Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Wednesday 2 August 2017

ਸਬਸਿਡੀ ਖਤਮ ਕਰਨ ਦੇ ਰਾਹ ਤੁਰੀ ਕੇਂਦਰ ਸਰਕਾਰ ਦਾ ਚਿਹਰਾ ਨੰਗਾ ਹੋਇਆ

ਜਲੰਧਰ, 2 ਅਗਸਤ - ਰਸੋਈ ਗੈਸ ਦੀ ਕੀਮਤ ਵਿਚ ਹਰ ਮਹੀਨੇ 4 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕਰਕੇ ਇਸ ਉਪਰ ਮਿਲਦੀ ਸਬਸਿਡੀ ਖਤਮ ਕਰਨ ਦੇ ਰਾਹ ਤੁਰੀ ਕੇਂਦਰ ਸਰਕਾਰ ਲੋਕਾਂ ਸਾਹਮਣੇ ਆਪਣਾ ਲੋਕ ਵਿਰੋਧੀ ਅਸਲੀ ਚਿਹਰਾ ਨੰਗਾ ਕਰ ਰਹੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਪ੍ਰੈਸ ਦੇ ਨਾਂਅ ਬਿਆਨ ਜਾਰੀ ਕਰਦਿਆਂ ਕੀਤਾ।
ਸਾਥੀ ਪਾਸਲਾ ਨੇ ਕਿਹਾ ਕਿ ਚੋਣਾਂ ਵੇਲੇ ਵੋਟਰਾਂ ਨਾਲ ਵਾਅਦੇ ਕਰਦਿਆਂ ਮੌਜੂਦਾ ਕੇਂਦਰ ਦੀ ਬੀ.ਜੇ.ਪੀ. ਸਰਕਾਰ ਦੀ ਅਗਵਾਈ ਕਰ ਰਹੇ ਨਰਿੰਦਰ ਮੋਦੀ ਨੇ ਲੋਕਾਂ ਨੂੰ ਕਿਹਾ ਸੀ ਕਿ ਅੱਛੇ ਦਿਨ ਆਣੇ ਵਾਲੇ ਹਨ। ਵੋਟਰਾਂ ਨੇ ਭਰੋਸਾ ਕਰਕੇ ਵੋਟਾਂ ਪਾ ਦਿੱਤੀਆਂ ਪਰ ਚੋਣ ਜਿੱਤ ਜਾਣ ਤੋਂ ਬਾਅਦ ਮੋਦੀ ਸਰਕਾਰ ਨੇ ਸਰਮਾਏਦਾਰਾਂ, ਪੂੰਜੀਪਤੀਆਂ ਤੇ ਜਗੀਰਦਾਰਾਂ ਦੇ ਅੱਛੇ ਦਿਨਾਂ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਮਜ਼ਦੂਰਾਂ-ਕਿਸਾਨਾਂ ਦੀ ਹਾਲਤ ਪਹਿਲਾਂ ਤੋਂ ਵੀ ਬਦਤਰ ਬਣਦੀ ਗਈ।
ਉਹਨਾਂ ਕਿਹਾ ਕਿ ਲਗਾਤਾਰ ਵੱਧ ਰਹੀ ਮਹਿੰਗਾਈ ਕਾਰਨ ਪਿਆਜ਼, ਆਲੂ ਤੇ ਟਮਾਟਰ ਵਰਗੀਆਂ ਚੀਜਾਂ ਵੀ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਈਆਂ ਹਨ ਜਦਕਿ ਇਹ ਚੀਜ਼ਾਂ ਪੈਦਾ ਕਰਨ ਵਾਲੇ ਕਿਸਾਨ ਦੇ ਪੱਲੇ ਵੀ ਕੁੱਝ ਨਹੀਂ ਪੈਂਦਾ ਤੇ ਖੇਤੀ ਲਾਗਤਾਂ ਮਹਿੰਗੀਆਂ ਹੋਣ ਕਰਕੇ ਉਹ ਹੋਰ ਕਰਜ਼ੇ ਦੇ ਭਾਰ ਹੇਠ ਆ ਰਿਹਾ ਹੈ।
ਸਾਥੀ ਪਾਸਲਾ ਨੇ ਕਿਹਾ ਕਿ ਖਾਦਾਂ ਤੋਂ ਲਗਾਤਾਰ ਸਬਸਿਡੀ ਘਟਾਈ ਜਾ ਰਹੀ ਹੈ ਤੇ ਸਰਕਾਰੀ ਖਰੀਦ ਬੰਦ ਕਰਕੇ ਪਬਲਿਕ ਵੰਡ ਪ੍ਰਣਾਲੀ ਦਾ ਵੀ ਭੋਗ ਪਾਉਣ ਦੇ ਮਨਸੂਬੇ ਕੇਂਦਰ ਸਰਕਾਰ ਵਲੋਂ ਬਣਾਏ ਜਾ ਰਹੇ ਹਨ।
ਦੂਸਰੇ ਪਾਸੇ ਜੀ.ਐਸ.ਟੀ. ਰਾਹੀਂ ਲੋਕਾਂ ਉਪਰ ਟੈਕਸਾਂ ਦਾ ਭਾਰ ਪਾ ਕੇ ਪਹਿਲਾਂ ਹੀ ਗਰੀਬੀ ਕੱਟ ਰਹੇ ਲੋਕਾਂ ਦਾ ਰਹਿੰਦਾ ਖੂਨ ਵੀ ਨਿਚੋੜਿਆ ਜਾ ਰਿਹਾ ਹੈ।
ਸਾਥੀ ਪਾਸਲਾ ਨੇ ਕਿਹਾ ਕਿ ਸੰਘ ਪਰਿਵਾਰ ਦੇ ਵੱਖ ਵੱਖ ਵਿੰਗ ਦਲਿਤਾਂ ਅਤੇ ਘੱਟ ਗਿਣਤੀਆਂ ਪ੍ਰਤੀ ਅਸਹਿਣਸ਼ੀਲਤਾ, ਗਊ ਮਾਸ ਤੇ ਲਵ ਜਿਹਾਦ ਵਰਗੇ ਵਿਅਰਥ ਮੁੱਦੇ ਲੈ ਕੇ ਲੋਕਾਂ ਉਤੇ ਅਥਾਹ ਜ਼ੁਲਮ ਢਾਹ ਰਹੇ ਹਨ ਅਤੇ ਦੇਸ਼ ਵਿਚ ਹਿੰਦੂ ਫਿਰਕਾਪ੍ਰਸਤੀ ਨੂੰ ਬੜਾਵਾ ਦੇ ਰਹੇ ਹਨ। ਇਹਨਾਂ ਹਾਲਤਾਂ ਵਿਚ ਸਰਮਾਏਦਾਰ ਜਗੀਰਦਾਰ ਪੱਖ਼ੀ ਰਾਜਨੀਤਕ ਪਾਰਟੀਆਂ ਉਪਰ ਭਰੋਸਾ ਕਰਨ ਦੀ ਬਜਾਏ ਲੋਕਾਂ ਨੂੰ ਜਾਗਰੂਕ ਕਰਕੇ ਇਹਨਾਂ ਸਾਰੇ ਲੋਕ ਵਿਰੋਧੀ ਕਦਮਾਂ ਖਿਲਾਫ ਸੰਘਰਸ਼ ਕਰਨ ਦੀ ਜ਼ਰੂਰਤ ਹੈ। ਉਹਨਾਂ ਨੇ  ਕਿਹਾ ਕਿ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇਸ਼ ਭਰ  ਵਿਚ ਜਮਹੂਰੀਅਤ ਪਸੰਦ, ਧਰਮ ਨਿਰਪੱਖ ਅਤੇ ਅਗਾਂਹਵਧੂ ਧਿਰਾਂ ਦੇ ਸਹਿਯੋਗ ਲਈ ਸਿਰਤੋੜ ਯਤਨ ਕਰਦੀ ਹੋਈ ਲੋਕ ਵਿਰੋਧੀ ਨੀਤੀਆਂ ਅਤੇ ਫਿਰਕੂ ਫਾਸ਼ੀਵਾਦ ਵਿਰੁੱਧ ਸੰਘਰਸ਼ ਵਿਚ ਕੋਈ ਕਸਰ ਨਹੀਂ ਛੱਡੇਗੀ। ਸਾਥੀ ਪਾਸਲਾ ਨੇ ਲੋਕਾਂ ਨੂੰ ਜ਼ੋਰਦਾਰ ਸੱਦਾ ਦਿੱਤਾ ਕਿ ਜਾਗਰੂਕ ਹੋ ਕੇ ਮੈਦਾਨ ਵਿਚ ਆਉਣ ਤੇ ਇਹਨਾਂ ਲੋਕ ਵਿਰੋਧੀ ਤੇ ਫੁੱਟ ਪਾਊ ਨੀਤੀਆਂ ਵਿਰੁੱਧ ਸੰਘਰਸ਼ ਵਿਚ ਆਰ.ਐਮ.ਪੀ.ਆਈ. ਸਾਥ ਦੇਣ।
 
ਜਾਰੀ ਕਰਤਾ

(ਗੁਰਨਾਮ ਸਿੰਘ ਦਾਊਦ)

No comments:

Post a Comment