਕਤ ਕਾਇਰਤਾ ਪੂਰਨ ਕਤਲ ਵਿਰੁੱਧ ਹਰ ਢੰਗ ਦੀ ਲਾਮਬੰਦੀ ਦਾ ਸੱਦਾ ਦਿੱਤਾ।
ਕਾਮਰੇਡ ਪਾਸਲਾ ਨੇ ਸਮੂਹ ਖੱਬੀਆਂ ਅਤੇ ਪ੍ਰਗਤੀਸ਼ੀਲ ਧਿਰਾਂ ਨੂੰ ਉਕਤ ਕਤਲੋਗਾਰਤ ਵਿਰੁੱਧ ਸਾਂਝਾ ਮੰਚ ਅਤੇ ਸਾਂਝਾ ਸੰਗਰਾਮ ਉਸਾਰਨ ਦੀ ਅਪੀਲ ਵੀ ਕੀਤੀ।
(ਮੰਗਤ ਰਾਮ ਪਾਸਲਾ)

No comments:

Post a Comment