Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Saturday 26 August 2017

ਪੰਚਕੂਲਾ ਅਤੇ ਹੋਰਨਾ ਥਾਵਾਂ ਦਾ ਘਟਨਾਕ੍ਰਮ ਭਾਜਪਾ ਵਲੋਂ ਧਰਮ ਤੇ ਰਾਜਨੀਤੀ ਰਲਗੱਡ ਕਰਨ ਦਾ ਹੀ ਸਿੱਟਾ

ਜਲੰਧਰ 26 ਅਗਸਤ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਡੇਰਾ ਸੱਚਾ ਸੌਦਾ (ਸਿਰਸਾ) ਦੇ ਮੁਖੀ ਨੂੰ ਬਲਾਤਕਾਰ ਦੇ ਕੇਸ ਵਿਚ ਵਿਸ਼ੇਸ਼ ਸੀ.ਬੀ.ਆਈ. ਕੋਰਟ ਵਲੋਂ ਦੋਸ਼ੀ ਨਾਮਜ਼ਦ ਕਰਕੇ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਪੰਚਕੂਲਾ, ਸਿਰਸਾ ਤੇ ਹਰਿਆਣੇ ਦੇ ਦੁੂਸਰੇ ਸ਼ਹਿਰਾਂ, ਪੰਜਾਬ, ਯੂ.ਪੀ, ਰਾਜਸਥਾਨ ਤੇ ਦਿੱਲੀ ਵਿਚ ਡੇਰੇ ਦੇ ਪੈਰੋਕਾਰਾਂ ਵਲੋਂ ਕੀਤੀਆਂ ਗਈਆਂ ਹਿੰਸਕ ਤੇ ਅੱਗਜਨੀ ਦੀਆਂ ਕਾਰਵਾਈਆਂ, ਸਰਕਾਰੀ ਤੇ ਨਿੱਜੀ ਜਾਇਦਾਦ ਨੂੰ ਪਹੁੰਚਾਏ ਭਾਰੀ ਨੁਕਸਾਨ ਦੀਆਂ ਘਟਨਾਵਾਂ ਦੀ ਪੁਰਜੋਰ ਨਿਖੇਧੀ ਕਰਦੀ ਹੈ ਅਤੇ ਇਨ੍ਹਾਂ ਕਾਰਵਾਈਆਂ ਦੇ ਸਿੱਟੇ ਵਜੋਂ 3 ਦਰਜਨ ਦੇ ਕਰੀਬ ਹੋਈਆਂ ਮੌਤਾਂ ਉਪਰ ਡੂੰਘੇ ਅਫਸੋਸ ਅਤੇ ਚਿੰਤਾ ਦਾ ਪ੍ਰਗਟਾਵਾ ਕਰਦੀ ਹੈ। ਇਹ ਪ੍ਰਗਟਾਵਾ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਵਲੋਂ ਜਾਰੀ ਕੀਤੇ ਇੱਕ ਲਿਖਤੀ ਬਿਆਨ 'ਚ ਕੀਤਾ ਗਿਆ। ਪਾਸਲਾ ਨੇ ਅੱਗੇ ਕਿਹਾ ਹੈ ਕਿ ਇਹ ਮੰਦਭਾਗੀਆਂ ਘਟਨਾਵਾਂ ਲਈ ਹਰਿਆਣਾ ਦੀ ਖੱਟੜ ਸਰਕਾਰ ਵੀ ਪੂਰੀ ਤਰ੍ਹਾਂ ਜਿੰਮੇਵਾਰ ਹੈ ਜਿਸਨੇ ਸਵਾਰਥੀ ਰਾਜਨੀਤਕ ਹਿਤਾਂ ਦੀ ਪੂਰਤੀ ਲਈ ਡੇਰਾ ਮੁਖੀ ਦੇ ਅਦਾਲਤੀ ਫੈਸਲੇ ਦੇ ਮੱਦੇਨਜ਼ਰ ਵਾਪਰਨ ਵਾਲੀਆਂ ਸੰਭਾਵਿਤ ਅਣਸੁਖਾਵੀਆਂ ਘਟਨਾਵਾਂ ਨੂੰ ਰੋਕਣ ਲਈ ਨਾ ਤਾਂ ਲੋੜੀਦੇ ਪ੍ਰਸ਼ਾਸਕੀ ਕਦਮ ਚੁੱਕੇ ਤੇ ਨਾ ਹੀ ਰਾਜਨੀਤਕ ਇਛਾਸ਼ਕਤੀ ਦਿਖਾਈ। ਜਿਸਦੇ ਸਿਟੇ ਵਜੋਂ ਇਹ ਸਾਰਾ ਘਟਨਾਕ੍ਰਮ ਵਾਪਰਿਆ ਹੈ।
ਸਾਥੀ ਪਾਸਲਾ ਨੇ ਸਮੁਚੇ ਦੇੇਸ਼, ਖਾਸਕਰ ਪੰਜਾਬ, ਹਰਿਆਣਾ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਹਰ ਕੀਮਤ ਉਤੇ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਵਾਪਰਨ ਤੋਂ ਰੋਕਣ ਲਈ ਅੱਗੇ ਆਉਣ ਅਤੇ ਆਪਸੀ ਭਾਈਚਾਰਾ ਤੇ ਸ਼ਾਂਤੀ ਬਣਾਈ ਰੱਖਣ। ਧਰਮ ਤੇ ਰਾਜਨੀਤੀ ਨੂੰ ਰਲਗੱਡ ਕਰਨ ਨਾਲ ਸਮੁਚੇ ਸਮਾਜ ਤੇ ਖਾਸਕਰ ਭਾਈਚਾਰਕ ਏਕਤਾ ਨੂੰ ਕਿੰਨਾ ਨੁਕਸਾਨ ਹੁੰਦਾ ਹੈ, ਇਨ੍ਹਾਂ ਘਟਨਾਵਾਂ ਕਾਰਨ ਇਕ ਵਾਰ ਫਿਰ ਸਪਸ਼ਟ ਹੋ ਗਿਆ ਹੈ।  ਭਾਜਪਾ ਧਰਮ ਤੇ ਰਾਜਨੀਤੀ ਰਲਗੱਡ ਕਰਕੇ ਇਹੀ ਅਮਲ ਦੇਸ਼ ਪੱਧਰ ਉਪਰ ਅਜਮਾਉੁਣਾ ਚਾਹੁੰਦੀ ਹੈ, ਜਿਸ ਵਿਰੁੱਧ ਸਾਰੇ ਦੇਸ਼ਵਾਸੀਆਂ ਨੂੰ ਇਕਜੁੱਟ ਹੋਣ ਦੀ ਲੋੜ ਹੈ। ਸਾਥੀ ਪਾਸਲਾ ਨੇ ਭਾਜਪਾ ਐਮ.ਪੀ. ਸ਼ਾਕਸ਼ੀ ਮਹਾਰਾਜ ਦੇ ਬਿਆਨ ਦੀ ਵੀ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ, ਜਿਸਨੇ ਬੜੀ ਬੇਸ਼ਰਮੀ ਨਾਲ ਔਰਤਾਂ ਵਿਰੁੱਧ ਕੀਤੇ ਗਏ ਕੁਕਰਮਾਂ ਕਾਰਨ ਸੱਚਾ ਸੌਦਾ ਮੁਖੀ ਨੂੰ ਹੋਈ ਸਜ਼ਾ ਦੇ ਸੰਦਰਭ ਵਿਚ ਬਲਾਤਕਾਰ ਵਰਗੇ ਘਿਨਾਉਣੇ ਪਾਪ ਨੂੰ ਧਾਰਮਿਕ ਸ਼ਰਧਾ ਹੇਠ ਕੱਜਣ ਦੀ ਕੋਸਿਸ਼ ਕੀਤੀ ਹੈ। ਆਰ.ਐਮ.ਪੀ.ਆਈ. ਨੇ ਡੇਰੇ ਨਾਲ ਜੁੜੇ ਲੱਖਾਂ ਲੋਕਾਂ ਨੂੰ ਵੀ ਸ਼ਾਂਤ ਰਹਿਣ, ਤਰਕ ਨਾਲ ਸੋਚਣ ਅਤੇ ਝੁੂਠ ਨੂੰ ਸਮਝਣ ਦੀ ਵੀ ਅਪੀਲ ਕੀਤੀ ਹੈ।

(ਮੰਗਤ ਰਾਮ ਪਾਸਲਾ)

Monday 21 August 2017

ਗੁੰਡਿਆਂ ਵਲੋਂ ਪਿੰਡ ਟਪਿਆਲਾ 'ਚ ਮਜ਼ਦੂਰ ਦੇ ਕੀਤੇ ਕਤਲ ਦੀ ਨਿਖੇਧੀ


ਜਲੰਧਰ 21 ਅਗਸਤ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪੰਜਾਬ ਇਕਾਈ ਵਲੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਟਪਿਆਲਾ ਵਿਖੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਬੇਦਖ਼ਲ ਕਰਨ ਲਈ ਪੁਲਸ ਤੇ ਸਥਾਨਕ ਪ੍ਰਸ਼ਾਸ਼ਨ ਦੀ ਮਿਲੀਭੁਗਤ ਨਾਲ ਸੈਂਕੜਿਆਂ ਦੀ ਤਦਾਦ ਵਿਚ ਇਕੱਠੇ ਹੋ ਕੇ ਗੁਡਿਆਂ ਵਲੋਂ ਕੀਤੇ ਗਏ ਹਮਲੇ ਦੀ ਸਖਤ ਨਿਖੇਧੀ ਕੀਤੀ ਹੈ। ਇਸ ਦੌਰਾਨ ਚਲਾਈ ਗਈ ਗੋਲੀ ਵਿਚ ਇਕ ਮਜ਼ਦੂਰ ਸੁੱਖਦੇਵ ਸਿੰਘ ਸੁੱਖਾ ਦੀ ਮੌਤ ਹੋ ਗਈ ਹੈ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਕਮੇਟੀ ਮੈਂਬਰ ਸਾਹਿਬ ਸਿੰਘ ਸਮੇਤ ਕਈ ਹੋਰ ਸਖਤ ਜ਼ਖਮੀ ਹੋ ਗਏ ਹਨ। ਇਨ੍ਹਾਂ ਗੁੰਡਿਆਂ ਨੇ ਇਨ੍ਹਾਂ ਮਜ਼ਦੂਰਾਂ ਦੇ ਘਰਾਂ ਨੂੰ ਢਾਹ ਦਿੱਤਾ ਅਤੇ ਉਨ੍ਹਾਂ ਦਾ ਸਮਾਨ ਵੀ ਲੁੱਟ ਕੇ ਲੈ ਗਏ ਹਨ। ਪਾਰਟੀ ਨੇ ਸਰਕਾਰ ਤੋਂ ਹਮਲਾਵਰਾਂ ਵਿਰੁੱਧ ਕੇਸ ਦਰਜ ਕਰਨ ਉਨ੍ਹਾਂ ਨੂੰ ਫੌਰੀ ਤੌਰ 'ਤੇ ਗ੍ਰਿਫਤਾਰ ਕਰਨ ਅਤੇ ਮਾਰੇ ਗਏ ਮਜ਼ਦੂਰ ਦੇ ਪਰਿਵਾਰ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦੇਣ, ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਅਤੇ ਜਖਮੀ ਮਜ਼ਦੂਰਾਂ ਦੇ ਮੁਫ਼ਤ ਇਲਾਜ ਤੇ ਢੁਕਵਾਂ ਮੁਆਵਜ਼ਾ ਦੇਣ, ਢਾਹੇ ਘਰਾਂ ਤੇ ਲੁੱਟੇ ਸਮਾਨ ਦੀ ਭਰਪਾਈ ਕਰਨ ਦੀ ਮੰਗ ਕੀਤੀ ਹੈ।
ਸੂਬਾ ਸਕੱਤਰੇਤ ਮੈਂਬਰ ਰਤਨ ਸਿੰਘ ਰੰਧਾਵਾ ਨੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਪਾਰਟੀ ਸਕੱਤਰੇਤ ਨੇ ਇਨ੍ਹਾਂ ਮਜ਼ਦੂਰਾਂ 'ਤੇ ਹੋਏ ਹਮਲੇ ਉਤੇ ਗੰਭੀਰ ਨਾਲ ਚਿੰਤਾ ਪ੍ਰਗਟ ਕੀਤੀ ਅਤੇ ਸਖਤ ਰੋਸ ਦਾ ਇਜਹਾਰ ਕੀਤਾ ਹੈ। ਇੱਥੇ ਇਹ ਵਰਣਨਯੋਗ ਹੈ ਕਿ ਪੰਜਾਬ ਸਰਕਾਰ ਨੇ 1974 ਵਿਚ ਇੰਦਰਾ ਗਾਂਧੀ ਆਵਾਸ ਯੋਜਨਾ ਅਧੀਨ ਇਹ ਪਲਾਟ ਇਨ੍ਹਾਂ ਮਜ਼ਦੂਰਾਂ ਨੂੰ ਅਲਾਟ ਕੀਤੇ ਸਨ, ਜਿਸ ਉਤੇ ਇਹ ਬਾਕਾਇਦਾ ਘਰ ਬਣਾਕੇ ਲਗਭਗ ਚਾਰ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਰਹਿ ਰਹੇ ਹਨ। ਪਿਛਲੇ ਸਮੇਂ ਵਿਚ ਕੁੱਝ ਲੋਕਾਂ ਵਲੋਂ ਇਸ ਜ਼ਮੀਨ 'ਤੇ ਕਬਜ਼ਾ ਕਰਨ ਦਾ ਯਤਨ ਕੀਤਾ ਗਿਆ ਸੀ। ਜਿਸਨੂੰ ਉਨ੍ਹਾਂ ਨੇ ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਵਿਚ ਆਪਣੇ ਸੰਘਰਸ਼ ਰਾਹੀਂ ਨਾਕਾਮ ਕਰ ਦਿੱਤਾ ਸੀ।
ਬੀਤੇ ਕੱਲ ਸੈਂਕੜਿਆਂ ਦੀ ਤਾਦਾਦ ਵਿਚ ਇਕੱਠੇ ਹੋ ਕੇ ਇਨ੍ਹਾਂ ਗੁੰਡਾ ਅਨਸਰਾਂ ਨੇ ਸਥਾਨਕ ਪੁਲਸ ਅਤੇ ਪ੍ਰਸ਼ਾਸ਼ਨ ਦੀ ਨੰਗੀ ਚਿੱਟੀ ਸ਼ਹਿ ਨਾਲ ਮਜ਼ਦੂਰਾਂ 'ਤੇ ਹਮਲਾ ਕਰ ਦਿੱਤਾ ਅਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਜਿਸ ਵਿਚ ਇਕ ਮਜ਼ਦੂਰ ਸੁੱਖਾ ਸਿੰਘ ਦੀ ਮੌਤ ਹੋ ਗਈ ਅਤੇ ਕਈ ਹੋਰ ਸਖਤ ਜ਼ਖ਼ਮੀ ਹੋ ਗਏ।
ਸਾਥੀ ਰੰਧਾਵਾ ਨੇ ਇਸ ਹਮਲੇ ਦੀ ਸਖਤ ਨਿਖੇਧੀ ਕਰਦੇ ਹੋਏ ਪਾਰਟੀ ਵਲੋਂ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਉਹ ਸਿੱਧਾ ਦਖਲ ਦੇ ਕੇ ਦਹਾਕਿਆਂ ਤੋਂ ਸਰਕਾਰ ਵਲੋਂ ਬਾਕਾਇਦਾ ਰੂਪ ਵਿਚ ਅਲਾਟ ਪਲਾਟਾਂ 'ਤੇ ਮਜ਼ਦੂਰਾਂ ਦਾ ਕਬਜ਼ਾ ਕਾਇਮ ਰੱਖਣ ਨੂੰੂ ਯਕੀਨੀ ਬਨਾਉਣ। ਹਮਲਾਵਰਾਂ 'ਤੇ ਫੌਰੀ ਰੂਪ ਵਿਚ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਮਾਰੇ ਗਏ ਮਜ਼ਦੂਰ ਦੇ ਪਰਿਵਾਰ ਨੂੰ 5 ਲੱਖ ਰੁਪਏ ਅਤੇ ਜਖ਼ਮੀ ਮਜ਼ਦੂਰਾਂ ਦੇ ਮੁਫ਼ਤ ਇਲਾਜ ਦੇ ਨਾਲ ਨਾਲ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ। ਆਰਥਕ ਰੂਪ ਵਿਚ ਕਮਜ਼ੋਰ ਇਨ੍ਹਾਂ ਮਜ਼ਦੂਰਾਂ ਨੂੰ ਢਾਹੇ ਗਏ ਘਰਾਂ ਨੂੰ ਮੁੜ ਉਸਾਰਨ ਅਤੇ ਲੁੱਟੇ ਗਏ ਸਮਾਨ ਲਈ ਵੀ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਪਾਰਟੀ ਇਕਾਈਆਂ ਨੂੰ ਇਸ ਸੰਘਰਸ਼ ਵਿਚ ਹਰ ਸੰਭਵ ਮਦਦ ਦੇਣ ਅਤੇ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿਚ ਇਸ ਸੰਘਰਸ਼ ਨੂੰ ਵਿਆਪਕ ਬਨਾਉਂਦੇ ਹੋਏ ਹੋਰ ਤਿੱਖਾ ਕੀਤੇ ਜਾਣ ਦਾ ਵੀ ਸੱਦਾ ਦਿੱਤਾ।

(ਰਤਨ ਸਿੰਘ ਰੰਧਾਵਾ)

Sunday 20 August 2017

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ) ਵਲੋਂ 28 ਅਤੇ 29 ਅਗਸਤ ਨੂੰ ਸੂਬੇ ਭਰ 'ਚ ਪੁਤਲੇ ਫੂਕਣ ਦਾ ਐਲਾਨ


ਜਲੰਧਰ 20 ਅਗਸਤ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ) ਵਲੋਂ 28 ਅਤੇ 29 ਅਗਸਤ ਨੂੰ ਸੂਬੇ ਭਰ ਦੇ ਪਿੰਡਾਂ/ਕਸਬਿਆਂ 'ਚ ਵੱਡੀ ਪੱਧਰ 'ਤੇ ਕੇਂਦਰੀ ਅਤੇ ਸੂਬਾ ਹਕੂਮਤ ਦੇ ਪੁਤਲੇ ਫੂਕ ਕੇ ਪ੍ਰਦਰਸ਼ਨ ਕੀਤੇ ਜਾਣਗੇ। ਉਕਤ ਫੈਸਲਾ ਅੱਜ ਇਥੇ ਸਾਥੀ ਰਘਬੀਰ ਸਿੰਘ ਪਕੀਵਾਂ ਦੀ ਪ੍ਰਧਾਨਗੀ ਹੇਠ ਹੋਈ ਪਾਰਟੀ ਸੂਬਾ ਸਕੱਤਰੇਤ ਦੀ ਮੀਟਿੰਗ ਵਿਚ ਲਿਆ ਗਿਆ। ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਸਾਥੀ ਗੁਰਨਾਮ ਸਿੰਘ ਦਾਊਦ ਨੇ ਦੱਸਿਆ ਕਿ ਉਕਤ ਪੁਤਲਾ ਫੂਕ ਮੁਜ਼ਾਹਰੇ ਕੇਂਦਰ ਸਰਕਾਰ ਵਲੋਂ ਠੋਸੇ ਗਏ ਜੀ.ਐਸ.ਟੀ. ਦੇ ਸਿੱਟੇ ਵਜੋਂ ਆਮ ਖਪਤਕਾਰਾਂ 'ਤੇ ਪੈ ਰਹੇ ਅਕਹਿ ਭਾਰ ਵਿਰੁੱਧ, ਸਰਕਾਰੀ ਨੀਤੀਆਂ ਦੇ ਸਿੱਟੇ ਵਜੋਂ ਦਿਨੋ ਦਿਨ ਭਿਆਨਕ ਹੁੰਦੀ ਜਾ ਰਹੀ ਬੇਰੋਜਗਾਰੀ ਖਿਲਾਫ਼ ਅਤੇ ਕਿਸਾਨਾਂ-ਖੇਤ ਮਜ਼ਦੂਰਾਂ ਦੇ ਕਰਜ਼ੇ ਮੁਆਫ ਕਰਨ ਤੋਂ ਭੱਜਣ ਦੀ ਕੇਂਦਰੀ ਅਤੇ ਸੂਬਾ ਹਕੂਮਤ ਦੀ ਬਦਨੀਅਤ ਖਿਲਾਫ਼ ਕੀਤੇ ਜਾ ਰਹੇ ਹਨ। ਸਾਥੀ ਦਾਊਦ ਨੇ ਸਮੂਹ ਪਾਰਟੀ ਇਕਾਈਆਂ, ਹਮਦਰਦਾਂ ਅਤੇ ਜਨਸੰਗਠਨਾਂ ਨੂੰ ਸੱਦਾ ਦਿੱਤਾ ਕਿ ਉਕਤ ਸੱਦੇ ਦੀ ਸਫਲਤਾ ਲਈ ਪੂਰੇ ਸੰਜੀਦਾ ਯਤਨ ਕਰਨ। ਸੂਬਾ ਸਕੱਤਰੇਤ ਵਲੋਂ ਸਮੂਹ ਕਿਰਤੀ, ਕਿਸਾਨਾਂ 'ਤੇ ਹੋਰ ਮਿਹਨਤੀ ਵਰਗਾਂ ਨੂੰ ਉਕਤ ਐਕਸ਼ਨਾਂ ਵਿਚ ਪਰਿਵਾਰਾਂ ਸਮੇਤ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ।

ਜਾਰੀ ਕਰਤਾ

(ਗੁਰਨਾਮ ਸਿੰਘ ਦਾਊਦ)


Wednesday 9 August 2017

ਸੁਭਾਸ਼ ਬਰਾਲਾ ਦੇ ਲੜਕੇ ਵਲੋਂ ਕੀਤੀ ਛੇੜਛਾੜ ਤੇ ਅਗਵਾ ਕਰਨ ਦੀ ਕੋਸ਼ਿਸ਼ ਕਰਨ ਦੀ ਸਖਤ ਸ਼ਬਦਾਂ 'ਚ ਨਿਖੇਧੀ

ਜਲੰਧਰ 9 ਅਗਸਤ- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਨੇ ਹਰਿਆਣਾ ਭਾਜਪਾ ਦੇ ਪ੍ਰਧਾਨ ਸੁਭਾਸ਼ ਬਰਾਲਾ ਦੇ ਲੜਕੇ ਵਲੋਂ ਇਕ ਆਈਏਐਸ ਅਫਸਰ ਦੀ ਬੇਟੀ ਨਾਲ ਛੇੜਛਾੜ ਤੇ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਦੀ ਸਖਤ ਨਿਖੇਧੀ ਕਰਦਿਆਂ ਮੰਗ ਕੀਤੀ ਹੈ ਕਿ ਸੁਭਾਸ਼ ਬਰਾਲਾ ਨੂੰ ਭਾਰਤੀ ਜਨਤਾ ਪਾਰਟੀ ਉਸ ਦੇ ਅਹੁਦੇ ਤੋਂ ਫੌਰੀ ਤੌਰ 'ਤੇ ਬਰਖਾਸਤ ਕਰੇ।
ਆਈਏਐਸ ਅਫਸਰ ਦੀ ਬੇਟੀ ਵਰਣਿਕਾ ਕੰਡੂ ਨਾਲ ਵਾਪਰੀ ਇਸ ਖੌਫ਼ਨਾਕ ਘਟਨਾ ਨੂੰ ਭਾਰਤੀ ਜਨਤਾ ਪਾਰਟੀ ਦੀ ਔਰਤਾਂ ਪ੍ਰਤੀ ਪਹੁੰਚ ਦੀ ਇਕ ਝਲਕ ਮਾਤਰ ਕਰਾਰ ਦਿੰਦਿਆਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਹੈ ਕਿ ਮਨੂੰ ਦੀ ਔਲਾਦ ਆਰ.ਐਸ.ਐਸ. ਦੇ ਪੈਰੋਕਾਰ ਭਾਜਪਾ ਆਗੂ ਅੱਜ ਵੀ ਔਰਤ ਨੂੰ ਗੁਲਾਮ ਬਣਾ ਕੇ ਰੱਖਣ ਦੇ ਹਾਮੀ ਹਨ ਅਤੇ ਉਸਨੂੰ ਸਿਰਫ ਇਕ ਮਨਪ੍ਰਚਾਵੇ ਦਾ ਜਰੀਆ ਹੀ ਸਮਝਦੇ ਹਨ। ਇਹੀ ਕਾਰਨ ਹੈ ਕਿ ਸੁਭਾਸ਼ ਬਰਾਲਾ ਦੇ ਲੜਕੇ ਵਿਕਾਸ ਤੇ ਉਸ ਦੇ ਦੋਸਤ ਵਲੋਂ ਕੀਤੀ ਗਈ ਗੁੰਡਾਗਰਦੀ ਦਾ ਵਿਰੋਧ ਕਰਨ ਦੀ ਬਜਾਇ ਉਸਦੇ ਆਗੂ ਇਹ ਕਹਿਣ ਤੱਕ ਚਲੇ ਗਏ ਕਿ ਅੱਧੀ ਰਾਤ ਨੂੰ ਪੀੜਤ ਲੜਕੀ ਘਰੋਂ ਬਾਹਰ ਕੀ ਕਰ ਰਹੀ ਸੀ।
ਸਾਥੀ ਪਾਸਲਾ ਨੇ ਚੰਡੀਗੜ੍ਹ ਪੁਲਸ ਵਲੋਂ ਇਸ ਮਾਮਲੇ ਨੂੰ ਰਫਾ ਦਫਾ ਕਰਨ ਲਈ ਨਿਭਾਏ ਗਏ ਰੋਲ ਦੀ ਵੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪੁਲਸ ਦਾ ਇਹ ਕਹਿਣਾ ਕਿ ਰਸਤੇ ਵਿਚਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਨਹੀਂ ਮਿਲੀ ਤੇ ਬਾਅਦ ਵਿਚ ਮੀਡੀਆ ਦੇ ਜਬਰਦਸਤ ਦਬਾਅ ਬਾਅਦ ਉਸੇ ਫੁਟੇਜ਼ ਦਾ ਸਾਹਮਣੇ ਆਉਣਾ ਇਹੋ ਦਰਸਾਉਂਦਾ ਹੈ ਕਿ ਪੁਲਸ ਆਪਣੇ ਸਿਆਸੀ ਆਕਾਵਾਂ ਦੀ ਰਾਖੀ ਹੀ ਕਰਦੀ ਹੈ, ਉਸ ਨੂੰ ਕਾਨੂੰਨ ਵਿਵਸਥਾ ਜਾਂ ਕਦਰਾਂ ਕੀਮਤਾਂ ਦੀ ਪਰਵਾਹ ਨਹੀਂ।
ਸਾਥੀ ਮੰਗਤ ਰਾਮ ਪਾਸਲਾ ਨੇ ਮੰਗ ਕੀਤੀ ਕਿ ਵਿਕਾਸ ਬਰਾਲਾ ਤੇ ਉਸਦੇ ਦੋਸਤ ਵਿਰੁੱਧ ਕਾਨੂੰਨ ਦੀ ਸਖਤ ਧਾਰਾਵਾਂ ਅਧੀਨ ਕੇਸ ਦਰਜ ਕਰਕੇ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਸਖਤ ਤੇ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਅੱਗੋਂ ਤੋਂ ਕੋਈ ਹੋਰ ਬੁਰਛਾਗਰਦ ਅਜਿਹੀ ਹਿਮਾਕਤ ਕਰਨ ਦੀ ਜੁਅਰਤ ਨਾ ਕਰ ਸਕੇ। ਪੀੜਤ ਲੜਕੀ ਵਲੋਂ ਆਪਣੀ ਫੇਸਬੁੱਕ 'ਤੇ ਕੀਤੀ ਗਈ ਇਸ ਟਿੱਪਣੀ ਨਾਲ, ਕਿ ਮੈਂ ਖੁਸ਼ਕਿਸਮਤ ਹਾਂ ਕਿ ਮੈਂ ਇਕ ਸਧਾਰਨ ਵਿਅਕਤੀ ਦੀ ਧੀ ਨਹੀਂ, ਸਹਿਮਤੀ ਜਤਾਉਂਦਿਆਂ ਸਾਥੀ ਪਾਸਲਾ ਨੇ ਕਿਹਾ ਕਿ ਇਹ ਗੱਲ ਬਿਲਕੁਲ ਸਹੀ ਹੈ ਕਿ ਜੇ ਇਹ ਲੜਕੀ ਕਿਸੇ ਆਮ ਵਿਅਕਤੀ ਦੀ ਧੀ ਹੁੰਦੀ ਤਾਂ ਇਹ ਮਾਮਲਾ ਆਪਣੀ ਮੌਤ ਆਪ ਹੀ ਮਾਰਿਆ ਜਾਣਾ ਸੀ।
ਸਾਥੀ ਮੰਗਤ ਰਾਮ ਪਾਸਲਾ ਨੇ ਇਸ ਮੌਕੇ ਖੱਬੀਆਂ ਧਿਰਾਂ, ਖਾਸਕਰ ਆਰ.ਐਮ.ਪੀ.ਆਈ. ਦੇ ਕਾਡਰ ਨੂੰ ਸੱਦਾ ਦਿੱਤਾ ਹੈ ਕਿ ਉਹ ਅਜਿਹਾ ਮਾਹੌਲ ਸਿਰਜਣ ਲਈ ਖੁੱਲ੍ਹ ਕੇ ਮੈਦਾਨ 'ਚ ਨਿੱਤਰਨ ਜਿਸ ਵਿਚ ਇਸ ਦੇਸ਼ ਦੀ ਹਰ ਧੀ ਬਿਨਾਂ ਕਿਸੇ ਭੈਅ ਦੇ ਵਿਚਰ ਸਕੇ।
ਜਾਰੀ ਕਰਤਾ

(ਗੁਰਨਾਮ ਸਿੰਘ ਦਾਊਦ)

Wednesday 2 August 2017

ਸਬਸਿਡੀ ਖਤਮ ਕਰਨ ਦੇ ਰਾਹ ਤੁਰੀ ਕੇਂਦਰ ਸਰਕਾਰ ਦਾ ਚਿਹਰਾ ਨੰਗਾ ਹੋਇਆ

ਜਲੰਧਰ, 2 ਅਗਸਤ - ਰਸੋਈ ਗੈਸ ਦੀ ਕੀਮਤ ਵਿਚ ਹਰ ਮਹੀਨੇ 4 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕਰਕੇ ਇਸ ਉਪਰ ਮਿਲਦੀ ਸਬਸਿਡੀ ਖਤਮ ਕਰਨ ਦੇ ਰਾਹ ਤੁਰੀ ਕੇਂਦਰ ਸਰਕਾਰ ਲੋਕਾਂ ਸਾਹਮਣੇ ਆਪਣਾ ਲੋਕ ਵਿਰੋਧੀ ਅਸਲੀ ਚਿਹਰਾ ਨੰਗਾ ਕਰ ਰਹੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਪ੍ਰੈਸ ਦੇ ਨਾਂਅ ਬਿਆਨ ਜਾਰੀ ਕਰਦਿਆਂ ਕੀਤਾ।
ਸਾਥੀ ਪਾਸਲਾ ਨੇ ਕਿਹਾ ਕਿ ਚੋਣਾਂ ਵੇਲੇ ਵੋਟਰਾਂ ਨਾਲ ਵਾਅਦੇ ਕਰਦਿਆਂ ਮੌਜੂਦਾ ਕੇਂਦਰ ਦੀ ਬੀ.ਜੇ.ਪੀ. ਸਰਕਾਰ ਦੀ ਅਗਵਾਈ ਕਰ ਰਹੇ ਨਰਿੰਦਰ ਮੋਦੀ ਨੇ ਲੋਕਾਂ ਨੂੰ ਕਿਹਾ ਸੀ ਕਿ ਅੱਛੇ ਦਿਨ ਆਣੇ ਵਾਲੇ ਹਨ। ਵੋਟਰਾਂ ਨੇ ਭਰੋਸਾ ਕਰਕੇ ਵੋਟਾਂ ਪਾ ਦਿੱਤੀਆਂ ਪਰ ਚੋਣ ਜਿੱਤ ਜਾਣ ਤੋਂ ਬਾਅਦ ਮੋਦੀ ਸਰਕਾਰ ਨੇ ਸਰਮਾਏਦਾਰਾਂ, ਪੂੰਜੀਪਤੀਆਂ ਤੇ ਜਗੀਰਦਾਰਾਂ ਦੇ ਅੱਛੇ ਦਿਨਾਂ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਮਜ਼ਦੂਰਾਂ-ਕਿਸਾਨਾਂ ਦੀ ਹਾਲਤ ਪਹਿਲਾਂ ਤੋਂ ਵੀ ਬਦਤਰ ਬਣਦੀ ਗਈ।
ਉਹਨਾਂ ਕਿਹਾ ਕਿ ਲਗਾਤਾਰ ਵੱਧ ਰਹੀ ਮਹਿੰਗਾਈ ਕਾਰਨ ਪਿਆਜ਼, ਆਲੂ ਤੇ ਟਮਾਟਰ ਵਰਗੀਆਂ ਚੀਜਾਂ ਵੀ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਈਆਂ ਹਨ ਜਦਕਿ ਇਹ ਚੀਜ਼ਾਂ ਪੈਦਾ ਕਰਨ ਵਾਲੇ ਕਿਸਾਨ ਦੇ ਪੱਲੇ ਵੀ ਕੁੱਝ ਨਹੀਂ ਪੈਂਦਾ ਤੇ ਖੇਤੀ ਲਾਗਤਾਂ ਮਹਿੰਗੀਆਂ ਹੋਣ ਕਰਕੇ ਉਹ ਹੋਰ ਕਰਜ਼ੇ ਦੇ ਭਾਰ ਹੇਠ ਆ ਰਿਹਾ ਹੈ।
ਸਾਥੀ ਪਾਸਲਾ ਨੇ ਕਿਹਾ ਕਿ ਖਾਦਾਂ ਤੋਂ ਲਗਾਤਾਰ ਸਬਸਿਡੀ ਘਟਾਈ ਜਾ ਰਹੀ ਹੈ ਤੇ ਸਰਕਾਰੀ ਖਰੀਦ ਬੰਦ ਕਰਕੇ ਪਬਲਿਕ ਵੰਡ ਪ੍ਰਣਾਲੀ ਦਾ ਵੀ ਭੋਗ ਪਾਉਣ ਦੇ ਮਨਸੂਬੇ ਕੇਂਦਰ ਸਰਕਾਰ ਵਲੋਂ ਬਣਾਏ ਜਾ ਰਹੇ ਹਨ।
ਦੂਸਰੇ ਪਾਸੇ ਜੀ.ਐਸ.ਟੀ. ਰਾਹੀਂ ਲੋਕਾਂ ਉਪਰ ਟੈਕਸਾਂ ਦਾ ਭਾਰ ਪਾ ਕੇ ਪਹਿਲਾਂ ਹੀ ਗਰੀਬੀ ਕੱਟ ਰਹੇ ਲੋਕਾਂ ਦਾ ਰਹਿੰਦਾ ਖੂਨ ਵੀ ਨਿਚੋੜਿਆ ਜਾ ਰਿਹਾ ਹੈ।
ਸਾਥੀ ਪਾਸਲਾ ਨੇ ਕਿਹਾ ਕਿ ਸੰਘ ਪਰਿਵਾਰ ਦੇ ਵੱਖ ਵੱਖ ਵਿੰਗ ਦਲਿਤਾਂ ਅਤੇ ਘੱਟ ਗਿਣਤੀਆਂ ਪ੍ਰਤੀ ਅਸਹਿਣਸ਼ੀਲਤਾ, ਗਊ ਮਾਸ ਤੇ ਲਵ ਜਿਹਾਦ ਵਰਗੇ ਵਿਅਰਥ ਮੁੱਦੇ ਲੈ ਕੇ ਲੋਕਾਂ ਉਤੇ ਅਥਾਹ ਜ਼ੁਲਮ ਢਾਹ ਰਹੇ ਹਨ ਅਤੇ ਦੇਸ਼ ਵਿਚ ਹਿੰਦੂ ਫਿਰਕਾਪ੍ਰਸਤੀ ਨੂੰ ਬੜਾਵਾ ਦੇ ਰਹੇ ਹਨ। ਇਹਨਾਂ ਹਾਲਤਾਂ ਵਿਚ ਸਰਮਾਏਦਾਰ ਜਗੀਰਦਾਰ ਪੱਖ਼ੀ ਰਾਜਨੀਤਕ ਪਾਰਟੀਆਂ ਉਪਰ ਭਰੋਸਾ ਕਰਨ ਦੀ ਬਜਾਏ ਲੋਕਾਂ ਨੂੰ ਜਾਗਰੂਕ ਕਰਕੇ ਇਹਨਾਂ ਸਾਰੇ ਲੋਕ ਵਿਰੋਧੀ ਕਦਮਾਂ ਖਿਲਾਫ ਸੰਘਰਸ਼ ਕਰਨ ਦੀ ਜ਼ਰੂਰਤ ਹੈ। ਉਹਨਾਂ ਨੇ  ਕਿਹਾ ਕਿ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇਸ਼ ਭਰ  ਵਿਚ ਜਮਹੂਰੀਅਤ ਪਸੰਦ, ਧਰਮ ਨਿਰਪੱਖ ਅਤੇ ਅਗਾਂਹਵਧੂ ਧਿਰਾਂ ਦੇ ਸਹਿਯੋਗ ਲਈ ਸਿਰਤੋੜ ਯਤਨ ਕਰਦੀ ਹੋਈ ਲੋਕ ਵਿਰੋਧੀ ਨੀਤੀਆਂ ਅਤੇ ਫਿਰਕੂ ਫਾਸ਼ੀਵਾਦ ਵਿਰੁੱਧ ਸੰਘਰਸ਼ ਵਿਚ ਕੋਈ ਕਸਰ ਨਹੀਂ ਛੱਡੇਗੀ। ਸਾਥੀ ਪਾਸਲਾ ਨੇ ਲੋਕਾਂ ਨੂੰ ਜ਼ੋਰਦਾਰ ਸੱਦਾ ਦਿੱਤਾ ਕਿ ਜਾਗਰੂਕ ਹੋ ਕੇ ਮੈਦਾਨ ਵਿਚ ਆਉਣ ਤੇ ਇਹਨਾਂ ਲੋਕ ਵਿਰੋਧੀ ਤੇ ਫੁੱਟ ਪਾਊ ਨੀਤੀਆਂ ਵਿਰੁੱਧ ਸੰਘਰਸ਼ ਵਿਚ ਆਰ.ਐਮ.ਪੀ.ਆਈ. ਸਾਥ ਦੇਣ।
 
ਜਾਰੀ ਕਰਤਾ

(ਗੁਰਨਾਮ ਸਿੰਘ ਦਾਊਦ)