Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Sunday 18 December 2016

ਮੋਦੀ ਸਰਕਾਰ ਵਲੋਂ ਕਣਕ ਦੀ ਦਰਾਮਦ ਖੋਲ੍ਹਕੇ ਕਿਸਾਨੀ ਨੂੰ ਤਬਾਹ ਕਰਨ ਵਿਰੁੱਧ 27-28-29 ਦਸੰਬਰ ਨੂੰ ਅਰਥੀ ਫੂਕ ਮੁਜਾਹਰੇ ਕੀਤੇ ਜਾਣਗੇ : ਪਾਸਲਾ

ਜਲੰਧਰ, 18 ਦਸੰਬਰ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਪੰਜਾਬ ਰਾਜ ਕਮੇਟੀ ਦੇ ਸਕੱਤਰੇਤ ਨੇ ਮੋਦੀ ਸਰਕਾਰ ਵਲੋਂ ਡਬਲਿਯੂ.ਟੀ.ਓ. ਦੇ ਦਬਾਅ ਹੇਠ ਕਣਕ ਦੀ ਦਰਾਮਦ ਉੱਤੇ ਲੱਗੇ ਹੋਏ ਟੈਕਸ ਨੂੰ ਪੂਰੀ ਤਰ੍ਹਾਂ ਖਤਮ ਕਰਕੇ ਦੇਸ਼ ਦੀ ਕਿਸਾਨੀ ਦੀ ਮੁਕੰਮਲ ਤਬਾਹੀ ਦਾ ਰਾਹ ਖੋਲ੍ਹਣ ਵਿਰੱਧ 27-28-29 ਦਸੰਬਰ ਨੂੰ ਸਮੁੱਚੇ ਪ੍ਰਾਂਤ ਅੰਦਰ ਵਿਸ਼ਾਲ ਅਰਥੀ ਫੂਕ ਮੁਜ਼ਾਹਰੇ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਅੱਜ ਇਥੇ ਸਕੱਤਰੇਤ ਦੀ ਕਾਮਰੇਡ ਇੰਦਰਜੀਤ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਹੋਈ ਇੱਕ ਮੀਟਿੰਗ ’ਚ ਕੀਤਾ ਗਿਆ। 
ਮੀਟਿੰਗ ਦੇ ਫੈਸਲੇ ਪ੍ਰੈਸ ਨੂੰ ਰਲੀਜ਼ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਐਲਾਨ ਕੀਤਾ ਕਿ ਕੇਂਦਰ ਦੀਆਂ ਖੁੱਲ੍ਹੀ ਮੰਡੀ ਦੀਆਂ ਨਵਉਦਾਰਵਾਦੀ ਨੀਤੀਆਂ ਰਾਹੀਂ ਦੇਸ਼ ਦੇ ਕਿਰਤੀ ਲੋਕਾਂ ਦੀ ਰੋਟੀ-ਰੋਜੀ ਉਪਰ ਹਮਲੇ ਕਰਦੇ ਜਾਣ ਵਿਰੁੱਧ ਪਾਰਟੀ ਵਲੋਂ ਹੋਰ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਨਾਲ ਰਲਕੇ ਸ਼ਕਤੀਸ਼ਾਲੀ ਲੋਕ ਲਾਮਬੰਦੀ ਕੀਤੀ ਜਾਵੇਗੀ। ਸਾਥੀ ਪਾਸਲਾ ਨੇ ਅੱਗੇ ਕਿਹਾ ਕਿ ਉਪਰੋਕਤ ਮੁਜਾਹਰਿਆਂ ਦੌਰਾਨ ਨੋਟਬੰਦੀ ਕਾਰਨ ਲੋਕਾਂ ਦੀਆਂ ਵਧੀਆਂ ਮੁਸ਼ਕਲਾਂ ਅਤੇ ਰੁਜ਼ਗਾਰ ਦੇ ਵਸੀਲਿਆਂ ਨੂੰ ਲੱਗੀ ਵੱਡੀ ਢਾਅ ਵਿਰੁੱਧ ਵੀ ਜੋਰਦਾਰ ਅਵਾਜ਼ ਬੁਲੰਦ ਕੀਤੀ ਜਾਵੇਗੀ।
ਪ੍ਰਾਂਤ ਦੀ ਗੰਭੀਰ ਰਾਜਨੀਤਕ ਸਥਿਤੀ ’ਤੇ ਵਿਚਾਰ ਵਟਾਂਦਰਾ ਕਰਦਿਆਂ ਸਕੱਤਰੇਤ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਆਉਂਦੀਆਂ ਚੋਣਾਂ ’ਚ ਮਹਿੰਗਾਈ, ਬੇਰੁਜ਼ਗਾਰੀ, ਭਰਿਸ਼ਟਾਚਾਰ, ਨਸ਼ਾਖੋਰੀ ਤੇ ਪ੍ਰਸ਼ਾਸਨਿਕ ਜਬਰ ਲਈ ਜਿੰਮੇਵਾਰ ਸਿਆਸੀ ਧਿਰਾਂ ਅਕਾਲੀ-ਭਾਜਪਾ ਗੱਠਜੋੜ, ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਹਰਾਕੇ ਖੱਬੀਆਂ ਸ਼ਕਤੀਆਂ ਨੂੰ ਮਜਬੂਤ ਕੀਤਾ ਜਾਵੇ। ਪਾਰਟੀ ਸਕੱਤਰੇਤ ਨੇ ਇਸ ਦਿਸ਼ਾ ’ਚ ਚਾਰ ਖੱਬੀਆਂ ਪਾਰਟੀਆਂ ਵਿਚਕਾਰ ਤਾਲਮੇਲ ਵੱਧਾਉਣ ਤੇ ਖੱਬਾ ਮੋਰਚਾ ਬਣਾਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਹਿੱਸਾ ਲੈਣ ਦੇ ਫੈਸਲੇ ਉੱਪਰ ਡੂੰਘੀ ਤਸੱਲੀ ਦਾ ਪ੍ਰਗਟਾਵਾ ਕੀਤਾ ਅਤੇ ਖੱਬੇ ਮੋਰਚੇ ਦੇ ਉਮੀਦਵਾਰਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਆਪਣੀਆਂ ਸਫਾਂ ਨੂੰ ਤੁਰੰਤ ਜੁਟ ਜਾਣ ਦਾ ਸੱਦਾ ਦਿੱਤਾ। 
ਮੀਟਿੰਗ ਦੇ ਆਰੰਭ ’ਚ ਉੱਘੇ ਕੌਮਾਂਤਰੀ ਕਰਾਂਤੀਕਾਰੀ ਆਗੂ ਸਾਥੀ ਫੀਦਲ ਕਾਸਤਰੋ ਨੂੰ ਇਨਕਲਾਬੀ ਸ਼ਰਧਾਂਜ਼ਲੀ ਭੇਂਟ ਕੀਤੀ ਗਈ।
                                                                                                 ਜਾਰੀ ਕਰਤਾ

                                                                                       (ਮੰਗਤ ਰਾਮ ਪਾਸਲਾ)
                                                                                         98141-82998
 

Friday 16 December 2016

ਖੱਬੇ ਮੋਰਚੇ ਵਲੋਂ ਪੰਜਾਬ ਅਸੰਬਲੀ ਚੋਣਾਂ ਵਿਚ 62 ਸੀਟਾਂ ਲੜਨ ਦਾ ਐਲਾਨ

ਪੰਜਾਬ ਦੀਆਂ 4 ਖੱਬੀਆਂ ਪਾਰਟੀਆਂ ਦਾ ਸਾਂਝਾ ਮੋਰਚਾ (ਸੀ.ਪੀ.ਆਈ.; ਸੀ.ਪੀ.ਆਈ.(ਐਮ); ਆਰ.ਐਮ.ਪੀ.ਆਈ.; ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ)
ਜਲੰਧਰ, 16 ਦਸੰਬਰ - ਆਉਂਦੀਆਂ ਅਸੰਬਲੀ ਚੋਣਾਂ ਵਿਚ ਪੰਜਾਬ ਅੰਦਰ ਚਾਰ ਖੱਬੀਆਂ ਪਾਰਟੀਆਂ-ਸੀ.ਪੀ.ਆਈ., ਸੀ.ਪੀ.ਆਈ.(ਐਮ), ਆਰ.ਐਮ.ਪੀ.ਆਈ. ਅਤੇ ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ’ਤੇ ਅਧਾਰਤ ਖੱਬਾ ਮੋਰਚਾ ਘੱਟੋ-ਘੱਟ 62 ਸੀਟਾਂ ਉਪਰ ਆਪਣੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇਗਾ। ਇਹ ਫੈਸਲਾ ਅੱਜ ਇੱਥੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਕੀਤਾ ਗਿਆ।
ਇਸ ਮੀਟਿੰਗ ਵਿਚ ਸੀ.ਪੀ.ਆਈ. ਵਲੋਂ ਪਾਰਟੀ ਦੇ ਸੂਬਾ ਸਕੱਤਰ ਹਰਦੇਵ ਸਿੰਘ ਅਰਸ਼ੀ, ਜਗਰੂਪ ਸਿੰਘ ਅਤੇ ਬੰਤ ਸਿੰਘ ਬਰਾੜ , ਸੀ.ਪੀ.ਆਈ.(ਐਮ) ਵਲੋਂ ਪਾਰਟੀ ਦੇ ਸੂਬਾ ਸਕੱਤਰ ਚਰਨ ਸਿੰਘ ਵਿਰਦੀ, ਕੇਂਦਰੀ ਕਮੇਟੀ ਮੈਂਬਰ ਵਿਜੈ ਮਿਸ਼ਰਾ ਅਤੇ ਰਣਬੀਰ ਵਿਰਕ, ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਵਲੋਂ ਪਾਰਟੀ ਦੇ ਸੂਬਾ ਸਕੱਤਰ ਗੁਰਮੀਤ ਸਿੰਘ ਬਖਤਪੁਰ, ਕੇਂਦਰੀ ਕਮੇਟੀ ਮੈਂਬਰ ਰਾਜਵਿੰਦਰ ਸਿੰਘ ਰਾਣਾ, ਸੁਖਦਰਸ਼ਨ ਨੱਤ, ਭਗਵੰਤ ਸਮਾਓਂ, ਰੁਲਦੂ ਸਿੰਘ ਮਾਨਸਾ, ਗੁਰਪ੍ਰੀਤ ਰੁੜੇਕੇ, ਬਲਕਰਨ ਸਿੰਘ ਬੱਲੀ ਅਤੇ ਆਰ.ਐਮ.ਪੀ.ਆਈ. ਵਲੋਂ ਸਾਥੀ ਮੰਗਤ ਰਾਮ ਪਾਸਲਾ ਤੋਂ ਇਲਾਵਾ ਹਰਕੰਵਲ ਸਿੰਘ, ਰਘਬੀਰ ਸਿੰਘ, ਕੁਲਵੰਤ ਸਿੰਘ ਸੰਧੂ ਅਤੇ ਗੁਰਨਾਮ ਸਿੰਘ ਦਾਊਦ ਨੇ ਸ਼ਮੂਲੀਅਤ ਕੀਤੀ। ਮੀਟਿੰਗ ਨੇ ਚੌਹਾਂ ਪਾਰਟੀਆਂ ਵਲੋਂ ਮਿਲਕੇ ਲੜੀਆਂ ਜਾਣ ਵਾਲੀਆਂ 62 ਸੀਟਾਂ ਦੀ ਨਿਸ਼ਾਨਦੇਹੀ ਕਰਨ ਉਪਰੰਤ 46 ਸੀਟਾਂ ਲਈ ਉਮੀਦਵਾਰਾਂ ਬਾਰੇ ਵੀ ਫੈਸਲਾ ਕਰ ਲਿਆ ਹੈ। ਰਹਿੰਦੇ ਉਮੀਦਵਾਰਾਂ ਦੀ ਚੋਣ ਬਾਰੇ ਵੀ ਇਕ ਦੋ ਦਿਨਾਂ ਵਿਚ ਫੈਸਲਾ ਹੋ ਜਾਵੇਗਾ।
ਮੀਟਿੰਗ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਇਹਨਾਂ ਚੋਣਾਂ ਵਿਚ ਅਕਾਲੀ-ਭਾਜਪਾ ਗਠਜੋੜ, ਕਾਂਗਰਸ ਤੇ ਆਮ ਆਦਮੀ ਪਾਰਟੀ ਵਰਗੀਆਂ ਸਰਮਾਏਦਾਰ ਪੱਖੀ ਪਾਰਟੀਆਂ ਨੂੰ ਭਾਂਜ ਦੇਣ ਲਈ ਲੋਕਾਂ ਨੂੰ ਦਰਪੇਸ਼ ਮਹਿੰਗਾਈ, ਬੇਰੁਜ਼ਗਾਰੀ, ਭਰਿਸ਼ਟਾਚਾਰ, ਨਸ਼ਾ ਖੋਰੀ ਤੇ ਮਾਫੀਆ ਲੁੱਟ ਵਰਗੀਆਂ ਸਮੱਸਿਆਵਾਂ, ਜਿਹਨਾਂ ਵਿਰੁੱਧ ਚਾਰੇ ਪਾਰਟੀਆਂ ਲੰਬੇ ਸਮੇਂ ਤੋਂ ਮਿਲਕੇ ਸੰਘਰਸ਼ ਕਰਦੀਆਂ ਆ ਰਹੀਆਂ ਹਨ, ਦੇ ਹੱਲ ਨੂੰ ਦਰਸਾਉਂਦਾ ਇਕ ਚੋਣ ਮਨੋਰਥ ਪੱਤਰ ਪ੍ਰਾਂਤ ਵਾਸੀਆਂ ਦੇ ਸਨਮੁਖ ਪੇਸ਼ ਕੀਤਾ ਜਾਵੇਗਾ। ਲੋਕ ਪੱਖੀ ਬਦਲਵੀਆਂ ਨੀਤੀਆਂ ਨੂੰ ਦਰਸਾਉਂਦੇ ਇਸ ਚੋਣ ਮਨੋਰਥ ਪੱਤਰ   ਦੀ ਤਿਆਰੀ ਲਈ ਸਰਵਸਾਥੀ ਭੁਪਿੰਦਰ ਸਾਂਭਰ, ਚਰਨ ਸਿੰਘ ਵਿਰਦੀ, ਸੁਖਦਰਸ਼ਨ ਨੱਤ ਅਤੇ ਹਰਕੰਵਲ ਸਿੰਘ ’ਤੇ ਅਧਾਰਤ ਇਕ ਸਬ ਕਮੇਟੀ ਦਾ ਗਠਨ ਕੀਤਾ ਗਿਆ।
ਮੀਟਿੰਗ ਵਿਚ ਪਾਸ ਕੀਤੇ ਗਏ ਇਕ ਮਤੇ ਰਾਹੀਂ ਨੋਟ ਬੰਦੀ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਦੇ ਨਿਰੰਤਰ ਵੱਧਦੇ ਜਾਣ ਲਈ ਮੋਦੀ ਸਰਕਾਰ ਦੀ ਨਿਖੇਧੀ ਕੀਤੀ ਗਈ ਅਤੇ ਚੌਹਾਂ ਪਾਰਟੀਆਂ ਦੀਆਂ ਸਫ਼ਾਂ ਨੂੰ ਸੱਦਾ ਦਿੱਤਾ ਗਿਆ ਕਿ ਗਰੀਬ ਕਿਰਤੀ ਲੋਕਾਂ ਦੀ ਆਰਥਕਤਾ ਉਪਰ ਸਰਕਾਰ ਵਲੋਂ ਕੀਤੇ ਗਏ ਇਸ ਹਮਲੇ ਦਾ ਹਰ ਪੱਧਰ ’ਤੇ ਡਟਵਾਂ ਵਿਰੋਧ ਕੀਤਾ ਜਾਵੇ।
ਮੀਟਿੰਗ ਦੇ ਆਰੰਭ ਵਿਚ ਮਹਾਨ ਕਰਾਂਤੀਕਾਰੀ ਕਾਮਰੇਡ ਫੀਦਲ ਕਾਸਟਰੋ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਇਨਕਲਾਬੀ ਸ਼ਰਧਾਂਜਲੀ ਭੇਂਟ ਕੀਤੀ ਗਈ।

(ਮੰਗਤ ਰਾਮ ਪਾਸਲਾ)
98141-82998

Saturday 3 December 2016

ਖ਼ਤਮ ਹੋ ਰਹੀ ਹੈ ਰਾਜਸੀ ਨੇਤਾਵਾਂ ’ਚੋਂ ਸੰਵੇਦਨਸ਼ੀਲਤਾ

Punjabi Tribune, December 3, 2016 
ਮੰਗਤ ਰਾਮ ਪਾਸਲਾ
ਸਵੇਦਨਸ਼ੀਲਤਾ ਹਰ ਚੰਗੇ ਇਨਸਾਨ ਦੀ ਖ਼ਾਸੀਅਤ ਹੈ। ਕਿਸੇ ਵੀ ਰੰਗ ਦੇ ਆਰਥਿਕ ਢਾਂਚੇ ਤੇ ਸਮਾਜ ਵਿੱਚੋਂ ਜੇਕਰ ਇਹ ਗੁਣ ਮਨਫ਼ੀ ਹੋ ਰਿਹਾ ਹੈ, ਤਾਂ ਸਮਝੋਂ ਉਸ ਦਾ ਪਤਨ ਹੋ ਰਿਹਾ ਹੈ। ਵੈਸੇ ਤਾਂ ਜਿਸ ਪ੍ਰਬੰਧ ਵਿੱਚ ਸਭ ਤੋਂ ਵੱਡੀ ਚੀਜ਼ ਪੈਸਾ ਹੀ ਬਣ ਜਾਂਦਾ ਹੈ, ਉਥੇ ਸੰਵੇਦਨਸ਼ੀਲਤਾ ਤੇ ਮਨੁੱਖੀ ਕਦਰਾਂ ਕੀਮਤਾਂ ਦਾ ਘਾਣ ਹੋਣਾ ਕੁਦਰਤੀ ਹੈ, ਪਰੰਤੂ ਇਸ ਦੀ ਵੀ ਇੱਕ ਸੀਮਾ ਮਿੱਥੀ ਜਾ ਸਕਦੀ ਹੈ। ਅਫ਼ਸੋਸ ਇਹ ਹੈ ਕਿ ਭਾਰਤ ਵਿੱਚ ਇਸ ’ਚ ਹਰ ਪਲ ਵਾਧਾ ਹੋ ਰਿਹਾ ਹੈ। ਇਸ ਘਾਟ ਲਈ ਮੁੱਖ ਰੂਪ ਵਿੱਚ ਸਾਡਾ ਆਰਥਿਕ ਤੇ ਰਾਜਨੀਤਕ ਢਾਂਚਾ ਤੇ ਇਸ ਦੇ ਚਾਲਕ ਹੁਕਮਰਾਨ, ਜ਼ਿੰਮੇਵਾਰ ਹਨ, ਪਰ ਉਪਰਲੇ ਹਿੱਸੇ ਵਿੱਚ ਪਸਰ ਰਹੀ ਇਸ ਬਿਮਾਰੀ ਨੇ ਸਾਰੇ ਸਮਾਜ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ।
ਸੰਵੇਦਨਸ਼ੀਲਤਾ ਦੇ ਅਲੋਪ ਹੋਣ ਨਾਲ ਅਸਹਿਣਸ਼ੀਲਤਾ, ਧਰਮ ਨਿਰਪੱਖਤਾ ਤੇ ਲੋਕ ਰਾਜੀ ਕਦਰਾਂ ਕੀਮਤਾਂ ਨੂੰ ਵੀ ਭਾਰੀ ਢਾਅ ਲੱਗਦੀ ਹੈ। ਜਦੋਂ ਤੁਸੀਂ ਸਿਰਫ਼ ਤੇ ਸਿਰਫ਼ ਆਪਣੇ ਸਵਾਰਥੀ ਹਿੱਤਾਂ ਲਈ ਹੀ ਸੋਚਦੇ ਹੋ ਤੇ ਸਮਾਜ ਜਾਂ ਦੂਸਰੇ ਵਿਅਕਤੀ ਦੀ ਕੋਈ ਫ਼ਿਕਰ ਹੀ ਨਹੀਂ ਕਰਦੇ ਤਾਂ ਕੋਈ ਵੀ ਘਟਨਾ ਜੋ ਮਨੁੱਖ ਨੂੰ ਪੀੜਾ ਦਿੰਦੀ ਹੈ, ਸਾਡੀਆਂ ਸੂਖ਼ਮ ਗਿਆਨ ਇੰਦਰੀਆਂ ਉਪਰ ਕੋਈ ਪ੍ਰਭਾਵ ਨਹੀਂ ਪੈਂਦਾ।
ਦੇਸ਼ ਦੇ ਕਰੋੜਾਂ ਬੱਚੇ ਕੁਪੋਸ਼ਣ ਤੇ ਬਿਮਾਰੀਆਂ ਦਾ ਸ਼ਿਕਾਰ ਹਨ। ਉਨ੍ਹਾਂ ਦੇ ਮਾਪੇ ਸਾਧਨਾਂ ਦੀ ਅਣਹੋਂਦ ਕਾਰਨ ਨਾ ਉਨ੍ਹਾਂ ਦਾ ਚੰਗੀ ਤਰ੍ਹਾਂ ਪਾਲਣ ਪੋਸ਼ਣ ਕਰ ਸਕਦੇ ਹਨ ਤੇ ਨਾ ਹੀ ਯੋਗ ਵਿੱਦਿਆ ਦੇ ਸਕਦੇ ਹਨ। ਬੇਕਾਰੀ ਦੇ ਪੁੜਾਂ ਥੱਲੇ ਪਿਸ ਰਹੇ ਲੋਕ ਦੋ ਸਮੇਂ ਦੀ ਰੋਟੀ ਤੋਂ ਆਤੁਰ ਹੋ ਰਹੇ ਹਨ ਤੇ ਅਨੇਕਾਂ ਪੇਟ ਭਰਨ ਵਾਸਤੇ ਗ਼ੈਰ-ਸਮਾਜੀ ਕੰਮਾਂ ਵਿੱਚ ਲਿਪਤ ਹੋ ਰਹੇ ਹਨ। ਹਰ ਰੋਜ਼ ਸਮੁੱਚੇ ਦੇਸ਼ ਨਾਲ ਦੂਸਰੇ ਪ੍ਰਾਤਾਂ ਦੇ ਮੁਕਾਬਲੇ ਖੁਸ਼ਹਾਲ ਜਾਣੇ ਜਾਂਦੇ ਪੰਜਾਬ ਵਿੱਚ ਰੋਜ਼ਾਨਾ 2-4 ਮਜ਼ਦੂਰ, ਕਿਸਾਨ, ਛੋਟੇ ਦੁਕਾਨਦਾਰ ਆਤਮ ਹੱਤਿਆਵਾਂ ਕਰ ਰਹੇ ਹਨ। ਕਾਰਨ ਸਿਰ ਚੜ੍ਹਿਆ ਕਰਜ਼ਾ ਹੈ ਜਿਸ ਨੂੰ ਉਹ ਅਦਾ ਕਰਨ ਤੋਂ ਅਸਮਰੱਥ ਹਨ। ਸੜਕਾਂ ਉਪਰ ਹੋ ਰਹੀਆਂ ਦੁਰਘਟਨਾਵਾਂ ਦੀਆਂ ਖ਼ਬਰਾਂ ਪੜ੍ਹਕੇ ਹਰ ਇਨਸਾਨ ਦਾ ਦਿਲ ਕੁਰਲਾ ਉਠਦਾ ਹੈ। ਟੱਬਰਾਂ ਦੇ ਟੱਬਰ ਮੁੱਕ ਰਹੇ ਹਨ। ਇਸ ਲਈ ਕਾਰਨ ਭਾਵੇਂ ਕੋਈ ਮਿੱਥੀ ਜਾਈਏ, ਮੁੱਖ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ ਕਿ ਉਹ ਇਸ ਮੌਤ ਦੇ ਤਾਂਡਵ ਨਾਚ ਨੂੰ ਰੋਕਣ ਲਈ ਅਸਰਦਾਇਕ ਕਦਮ ਚੁੱਕੇ। ਪੀਣ ਯੋਗ ਪਾਣੀ ਦੀ ਚਿੰਤਾ ਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਦੇ ਘਟਣ ਨਾਲ ਮਨ ਕੰਬ ਉੱਠਦਾ ਹੈ। ਜਾਪਦਾ ਹੈ ਕਿ ਨੌਜੁਆਨ ਪੀੜ੍ਹੀ ਕੁਝ ਸਮੇਂ ਬਾਅਦ ਹੀ ਪੰਜਾਬ ਦੀ ਧਰਤੀ ਉਪਰ ਪਾਣੀ ਦੇ ਅਕਾਲ ਨੂੰ ਆਪਣੀਆਂ ਅੱਖਾਂ ਨਾਲ ਦੇਖੇਗੀ।
ਉਪਰੋਕਤ ਸਮੱਸਿਆਵਾਂ ਕੋਈ ਨਵੀਆਂ ਜਾਂ ਪਹਿਲੀ ਵਾਰ ਨਹੀਂ ਬਿਆਨੀਆਂ ਜਾ ਰਹੀਆਂ, ਪਰ ਸਭ ਤੋਂ ਵੱਧ ਫ਼ਿਕਰ ਇਹ ਹੈ ਕਿ ਦਿੱਲੀ ਤੇ ਚੰਡੀਗੜ੍ਹ ਦੇ ਹਾਕਮਾਂ ਕੋਲ ਇਨ੍ਹਾਂ ਮੁੱਦਿਆਂ ਬਾਰੇ ਵਿਚਾਰ ਕਰਨ ਦਾ ਵੀ ਸਮਾਂ ਨਹੀਂ ਹੈ। ਲਾਜ਼ਮੀ ਤੌਰ ’ਤੇ ਉਹ ਟੀ.ਵੀ. ਵੀ ਦੇਖਦੇ ਹੋਣਗੇ ਤੇ ਅਖ਼ਬਾਰਾਂ ਵੀ ਪੜ੍ਹਦੇ ਹੋਣਗੇ। ਆਪਣੀਆਂ ਮਸ਼ਹੂਰੀਆਂ ਤੇ ਸਿਫ਼ਤਾਂ ਪੜ੍ਹਨ ਦੇ ਨਾਲ-ਨਾਲ ਉਪਰ ਦੱਸੇ ਲੋਕਾਂ ਦਾ ਮੁੱਦਿਆਂ ਬਾਰੇ ਰੌਂਗਟੇ ਖੜ੍ਹੇ ਕਰਨ ਵਾਲੀਆਂ ਖ਼ਬਰਾਂ ਵੱਲ ਵੀ ਧਿਆਨ ਜ਼ਰੂਰ ਜਾਂਦਾ ਹੋਵੇਗਾ, ਪਰ ਉਹ ਪੂਰੀ ਤਰ੍ਹਾਂ ਗੈਰ ਸੰਵੇਦਨਸ਼ੀਲ ਹੋ ਗਏ ਹਨ। ਪੰਜਾਬੀ ਦੇ ਮਹਾਨ ਕਵੀ ਅਵਤਾਰ ਪਾਸ਼ ਨੇ ਗੈਰ ਸੰਵੇਦਨਸ਼ੀਲ ਵਿਅਕਤੀ ਬਾਰੇ ਲਿਖਿਆ ਹੈ :
‘‘ਕਿਰਤ ਦੀ ਲੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
ਪੁਲਸ ਦੀ ਕੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ।
ਗੱਦਾਰੀ-ਲੋਭ ਦੀ ਪੁਠ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ।
ਸਭ ਤੋਂ ਖ਼ਤਰਨਾਕ ਉਹ ਅੱਖ ਹੁੰਦੀ ਹੈ
ਜੋ ਸਭ ਦੇਖਦੀ ਹੋਈ ਵੀ ਠੰਢੀ ਯਖ ਹੁੰਦੀ ਹੈ।’’
ਸਾਡੀ ਰਾਜ ਕਰਦੀ ਜਮਾਤ ਦਾ ਆਪਣੇ ਲੋਕਾਂ ਦੀ ਦੁਰਦਸ਼ਾ ਦੇਖ ਕੇ ਵੀ ਦਿਲ ਨਹੀਂ ਪਸੀਜਦਾ ਜੋ ਸਭ ਤੋਂ ਵੱਧ ਖ਼ਤਰਨਾਕ ਹੈ। ਹਾਕਮ ਸਾਨੂੰ ਕਾਰਪੋਰੇਟ ਘਰਾਣਿਆਂ, ਬਹੁ ਕੌਮੀ ਕਾਰਪੋਰੇਸ਼ਨਾਂ ਤੇ ਧਨ ਕੁਬੇਰਾਂ ਦੀ ਮਾਲਕੀ ਵਾਲੀਆਂ ਉੱਚੀਆਂ ਇਮਾਰਤਾਂ, ਆਲੀਸ਼ਾਨ ਨਿੱਜੀ ਹਸਪਤਾਲ ਤੇ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਦਿਖਾ-ਦਿਖਾ ਕੇ ਹੀ ਦੇਸ਼ ਦੀ ਤਰੱਕੀ ਦੀ ਤੇਜ਼ ਰਫ਼ਤਾਰ ਦੱਸੀ ਜਾਂਦੇ ਹਨ। ਕੌਮੀ ਉਤਪਾਦ ਦੀਆਂ ਵਧਦੀਆਂ ਦਰਾਂ ਬਿਲਕੁਲ ਹੀ ਝੂਠੀਆਂ ਤੇ ਫਰੇਬੀ ਹਨ। ਉਦਾਹਰਣ ਦੇ ਤੌਰ ’ਤੇ ਮੰਨ ਲਓ ਕਿ ਇੱਕ ਅਮੀਰ ਵਿਅਕਤੀ ਦੀ ਆਮਦਨ ਇੱਕ ਲੱਖ ਰੁਪਏ ਅਤੇ ਇੱਕ ਦਿਹਾੜੀਦਾਰ ਮਜ਼ਦੂਰ ਦੀ 100 ਰੁਪਏ ਰੋਜ਼ਾਨਾ ਹੈ। ਜੇਕਰ ਦੋਨਾਂ ਦੀ ਆਮਦਨ ਦੇ ਆਧਾਰ ਉਤੇ ਔਸਤਨ ਕੌਮੀ ਉਤਪਾਦਨ ਮਾਪਣਾ ਹੋਵੇ ਤਾਂ ਇਹ 1 ਲੱਖ ਰੁਪਏ + 100 ਰੁਪਏ ਰੋਜ਼ਾਨਾ ਦੇ ਹਿਸਾਬ ਨਾਲ 50 ਹਜ਼ਾਰ 50 ਰੁਪਏ ਬਣ ਜਾਂਦਾ ਹੈ। ਇਸੇ ਫਾਰਮੂਲੇ ਨੂੰ ਜੇ ਦੇਸ਼ ਦੇ ਅਮੀਰ ਤੇ ਕਾਰਪੋਰੇਟ ਘਰਾਣਿਆਂ ਦੀ ਆਮਦਨ ਨੂੰ ਸਮੁੱਚੀ ਵਸੋਂ (ਲਗਭਗ 70%) ਦੀ ਆਮਦਨ ਨਾਲ ਜੋੜ ਕੇ ਔਸਤਨ ਆਮਦਨ ਤੇ ਉਤਪਾਦਨ ਕੱਢਿਆ ਜਾਵੇਗਾ ਤਾਂ ਇਹ ਨਿਰਾ ਧੋਖਾ ਨਹੀਂ ਤਾਂ ਹੋਰ ਕੀ ਹੈ? ਮਹਿੰਗਾਈ ਦੇ ਅੰਕੜੇ ਵੀ ਇਸੇ ਤਰ੍ਹਾਂ ਮਾਪੇ ਜਾਂਦੇ ਹਨ।
ਰਾਜਸੀ ਦਲ ਬਦਲੀ ਵੀ ਸੰਵੇਦਨਹੀਣਤਾ ਦੀ ਹੀ ਉਪਜ ਹੈ। ਰਾਜਨੀਤੀਵਾਨ ਬਜ਼ਾਰੂ ਮਾਲ ਦੀ ਤਰ੍ਹਾਂ ਵਿਕਣ ਲਈ ਤਿਆਰ ਖੜ੍ਹੇ ਹਨ। ‘ਗਊ ਰੱਖਿਆ’ ਦੇ ਨਾਂਅ ਉਪਰ ਥਾਂ-ਥਾਂ ਕਮੇਟੀਆਂ ਬਣੀਆਂ ਹੋਈਆਂ ਹਨ ਤੇ ਸਰਕਾਰ ਵੱਲੋਂ ਇਸ ਕੰਮ ਲਈ ਟੈਕਸ ਵੀ ਵਸੂਲਿਆ ਜਾਂਦਾ ਹੈ। ਅਵਾਰਾ ਗਊਆਂ ਜਿਨ੍ਹਾਂ ਨੇ ਕਦੀ ਦੁੱਧ ਨਹੀਂ ਦੇਣਾ ਤੇ ਨਾ ਹੀ ਸਮਾਜ ਦਾ ਕੁਝ ਸੁਆਰਨਾ ਹੈ, ਝੁੰਡਾਂ ਦੇ ਰੂਪ ਵਿੱਚ ਸੜਕਾਂ ’ਤੇ ਘੁੰਮ ਰਹੀਆਂ ਹਨ। ਜਦੋਂ ਇਹ ਕਿਸੇ ਕਿਸਾਨ ਦੇ ਖੇਤ ਵਿੱਚ ਜਾ ਵੜਦੀਆਂ ਹਨ ਤਾਂ ਉੱਥੇ ਫਿਰ ਪੱਕੀ ਕਣਕ ਵੱਢਣ ਲਈ ਕੰਬਾਈਨ ਦੀ ਜ਼ਰੂਰਤ ਮੁੱਕ ਜਾਂਦੀ ਹੈ। ਵਿਚਾਰੇ ਕਿਸਾਨ ਪੱਲੇ ਨਿਰਾਸ਼ਾ ਤੋਂ ਸਿਵਾਏ ਹੋਰ ਕੁਝ ਨਹੀਂ ਪੈਂਦਾ। ਇਨ੍ਹਾਂ ਅਵਾਰਾ ਪਸ਼ੂਆਂ ਕਾਰਨ ਹਾਦਸਿਆਂ ਨਾਲ ਰੋਜ਼ਾਨਾ ਹੀ ਦਰਜਨਾਂ ਬੰਦੇ ਮਰਦੇ ਹਨ ਜਾਂ ਜ਼ਖ਼ਮੀ ਹੁੰਦੇ ਹਨ,ਪਰ ਸਰਕਾਰਾਂ ਦੀ ਇਨਸਾਨਾਂ ਦੀ ਜ਼ਿੰਦਗੀਆਂ ਪ੍ਰਤੀ ਸੰਵੇਦਨਸ਼ੀਲਤਾ ਨਾਲੋਂ ਅਵਾਰਾ ਨਿਕੰਮੇ ਪਸ਼ੂਆਂ ਪ੍ਰਤੀ ਆਸਥਾ ਤੇ ਸੰਵੇਦਨਸ਼ੀਲਤਾ ਪ੍ਰਮੁੱਖ ਹੈ।
ਪੰਜ ਸੌ ਤੇ ਇੱਕ ਹਜ਼ਾਰ ਰੁਪਏ ਦੀ ਨੋਟਬੰਦੀ ਦਾ ਪ੍ਰਚਾਰ ਇੰਜ ਕੀਤਾ ਜਾ ਰਿਹਾ ਹੈ ਜਿਵੇਂ ਕੁਝ ਹੀ ਦਿਨਾਂ ਵਿੱਚ ਦੇਸ਼ ਵਿੱਚੋਂ ਸਾਰਾ ਕਾਲਾ ਧਨ ਤੇ ਭ੍ਰਿਸ਼ਟਾਚਾਰ ਗਾਇਬ ਹੋ ਜਾਵੇਗਾ ਤੇ ਲੋਕਾਂ ਨੂੰ ਰੁਜ਼ਗਾਰ, ਵਿੱਦਿਆ ਤੇ ਹੋਰ ਸਭ ਕੁਝ ਮਿਲ ਜਾਵੇਗਾ, ਜੋ ਲੋੜੀਂਦਾ ਹੈ। ਇਸ ਸਭ ਦੀ ਅਸਲੀਅਤ ਤਾਂ ਭਵਿੱਖ ਵਿੱਚ ਹੀ ਦੇਖੀ ਜਾਵੇਗੀ, ਪਰ ਹੁਣ ਬੈਂਕਾਂ ਸਾਹਮਣੇ ਆਪਣੇ ਹੀ ਪੈਸੇ ਲੈਣ ਲਈ ਲੋਕਾਂ ਦੀਆਂ ਲੰਬੀਆਂ ਕਤਾਰਾਂ ਵਿੱਚ ਲੰਮਾ ਸਮਾਂ ਖੜ੍ਹੇ ਰਹਿਣ ਕਾਰਨ ਸੌ ਦੇ ਕਰੀਬ ਲੋਕਾਂ ਦੇ ਮਰਨ ਦੀਆਂ ਘਟਨਾਵਾਂ ਨਰਿੰਦਰ ਮੋਦੀ ਤੇ ਨਾ ਹੀ ਪੰਜਾਬ ਦੀ ਅਕਾਲੀ ਦਲ-ਭਾਜਪਾ ਸਰਕਾਰ ਦੇ ਆਗੂਆਂ ਦੇ ਮਨਾਂ ਨੂੰ ਵਿਚਲਿਤ ਕਰਦੀਆਂ ਹਨ। ਇਨ੍ਹਾਂ ਕਤਾਰਾਂ ਵਿੱਚ ਕੋਈ ਕਾਲਾ ਧੰਦਾ ਕਰਨ ਵਾਲਾ ਵਿਅਕਤੀ ਜਾਂ ਕੋਈ ਧਨੀ ਵਿਅਕਤੀ ਖੜ੍ਹਾ ਨਜ਼ਰ ਨਹੀਂ ਆਉਂਦਾ, ਸਿਰਫ਼ ਦਿਹਾੜੀਦਾਰ, ਛੋਟੇ ਕਿਸਾਨ, ਦੁਕਾਨਦਾਰ ਤੇ ਆਮ ਆਦਮੀ ਹੀ ਨਜ਼ਰੀ ਪੈਂਦੇ ਹਨ, ਜਿਨ੍ਹਾਂ ਵਿੱਚੋਂ ਅਨੇਕਾਂ ਘੰਟਿਆਂ ਬੱਧੀ ਖੜ੍ਹੇ ਹੋ ਕੇ ਵੀ ਖਾਲੀ ਹੱਥੀਂ ਘਰਾਂ ਨੂੰ ਪਰਤ ਆਉਂਦੇ ਹਨ। ਕਾਂਗਰਸ ਤੇ ਦੂਸਰੀਆਂ ਰਾਜਸੀ ਪਾਰਟੀਆਂ ਦੇ ਕਾਰਜ ਕਾਲਾਂ ਵਿੱਚ ਵੀ ਆਮ ਲੋਕਾਂ ਦੀਆਂ ਮੁਸ਼ਕਲਾਂ ਪ੍ਰਤੀ ਸਰਕਾਰਾਂ ਦਾ ਵਤੀਰਾ ਹਮੇਸ਼ਾ ਹੀ ਗ਼ੈਰ ਸੰਵੇਦਨਸ਼ੀਲ ਰਿਹਾ ਹੈ। ਸਭ ਰਾਜਸੀ ਦਲਾਂ ਦਾ ਨਿਸ਼ਾਨਾ ਸਿਰਫ਼ ਸੱਤਾ ਹਾਸਲ ਕਰਨਾ ਹੀ ਬਣ ਗਿਆ ਹੈ ਜਿਸ ਵਿੱਚ ਸੰਵੇਦਨਸ਼ੀਲਤਾ ਦੀ ਬਲੀ ਦਿੱਤੀ ਹੀ ਜਾਣੀ ਹੈ। ਚੋਣਾਂ ਦੌਰਾਨ ਖ਼ਰਚਿਆ ਜਾਣ ਵਾਲਾ ਅਰਬਾਂ ਦਾ ਕਾਲਾ ਧਨ ਸੱਚੀ ਸੁੱਚੀ ਕਿਰਤ ਨਾਲ ਨਹੀਂ ਸਗੋਂ ਲੋਕਾਂ ਦੀ ਬੇਤਰਸ ਲੁੱਟ ਖਸੁੱਟ ਤੇ ਭ੍ਰਿਸ਼ਟਾਚਾਰ ਰਾਹੀਂ ਇਕੱਠਾ ਕੀਤਾ ਜਾਂਦਾ ਹੈ। ਚੋਣ ਜਿੱਤਣ ਲਈ ਖੜ੍ਹੇ ਕੀਤੇ ਜਾਣ ਵਾਲੇ ਉਮੀਦਵਾਰ ਦੇ ਗੁਣਾਂ ਦਾ ਪੈਮਾਨਾ ਵੀ ਉੱਚਾ ਸੁੱਚਾ ਕਿਰਦਾਰ, ਲੋਕਾਂ ਦੀ ਸੇਵਾ ਪ੍ਰਤੀ ਸਮਰਪਤ ਭਾਵਨਾ ਤੇ ਇਮਾਨਦਾਰੀ ਨਹੀਂ, ਬਲਕਿ ਹਰ ਕੀਮਤ ’ਤੇ ਸੀਟ ਜਿੱਤਣਾ ਹੀ ਬਣਾ ਦਿੱਤਾ ਗਿਆ ਹੈ।
ਕਿਸੇ ਵੱਡੇ ਰੇਲ ਹਾਦਸੇ ਦੇ ਵਾਪਰਨ ਨਾਲ ਹੇਠਲੇ ਕਰਮਚਾਰੀਆਂ ਨੂੰ ਬਲੀ ਦੇ ਬੱਕਰੇ ਬਣਾਉਣ ਤੋਂ ਬਿਨਾਂ ਕਦੀ ਸਬੰਧਤ ਮੰਤਰੀ ਘਟਨਾ ਦੀ ਜ਼ਿ਼ੰਮੇਵਾਰੀ ਆਪਣੇ ਸਿਰ ਲੈ ਕੇ ਅਸਤੀਫ਼ਾ ਨਹੀਂ ਦਿੰਦਾ। ਖੁਰਾਕੀ ਮਿਲਾਵਟ ਨਾਲ ਹੋਈਆਂ ਮੌਤਾਂ ਤੋਂ ਬਾਅਦ ਵੀ ਸਬੰਧਤ ਖੁਰਾਕ ਮੰਤਰੀ ਆਪਣੇ ਬਿਆਨਾਂ ਰਾਹੀਂ ਕੋਈ ਜ਼ਿੰਮਾ ਲੈਣ ਦੀ ਥਾਂ ਲੋਕਾਂ ਦੇ ਜ਼ਖ਼ਮਾਂ ’ਤੇ ਲੂਣ ਹੀ ਛਿੜਕਦਾ ਹੈ। ਕਿਸੇ ਦਲਿਤ, ਆਦਿਵਾਸੀ ਜਾਂ ਕਥਿਤ ਨੀਵੀਂ ਜਾਤੀਆਂ ਨਾਲ ਸਬੰਧਤ ਲੜਕੀਆਂ ਨਾਲ ਨਿਤ ਵਾਪਰ ਰਹੀਆਂ ਬਲਾਤਕਾਰ, ਕਤਲ ਤੇ ਹਰ ਤਰ੍ਹਾਂ ਦੇ ਜਬਰ ਦੀਆਂ ਵਾਰਦਾਤਾਂ ਵੀ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਕਿਸੇ ਦੂਸਰੇ ਨੇਤਾ ਦੀ ਅੱਖ ਵਿੱਚ ਹੰਝੂ ਨਹੀਂ ਲਿਆਉਂਦੀਆਂ। ਸ਼ਰਮਸਾਰ ਹੋਣ ਦਾ ਅਹਿਸਾਸ ਹੋਣਾ ਤਾਂ ਦੂਰ ਦੀ ਗੱਲ ਹੈ!
ਅਸੰਵੇਦਨਸ਼ੀਲ ਰਾਜ ਪ੍ਰਬੰਧ ਵਿੱਚ ਲੋਕਰਾਜੀ, ਧਰਮ ਨਿਰਪੱਖ ਤੇ ਮਾਨਵੀ ਕਦਰਾਂ ਕੀਮਤਾਂ ਦੇ ਪਸਰਨ ਤੇ ਮਜ਼ਬੂਤ ਹੋਣ ਦੀ ਥਾਂ ਤਾਨਾਸ਼ਾਹੀ, ਧਾਰਮਿਕ ਕੱਟੜਤਾ, ਅਸਹਿਣਸ਼ੀਲਤਾ ਅਤੇ ਗ਼ੈਰ ਸਮਾਜੀ ਵਰਤਾਰੇ ਹੀ ਪੈਦਾ ਹੋਣਗੇ। ਇਸ ਵੱਧ ਰਹੀ ਗ਼ੈਰ ਸੰਵੇਦਨਸ਼ੀਲਤਾ ਦਾ ਇਲਾਜ ਅਰਜ਼ੋਈਆਂ ਨਹੀਂ, ਬਲਕਿ ਹਾਕਮ ਧਿਰਾਂ ਵਿਰੁੱਧ ਬੇਕਿਰਕ ਸੰਘਰਸ਼ ਹੈ ਜਿਸ ਨਾਲ ਇਸ ਅਮਾਨਵੀ ਪ੍ਰਬੰਧ ਨੂੰ ਬੁਨਿਆਦੀ ਰੂਪ ਵਿੱਚ ਤਬਦੀਲ ਕੀਤਾ ਜਾ ਸਕੇ। ਇਹ ਕੰਮ ਵੀ ਸੰਵੇਦਨਸ਼ੀਲ ਵਿਅਕਤੀ, ਸੰਗਠਨ ਤੇ ਰਾਜਸੀ ਦਲ ਹੀ ਕਰ ਸਕਦੇ ਹਨ ਜਿਨ੍ਹਾਂ ਦੇ ਮਨਾਂ ਵਿੱਚ ਮਨੁੱਖਤਾ ਲਈ ਦਰਦ ਹੋਵੇ। ਦੁਨੀਆਂ ਤੇ ਭਾਰਤ ਦੇ ਸਾਰੇ ਮਹਾਨ ਵਿਅਕਤੀਆਂ ਵਿੱਚ ਸੰਵੇਦਨਸ਼ੀਲਤਾ ਬੁਨਿਆਦੀ ਗੁਣ ਰਿਹਾ ਹੈ। ਤਾਂ ਹੀ ਤਾਂ ਉਹ ਫਾਂਸੀ ਦੇ ਫੰਦਿਆਂ ਅਤੇ ਕਾਲੇ ਪਾਣੀ ਦੀਆਂ ਜੇਲ੍ਹਾਂ ਵਿੱਚ ਵੀ ਮੌਤ ਸਾਹਮਣੇ  ਮੁਸਕਰਾਉਂਦੇ ਰਹੇ। ਸੰਵੇਦਨਸ਼ੀਲਤਾ ਮਨੁੱਖ ਨੂੰ ਕੁਝ ਨਾ ਕੁਝ ਸਾਰਥਕ ਕਰਨ ਲਈ ਹਮੇਸ਼ਾ ਪ੍ਰੇਰਦੀ ਰਹਿੰਦੀ ਹੈ। ਆਓ, ਸਾਰੇ ਦੱਬੇ ਕੁਚਲੇ ਲੋਕ ਇਸ ਦਾ ਪੱਲਾ ਫੜੀਏ।
ਸੰਪਰਕ: 98141-82998