Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Wednesday 11 October 2017

ਆਰ.ਐਮ.ਪੀ.ਆਈ. ਵੱਲੋਂ 7 ਨਵੰਬਰ ਨੂੰ ਸਾਰੇ ਜ਼ਿਲ੍ਹਾ ਕੇਂਦਰਾਂ 'ਤੇ ਵਿਸ਼ਾਲ ਰੈਲੀਆਂ ਤੇ ਮੁਜ਼ਾਹਰੇ ਕਰਨ ਦਾ ਸੱਦਾ

ਜਲੰਧਰ 11 ਅਕਤੂਬਰ - ਦੁਨੀਆ ਦੇ ਪਹਿਲੇ ਸਮਾਜਵਾਦੀ ਇਨਕਲਾਬ ਦੀ 100ਵੀਂ ਵਰ੍ਹੇਗੰਢ 'ਤੇ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵੱਲੋਂ 7 ਨਵੰਬਰ 2017 ਨੂੰ ਸਾਰੇ ਜ਼ਿਲ੍ਹਾ ਕੇਂਦਰਾਂ ਉੱਪਰ ਵਿਸ਼ਾਲ ਰੈਲੀਆਂ ਤੇ ਮੁਜ਼ਾਹਰੇ ਕੀਤੇ ਜਾਣਗੇ। ਇਹਨਾਂ ਜਨਤਕ ਇਕੱਠਾਂ ਵਿਚ ਪੰਜਾਬ ਦੀ ਕਾਂਗਰਸੀ ਸਰਕਾਰ ਵੱਲੋਂ ਲੋਕਾਂ ਨਾਲ ਚੋਣਾਂ ਸਮੇਂ ਕੀਤੇ ਗਏ ਮਿਤੀ ਬੱਧ ਤੇ ਲਿਖਤੀ ਵਾਅਦਿਆਂ ਨੂੰ 6 ਮਹੀਨਿਆਂ ਵਿਚ ਵੀ ਲਾਗੂ ਨਾ ਕਰਨ ਅਤੇ ਕੇਂਦਰੀ ਸਰਕਾਰ ਦੀਆਂ ਛੋਟੇ ਕਾਰੋਬਾਰ ਤੇ ਰੋਜ਼ਗਾਰ ਤਬਾਹ ਕਰਨ ਵਾਲੀਆਂ ਨੀਤੀਆਂ ਵਿਰੁੱਧ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਜਾਵੇਗੀ। ਇਹ ਫ਼ੈਸਲਾ ਅੱਜ ਏਥੇ ਪਾਰਟੀ ਦੀ ਸੂਬਾ ਕਮੇਟੀ ਦੀ ਕਾਮਰੇਡ ਮੰਗਤ ਰਾਮ ਪਾਸਲਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਕੀਤਾ ਗਿਆ।
ਮੀਟਿੰਗ ਦੇ ਫ਼ੈਸਲੇ ਪ੍ਰੈੱਸ ਨੂੰ ਰਿਲੀਜ਼ ਕਰਦਿਆਂ ਪਾਰਟੀ ਦੇ ਸੂਬਾਈ ਸਕੱਤਰ ਕਾਮਰੇਡ ਹਰਕੰਵਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਜ਼ਾਹਰਿਆਂ ਦੀ ਤਿਆਰੀ ਲਈ 25 ਅਕਤੂਬਰ ਤੱਕ ਸਾਰੇ ਜ਼ਿਲ੍ਹਿਆਂ ਅੰਦਰ ਕਨਵੈੱਨਸ਼ਨਾਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਨੋਟ ਬੰਦੀ ਅਤੇ ਜੀ.ਐਸ.ਟੀ. ਨੇ ਹਰ ਤਰ੍ਹਾਂ ਦੇ ਛੋਟੇ ਕਾਰੋਬਾਰਾਂ ਅਤੇ ਖੇਤੀ ਉੱਪਰ ਬਹੁਤ ਹੀ ਤਬਾਹਕੁਨ ਅਸਰ ਪਾਇਆ ਹੈ। ਜਿਸ ਕਾਰਨ ਲੱਖਾਂ ਦੀ ਗਿਣਤੀ ਵਿਚ ਹੋਰ ਕਾਮੇ ਬੇਰੁਜ਼ਗਾਰ ਹੋਏ ਹਨ ਅਤੇ ਬੇਜ਼ਮੀਨੇ ਦਿਹਾਤੀ ਮਜ਼ਦੂਰਾਂ ਤੇ ਕਿਸਾਨਾਂ ਵੱਲੋਂ ਨਿਰਾਸ਼ਾ ਵੱਸ ਕੀਤੀਆਂ ਜਾਂਦੀਆਂ ਖੁਦਕੁਸ਼ੀਆਂ ਦੀ ਗਿਣਤੀ ਵਿਚ ਵੀ ਵਾਧਾ ਹੋਇਆ ਹੈ। ਏਥੋਂ ਤੱਕ ਕਿ ਦੇਸ਼ ਦੀ ਸਮੁੱਚੀ ਅਰਥ ਵਿਵਸਥਾ ਪੂਰੀ ਤਰ੍ਹਾਂ ਡਗਮਗਾ ਗਈ ਹੈ ਜਿਸ ਨੂੰ ਦੇਸ਼ ਦੇ ਰਿਜ਼ਰਵ ਬੈਂਕ ਨੇ ਵੀ ਸਪਸ਼ਟ ਰੂਪ ਵਿਚ ਸਵੀਕਾਰਿਆ ਹੈ। ਇਸ ਦੇ ਬਾਵਜੂਦ ਮੋਦੀ ਸਰਕਾਰ ਇਹਨਾਂ ਕਾਰਪੋਰੇਟ ਪੱਖੀ ਨੀਤੀਆਂ ਨੂੰ ਤਿਆਗਣ ਦੀ ਬਜਾਏ ਵੱਡੇ ਉਦਯੋਗਪਤੀਆਂ ਦੇ ਦਬਾਅ ਹੇਠ ਉਲਟਾ ਹੋਰ ਤਿੱਖਾ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੀ ਅਮਰਿੰਦਰ ਸਿੰਘ ਸਰਕਾਰ ਦੇ ਕਾਰ ਵਿਹਾਰ ਨੇ ਵੀ ਇਹ ਸਿੱਧ ਕਰ ਦਿੱਤਾ ਹੈ ਕਿ ਇਸ ਦਾ ਪਿਛਲੀ ਅਕਾਲੀ-ਭਾਜਪਾ ਸਰਕਾਰ ਨਾਲੋਂ ਕਿਸੇ ਪੱਖੋਂ ਵੀ ਕੋਈ ਫ਼ਰਕ ਨਹੀਂ ਹੈ। ਪ੍ਰਾਂਤ ਅੰਦਰ ਮਾਫ਼ੀਆ-ਤੰਤਰ ਦੀਆਂ ਧੱਕੇਸ਼ਾਹੀਆਂ ਵੀ ਓਵੇਂ ਹੀ ਜਾਰੀ ਹਨ ਅਤੇ ਲੁੱਟਾਂ ਖੋਹਾਂ ਵੀ ਵਧਦੀਆਂ ਜਾ ਰਹੀਆਂ ਹਨ। ਇਸ ਸਰਕਾਰ ਨੇ ਕਾਲਾ ਕਾਨੂੰਨ ਲਾਗੂ ਕਰਕੇ, ਉਲਟਾ, ਲੋਕਾਂ ਦੇ ਜਮਹੂਰੀ ਅਧਿਕਾਰਾਂ ਉੱਪਰ ਵੀ ਨਵਾਂ ਵਾਰ ਕੀਤਾ ਹੈ। ਜਿਸ ਦਾ ਟਾਕਰਾ ਕਰਨ ਲਈ ਸਾਰੀਆਂ ਲੋਕ ਪੱਖੀ ਸ਼ਕਤੀਆਂ ਦਾ ਇੱਕਜੁੱਟ ਹੋਣਾ ਬੇਹੱਦ ਜ਼ਰੂਰੀ ਬਣ ਗਿਆ ਹੈ। ਇਸ ਪਿਛੋਕੜ ਵਿਚ, ਪਾਰਟੀ ਵੱਲੋਂ ਸਮੂਹ ਖੱਬੀਆਂ ਜਮਹੂਰੀ ਤੇ ਧਰਮ ਨਿਰਪੱਖ ਸ਼ਕਤੀਆਂ ਨੂੰ ਇਹਨਾਂ ਮੁਜ਼ਾਹਰਿਆਂ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਮਲ ਹੋਣ ਲਈ ਅਪੀਲ ਕੀਤੀ ਜਾਂਦੀ ਹੈ।
ਪਾਰਟੀ ਦੀ 23 ਤੋਂ 26 ਨਵੰਬਰ ਤੱਕ ਚੰਡੀਗੜ੍ਹ ਵਿਖੇ ਹੋ ਰਹੀ ਕੁਲ ਹਿੰਦ ਕਾਨਫ਼ਰੰਸ ਦੀਆਂ ਤਿਆਰੀਆਂ ਬਾਰੇ ਵੀ ਸੂਬਾ ਕਮੇਟੀ ਦੀ ਇਸ ਮੀਟਿੰਗ ਵਿਚ ਵਿਸਥਾਰ ਸਹਿਤ ਯੋਜਨਾਬੰਦੀ ਕੀਤੀ ਗਈ।
ਸੂਬਾ ਕਮੇਟੀ ਨੇ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਅਤੇ ਨਰਮੇ ਦੀ ਵਿੱਕਰੀ ਪ੍ਰਤੀ ਸਰਕਾਰ ਦੇ ਨੁਕਸਦਾਰ ਵਤੀਰੇ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਇਹਨਾਂ ਮੁੱਦਿਆਂ 'ਤੇ ਕਿਸਾਨਾਂ ਨੂੰ ਇੱਕਜੁੱਟ ਹੋ ਕੇ ਸਰਕਾਰ ਦੇ ਕਿਸਾਨ ਵਿਰੋਧੀ ਕਦਮਾਂ ਦਾ ਟਾਕਰਾ ਕਰਨ ਦਾ ਸੱਦਾ ਦਿੱਤਾ।

(ਹਰਕੰਵਲ ਸਿੰਘ)
ਸਕੱਤਰ, ਪੰਜਾਬ ਸੂਬਾ ਕਮੇਟੀ, ਆਰ.ਐਮ.ਪੀ.ਆਈ.

ਜਿੱਲ੍ਹਾ ਪੱਧਰੀ ਕਨਵੈੱਨਸ਼ਨਾਂ 'ਚ ਥਰਮਲਾਂ ਦਾ ਮੁੱਦਾ ਪ੍ਰਮੁੱਖਤਾ ਨਾਲ ਉਭਾਰਿਆ ਜਾਵੇਗਾ: ਪਾਸਲਾ

ਬਠਿੰਡਾ, 11 ਅਕਤੂਬਰ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵੱਲੋਂ ਸਰਕਾਰੀ ਥਰਮਲਾਂ ਨੂੰ ਬੰਦ ਕਰਨ ਦੀ ਨੀਤੀ ਦਾ ਹਰ ਪੱਧਰ 'ਤੇ ਡਟਵਾਂ ਵਿਰੋਧ ਕੀਤਾ ਜਾਵੇਗਾ। ਇਹ ਗੱਲ ਅੱਜ ਇੱਥੇ ਥਰਮਲ ਕਾਮਿਆਂ ਦੇ ਥਰਮਲ ਬੰਦ ਕਰਨ ਵਿਰੁੱਧ ਚੱਲ ਰਹੇ ਸੰਘਰਸ਼ ਨੂੰ ਹਿਮਾਇਤ ਦੇਣ ਲਈ ਉਚੇਚੇ ਪੁੱਜੇ ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਹੀ। ਸਾਥੀ ਪਾਸਲਾ ਵੱਲੋਂ ਉਕਤ ਮਕਸਦ ਦਾ ਇਕ ਬਿਆਨ ਜਾਰੀ ਕਰਦਿਆਂ ਆਰ.ਐਮ.ਪੀ.ਆਈ. ਦੇ ਸੂਬਾਈ ਸਕੱਤਰੇਤ ਦੇ ਮੈਂਬਰ ਸਾਥੀ ਮਹੀਪਾਲ ਨੇ ਦੱਸਿਆ ਕਿ ਪਾਰਟੀ ਵੱਲੋਂ 25 ਅਕਤੂਬਰ ਤੱਕ ਲੋਕ ਮੁੱਦਿਆਂ ਦੇ ਹੱਲ ਲਈ ਸਮੂਹ ਜਿੱਲ੍ਹਿਆਂ ਵਿਚ ਕੀਤੀਆਂ ਜਾ ਰਹੀਆਂ ਕਨਵੈੱਨਸ਼ਨਾਂ ਵਿਚ ਥਰਮਲਾਂ ਦਾ ਮੁੱਦਾ ਪ੍ਰਮੁੱਖਤਾ ਨਾਲ ਉਭਾਰਿਆ ਜਾਵੇਗਾ। ਸਾਥੀ ਪਾਸਲਾ ਨੇ ਸਸਤੀ ਬਿਜਲੀ ਪੈਦਾ ਕਰਨ ਵਾਲੇ ਥਰਮਲਾਂ ਨੂੰ ਬੰਦ ਕਰਕੇ ਨਿੱਜੀ ਘਰਾਣਿਆਂ ਤੋਂ ਅਤੀ ਮਹਿੰਗੀ ਬਿਜਲੀ ਖ਼ਰੀਦਣ ਦੀ ਨੀਤੀ 'ਤੇ ਜ਼ੋਰਦਾਰ ਹਮਲਾ ਕਰਦਿਆਂ ਖ਼ਦਸ਼ਾ ਜ਼ਾਹਿਰ ਕੀਤਾ ਕਿ ਅਜਿਹੇ ਸੌਦਿਆਂ ਪਿੱਛੇ ਉੱਚੀਆਂ ਦਰਾਂ ਵਾਲੀ ਕਮਿਸ਼ਨ ਖੋਰੀ ਦਾ ਗੋਰਖ ਧੰਦਾ ਕੰਮ ਕਰ ਰਿਹਾ ਹੈ।
ਸਾਥੀ ਪਾਸਲਾ ਨੇ ਕਿਹਾ ਕਿ ਥਰਮਲਾਂ ਨਾਲ ਜੁੜੇ ਲੱਖਾਂ ਲੋਕਾਂ ਦੀ ਰੋਜ਼ੀ ਰੋਟੀ ਦੇ ਜੁਗਾੜ ਦਾ ਇਸ ਨੀਤੀ ਨਾਲ ਇੱਕੋ ਝਟਕੇ 'ਚ ਖ਼ਾਤਮਾ ਹੋ ਜਾਵੇਗਾ, ਪਰ ਪੰਜਾਬ ਤੇ ਕੇਂਦਰੀ ਸਰਕਾਰ ਇਸ ਮਸਲੇ ਪ੍ਰਤੀ ਪੂਰੀ ਤਰ੍ਹਾਂ ਅਸੰਵੇਦਨਸ਼ੀਲ ਬਣੀਆਂ ਹੋਈਆਂ ਹਨ।
ਸਾਥੀ ਮੰਗਤ ਰਾਮ ਪਾਸਲਾ ਵੱਲੋਂ ਪੰਜਾਬ ਵਾਸੀਆਂ ਨੂੰ ਆਗਾਹ ਕਰਦਿਆਂ ਕਿਹਾ ਕਿ ਬੀਤੇ ਦੇ ਕੌੜੇ ਅਨੁਭਵਾਂ ਦੇ ਅਧਾਰ 'ਤੇ ਇਹ ਗੱਲ ਬਿਨਾਂ ਕਿਸੇ ਸ਼ੱਕ ਦੇ ਕਹੀ ਜਾ ਸਕਦੀ ਹੈ ਕਿ ਥਰਮਲ ਬੰਦ ਹੋਣ ਤੋਂ ਬਾਅਦ ਥਰਮਲਾਂ ਦੀ ਹਜ਼ਾਰਾਂ ਏਕੜ ਜ਼ਮੀਨ ਅਤੇ ਹੋਰ ਜਾਇਦਾਦਾਂ ਸਿਆਸੀ ਪ੍ਰਭੂ ਮੁਫ਼ਤੋ ਮੁਫ਼ਤੀ ਹੜੱਪ ਕਰ ਜਾਣਗੇ।
ਸਾਥੀ ਪਾਸਲਾ ਨੇ ਯਾਦ ਦਿਵਾਇਆ ਕਿ ਸਾਫ਼ ਸੁਥਰੀ ਰਾਜਨੀਤੀ ਦੇ ਪਹਾੜਾਂ ਜਿੱਡੇ ਦਾਅਵੇ ਕਰਨ ਵਾਲਾ ਮਨਪ੍ਰੀਤ ਬਾਦਲ ਵਿਧਾਨ ਸਭਾ ਚੋਣਾਂ ਦੌਰਾਨ ਗਲੀ ਗਲੀ ਥਰਮਲ ਨੂੰ ਚੱਲਦੇ ਰੱਖਣ ਦਾ ਵਾਅਦਾ ਕਰਦਾ ਰਿਹਾ ਹੈ ਪਰ ਚੋਣਾਂ ਜਿੱਤਣ ਸਾਰ ਉਕਤ ਵਾਅਦੇ ਤੋਂ ਕਿਨਾਰਾਕਸ਼ੀ ਕਰ ਗਿਆ ਹੈ।
ਕਮਿਊਨਿਸਟ ਆਗੂ ਨੇ ਸਵਾਲ ਕੀਤਾ ਕਿ ਅਜਿਹੇ ਸੰਵੇਦਨਸ਼ੀਲ ਮੁੱਦਿਆਂ 'ਤੇ ਪੀੜਤਾਂ ਦਾ ਪੱਖ ਸਰਕਾਰੀ ਮਸ਼ੀਨਰੀ ਦੀ ਬਜਾਇ ਮੰਤਰੀਆਂ ਦੇ ਕਰੀਬੀ ਰਿਸ਼ਤੇਦਾਰ ਕਿਸੇ ਅਧਿਕਾਰ ਅਧੀਨ ਸੁਣ ਰਹੇ ਹਨ?
ਉਨ੍ਹਾਂ ਸਮੂਹ ਪੰਜਾਬੀਆਂ ਨੂੰ ਉਕਤ ਘੋਲ ਦੀ ਹਰ ਪੱਖੋਂ ਹਿਮਾਇਤ ਕਰਨ ਦੀ ਅਪੀਲ ਕੀਤੀ।

ਜਾਰੀ ਕਰਤਾ

(ਮਹੀਪਾਲ)
99153-12806

Tuesday 10 October 2017

ਲੋਕਾਂ ਦੀਆਂ ਲੋੜਾਂ ਮੁਤਾਬਿਕ ਤੈਅ ਹੋਣ ਦੇਸ਼ ਦੀਆਂ ਵਿਕਾਸ ਨੀਤੀਆਂ

ਮੰਗਤ ਰਾਮ ਪਾਸਲਾ
 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਪਾਨ ਤੋਂ 88 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈ ਕੇ ਅਹਿਮਦਾਬਾਦ ਤੋਂ ਮੁੰਬਈ ਵਿਚਕਾਰ ਚੱਲਣ ਵਾਲੀ 'ਬੁਲੇਟ ਟਰੇਨ' ਦੇ ਪ੍ਰਾਜੈਕਟ ਨੂੰ 'ਨਿਊ ਇੰਡੀਆ' ਦੇ ਸੰਕਲਪ ਦਾ ਨਾਂਅ ਦਿੱਤਾ ਹੈ। ਇਸ ਪ੍ਰਾਜੈਕਟ ਨੂੰ ਸਿਰੇ ਚਾੜ੍ਹਨ ਲਈ 0.1 ਫ਼ੀਸਦੀ ਦੇ ਵਿਆਜ ਨਾਲ ਪ੍ਰਾਪਤ ਰਾਸ਼ੀ ਉਪਰੰਤ (ਜੋ 50 ਸਾਲਾਂ ਵਿਚ ਵਾਪਸ ਕੀਤੀ ਜਾਣੀ ਹੈ) ਪ੍ਰਧਾਨ ਮੰਤਰੀ ਸਾਹਿਬ ਨੇ 'ਗੌਰਵ' ਮਹਿਸੂਸ ਕਰਦਿਆਂ ਜਾਪਾਨ ਦੀ 'ਸੱਚੀ' ਮਿੱਤਰਤਾ ਦੇ ਕਸੀਦੇ ਪੜ੍ਹੇ ਹਨ। ਕਰਜ਼ਾ ਚੁੱਕ ਕੇ ਆਪਣਾ ਸੁਪਨਾ (ਆਮ ਲੋਕਾਂ ਦਾ ਬਿਲਕੁਲ ਨਹੀਂ) ਪੂਰਾ ਕਰਨ ਵਾਲਾ ਸ਼ਾਇਦ ਦੁਨੀਆ ਦਾ ਇਹ ਪਹਿਲਾ ਪ੍ਰਧਾਨ ਮੰਤਰੀ ਹੋਵੇ। ਅਸਲ ਵਿਚ ਵਿਕਾਸ ਦਾ ਇਹ ਮਾਡਲ ਹੀ 'ਮੋਦੀ ਮਾਡਲ' ਹੈ, ਜਿਥੇ ਕਰੋੜਾਂ ਭੁੱਖੇ, ਅਨਪੜ੍ਹ, ਬੇਕਾਰ ਤੇ ਨਿਤਾਣੇ ਲੋਕਾਂ ਦੇ ਹਿਤਾਂ ਨਾਲ ਖਿਲਵਾੜ ਕਰਕੇ ਸਿਰਫ ਵਿਦੇਸ਼ੀ ਤੇ ਦੇਸ਼ੀ ਧਨ ਕੁਬੇਰਾਂ ਦੇ ਹਿਤਾਂ ਨੂੰ ਹੀ ਪ੍ਰਮੁੱਖਤਾ ਦਿੱਤੀ ਜਾਂਦੀ ਹੈ।
ਦੇਸ਼ ਦਾ ਆਰਥਿਕ ਵਿਕਾਸ ਹਰ ਨਾਗਰਿਕ ਚਾਹੁੰਦਾ ਹੈ। ਨਵੀਂ ਤਕਨੀਕ ਨਾਲ ਚੱਲਣ ਵਾਲੇ ਉਦਯੋਗ, ਨਵੀਨਤਮ ਕਿਸਮ ਦੇ ਹਸਪਤਾਲ ਤੇ ਵਿਦਿਅਕ ਅਦਾਰੇ ਅਤੇ ਜੀਵਨ ਦੇ ਹਰ ਖੇਤਰ ਵਿਚ ਸਾਇੰਸ ਤੇ ਤਕਨਾਲੋਜੀ ਦੀ ਸਹਾਇਤਾ ਨਾਲ ਕੀਤੀ ਜਾਣ ਵਾਲੀ ਉੱਨਤੀ ਹਰ ਭਾਰਤੀ ਦਾ ਸੁਪਨਾ ਹੈ। ਪਰ ਇਹ ਸਾਰਾ ਵਿਕਾਸ ਸਭ ਤੋਂ ਪਹਿਲਾਂ ਦੇਸ਼ ਦੇ ਕਰੋੜਾਂ ਲੋਕਾਂ ਦੀਆਂ ਬੁਨਿਆਦੀ ਲੋੜਾਂ (ਰੋਟੀ, ਰੋਜ਼ੀ ਤੇ ਮਕਾਨ) ਪੂਰੀਆਂ ਕਰਨ ਵੱਲ ਸੇਧਤ ਹੋਣਾ ਚਾਹੀਦਾ ਹੈ। ਮੋਦੀ ਜੀ ਦੀ 'ਬੁਲੇਟ ਟਰੇਨ' ਇਸ ਦਿਸ਼ਾ ਵਿਚ ਭੱਜਣ ਵਾਲੀ ਗੱਡੀ ਕਦਾਚਿਤ ਨਹੀਂ ਹੋ ਸਕਦੀ। ਉਂਜ ਵੀ 'ਬੁਲੇਟ ਟਰੇਨ' ਚਲਾਉਣ ਦਾ ਸੁਪਨਾ ਉਸ ਦੇਸ਼ ਵਿਚ ਲੈਣਾ, ਜਿਥੇ ਕਈ ਵਾਰ ਇਕ ਦਿਨ ਵਿਚ ਅੱਧੀ ਦਰਜਨ ਤੋਂ ਵਧੇਰੇ ਰੇਲ ਹਾਦਸੇ ਪੁਰਾਣੀਆਂ ਵੇਲਾ ਵਿਹਾ ਚੁੱਕੀਆਂ ਰੇਲ ਪਟੜੀਆਂ 'ਤੇ ਪ੍ਰਬੰਧਕੀ ਘਾਟਾਂ ਕਾਰਨ ਵਾਪਰਦੇ ਹੋਣ, ਲੋਕਾਂ ਨਾਲ ਮਜ਼ਾਕ ਕਰਨ ਤੋਂ ਬਿਨਾਂ ਹੋਰ ਕੁਝ ਨਹੀਂ। ਲੋੜੀਂਦੀਆਂ ਰੇਲ ਸੇਵਾਵਾਂ ਦੀ ਘਾਟ ਕਾਰਨ ਰੇਲ ਦੀਆਂ ਛੱਤਾਂ ਉੱਪਰ ਲੱਖਾਂ ਦੀ ਗਿਣਤੀ ਵਿਚ ਸਫ਼ਰ ਕਰਨ ਵਾਲੇ ਲੋਕ 'ਬੁਲੇਟ ਟਰੇਨ' ਦੀ ਥਾਂ ਰੇਲ ਗੱਡੀ ਦੇ ਡੱਬੇ ਅੰਦਰ ਘੁਸਣ ਦੀ ਲੋੜ ਨੂੰ ਜ਼ਿਆਦਾ ਤਰਜੀਹ ਦੇਣਗੇ। ਕੋਈ ਵੀ ਵੱਡੀ ਇਮਾਰਤ ਦੀ ਮਜ਼ਬੂਤੀ ਨੀਹਾਂ ਤੋਂ ਸ਼ੁਰੂ ਹੁੰਦੀ ਹੈ। ਉਪਰਲੀ ਮੰਜ਼ਿਲ ਉੱਪਰ ਪਾਇਆ ਜਾਣ ਵਾਲਾ ਬੋਝ ਕਮਜ਼ੋਰ ਨੀਹਾਂ 'ਤੇ ਨਹੀਂ ਟਿਕ ਸਕਦਾ। ਅੱਜ ਦੇਸ਼ ਦੀ ਲਗਪਗ ਅੱਧੀ ਵਸੋਂ ਗ਼ਰੀਬੀ ਦੀ ਰੇਖਾ ਤੋਂ ਹੇਠਾਂ ਜੀਵਨ ਬਸਰ ਕਰ ਰਹੀ ਹੈ। ਬਹੁਗਿਣਤੀ ਬੱਚੇ ਪੇਟ ਦੀ ਅੱਗ ਬੁਝਾਉਣ ਖਾਤਰ ਪੜ੍ਹਨ ਦੀ ਉਮਰੇ ਹਰ ਕਿਸਮ ਦੀ ਮਿਹਨਤ ਮਜ਼ਦੂਰੀ ਕਰਨ ਲਈ ਮਜਬੂਰ ਹਨ। ਬੇਕਾਰੀ ਨੇ ਕੰਮ ਕਰਨਯੋਗ ਕੁੱਲ ਹੱਥਾਂ 'ਚੋਂ ਲਗਪਗ ਤੀਸਰਾ ਹਿੱਸਾ ਨੂੰ ਆਪਣੀ ਲਪੇਟ ਵਿਚ ਲਿਆ ਹੋਇਆ ਹੈ। ਭਾਜਪਾ ਸ਼ਾਸਤ ਸੂਬਿਆਂ, ਉੱਤਰ ਪ੍ਰਦੇਸ਼ ਤੇ ਮਹਾਰਾਸ਼ਟਰ ਰਾਜਾਂ ਵਿਚ ਪਿਛਲੇ ਦਿਨੀਂ ਗੋਰਖਪੁਰ, ਫਾਰੂਖਾਬਾਦ ਤੇ ਮੁੰਬਈ ਦੇ ਕਈ ਸਰਕਾਰੀ ਹਸਪਤਾਲਾਂ ਅੰਦਰ ਆਕਸੀਜਨ ਦੀ ਘਾਟ ਤੇ ਹੋਰ ਉਕਾਈਆਂ ਕਾਰਨ ਲਗਪਗ ਡੇਢ ਸੌ ਬੱਚੇ ਸਦਾ ਦੀ ਨੀਂਦ ਸੌਂ ਗਏ ਹਨ। ਮੱਧ ਪ੍ਰਦੇਸ਼ ਵਿਚ ਗ਼ਰੀਬ ਆਦਮੀ ਐਂਬੂਲੈਂਸ ਜਾਂ ਕਿਸੇ ਹੋਰ ਸਾਧਨ ਦੇ ਉਪਲਬਧ ਨਾ ਹੋਣ ਦੀ ਹਾਲਤ ਵਿਚ ਆਪਣੀ ਪਤਨੀ ਦੀ ਲਾਸ਼ ਦੀ ਗਠੜੀ ਨੂੰ ਆਪਣੇ ਸਿਰ ਉੱਪਰ ਚੁੱਕ ਕੇ 6-7 ਕਿਲੋਮੀਟਰ ਦੂਰ ਆਪਣੇ ਪਿੰਡ ਦੇ ਸ਼ਮਸ਼ਾਨ ਘਾਟ ਨੂੰ ਲੈ ਕੇ ਜਾ ਰਿਹਾ ਹੈ। ਨਕਲੀ ਦਵਾਈਆਂ ਨਾਲ ਹਰ ਰੋਜ਼ ਸੈਂਕੜੇ ਲੋਕ ਤੜਪ-ਤੜਪ ਕੇ ਮਰ ਰਹੇ ਹਨ। ਗਰਭਵਤੀ ਔਰਤਾਂ ਵਲੋਂ ਸਿਹਤ ਸਹੂਲਤਾਂ ਦੀ ਘਾਟ ਕਾਰਨ ਸੜਕਾਂ ਤੇ ਹਸਪਤਾਲਾਂ ਦੇ ਬਾਹਰ ਗੇਟਾਂ ਉੱਪਰ ਬੱਚਿਆਂ ਨੂੰ ਜਨਮ ਦੇਣ ਦੀਆਂ ਘਟਨਾਵਾਂ 'ਨਵੇਂ ਭਾਰਤ' ਦੀ ਤਰਸਯੋਗ ਹਾਲਤ ਨੂੰ ਬਿਆਨਣ ਲਈ ਕਾਫੀ ਹਨ। ਦੇਸ਼ ਭਰ ਵਿਚ ਵਸੋਂ ਦਾ ਵੱਡਾ ਹਿੱਸਾ ਪੀਣ ਯੋਗ ਪਾਣੀ ਤੋਂ ਆਤੁਰ ਹੈ। 'ਸਵੱਛ ਭਾਰਤ' ਦਾ ਅਭਿਆਨ ਭਾਜਪਾ ਮੰਤਰੀਆਂ ਦੇ ਝਾੜੂ ਫੇਰਦਿਆਂ ਦੀਆਂ ਫੋਟੋਆਂ ਖਿੱਚਣ ਤੱਕ ਸੀਮਤ ਹੋ ਕੇ ਰਹਿ ਗਿਆ ਹੈ, ਜਦ ਕਿ ਅਸਲੀਅਤ ਇਹ ਹੈ ਕਿ ਸ਼ਹਿਰਾਂ ਤੇ ਪਿੰਡਾਂ ਅੰਦਰ ਸੀਵਰੇਜ ਤੇ ਕੂੜਾ ਕਰਕਟ ਸੰਭਾਲਣ ਦੇ ਕੋਈ ਯੋਗ ਪ੍ਰਬੰਧ ਨਾ ਹੋਣ ਕਾਰਨ ਗੰਦਗੀ ਦੇ ਲੱਗੇ ਢੇਰ ਟੀ.ਵੀ. ਉੱਪਰ ਕੀਤੇ ਜਾ ਰਹੇ ਸਰਕਾਰੀ ਕੂੜ ਪ੍ਰਚਾਰ ਦਾ ਮੂੰਹ ਚਿੜਾ ਰਹੇ ਹਨ।
ਦੇਸ਼ ਭਰ ਵਿਚ ਕਰਜ਼ੇ ਤੇ ਗ਼ਰੀਬੀ ਦੇ ਭਾਰ ਹੇਠਾਂ ਦੱਬੇ ਮਜ਼ਦੂਰਾਂ-ਕਿਸਾਨਾਂ ਦੀਆਂ ਹੋ ਰਹੀਆਂ ਖ਼ੁਦਕੁਸ਼ੀਆਂ ਦੀ ਗਿਣਤੀ ਏਨੀ ਜ਼ਿਆਦਾ ਤੇ ਆਮ ਹੋ ਗਈ ਹੈ ਕਿ ਹੁਣ ਇਨ੍ਹਾਂ ਖ਼ੁਦਕੁਸ਼ੀਆਂ ਦੀ ਕਿਸੇ ਖ਼ਬਰ ਵੱਲ ਪਾਠਕਾਂ ਤੇ ਸਰੋਤਿਆਂ ਦਾ ਧਿਆਨ ਜਾਣਾ ਵੀ ਬੰਦ ਹੁੰਦਾ ਜਾ ਰਿਹਾ ਹੈ। ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਸਦਕਾ ਅਨਪੜ੍ਹ, ਬੇਕਾਰ ਤੇ ਜ਼ਮੀਨਾਂ ਤੋਂ ਉਜਾੜੇ ਜਾਂਦੇ ਲੋਕਾਂ ਦਾ ਇਕ ਹਿੱਸਾ ਗ਼ੈਰ-ਸਮਾਜੀ ਕੰਮ ਕਰਨ ਲਈ ਮਜਬੂਰ ਹੋ ਰਿਹਾ ਹੈ। ਇਸ ਵਰਤਾਰੇ ਨੂੰ ਇਕ ਪਾਸੜ ਹੋ ਕੇ ਪ੍ਰਸ਼ਾਸਕੀ ਪੱਖ ਤੋਂ ਘੋਖਣ ਦੀ ਥਾਂ ਦੇਸ਼ ਦੇ ਸਮੁੱਚੇ ਆਰਥਿਕ, ਰਾਜਨੀਤਕ ਤੇ ਸਮਾਜਿਕ ਢਾਂਚੇ ਦੀਆਂ ਅਮਾਨਵੀ ਪ੍ਰਸਥਿਤੀਆਂ ਦੀ ਰੌਸ਼ਨੀ ਵਿਚ ਦੇਖਿਆ ਜਾਣਾ ਚਾਹੀਦਾ ਹੈ। ਅੱਜ ਦੇਸ਼ ਦੇ ਬੁਨਿਆਦੀ ਢਾਂਚੇ ਵਿਚ ਲੋਕ ਵਿਰੋਧੀ ਰੁਝਾਨਾਂ ਨੂੰ ਖਾਰਜ ਕਰਕੇ ਇਕ ਮਾਨਵੀ ਤੇ ਲੋਕ ਹਿਤੈਸ਼ੀ ਪਹੁੰਚ ਦੀ ਲੋੜ ਹੈ, ਜਿਸ ਨੂੰ 'ਬੁਲੇਟ ਟਰੇਨ' ਵਰਗੇ ਫਜ਼ੂਲ ਤੇ ਉਪਰਲੇ ਦਰਜੇ ਦੇ ਮੁੱਠੀ ਭਰ ਲੋਕਾਂ ਦੀਆਂ ਐਸ਼ੋ-ਇਸ਼ਰਤ ਵਾਲੇ ਜੀਵਨ ਦੀਆਂ ਖਾਹਿਸ਼ਾਂ ਪੂਰੀਆਂ ਕਰਦੇ ਪ੍ਰਾਜੈਕਟਾਂ ਦੇ ਗੁਣਗਾਨ ਕਰਨ ਨਾਲ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ।
ਮੋਦੀ ਜੀ! ਦੇਸ਼ ਦੇ ਬਹੁਗਿਣਤੀ ਲੋਕਾਂ ਦੀ ਜ਼ਿੰਦਗੀ ਦੀ ਅਸਲੀਅਤ ਨੂੰ ਸਮਝੋ ਤੇ ਉਨ੍ਹਾਂ ਦੇ ਮੁਤਾਬਿਕ ਤਰਜੀਹਾਂ ਤੈਅ ਕਰੋ। ਉਂਜ ਮੌਜੂਦਾ 'ਸੰਘੀ ਰਾਜ' ਤੋਂ ਅਜਿਹੀ ਆਸ ਕਰਨੀ ਨਿਰੀ ਮੂਰਖਤਾ ਹੋਵੇਗੀ, ਜੋ ਸਾਮਰਾਜ ਤੇ ਕਾਰਪੋਰੇਟ ਘਰਾਣਿਆਂ ਦੇ ਨਿਰਦੇਸ਼ਤ ਮਾਡਲ ਸਿਰਜਣ ਦੇ ਨਾਲ-ਨਾਲ ਦੇਸ਼ ਨੂੰ ਇਕ ਧਰਮ ਆਧਾਰਿਤ 'ਹਿੰਦੂ ਰਾਸ਼ਟਰ' ਬਣਾਉਣ ਲਈ ਗ਼ੈਰ-ਜਮਹੂਰੀ, ਫ਼ਿਰਕੂ ਤੇ ਪਿਛਾਖੜੀ ਅਮਲਾਂ ਵਿਚ ਗਲਤਾਨ ਹੈ। ਦੇਸ਼ ਨੂੰ 'ਬੁਲੇਟ ਟਰੇਨ' ਨਾਲੋਂ ਕਰੋੜਾਂ ਲੋਕਾਂ ਦੀਆਂ ਮੁਢਲੀਆਂ ਜ਼ਰੂਰਤਾਂ ਪੂਰੇ ਕਰਨ ਦੀ ਲੋੜ ਕਿਤੇ ਜ਼ਿਆਦਾ ਹੀ ਨਹੀਂ ਬਲਕਿ ਜ਼ਰੂਰੀ ਵੀ ਹੈ। ਕਿਉਂਕਿ ਇਨ੍ਹਾਂ ਦੇ ਨਾ ਪੂਰੇ ਹੋਣ ਦੀ ਅਵਸਥਾ ਵਿਚ ਦੇਸ਼ ਅੰਦਰ ਅਫਰਾ-ਤਫਰੀ ਤੇ ਅਰਾਜਕਤਾ ਦਾ ਪਸਰਨਾ ਤੈਅ ਹੈ।
-ਮੋ: 98141-82998

ਰੋਜ਼ਾਨਾਂ ਅਜੀਤ ਤੋਂ ਧੰਨਵਾਦ ਸਹਿਤ

Monday 2 October 2017

ਕਾਨਫਰੰਸ ਦੀ ਕਾਮਯਾਬੀ ਲਈ ਧੰਨਵਾਦ ਕੀਤਾ

ਬਠਿੰਡਾ 2, ਅਕਤੂਬਰ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਨੇ ਆਪਣੀ 26-28 ਸਤੰਬਰ, 2017 ਨੂੰ ਬਠਿੰਡਾ ਵਿਖੇ ਹੋਈ ਪਹਿਲੀ ਸੂਬਾਈ ਜੱਥੇਬੰਦਕ ਕਾਨਫ਼ਰੰਸ ਦੀ ਕਾਮਯਾਬੀ ਲਈ ਵੱਡਮੁੱਲਾ ਸਹਿਯੋਗ ਦੇਣ ਵਾਲੇ ਸਭਨਾਂ ਹਿਤੈਸ਼ੀਆਂ ਦਾ ਤਹਿ ਦਿੱਲੋਂ ਧੰਨਵਾਦ ਕੀਤਾ ਹੈ।
ਅੱਜ ਇਥੋਂ ਜਾਰੀ ਇੱਕ ਸਾਂਝੇ ਬਿਆਨ ਰਾਹੀਂ ਪਾਰਟੀ ਦੀ ਪੰਜਾਬ ਰਾਜ ਕਮੇਟੀ ਦੇ ਸਕੱਤਰ ਸਾਥੀ ਹਰਕੰਵਲ ਸਿੰਘ, ਸੁਆਗਤੀ ਕਮੇਟੀ ਦੇ ਚੇਅਰਮੈਨ ਜਸਪਾਲ ਮਾਨਖੇੜਾ, ਪਾਰਟੀ ਦੇ ਸੂਬਾ ਸਕੱਤਰੇਤ ਦੇ ਮੈਂਬਰ ਸਾਥੀ ਮਹੀਪਾਲ ਅਤੇ ਜ਼ਿਲ੍ਹਾ ਕਮੇਟੀ ਦੇ ਸਕੱਤਰ ਸਾਥੀ ਲਾਲ ਚੰਦ ਨੇ ਮਾਇਕ ਸਹਾਇਤਾ ਦੇਣ ਵਾਲਿਆਂ, ਰਿਹਾਇਸ਼ ਦੇ ਪ੍ਰਬੰਧਾਂ 'ਚ ਸਹਿਯੋਗ ਦੇਣ ਵਾਲਿਆਂ, ਪ੍ਰਭਾਵਸ਼ਾਲੀ ਕਵਰੇਜ ਕਰਨ ਵਾਲੇ ਸਮੁੱਚੇ ਮੀਡੀਆ, ਕਰਮੀਆਂ ਦਿਨ ਰਾਤ ਸਖ਼ਤ ਮੁਸ਼ੱਕਤ ਕਰਨ ਵਾਲੇ ਵਲੰਟੀਅਰਾਂ, ਸ਼ਹਿਰ ਦੀਆਂ ਟੀਚਰਜ਼ ਹੋਮ ਟਰਸਟ ਅਤੇ ਹੋਰ ਸੰਸਥਾਵਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।
ਉਪਰੋਕਤ ਆਗੂਆਂ ਨੇ 28 ਸਤੰਬਰ ਨੂੰ ਪਾਰਟੀ ਵਲੋਂ ਰੱਖੇ ਗਏ, ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਸੈਮੀਨਾਰ ਵਿੱਚ ਪੁੱਜਣ ਵਾਲੇ ਬੁੱਧਜੀਵੀਆਂ ਅਤੇ ਹੋਰ ਬਾਵੱਕਾਰ ਸ਼ਹਿਰੀਆਂ ਦਾ ਵੀ ਕੋਟਣਿ-ਕੋਟ ਧੰਨਵਾਦ ਕੀਤਾ ਹੈ। ਆਗੂਆਂ ਨੇ ਸਭਨਾਂ ਸਹਿਯੋਗੀਆਂ ਨੂੰ ਇਹ ਵਿਸ਼ਵਾਸ਼ ਦਿਵਾਇਆ ਕਿ ਪਾਰਟੀ ਲੋਕਾ ਦੀਆਂ ਆਸਾਂ 'ਤੇ ਖਰਾ ਉੱਤਰਨ ਦਾ ਹਰ ਸੰਭਵ ਯਤਨ ਜਾਰੀ ਰਖੇਗੀ।


ਜਾਰੀ ਕਰਤਾ
(ਮਹੀਪਾਲ)
9915312806