Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Thursday 28 September 2017

ਲੁੱਟ ਮਚਾਉਣ ਲਈ ਹਾਕਮ ਧਿਰਾਂ ਅੰਧ ਰਾਸ਼ਟਰਵਾਦ ਫੈਲਾ ਰਹੀਐ : ਰਾਮ ਸ਼ਰਨ ਜੋਸ਼ੀ

ਬਠਿੰਡਾ 28 ਸਤੰਬਰ -     ਅੰਧ ਰਾਸ਼ਟਰਵਾਦ ਦਾ ਹਮਲਾ ਕੋਈ ਨਿੱਖੜਵਾਂ ਵਰਤਾਰਾ ਨਹੀਂ ਬਲਕਿ ਸਾਮਰਾਜ ਵੱਲੋਂ ਸਮੁੱਚੇ ਸੰਸਾਰ 'ਤੇ ਆਪਣਾ ਆਰਥਿਕ ਰਾਜਸੀ ਗ਼ਲਬਾ ਕਾਇਮ ਕਰਨ ਲਈ ਸਾਮਰਾਜੀ ਦੇਸ਼ਾਂ ਅਤੇ ਸੰਸਾਰ ਭਰ ਵਿਚਲੇ ਉਨ੍ਹਾਂ ਦੇ ਹਮਾਇਤੀਆਂ ਵੱਲੋਂ ਗਿਣੀ ਮਿਥੀ ਸਾਜ਼ਿਸ਼ ਅਧੀਨ ਅਮਲ 'ਚ ਲਿਆਂਦਾ ਜਾ ਰਿਹਾ ਹੈ।
ਇਹ ਵਿਚਾਰ ਅੱਜ ਇੱਥੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਪੰਜਾਬ ਰਾਜ ਕਮੇਟੀ ਦੀ ਪਹਿਲੀ ਜਥੇਬੰਦਕ ਕਾਨਫ਼ਰੰਸ ਦੇ ਆਖ਼ਰੀ ਦਿਨ, ਸ਼ਹੀਦ ਭਗਤ ਸਿੰਘ ਦੇ 110ਵੇਂ ਜਨਮ ਦਿਨ ਨੂੰ ਸਮਰਪਿਤ ਇਕ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਉੱਘੇ ਪੱਤਰਕਾਰ ਤੇ ਲੇਖਕ ਸ਼੍ਰੀ ਰਾਮ ਸ਼ਰਨ ਜੋਸ਼ੀ ਨੇ ਪੇਸ਼ ਕੀਤੇ। ਅੱਜ ਦਾ ਇਹ ਸੈਮੀਨਾਰ 'ਅੰਧ ਰਾਸ਼ਟਰਵਾਦ ਦੇ ਦੌਰ ਵਿਚ ਪ੍ਰਗਤੀਸ਼ੀਲ ਧਿਰਾਂ ਦੀ ਭੂਮਿਕਾ' ਵਿਸ਼ੇ 'ਤੇ ਆਯੋਜਿਤ ਕੀਤਾ ਗਿਆ।
ਸ੍ਰੀ ਜੋਸ਼ੀ ਨੇ ਕਿਹਾ ਕਿ ਟਰੰਪ ਤੋਂ ਮੋਦੀ ਤੱਕ ਸਾਰੇ ਹਾਕਮ ਇਸ ਸਾਜ਼ਿਸ਼ੀ ਨੀਤੀ 'ਤੇ ਅਮਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੰਸਾਰ ਦੇ ਕਈ ਦੇਸ਼ਾਂ ਦੇ ਮੁਖੀ ਕਾਰਪੋਰੇਟ ਘਰਾਣਿਆਂ 'ਚੋਂ ਚੁਣੇ ਜਾ ਰਹੇ ਹਨ ਜਿਨ੍ਹਾਂ 'ਚ ਅਮਰੀਕਾ ਦਾ ਮੁਖੀ ਅਤੇ ਫਰਾਂਸ ਦੇ ਮੁਖੀ ਦਾ ਚੁਣਿਆ ਜਾਣਾ ਵਿਸ਼ੇਸ਼ ਜ਼ਿਕਰਯੋਗ ਹੈ। ਉਨ੍ਹਾਂ 1922 ਤੋਂ 2014 ਤੱਕ ਦੇ ਇਕ ਆਰਥਿਕ ਅਧਿਐਨ ਨੂੰ ਪੇਸ਼ ਕਰਦਿਆਂ ਕਿਹਾ ਕਿ ਉਦੋਂ ਤੋਂ ਲੈ ਕੇ ਗ਼ਰੀਬੀ ਅਮੀਰੀ ਦਾ ਪਾੜਾ ਲਗਾਤਾਰ ਤੇਜ਼ੀ ਨਾਲ ਵਧਿਆ ਹੈ। ਪਰ ਇਹ ਵਾਧਾ 1991 ਤੋਂ ਲਾਗੂ ਹੋਈਆਂ ਨਵ ਉਦਾਰਵਾਦੀ ਨੀਤੀਆਂ ਤੋਂ ਬਾਅਦ ਬਹੁਤ ਤੇਜ਼ੀ ਨਾਲ ਵਧਿਆ ਹੈ। ਇਸ ਲੁੱਟ ਨੂੰ ਹੋਰ ਤੇਜ਼ ਕਰਨ ਲਈ ਸੰਸਾਰ ਭਰ ਦੇ ਹਾਕਮ ਧਰਮ ਅਤੇ ਫ਼ਿਰਕੂ ਏਜੰਡੇ ਦਾ ਸਹਾਰਾ ਲੈ ਰਹੇ ਹਨ।
ਉਨ੍ਹਾਂ ਕਿਹਾ ਕਿ ਆਰਥਿਕ ਮੰਦਵਾੜੇ 'ਤੇ ਲੋਕਾਂ ਦਾ ਧਿਆਨ ਭਟਕਾਉਣ ਲਈ ਭਾਰਤ ਸਮੇਤ ਹੋਰਨਾਂ ਦੇਸ਼ਾਂ 'ਚ ਅੰਧ ਰਾਸ਼ਟਰਵਾਦ ਦਾ ਸਹਾਰਾ ਲਿਆ ਜਾ ਰਿਹਾ ਹੈ। ਜੋਸ਼ੀ ਨੇ ਕਿਹਾ ਕਿ ਕਿਹਾ ਜਾਂਦਾ ਹੈ ਕਿ ਧਰਮ ਰਾਸ਼ਟਰ ਨੂੰ ਬੰਨ੍ਹ ਕੇ ਰੱਖਦਾ ਹੈ ਪਰ ਇਸ 'ਚ ਸਚਾਈ ਨਹੀਂ ਹੈ। ਦੁਨੀਆ ਦੇ ਕਈ ਦੇਸ਼ ਇਕ ਧਰਮ ਹੋਣ ਕਾਰਨ ਆਪਸ ਵਿਚ ਲੜ ਰਹੇ ਹਨ।
ਅੰਤ ਸ੍ਰੀ ਜੋਸ਼ੀ ਨੇ ਕਿਹਾ ਕਿ ਅਜੋਕੇ ਦੌਰ 'ਚ ਮਿਹਨਤੀ ਤਬਕਿਆਂ ਖ਼ਾਸਕਰ ਦਲਿਤਾਂ, ਘੱਟ ਗਿਣਤੀਆਂ, ਔਰਤਾਂ ਅਤੇ ਆਦਿਵਾਸੀਆਂ ਨੂੰ ਨਾਲ ਲੈ ਕੇ ਹੀ ਸੰਘਰਸ਼ ਦਾ ਰਾਹ ਮਲਿਆ ਜਾ ਸਕਦਾ ਹੈ, ਜਿਸ ਨਾਲ ਇਸ ਅਖੌਤੀ ਅੰਧ ਰਾਸ਼ਟਰਵਾਦ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ।
ਇਸ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਅੰਧ ਰਾਸ਼ਟਰਵਾਦ ਦਾ ਮੁਕਾਬਲਾ ਮਜ਼ਬੂਤ ਜਥੇਬੰਦੀ ਨਾਲ ਹੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਅੰਧ ਰਾਸ਼ਟਰਵਾਦ ਦੇ ਦੌਰ 'ਚ ਘੱਟ ਗਿਣਤੀਆਂ, ਔਰਤਾਂ ਤੇ ਦਲਿਤਾਂ 'ਤੇ ਹਮਲੇ ਹੋਰ ਵੀ ਤਿੱਖੇ ਹੋ ਰਹੇ ਹਨ, ਜਿਨ੍ਹਾਂ ਨੂੰ ਲਾਮਬੰਦ ਕਰਨ ਤੋਂ ਬਿਨਾਂ ਹੋਰ ਕੋਈ ਵੀ ਚਾਰਾ ਨਹੀਂ ਹੈ। ਸਾਥੀ ਪਾਸਲਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਕਰਵਾਏ ਇਸ ਸੈਮੀਨਾਰ 'ਚ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੋਂ ਪਰੇਰਨਾ ਲੈਣੀ ਚਾਹੀਦੀ ਹੈ। ਜਿਨ੍ਹਾਂ ਨੇ ਦੇਸ਼ ਦੇ ਅੰਦੋਲਨ 'ਚ ਫ਼ਿਰਕੂ ਆਧਾਰ 'ਤੇ ਵੰਡ ਨੂੰ ਰੋਕਣ।
ਸਟੇਜ ਸਕੱਤਰ ਦੇ ਫ਼ਰਜ਼ ਗੁਰਨਾਮ ਸਿੰਘ ਦਾਊਦ ਨੇ ਨਿਭਾਏ, ਆਰੰਭ 'ਚ ਡਾ. ਜੋਸ਼ੀ ਦੀ ਜਾਣ ਪਛਾਣ ਡਾ. ਕਰਮਜੀਤ ਸਿੰਘ ਨੇ ਕਰਾਈ। ਇਸ ਮੌਕੇ ਸਵਾਗਤੀ ਕਮੇਟੀ ਦੇ ਚੇਅਰਮੈਨ ਜਸਪਾਲ ਮਾਨਖੇੜਾ ਤੋਂ ਬਿਨਾਂ ਸੂਬਾ ਸਕੱਤਰ ਸਾਥੀ ਹਰਕੰਵਲ ਸਿੰਘ ਤੇ ਸਾਰੇ ਸਕੱਤਰੇਤ ਮੈਂਬਰ ਹਾਜ਼ਰ ਸਨ। ਸਮਾਗਮ ਦੇ ਆਰੰਭ 'ਚ ਮਹੀਪਾਲ ਨੇ ਹਾਜ਼ਰੀਨ ਨੂੰ ਜੀ ਆਇਆ ਕਿਹਾ।

No comments:

Post a Comment