Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Friday 22 September 2017

ਸੰਘ ਪਰਿਵਾਰ ਦੇ ਨਾਪਾਕ ਫਿਰਕੂ ਇਰਾਦਿਆਂ ਨੂੰ ਭਾਂਜ ਦੇਣ ਲਈ ਮਜ਼ਬੂਤ ਜਨਤਕ ਲਹਿਰ ਉਸਾਰਨ ਦਾ ਐਲਾਨ

ਸੰਘ ਪਰਿਵਾਰ ਦੇ ਨਾਪਾਕ ਫਿਰਕੂ ਇਰਾਦਿਆਂ ਨੂੰ ਭਾਂਜ ਦੇਣ ਲਈ ਮਜ਼ਬੂਤ ਜਨਤਕ ਲਹਿਰ ਉਸਾਰਨ ਦਾ ਐਲਾਨ
ਜਲੰਧਰ, 22 ਸਤੰਬਰ - ''ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (RMPI) ਸੰਘ ਪਰਿਵਾਰ ਦੇ ਨਾਪਾਕ ਫਿਰਕੂ ਇਰਾਦਿਆਂ ਨੂੰ ਇਕ ਮਜ਼ਬੂਤ ਜਨਤਕ ਲਹਿਰ ਉਸਾਰ ਕੇ ਪੂਰੀ ਤਰ੍ਹਾਂ ਭਾਂਜ ਦੇਵੇਗੀ। ਇਸ ਕਾਰਜ ਲਈ ਛੇਤੀ ਹੀ ਖੱਬੀਆਂ, ਜਮਹੂਰੀ ਧਰਮ ਨਿਰਪੱਖ ਤੇ ਦੇਸ਼ ਭਗਤ ਰਾਜਨੀਤਕ ਪਾਰਟੀਆਂ, ਜਨਤਕ ਜਥੇਬੰਦੀਆਂ ਤੇ ਬੁੱਧੀਜੀਵੀਆਂ ਦੀ ਇਕ ਵਿਸ਼ਾਲ ਮੀਟਿੰਗ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿਚ ਉਕਤ ਮੰਤਵ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ।''
ਇਹ ਸ਼ਬਦ ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਇਕ ਪ੍ਰੈਸ ਕਾਨਫਰੰਸ ਵਿਚ ਆਖੇ। ਇਕ ਪਾਸੇ ਮੋਦੀ ਸਰਕਾਰ ਦੀਆਂ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਆਰਥਿਕ ਨੀਤੀਆਂ ਨਾਲ ਦੇਸ਼ ਨੂੰ ਭਿਆਨਕ ਆਰਥਿਕ ਮੰਦੀ ਨੇ ਜਕੜ ਲਿਆ ਹੈ, ਜਿਸਦੇ ਨਤੀਜੇ ਵਜੋਂ ਅੱਤ ਦੀ ਮਹਿੰਗਾਈ, ਬੇਕਾਰੀ, ਡੀਜ਼ਲ, ਪੈਟਰੋਲੀਅਮ ਦੀਆਂ ਅਸਮਾਨ ਛੂਹਦੀਆਂ ਕੀਮਤਾਂ ਤੇ ਸਮਾਜਿਕ ਸੁਰੱਖਿਆ ਦੀ ਘਾਟ ਨੇ ਲੋਕਾਂ ਨੂੰ ਤਰਾਹ ਤਰਾਹ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ ਤੇ ਦੂਸਰੇ ਬੰਨੇ ਨੋਟਬੰਦੀ ਤੇ ਜੀ.ਐਸ.ਟੀ. ਵਰਗੇ ਲੋਕ ਵਿਰੋਧੀ ਕਦਮਾਂ ਨੇ ਛੋਟੇ ਵਿਉਪਾਰੀਆਂ, ਦੁਕਾਨਦਾਰਾਂ ਤੇ ਘਰੇਲੂ ਉਦਯੋਗਪਤੀਆਂ ਨੂੰ ਤਬਾਹ ਕਰ ਦਿੱਤਾ ਹੈ।
ਸਾਥੀ ਪਾਸਲਾ ਨੇ ਅੱਗੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਪੂਰੀ ਤਰ੍ਹਾਂ ਵਿਸਾਰ ਦਿੱਤਾ ਹੈ ਤੇ ਲੋਕ ਸੰਘਰਸ਼ਾਂ ਨੂੰ ਗੈਰ ਜਮਹੂਰੀ ਢੰਗਾਂ ਨਾਲ ਦਬਾਉਣ ਦਾ ਅਕਾਲੀ-ਭਾਜਪਾ ਸਰਕਾਰ ਵਾਲਾ ਰਾਹ ਚੁਣ ਲਿਆ ਹੈ। ਥਾਂ ਥਾਂ ਘਰ ਬਣਾਉਣ ਵਾਸਤੇ ਪਲਾਟਾਂ ਦੀ ਮੰਗ ਕਰਦਿਆਂ ਸੰਘਰਸ਼ਸ਼ੀਲ ਬੇਜ਼ਮੀਨੇ ਲੋਕਾਂ ਤੇ ਦਲਿਤਾਂ ਉਪਰ ਪੁਲਸ ਅਤੇ ਗੁੰਡਾ ਤੱਤਾਂ ਵਲੋਂ ਵੱਡੀ ਪੱਧਰ 'ਤੇ ਜ਼ੁਲਮ ਢਾਇਆ ਜਾ ਰਿਹਾ ਹੈ। ਟਪਿਆਲਾ (ਅੰਮ੍ਰਿਤਸਰ) ਵਿਖੇ ਇਨ੍ਹਾਂ ਖੂਨੀ ਹਮਲਿਆਂ ਵਿਚ ਇਕ ਦਿਹਾਤੀ ਮਜ਼ਦੂਰ ਸੁਖਦੇਵ ਸਿੰਘ ਸ਼ਹੀਦ ਹੋ ਗਿਆ ਹੈ ਤੇ ਹੋਰ ਕਈ ਸਾਥੀ ਜ਼ਖ਼ਮੀ ਹੋਏ ਹਨ। ਕਰਜ਼ੇ ਦੇ ਭਾਰ ਹੇਠਾਂ ਦੱਬੇ ਖੇਤ ਮਜ਼ਦੂਰਾਂ ਤੇ ਕਿਸਾਨਾਂ ਦੇ ਹੱਕੀ ਸੰਘਰਸ਼ਾਂ ਉਪਰ ਕੀਤੇ ਜਾ ਰਹੇ ਪੁਲਸ ਦਮਨ ਦੀ ਨਿਖੇਧੀ ਕਰਦਿਆਂ ਸਾਥੀ ਪਾਸਲਾ ਨੇ ਪਾਰਟੀ ਵਲੋਂ ਐਲਾਨ ਕੀਤਾ ਹੈ ਕਿ ਸਰਕਾਰੀ ਨੀਤੀਆਂ ਤੇ ਫਿਰਕੂ ਤਾਕਤਾਂ ਵਿਰੁੱਧ ਅਤੇ ਲੋਕ ਹਿੱਤਾਂ ਦੀ ਰਾਖੀ ਲਈ ਆਰ.ਐਮ.ਪੀ.ਆਈ. ਦੇਸ਼ ਪੱਧਰ ਉਪਰ ਸਾਂਝੀ ਜਨਤਕ ਲਹਿਰ ਉਸਾਰਨ ਲਈ ਪੂਰੀ ਵਾਹ ਲਾਏਗੀ।
ਸਾਥੀ ਪਾਸਲਾ ਨੇ ਐਲਾਨ ਕੀਤਾ ਕਿ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵਿਚ ਹੋਏ ਲੱਕ ਤੋੜਵੇਂ ਵਾਧੇ ਦੇ  ਵਿਰੁੱਧ 24 ਸਤੰਬਰ ਨੂੰ ਪਿੰਡਾਂ ਤੇ ਸ਼ਹਿਰਾਂ ਵਿਚ ਮੋਦੀ ਸਰਕਾਰ ਦੇ ਪੁਤਲੇ ਫੂਕੇ ਜਾਣਗੇ।
ਮੰਗਤ ਰਾਮ ਪਾਸਲਾ ਨੇ ਅੱਗੇ ਦੱਸਿਆ ਕਿ ਬਠਿੰਡਾ ਸ਼ਹਿਰ ਵਿਖੇ ਪਾਰਟੀ ਦੀ ਪਹਿਲੀ ਸੂਬਾਈ ਜਥੇਬੰਦਕ ਕਾਨਫਰੰਸ 26-27-28 ਸਤੰਬਰ ਨੂੰ ਕੀਤੀ ਜਾਵੇਗੀ ਜਿਸ ਵਿਚ ਜੁੜਨ ਵਾਲੇ 325 ਡੈਲੀਗੇਟਾਂ ਤੇ ਦਰਸ਼ਕਾਂ ਵਲੋਂ ਭਵਿੱਖ ਵਿਚ ਅਰੰਭੇ ਜਾਣ ਵਾਲੇ ਜਨਤਕ ਘੋਲਾਂ ਤੇ ਸੰਘ ਪਰਿਵਾਰ ਦੀਆਂ ਫਿਰਕਾਪ੍ਰਸਤ ਨੀਤੀਆਂ ਨੂੰ ਪਛਾੜਨ ਲਈ ਯੋਜਨਾਬੰਦੀ ਕੀਤੀ ਜਾਵੇਗੀ। ਸ਼ਹੀਦ-ਇ-ਆਜ਼ਮ ਭਗਤ ਸਿੰਘ ਨੂੰ ਸਮਰਪਤ ਸ਼ਹੀਦ ਗਦਰੀ ਬਾਬਾ ਰਹਿਮਤ ਅਲੀ ਵਜ਼ੀਦਕੇ ਕੰਪਲੈਕਸ, ਗਦਰੀ ਬਾਬਾ ਮੰਗੂ ਰਾਮ ਮੁਗੋਵਾਲ ਹਾਲ ਅਤੇ ਸ਼ਹੀਦ ਗੁਰਨਾਮ ਸਿੰਘ ਉਪਲ ਮੰਚ 'ਤੇ ਕੀਤੀ ਜਾਣ ਵਾਲੀ ਆਰ.ਐਮ.ਪੀ.ਆਈ. ਦੀ ਇਸ ਪਹਿਲੀ ਜਥੇਬੰਦਕ ਕਾਨਫਰੰਸ ਵਿਚ ਨਵੀਂ ਸੂਬਾ ਕਮੇਟੀ, ਸੂਬਾਈ ਸਕੱਤਰ ਅਤੇ ਆਰ.ਐਮ.ਪੀ.ਆਈ. ਦੀ 23 ਤੋਂ 26 ਨਵੰਬਰ 2017 ਨੂੰ ਚੰਡੀਗੜ੍ਹ ਹੋਣ ਵਾਲੀ ਕੁਲ ਹਿੰਦ ਕਾਨਫਰੰਸ ਲਈ ਡੈਲੀਗੇਟਾਂ ਦੀ ਚੋਣ ਕੀਤੀ ਜਾਵੇਗੀ।
ਸਾਥੀ ਪਾਸਲਾ ਨੇ ਦੱਸਿਆ ਕਿ ਕਾਨਫਰੰਸ ਦੇ ਅੰਤਲੇ ਦਿਨ 28 ਸਤੰਬਰ ਨੂੰ 'ਅੰਧ ਰਾਸ਼ਟਰਵਾਦ ਦਾ ਦੌਰ ਤੇ ਪ੍ਰਗਤੀਸ਼ੀਲ ਧਿਰਾਂ ਦੀ ਭੂਮਿਕਾ' ਵਿਸ਼ੇ 'ਤੇ ਸੈਮੀਨਾਰ ਹੋਵੇਗਾ ਜਿਸ ਨੂੰ ਦੇਸ਼ ਦੇ ਪ੍ਰਸਿੱਧ ਪੱਤਰਕਾਰ ਤੇ ਲੇਖਕ ਸ਼੍ਰੀ ਰਾਮ ਸ਼ਰਨ ਜੋਸ਼ੀ ਸੰਬੋਧਨ ਕਰਨਗੇ।

(ਮੰਗਤ ਰਾਮ ਪਾਸਲਾ)

No comments:

Post a Comment