Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Sunday 23 October 2016

ਥਰਮਲ ਪਲਾਂਟ ਬਠਿੰਡਾ ਦੇ ਕਾਮਿਆਂ ਦੇ ਘੋਲ ਦੀ ਮੁਕੰਮਲ ਹਮਾਇਤ ਦਾ ਐਲਾਨ


ਬਠਿੰਡਾ, 23 ਅਕਤੂਬਰ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦੇ ਕਾਮਿਆਂ ਦੇ ਥਰਮਲ ਦੀ ਰਾਖੀ ਲਈ ਚੱਲ ਰਹੇ ਘੋਲ ਦੀ ਮੁਕੰਮਲ ਹਮਾਇਤ ਕਰਦੀ ਹੋਈ 27 ਅਕਤੂਬਰ ਨੂੰ ਥਰਮਲ ਗੇਟ ਬਠਿੰਡਾ ਅੱਗੇ ਹੋ ਰਹੀ ਰੋਸ ਰੈਲੀ 'ਚ ਪੂਰੀ ਸ਼ਕਤੀ ਨਾਲ ਹਿੱਸਾ ਲਵੇਗੀ।
ਇਹ ਜਾਣਕਾਰੀ ਅੱਜ ਇੱਕ ਲਿਖਤੀ ਬਿਆਨ ਰਾਹੀਂ ਆਰਐਮਪੀਆਈ ਦੇ ਸੂਬਾ ਸਕੱਤਰੇਤ ਮੈਂਬਰ ਸਾਥੀ ਮਹੀਪਾਲ, ਸੂਬਾ ਕਮੇਟੀ ਮੈਂਬਰ ਸਾਥੀ ਛੱਜੂ ਰਾਮ ਰਿਸ਼ੀ ਅਤੇ ਪਾਰਟੀ ਦੀ ਬਠਿੰਡਾ ਮਾਨਸਾ ਇਕਾਈ ਦੇ ਸਕੱਤਰ ਸਾਥੀ ਲਾਲ ਚੰਦ ਸਰਦੂਲਗੜ੍ਹ ਨੇ ਸਾਂਝੇ ਤੌਰ 'ਤੇ ਦਿੱਤੀ। ਪਾਰਟੀ ਦੇ ਆਗੂਆਂ ਨੇ ਪਾਰਟੀ ਬ੍ਰਾਂਚਾਂ, ਹਮਦਰਦਾਂ, ਜਨਤਕ ਜਥੇਬੰਦੀਆਂ ਤੇ ਸਭਨਾ ਲੋਕ ਹਿਤੂਆਂ ਨੂੰ ਉਪਰੋਕਤ ਸੰਘਰਸ਼ ਦੀ ਹਮਾਇਤ 'ਚ 27 ਅਕਤੂਬਰ ਨੂੰ ਠੀਕ 1 ਵਜੇ ਥਰਮਲ ਗੇਟ 'ਤੇ ਪਰਿਵਾਰਾਂ ਸਮੇਤ ਪੁੱਜਣ ਦਾ ਸੱਦਾ ਦਿੱਤਾ। ਉਨ੍ਹਾਂ ਸਮੂਹ ਪੰਜਾਬ ਵਾਸੀਆਂ ਨੂੰ ਉਕਤ ਲੋਕ ਪੱਖੀ ਸੰਗਰਾਮ ਨੂੰ ਹਰ ਕਿਸਮ ਦਾ ਭੌਤਿਕ/ਨੈਤਿਕ ਸਮਰਥਨ ਦੇਣ ਦੀ ਅਪੀਲ ਵੀ ਕੀਤੀ।
ਜਾਰੀ ਕਰਤਾ
ਮਹੀਪਾਲ
99153-12806

Saturday 22 October 2016

ਸਾਥੀ ਦਰਬਾਰਾ ਸਿੰਘ ਢਿੱਲੋਂ ਦੇ ਸਦੀਵੀਂ ਵਿਛੋੜੇ 'ਤੇ ਦੁੱਖ ਦਾ ਇਜ਼ਹਾਰ


ਜਲੰਧਰ , 22 ਅਕਤੂਬਰ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਸੂਬਾ ਸਕੱਤਰੇਤ ਵਲੋਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਸਾਥੀ ਦਰਬਾਰਾ ਸਿੰਘ ਢਿੱਲੋਂ ਦੇ ਸਦੀਵੀਂ ਵਿਛੋੜੇ 'ਤੇ ਦੁੱਖ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਦੇ ਪਰਿਵਾਰ ਅਤੇ ਦੇਸ਼ ਭਗਤ ਯਾਦਗਾਰ ਟਰੱਸਟ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਅੱਜ ਇਕ ਪ੍ਰੈਸ ਬਿਆਨ ਰਾਹੀਂ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਸਾਥੀ ਦਰਬਾਰਾ ਸਿੰਘ ਵਲੋਂ ਪ੍ਰਧਾਨ ਵਜੋਂ ਅਤੇ ਟਰੱਸਟੀ ਦੇ ਤੌਰ 'ਤੇ ਨਿਭਾਈਆਂ ਮਾਣਮੱਤੀਆਂ ਸੇਵਾਵਾਂ ਲਈ ਉਨ੍ਹਾਂ ਨੂੰ ਸਲਾਮ ਭੇਂਟ ਕਰਦਿਆਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਦੇਸ਼ ਭਗਤ ਯਾਦਗਾਰ ਟਰੱਸਟ ਜਲੰਧਰ ਵਲੋਂ ਲੋਕ ਪੱਖੀ ਤਬਦੀਲੀ ਲਈ ਚਲ ਰਹੀਆਂ ਲਹਿਰਾਂ ਨੂੰ ਦਿੱਤੇ ਜਾ ਰਹੇ ਮਾਰਗ ਦਰਸ਼ਨ ਅਤੇ ਸਹਿਯੋਗ ਦੀ ਅਮੀਰ ਪਰੰਪਰਾ ਪ੍ਰਤੀ ਆਪਣਾ ਹਾਂ ਪੱਖੀ ਸਹਿਯੋਗ ਜਾਰੀ ਰੱਖਣ।

(ਮੰਗਤ ਰਾਮ ਪਾਸਲਾ)

ਥਰਮਲ ਪਲਾਂਟ ਬਠਿੰਡਾ ਦੇ ਕਾਮਿਆਂ ਵਲੋਂ ਆਰੰਭੇ ਸੰਘਰਸ਼ ਦੀ ਹਮਾਇਤ ਦਾ ਐਲਾਨ


ਜਲੰਧਰ, 22 ਅਕਤੂਬਰ- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਨੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦੇ ਕਰਮਚਾਰੀਆਂ ਅਤੇ ਸਹਿਯੋਗੀ ਸੰਗਠਨਾਂ ਦੇ ਹੱਕੀ ਸੰਗਰਾਮ ਦੀ ਪੁਰਜ਼ੋਰ ਹਮਾਇਤ ਕਰਨ ਦਾ ਐਲਾਨ ਕੀਤਾ ਹੈ। ਅੱਜ ਇਥੋਂ ਜਾਰੀ ਇੱਕ ਬਿਆਨ ਰਾਹੀਂ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਪੰਜਾਬ ਸਰਕਾਰ ਨੂੰ ਉਕਤ ਥਰਮਲ ਪਲਾਂਟ ਬੰਦ ਕਰਨ ਦੀਆਂ ਕੋਝੀਆਂ ਸਾਜ਼ਿਸ਼ਾਂ ਤੋਂ ਬਾਜ ਆਉਣ ਦੀ ਚਿਤਾਵਨੀ ਦਿੱਤੀ। ਉਨ੍ਹਾਂ ਸਮੂਹ ਪਾਰਟੀ ਇਕਾਈਆਂ, ਹਮਦਰਦਾਂ ਅਤੇ ਜਨਸਗਠਨਾਂ ਨੂੰ ਸੱਦਾ ਦਿੱਤਾ ਕਿ ਉਹ ਸੂਬਾ ਹਕੂਮਤ ਦੀ ਨਿੱਜੀਕਰਨ ਦੀ ਲੋਕ ਵਿਰੋਧੀ ਨੀਤੀ ਦੇ ਇਸ ਹੱਲੇ, ਭਾਵ ਬਠਿੰਡਾ ਥਰਮਲ ਬੰਦ ਕਰਨ ਦੇ ਮਨਸੂਬਿਆਂ ਵਿਰੁੱਧ ਜਨਤਕ ਮੁਜੱਹਮਤ ਅਤੇ ਵਿਸ਼ਾਲ ਸਾਂਝੇ ਸੰਗਰਾਮ ਉਸਾਰਨ ਦੇ ਹਰ ਸੰਭਵ ਯਤਨ ਕਰਨ। ਸਾਥੀ ਪਾਸਲਾ ਨੇ ਕਿਹਾ ਕਿ ਸਰਕਾਰ ਨਾ ਕੇਵਲ ਬਠਿੰਡਾ ਬਲਕਿ ਲਹਿਰਾ ਮਹੁੱਬਤ ਅਤੇ ਰੂਪਨਗਰ ਥਰਮਲਾਂ ਦਾ ਵੀ ਅਜਿਹਾ ਹੀ ਹਸ਼ਰ ਕਰਨ ਦੀਆਂ ਗੋਂਦਾਂ ਗੁੰਦ ਰਹੀ ਹੈ। ਉਨ੍ਹਾਂ ਕਿਹਾ ਕਿ ਉੱਪ ਮੁਖ ਮੰਤਰੀ ਪੰਜਾਬ ਵਲੋਂ ਬਿਜਲੀ ਲੋੜ ਨਾਲੋਂ ਵਾਧੂ ਪੈਦਾ ਕਰਕੇ ਗੁਆਂਢੀ ਦੇਸ਼ ਨੂੰ ਵੇਚਣ ਦੇ ਬੁਲੰਦ ਬਾਂਗ ਦਾਅਵੇ ਕਰਨੇ ਅਤੇ ਦੂਜੇ ਪਾਸੇ ਸੱਚੀਂ ਆਤਮਨਿਰਭਰ ਬਣਾਉਣ ਵਾਲੇ ਥਰਮਲਾਂ ਦਾ ਭੋਗ ਪਾਉਣਾ, ਅਕਾਲੀ ਭਾਜਪਾ ਗਠਜੋੜ ਦੀ ਧੋਖੇਭਰੀ ਕਾਰਜ ਪ੍ਰਣਾਲੀ ਦੀ ਇੱਕ ਹੋਰ ਭੱਦੀ ਮਿਸਾਲ ਹੈ। ਸਾਥੀ ਪਾਸਲਾ ਨੇ ਕਿਹਾ ਕਿ ਜਿੱਥੇ ਇਸ ਵਰਤਾਰੇ ਪਿੱਛੇ ਨਿੱਜੀਕਰਨ ਦੀਆਂ ਕੇਂਦਰੀ ਅਤੇ ਸੂਬਾਈ ਸਰਕਾਰਾਂ ਦੀਆਂ ਨੀਤੀਆਂ ਮੁਖ ਕਾਰਨ ਹਨ, ਉਥੇ ਇਹ ਵੀ ਸ਼ੰਕੇ ਪੈਦਾ ਹੁੰਦੇ ਹਨ ਕਿ ਥਰਮਲਾਂ ਨੂੰ ਬੰਦ ਕਰਕੇ ਨਿੱਜੀ ਕਾਰੋਬਾਰੀ ਘਰਾਣਿਆਂ ਤੋਂ ਬਹੁਤ ਉੱਚੀਆਂ ਦਰਾਂ 'ਤੇ ਬਿਜਲੀ ਖਰੀਦਣ ਪਿਛੇ ਸਿਆਸੀ ਪ੍ਰਭੂਆਂ ਦੇ ਲੁਕਵੇਂ ਕਾਰੋਬਾਰੀ ਹਿੱਤ ਵੀ ਜੁੜੇ ਹੋਏ ਹਨ। ਉਨ੍ਹਾ ਸਵਾਲ ਕੀਤਾ ਕਿ ਜਦੋਂ ਥੋੜਾ ਸਮਾਂ ਪਹਿਲਾ ਹੀ ਸੈਂਕੜੇ ਕਰੋੜ ਰੁਪਏ ਆਧੁਨਿਕੀਕਰਣ 'ਤੇ ਖਰਚ ਕਰਦਿਆਂ ਬਠਿੰਡਾ ਥਰਮਲ ਪਲਾਂਟ ਦੀ ਮਿਆਦ 2021-22 ਤੱਕ ਵਧਾਈ ਜਾ ਚੁੱਕੀ ਹੈ ਤਾਂ ਅਚਾਨਕ ਇਸ ਨੂੰ ਬੰਦ ਕਰਨ ਦਾ ਨਿਰਣਾ ਕਿਸ 'ਦੂਰਅੰਦੇਸ਼' ਨੀਤੀ ਅਧੀਨ ਲਿਆ ਗਿਆ ਹੈ। ਸਾਥੀ ਪਾਸਲਾ ਨੇ ਪੰਜਾਬ ਵਾਸੀਆਂ ਨੂੰ ਚੌਕਸ ਕਰਦਿਆ ਕਿਹਾ ਕਿ ਥਰਮਲ ਪਲਾਂਟ ਬੰਦ ਹੋਣ ਨਾਲ ਹੀ ਗੱਲ ਨਹੀਂ ਬਣਨੀ ਬਲਕਿ ਇਸ ਪਿਛੋਂ ਥਰਮਲ ਦੀ ਹਜਾਰਾਂ ਏਕੜ ਜ਼ਮੀਨ, ਰਹਾਇਸ਼ੀ ਕਲੋਨੀ ਅਤੇ ਹੋਰ ਅਸਾਸੇ ਵੀ ਕੌਡੀਆਂ ਦੇ ਭਾਅ ਸਰਕਾਰ ਦੇ ਚਹੇਤਿਆਂ ਨੂੰ ਸੌਂਪ ਦਿੱਤੀ ਜਾਣਗੇ ਕਿਉਂਕਿ ਇਸ ਤੋਂ ਪਹਿਲਾ ਨਿੱਜੀ ਕਰ ਦਿੱਤੇ ਗਏ ਜਨਤਕ ਅਦਾਰਿਆਂ 'ਚ ਇਹੋ ਕੁੱਝ ਵਾਪਰ ਚੁੱਕਾ ਹੈ। ਸਾਥੀ ਪਾਸਲਾ ਨੇ ਅੱਗੇ ਕਿਹਾ ਕਿ ਥਰਮਲ ਬੰਦ ਹੋਣ ਨਾਲ ਹਜ਼ਾਰਾਂ ਕਾਮੇ ਵਿਹਲੇ ਹੋਣਗੇ, ਜਿਸ ਦਾ ਕੁਪ੍ਰਭਾਵ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੱਕ ਹੀ ਸੀਮਤ ਨਾ ਰਹਿ ਕੇ ਥਰਮਲ ਦੇ ਸਹਾਇਕ ਉਦਯੋਗਾਂ ਅਤੇ ਸਮੁੱਚੇ ਕਾਰੋਬਾਰਾਂ 'ਤੇ ਨਾਂਹ ਪੱਖੀ ਅਸਰ ਪਵੇਗਾ। ਸਾਥੀ ਮੰਗਤ ਰਾਮ ਪਾਸਲਾ ਨੇ ਸਭਨਾ ਖੱਬੀਆਂ, ਜਮਹੂਰੀ, ਅਗਾਂਹਵਧੂ, ਸੰਗਰਾਮੀ ਧਿਰਾਂ ਨੂੰ ਇਸ ਸੰਘਰਸ਼ 'ਚ ਸਾਥ ਦੇਣ ਦੀ ਅਪੀਲ ਕੀਤੀ। ਉਨ੍ਹਾਂ ਪੰਜਾਬ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਇਸ ਨੂੰ ਕੇਵਲ ਥਰਮਲ ਕਾਮਿਆਂ ਦਾ ਘੋਲ ਨਾ ਸਮਝਣ ਸਗੋਂ ਪੰਜਾਬ ਦੀ ਸਲਾਮਤੀ ਦਾ ਲੋਕ ਯੁੱਧ ਸਮਝ ਕੇ ਇਸ ਦੀ ਇਮਦਾਦ ਕਰਨ।

Friday 21 October 2016

ਖੱਬੀਆਂ ਪਾਰਟੀਆਂ ਮਿਲ ਕੇ ਖੱਬਾ ਜਮਹੂਰੀ ਬਦਲ ਪੇਸ਼ ਕਰਨਗੀਆਂ

ਚੰਡੀਗੜ੍ਹ, 21 ਅਕਤੂਬਰ -     ਪੰਜਾਬ ਦੀਆਂ ਤਿੰਨ ਖੱਬੀਆਂ ਪਾਰਟੀਆਂ ਸੀਪੀਆਈ (ਐਮ), ਰੈਵੋਲਿਊਸ਼ਨਰੀ ਮਾਰਕਸਵਾਦੀ ਪਾਰਟੀ ਆਫ ਇੰਡੀਆ (ਆਰ.ਐਮ.ਪੀ.ਆਈ.) ਅਤੇ ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਨੇ ਇਕ ਪ੍ਰੈਸ ਬਿਆਨ ਵਿਚ ਸਪੱਸ਼ਟ ਕੀਤਾ ਹੈ ਕਿ ਉਹ ਪੰਜਾਬ ਦੀਆਂ 2017 ਵਿਚ ਹੋਣ ਵਾਲੀਆਂ ਅਸੈਂਬਲੀ ਚੋਣਾਂ ਵਿਚ ਸਾਮਰਾਜ ਨਿਰਦੇਸ਼ਤ ਨਵ-ਉਦਾਰਵਾਦੀ ਆਰਥਿਕ ਨੀਤੀਆਂ ਦੇ ਪੈਰੋਕਾਰ ਅਕਾਲੀ ਦਲ-ਭਾਜਪਾ ਗਠਜੋੜ, ਕਾਂਗਰਸ ਤੇ 'ਆਪ' ਅਤੇ ਆਰ.ਐਸ.ਐਸ. ਤੇ ਸੰਘ ਪਰਿਵਾਰ ਵਲੋਂ ਫੈਲਾਈ ਜਾ ਰਹੀ ਫਿਰਕਾਪ੍ਰਸਤੀ ਤੇ ਧਾਰਮਿਕ ਕੱਟੜਤਾ ਵਿਰੁੱਧ ਇਕ ਖੱਬਾ ਤੇ ਜਮਹੂਰੀ ਰਾਜਨੀਤਕ ਮੁਤਬਾਦਲ ਉਸਾਰਨ ਲਈ ਪੂਰਾ ਤਾਣ ਲਾਉਣਗੀਆਂ। ਸੰਘ ਪਰਿਵਾਰ ਵਲੋਂ ਦੇਸ਼ ਭਰ ਵਿਚ ਫਾਸ਼ੀ ਤੇ ਫਿਰਕੂ ਜਹਿਰ ਫੈਲਾਅ ਕੇ ਦੇਸ਼ ਦੇ ਧਰਮ ਨਿਰਪੱਖ ਤਾਣੇ-ਬਾਣੇ ਨੂੰ ਤੋੜਨ ਦੀਆਂ ਸਾਜਿਸ਼ਾਂ ਦਾ ਮੁਕਾਬਲਾ ਕਰਨ ਦੇ ਨਾਲ-ਨਾਲ ਨਵਉਦਾਰਵਾਦੀ ਨੀਤੀਆਂ ਦੀਆਂ ਹਮਾਇਤੀ ਰਾਜਨੀਤਕ ਪਾਰਟੀਆਂ ਵਿਰੁੱਧ ਜਨਤਕ ਰੋਹ ਉਭਾਰਨਾ ਸਮੇਂ ਦੀ ਮੁੱਖ ਲੋੜ ਬਣ ਗਿਆ ਹੈ, ਜੋ ਸਿਰਫ ਤੇ ਸਿਰਫ ਖੱਬੀਆਂ ਤੇ ਜਮਹੂਰੀ ਧਿਰਾਂ ਹੀ ਕਰ ਸਕਦੀਆਂ ਹਨ।
 ਸੀਪੀਆਈ (ਐਮ) ਦੇ ਪੰਜਾਬ ਰਾਜ ਕਮੇਟੀ ਦੇ ਸਕੱਤਰ ਚਰਨ ਸਿੰਘ ਵਿਰਦੀ, ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਅਤੇ ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਪੰਜਾਬ ਰਾਜ ਕਮੇਟੀ ਦੇ ਸਕੱਤਰ ਸਾਥੀ ਗੁਰਮੀਤ ਸਿੰਘ ਬਖਤਪੁਰਾ ਨੇ ਕਿਹਾ ਹੈ ਕਿ ਅਕਾਲੀ ਦਲ-ਭਾਜਪਾ ਦੇ ਕਾਰਜਕਾਲ ਦੌਰਾਨ ਜਿਸ ਤਰ੍ਹਾਂ ਸਮਾਜ ਦੇ ਸਾਰੇ ਕਿਰਤੀ ਵਰਗ, ਮਜ਼ਦੂਰ, ਖੇਤ ਮਜ਼ਦੂਰ, ਕਿਸਾਨ, ਦਲਿਤ, ਨੌਜਵਾਨ, ਦੁਕਾਨਦਾਰ ਇਸ ਸਰਕਾਰ ਨੇ ਕੁੱਟੇ ਤੇ ਲੁੱਟੇ ਹਨ ਅਤੇ ਭਰਿਸ਼ਟਾਚਾਰ ਰਾਹੀਂ ਅਰਬਾਂ-ਖਰਬਾਂ ਰੁਪਏ ਕਮਾਏ ਹਨ, ਉਸ ਕਾਰਨ ਇਸ ਗਠਜੋੜ ਦਾ ਚੋਣਾਂ ਅੰਦਰ ਭੋਗ ਪੈਣਾ ਤੈਅ ਹੈ। ਨਾਲ ਹੀ ਕਾਂਗਰਸ ਪਾਰਟੀ ਵਲੋਂ ਚੋਣਾਂ ਜਿੱਤਣ ਲਈ ਜਿਸ ਤਰ੍ਹਾਂ ਕਿਸਾਨ ਯਾਤਰਾ ਵਰਗੇ ਪਾਖੰਡ ਕੀਤੇ ਜਾ ਰਹੇ ਹਨ, ਉਸ ਬਾਰੇ ਇਹ ਤੱਥ ਯਾਦ ਰੱਖਣਾ ਚਾਹੀਦਾ ਹੈ ਕਿ ਇਸੇ ਕਾਂਗਰਸ ਦੇ ਰਾਜ ਵਿਚ ਕਿਸਾਨਾਂ ਦੇ ਬਿਜਲੀ ਬਿੱਲ ਲਗਾਏ ਗਏ ਸਨ ਤੇ ਨੌਕਰੀਆਂ ਮੰਗਦੇ ਪੜ੍ਹੇ-ਲਿਖੇ ਨੌਜਵਾਨ ਲੜਕੇ ਤੇ ਲੜਕੀਆਂ ਉਪਰ ਸੜਕਾਂ 'ਤੇ ਪੁਲਸ ਲਾਠੀਆਂ ਵਰ੍ਹਾਉਣ ਦੀਆਂ ਘਟਨਾਵਾਂ ਅਜੇ ਵੀ ਲੋਕਾਂ ਦੀ ਯਾਦਾਸ਼ਤ ਵਿਚ ਮੌਜੂਦ ਹਨ। ਸਭ ਤੋਂ ਵੱਡਾ ਮੁੱਦਾ ਇਹ ਹੈ ਕਿ ਨਵਉਦਾਰਵਾਦੀ ਨੀਤੀਆਂ ਨੂੰ ਸ਼ੁਰੂ ਕਰਨ ਅਤੇ ਪੂਰੀ ਤਾਕਤ ਨਾਲ ਲਾਗੂ ਕਰਨ ਵਾਲੀ ਇਹੋ ਕਾਂਗਰਸ ਪਾਰਟੀ ਹੈ। 'ਆਪ' ਪੂਰੀ ਤਰ੍ਹਾਂ ਨਵ ਉਦਾਰਵਾਦੀ ਨੀਤੀਆਂ ਦੀ ਮੁਦੱਈ ਹੈ ਤੇ ਪੰਜਾਬ ਵਿਚਾਲੇ ਇਸ ਦੁਆਰਾ ਖੜ੍ਹੇ ਕੀਤੇ ਜਾ ਰਹੇ ਬਹੁਤੇ ਉਮੀਦਵਾਰ ਆਮ ਆਦਮੀ ਤੋਂ ਭਿੰਨ 'ਖਾਸ' ਜ਼ਿਆਦਾ ਹਨ।
ਪ੍ਰਾਂਤ ਦੀਆਂ 4 ਖੱਬੀਆਂ ਪਾਰਟੀਆਂ ਵਲੋਂ ਪਿਛਲੇ ਸਮੇਂ ਤੋਂ ਦਲਿਤਾਂ ਉਪਰ ਹੋ ਰਹੇ ਜਬਰ, ਕਰਜੇ ਦੇ ਭਾਰ ਕਾਰਨ ਕਿਸਾਨਾਂ-ਮਜ਼ਦੂਰਾਂ ਦੀਆਂ ਹੋ ਰਹੀਆਂ ਆਤਮ ਹੱਤਿਆਵਾਂ, ਨੌਜਵਾਨਾਂ ਨੂੰ ਰੁਜ਼ਗਾਰ, ਬੇਘਰੇ ਲੋਕਾਂ ਨੂੰ ਰਹਿਣ ਲਈ ਮਕਾਨ ਤੇ ਮਹਿੰਗਾਈ ਰੋਕਣ ਲਈ ਜ਼ਰੂਰੀ ਕਦਮ ਚੁੱਕਣ ਵਰਗੇ ਮਸਲਿਆਂ ਉਪਰ ਜਨਤਕ ਲਾਮਬੰਦੀ ਕੀਤੀ ਜਾ ਰਹੀ ਸੀ, ਉਸੇ ਚੌਖਟੇ ਵਿਚ ਪੰਜਾਬ ਦੀਆਂ ਅਸੈਂਬਲੀ ਚੋਣਾਂ ਅੰਦਰ ਸਰਮਾਏਦਾਰ-ਜਗੀਰਦਾਰ  ਪਾਰਟੀਆਂ ਵਿਰੁੱਧ ਲਕੀਰ ਖਿੱਚ ਕੇ ਖੱਬਾ ਤੇ ਜਮਹੂਰੀ ਮੁਤਬਾਦਲ ਉਸਾਰਨ ਲਈ ਪੂਰੀ ਵਾਹ ਲਾਉਣਗੀਆਂ।
ਇਨ੍ਹਾਂ ਤਿੰਨਾਂ ਆਗੂਆਂ ਨੇ ਸਪੱਸ਼ਟ ਕੀਤਾ ਹੈ ਕਿ ਜਿਵੇਂ ਅਖਬਾਰਾਂ ਵਿਚ ਖਬਰਾਂ ਆ ਰਹੀਆਂ ਹਨ, ਕਾਂਗਰਸ ਨਾਲ ਗੱਠਜੋੜ ਦਾ ਸੁਆਲ ਹੀ ਪੈਂਦਾ ਨਹੀਂ ਹੁੰਦਾ, ਸਾਡਾ ਇਸ ਤਰ੍ਹਾਂ ਦੀ ਮੌਕਾਪ੍ਰਸਤ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਤੇ ਅਸੀਂ ਅਸੂਲੀ ਰਾਜਨੀਤੀ ਦੇ ਤਹਿਤ ਅਕਾਲੀ ਦਲ-ਭਾਜਪਾ ਗਠਜੋੜ, ਕਾਂਗਰਸ ਤੇ ਆਪ ਦੇ ਵਿਰੋਧ ਵਿਚ ਪੂਰੀ ਤਾਕਤ ਨਾਲ ਚੋਣਾਂ 'ਚ ਭਾਗ ਲਵਾਂਗੇ ਤਾਂ ਕਿ ਪੰਜਾਬ ਦੀ ਅਸੈਂਬਲੀ ਵਿਚ ਲੋਕ ਪੱਖੀ ਰਾਜਨੀਤੀ ਦੇ ਬੁਲਾਰੇ ਵੱਧ ਤੋਂ ਵੱਧ ਗਿਣਤੀ ਵਿਚ ਭੇਜੇ ਜਾ ਸਕਣ।
ਉਨ੍ਹਾਂ ਪੰਜਾਬ ਦੀਆਂ ਸਮੂਹ ਖੱਬੀਆਂ ਤੇ ਜਮਹੂਰੀ ਧਿਰਾਂ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਹੜੇ ਖੱਬੇ ਪੱਖੀਆਂ ਦੀ ਅਸੂਲੀ ਏਕਤਾ ਨੂੰ ਚੋਣਾਂ ਵਿਚ ਹਕੀਕੀ ਰੂਪ ਵਿਚ ਦੇਖਣਾ ਚਾਹੁੰਦੇ ਹਨ, ਉਹ ਅਕਾਲੀ ਦਲ-ਭਾਜਪਾ ਗਠਜੋੜ, ਕਾਂਗਰਸ ਤੇ ਆਪ ਵਰਗੀਆਂ ਲੋਕ ਵਿਰੋਧੀ ਧਿਰਾਂ ਨਾਲ ਸਿੱਧਾ ਜਾਂ ਅਸਿੱਧਾ ਗਠਜੋੜ ਕਰਨ ਵਾਲੇ ਮੌਕਾਪ੍ਰਸਤ ਦਲਾਂ ਨੂੰ ਇਸ ਆਤਮਘਾਤੀ ਰਾਹ ਤੋਂ ਰੋਕਣ ਵਿਚ ਆਪਣੀ ਭੂਮਿਕਾ ਅਦਾ ਕਰਨ।
ਅਸੀਂ ਪੰਜਾਬ ਅੰਦਰ ਖੱਬੀਆਂ ਤੇ ਜਮਹੂਰੀ ਧਿਰਾਂ ਦੀ ਚੋਣਾਂ ਅੰਦਰ ਏਕਤਾ ਰਾਹੀਂ ਇਕ ਯੋਗ ਲੋਕ ਪੱਖੀ ਮੁਤਬਾਦਲ ਉਸਾਰਨ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਾਂਗੇ। ਤਿੰਨਾਂ ਆਗੂਆਂ ਨੇ ਕਿਹਾ ਕਿ ਛੇਤੀ ਹੀ ਖੱਬੇ ਪੱਖੀ ਦਲਾਂ ਦੇ ਸਾਂਝੇ ਉਮੀਦਵਾਰਾਂ ਬਾਰੇ ਸਹਿਮਤੀ ਕਰਨ ਲਈ ਮੀਟਿੰਗ ਕੀਤੀ ਜਾਵੇਗੀ।

Thursday 20 October 2016

ਦੋ ਖੱਬੀਆਂ ਪਾਰਟੀਆਂ ਵਲੋਂ ਅਕਾਲੀ-ਭਾਜਪਾ ਗੱਠਜੋੜ, ਕਾਂਗਰਸ ਅਤੇ ਆਪ ਨੂੰ ਹਰਾਉਣ ਦਾ ਸੱਦਾ

ਜਲੰਧਰ, 20 ਅਕਤੂਬਰ - ਪੰਜਾਬ ਦੀਆਂ ਦੋ ਖੱਬੀਆਂ ਪਾਰਟੀਆਂ-ਰੈਵੋਲਿਊਸ਼ਨਰੀ ਮਾਰਕਸਵਾਦੀ ਪਾਰਟੀ ਆਫ ਇੰਡੀਆ (ਆਰ.ਐਮ.ਪੀ.ਆਈ.), ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਨੇ ਇਕ ਪ੍ਰੈਸ ਬਿਆਨ ਵਿਚ ਸਪੱਸ਼ਟ ਕੀਤਾ ਹੈ ਕਿ ਉਹ ਪੰਜਾਬ ਦੀਆਂ 2017 ਵਿਚ ਹੋਣ ਵਾਲੀਆਂ ਅਸੈਂਬਲੀ ਚੋਣਾਂ ਵਿਚ ਸਾਮਰਾਜ ਨਿਰਦੇਸ਼ਤ ਨਵ-ਉਦਾਰਵਾਦੀ ਆਰਥਿਕ ਨੀਤੀਆਂ ਦੇ ਪੈਰੋਕਾਰ ਅਕਾਲੀ ਦਲ-ਭਾਜਪਾ ਗਠਜੋੜ, ਕਾਂਗਰਸ ਤੇ 'ਆਪ' ਅਤੇ ਆਰ.ਐਸ.ਐਸ. ਤੇ ਸੰਘ ਪਰਿਵਾਰ ਵਲੋਂ ਫੈਲਾਈ ਜਾ ਰਹੀ ਫਿਰਕਾਪ੍ਰਸਤੀ ਤੇ ਧਾਰਮਿਕ ਕੱਟੜਤਾ ਵਿਰੁੱਧ ਇਕ ਖੱਬਾ ਤੇ ਜਮਹੂਰੀ ਰਾਜਨੀਤਕ ਮੁਤਬਾਦਲ ਉਸਾਰਨ ਲਈ ਪੂਰਾ ਤਾਣ ਲਾਉਣਗੀਆਂ। ਸੰਘ ਪਰਿਵਾਰ ਵਲੋਂ ਦੇਸ਼ ਭਰ ਵਿਚ ਫਾਸ਼ੀ ਤੇ ਫਿਰਕੂ ਜਹਿਰ ਫੈਲਾਅ ਕੇ ਦੇਸ਼ ਦੇ ਧਰਮ ਨਿਰਪੱਖ ਤਾਣੇ-ਬਾਣੇ ਨੂੰ ਤੋੜਨ ਦੀਆਂ ਸਾਜਿਸ਼ਾਂ ਦਾ ਮੁਕਾਬਲਾ ਕਰਨ ਦੇ ਨਾਲ-ਨਾਲ ਨਵਉਦਾਰਵਾਦੀ ਨੀਤੀਆਂ ਦੀਆਂ ਹਮਾਇਤੀ ਰਾਜਨੀਤਕ ਪਾਰਟੀਆਂ ਵਿਰੁੱਧ ਜਨਤਕ ਰੋਹ ਉਭਾਰਨਾ ਸਮੇਂ ਦੀ ਮੁੱਖ ਲੋੜ ਬਣ ਗਿਆ ਹੈ, ਜੋ ਸਿਰਫ ਤੇ ਸਿਰਫ ਖੱਬੀਆਂ ਤੇ ਜਮਹੂਰੀ ਧਿਰਾਂ ਹੀ ਕਰ ਸਕਦੀਆਂ ਹਨ।
 ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਅਤੇ ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਪੰਜਾਬ ਰਾਜ ਕਮੇਟੀ ਦੇ ਸਕੱਤਰ ਸਾਥੀ ਗੁਰਮੀਤ ਸਿੰਘ ਬਖਤਪੁਰਾ ਨੇ ਕਿਹਾ ਹੈ ਕਿ ਅਕਾਲੀ ਦਲ-ਭਾਜਪਾ ਦੇ ਕਾਰਜਕਾਲ ਦੌਰਾਨ ਜਿਸ ਤਰ੍ਹਾਂ ਸਮਾਜ ਦੇ ਸਾਰੇ ਕਿਰਤੀ ਵਰਗ, ਮਜ਼ਦੂਰ, ਖੇਤ ਮਜ਼ਦੂਰ, ਕਿਸਾਨ, ਦਲਿਤ, ਨੌਜਵਾਨ, ਦੁਕਾਨਦਾਰ ਇਸ ਸਰਕਾਰ ਨੇ ਕੁੱਟੇ ਤੇ ਲੁੱਟੇ ਹਨ ਅਤੇ ਭਰਿਸ਼ਟਾਚਾਰ ਰਾਹੀਂ ਅਰਬਾਂ-ਖਰਬਾਂ ਰੁਪਏ ਕਮਾਏ ਹਨ, ਉਸ ਕਾਰਨ ਇਸ ਗਠਜੋੜ ਦਾ ਚੋਣਾਂ ਅੰਦਰ ਭੋਗ ਪੈਣਾ ਤੈਅ ਹੈ। ਨਾਲ ਹੀ ਕਾਂਗਰਸ ਪਾਰਟੀ ਵਲੋਂ ਚੋਣਾਂ ਜਿੱਤਣ ਲਈ ਜਿਸ ਤਰ੍ਹਾਂ ਕਿਸਾਨ ਯਾਤਰਾ ਵਰਗੇ ਪਾਖੰਡ ਕੀਤੇ ਜਾ ਰਹੇ ਹਨ, ਉਸ ਬਾਰੇ ਇਹ ਤੱਥ ਯਾਦ ਰੱਖਣਾ ਚਾਹੀਦਾ ਹੈ ਕਿ ਇਸੇ ਕਾਂਗਰਸ ਦੇ ਰਾਜ ਵਿਚ ਕਿਸਾਨਾਂ ਦੇ ਬਿਜਲੀ ਬਿੱਲ ਲਗਾਏ ਗਏ ਸਨ ਤੇ ਨੌਕਰੀਆਂ ਮੰਗਦੇ ਪੜ੍ਹੇ-ਲਿਖੇ ਨੌਜਵਾਨ ਲੜਕੇ ਤੇ ਲੜਕੀਆਂ ਉਪਰ ਸੜਕਾਂ 'ਤੇ ਪੁਲਸ ਲਾਠੀਆਂ ਵਰ੍ਹਾਉਣ ਦੀਆਂ ਘਟਨਾਵਾਂ ਅਜੇ ਵੀ ਲੋਕਾਂ ਦੀ ਯਾਦਾਸ਼ਤ ਵਿਚ ਮੌਜੂਦ ਹਨ। ਸਭ ਤੋਂ ਵੱਡਾ ਮੁੱਦਾ ਇਹ ਹੈ ਕਿ ਨਵਉਦਾਰਵਾਦੀ ਨੀਤੀਆਂ ਨੂੰ ਸ਼ੁਰੂ ਕਰਨ ਅਤੇ ਪੂਰੀ ਤਾਕਤ ਨਾਲ ਲਾਗੂ ਕਰਨ ਵਾਲੀ ਇਹੋ ਕਾਂਗਰਸ ਪਾਰਟੀ ਹੈ। 'ਆਪ' ਪੂਰੀ ਤਰ੍ਹਾਂ ਨਵ ਉਦਾਰਵਾਦੀ ਨੀਤੀਆਂ ਦੀ ਮੁਦੱਈ ਹੈ ਤੇ ਪੰਜਾਬ ਵਿਚਾਲੇ ਇਸ ਦੁਆਰਾ ਖੜ੍ਹੇ ਕੀਤੇ ਜਾ ਰਹੇ ਬਹੁਤੇ ਉਮੀਦਵਾਰ ਆਮ ਆਦਮੀ ਤੋਂ ਭਿੰਨ 'ਖਾਸ' ਜ਼ਿਆਦਾ ਹਨ।
ਪ੍ਰਾਂਤ ਦੀਆਂ 4 ਖੱਬੀਆਂ ਪਾਰਟੀਆਂ ਵਲੋਂ ਪਿਛਲੇ ਸਮੇਂ ਤੋਂ ਦਲਿਤਾਂ ਉਪਰ ਹੋ ਰਹੇ ਜਬਰ, ਕਰਜੇ ਦੇ ਭਾਰ ਕਾਰਨ ਕਿਸਾਨਾਂ-ਮਜ਼ਦੂਰਾਂ ਦੀਆਂ ਹੋ ਰਹੀਆਂ ਆਤਮ ਹੱਤਿਆਵਾਂ, ਨੌਜਵਾਨਾਂ ਨੂੰ ਰੁਜ਼ਗਾਰ, ਬੇਘਰੇ ਲੋਕਾਂ ਨੂੰ ਰਹਿਣ ਲਈ ਮਕਾਨ ਤੇ ਮਹਿੰਗਾਈ ਰੋਕਣ ਲਈ ਜ਼ਰੂਰੀ ਕਦਮ ਚੁੱਕਣ ਵਰਗੇ ਮਸਲਿਆਂ ਉਪਰ ਜਨਤਕ ਲਾਮਬੰਦੀ ਕੀਤੀ ਜਾ ਰਹੀ ਸੀ, ਉਸੇ ਚੌਖਟੇ ਵਿਚ ਪੰਜਾਬ ਦੀਆਂ ਅਸੈਂਬਲੀ ਚੋਣਾਂ ਅੰਦਰ ਸਰਮਾਏਦਾਰ-ਜਗੀਰਦਾਰ  ਪਾਰਟੀਆਂ ਵਿਰੁੱਧ ਲਕੀਰ ਖਿੱਚ ਕੇ ਖੱਬਾ ਤੇ ਜਮਹੂਰੀ ਮੁਤਬਾਦਲ ਉਸਾਰਨ ਲਈ ਪੂਰੀ ਵਾਹ ਲਾਉਣਗੀਆਂ।
ਇਨ੍ਹਾਂ ਦੋਹਾਂ ਆਗੂਆਂ ਨੇ ਸਪੱਸ਼ਟ ਕੀਤਾ ਹੈ ਕਿ ਜਿਵੇਂ ਅਖਬਾਰਾਂ ਵਿਚ ਕਾਂਗਰਸ ਤੇ ਸੀ.ਪੀ.ਆਈ. ਦੇ ਗਠਜੋੜ ਦੀਆਂ ਖਬਰਾਂ ਆ ਰਹੀਆਂ ਹਨ, ਸਾਡਾ ਇਸ ਤਰ੍ਹਾਂ ਦੀ ਮੌਕਾਪ੍ਰਸਤ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਤੇ ਅਸੀਂ ਅਸੂਲੀ ਰਾਜਨੀਤੀ ਦੇ ਤਹਿਤ ਅਕਾਲੀ ਦਲ-ਭਾਜਪਾ ਗਠਜੋੜ, ਕਾਂਗਰਸ ਤੇ ਆਪ ਦੇ ਵਿਰੋਧ ਵਿਚ ਪੂਰੀ ਤਾਕਤ ਨਾਲ ਚੋਣਾਂ 'ਚ ਭਾਗ ਲਵਾਂਗੇ ਤਾਂ ਕਿ ਪੰਜਾਬ ਦੀ ਅਸੈਂਬਲੀ ਵਿਚ ਲੋਕ ਪੱਖੀ ਰਾਜਨੀਤੀ ਦੇ ਬੁਲਾਰੇ ਵੱਧ ਤੋਂ ਵੱਧ ਗਿਣਤੀ ਵਿਚ ਭੇਜੇ ਜਾ ਸਕਣ।
ਅਸੀਂ ਪੰਜਾਬ ਦੀਆਂ ਸਮੂਹ ਖੱਬੀਆਂ ਤੇ ਜਮਹੂਰੀ ਧਿਰਾਂ ਤੇ ਲੋਕਾਂ ਨੂੰ ਅਪੀਲ ਕਰਦੇ ਹਾਂ ਜਿਹੜੇ  ਖੱਬੇ ਪੱਖੀਆਂ ਦੀ ਅਸੂਲੀ ਏਕਤਾ ਨੂੰ ਚੋਣਾਂ ਵਿਚ ਹਕੀਕੀ ਰੂਪ ਵਿਚ ਦੇਖਣਾ ਚਾਹੁੰਦੇ ਹਨ, ਉਹ ਅਕਾਲੀ ਦਲ-ਭਾਜਪਾ ਗਠਜੋੜ, ਕਾਂਗਰਸ ਤੇ ਆਪ ਵਰਗੀਆਂ ਲੋਕ ਵਿਰੋਧੀ ਧਿਰਾਂ ਨਾਲ ਸਿੱਧਾ ਜਾਂ ਅਸਿੱਧਾ ਗਠਜੋੜ ਕਰਨ ਵਾਲੇ ਮੌਕਾਪ੍ਰਸਤ ਦਲਾਂ ਨੂੰ ਇਸ ਆਤਮਘਾਤੀ ਰਾਹ ਤੋਂ ਰੋਕਣ ਵਿਚ ਆਪਣੀ ਭੂਮਿਕਾ ਅਦਾ ਕਰਨ।
ਅਸੀਂ ਪੰਜਾਬ ਅੰਦਰ ਖੱਬੀਆਂ ਤੇ ਜਮਹੂਰੀ ਧਿਰਾਂ ਦੀ ਚੋਣਾਂ ਅੰਦਰ ਏਕਤਾ ਰਾਹੀਂ ਇਕ ਯੋਗ ਲੋਕ ਪੱਖੀ ਮੁਤਬਾਦਲ ਉਸਾਰਨ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਾਂਗੇ। ਦੋਹਾਂ ਆਗੂਆਂ ਨੇ ਕਿਹਾ ਕਿ ਛੇਤੀ ਹੀ ਖੱਬੇ ਪੱਖੀ ਦਲਾਂ ਦੇ ਸਾਂਝੇ ਉਮੀਦਵਾਰਾਂ ਬਾਰੇ ਸਹਿਮਤੀ ਕਰਨ ਲਈ ਮੀਟਿੰਗ ਕੀਤੀ ਜਾਵੇਗੀ।

(ਮੰਗਤ ਰਾਮ ਪਾਸਲਾ)
98141-82998

Wednesday 19 October 2016

ਲੋਕ ਲੋੜਾਂ ’ਤੇ ਖ਼ਰਾ ਨਹੀਂ ਉਤਰਿਆ ਪੂੰਜੀਵਾਦੀ ਵਿਕਾਸ ਮਾਡਲ

ਲੋਕ ਲੋੜਾਂ ’ਤੇ ਖ਼ਰਾ ਨਹੀਂ ਉਤਰਿਆ ਪੂੰਜੀਵਾਦੀ ਵਿਕਾਸ ਮਾਡਲ

Punjabi Tribune, Oct 19, 2016


 

ਮੰਗਤ ਰਾਮ ਪਾਸਲਾ

ਇਸ ਵਿੱਚ ਕੋਈ ਸ਼ੰਕਾ ਹੀ ਨਹੀਂ ਹੈ ਕਿ ਮੌਜੂਦਾ ਪੂੰਜੀਵਾਦੀ ਪ੍ਰਬੰਧ ਤੋਂ ਆਮ ਲੋਕਾਂ ਦਾ ਬਹੁਤ ਵੱਡਾ ਭਾਗ ਡਾਢਾ ਪ੍ਰੇਸ਼ਾਨ ਹੈ। ਇਸ ਸੰਦਰਭ ਵਿੱਚ ਇਹ ਗੱਲ ਵਿਚਾਰ ਕਰਨ ਵਾਲੀ ਹੈ ਕਿ ਮਹਿੰਗਾਈ, ਬੇਰੁਜ਼ਗਾਰੀ, ਗ਼ਰੀਬੀ, ਕੁਪੋਸ਼ਣ ਅਤੇ ਬਿਮਾਰੀਆਂ ਆਦਿ ਨਾਲ ਗ੍ਰਸੀ ਹੋਈ ਜਨਤਾ ਸਾਰੀਆਂ ਮੁਸ਼ਕਿਲਾਂ ਦੇ ਬਾਵਜੂਦ ਇਸ ਲੁਟੇਰੇ ਪ੍ਰਬੰਧ ਅਤੇ ਇਸ ਦੀ ਸੇਵਾ ਵਿੱਚ ਜੁਟੀਆਂ ਹੋਈਆਂ ਰਾਜਨੀਤਕ ਪਾਰਟੀਆਂ ਦੇ ਮੱਕੜਜਾਲ ਵਿੱਚੋਂ ਨਹੀਂ ਨਿਕਲ ਰਹੀ। ਖੱਬੀਆਂ ਤੇ ਇਨਕਲਾਬੀ ਰਾਜਨੀਤਕ ਧਿਰਾਂ ਭਾਵੇਂ ਪੂੰਜੀਵਾਦੀ ਪ੍ਰਬੰਧ ਦੇ ਵਿਰੁੱਧ ਜੂਝਣ ਵਾਲੀਆਂ ਤਾਕਤਾਂ ਵਿੱਚ ਸਭ ਤੋਂ ਅਗਲੀਆਂ ਕਤਾਰਾਂ ਵਿੱਚ ਹਨ, ਪਰ ਉਨ੍ਹਾਂ ਦਾ ਜਨਤਕ ਪਸਾਰਾ ਵੀ ਹੇਠਲੀ ਪੱਧਰ ਤਕ ਨਹੀਂ ਹੋ ਰਿਹਾ। ਇਨ੍ਹਾਂ ਕਾਰਨਾਂ ਬਾਰੇ ਵਿਚਾਰਨ ਦੀ ਜ਼ਰੂਰਤ ਹੈ। ਜਿਸ ਮੌਜੂਦਾ ਪ੍ਰਬੰਧ ਨੇ ਕਿਰਤੀ ਲੋਕਾਂ ਦੀ ਦੋ ਡੰਗ ਦੀ ਰੱਜਵੀਂ ਰੋਟੀ ਵੀ ਖੋਹ ਲਈ ਹੈ ਤੇ ਉਨ੍ਹਾਂ ਦੇ ਸਾਹਮਣੇ ਮੁੱਠੀਭਰ ਵਿਹਲੜ ਲੁਟੇਰਿਆਂ ਦਾ ਟੋਲਾ ਮੌਜਾਂ ਮਾਣ ਰਿਹਾ ਹੈ, ਉਸ ਪ੍ਰਬੰਧ ਬਾਰੇ ਨਪੀੜੇ ਜਾਣ ਵਾਲੀ ਲੋਕਾਈ ਦੇ ਦਿਮਾਗਾਂ ਵਿੱਚ ਉਸ ਪ੍ਰਤੀ ਕੋਈ ਵੱਡੀ ਘਿਰਣਾ ਨਹੀਂ ਹੈ। ਸਗੋਂ ਕਈ ਵਾਰ ਤਾਂ ਉਹ ਇਸ ਪ੍ਰਬੰਧ ਦੇ ਰਿਣੀ ਹੋਣ ਦਾ ਵੀ ਪ੍ਰਗਟਾਵਾ ਕਰ ਦਿੰਦੇ ਹਨ ਕਿਉਂਕਿ ਉਹ ਉਨ੍ਹਾਂ ਨੂੰ ਧਰਤੀ ਉਪਰ ਜਿਉਂਦੇ ਰਹਿਣ ਦਾ ਮੌਕਾ ਦੇ ਰਿਹਾ ਹੈ। ਇੰਜ ਜਾਪਦਾ ਹੈ ਕਿ ਗ਼ਰੀਬ ਲੋਕ ਗੰਦੀਆਂ ਬਸਤੀਆਂ ਤੇ ਭੈੜੀਆਂ ਹਾਲਤਾਂ ਵਿੱਚ ਜਿਊਣ ਦੇ ਆਦੀ ਬਣ ਗਏ ਹਨ।
ਅਜਿਹੀ ਮਾਨਸਿਕ ਦਸ਼ਾ ਪੈਦਾ ਕਰਨ ਲਈ ਕਿਰਤੀ ਵਰਗ ਆਪ ਦੋਸ਼ੀ ਨਹੀਂ ਹੈ, ਬਲਕਿ ਮੌਜੂਦਾ ਸਰਮਾਏਦਾਰੀ ਨਿਜ਼ਾਮ ਨੇ ਆਪਣੇ ਪ੍ਰਚਾਰ ਤੇ ਵਿਚਾਰਧਾਰਕ ਮੱਕੜਜਾਲ ਰਾਹੀਂ ਉਨ੍ਹਾਂ ਨੂੰ ਇਸ ਤਰਸਯੋਗ ਅਵਸਥਾ ਤਕ ਪਹੁੰਚਾ ਕੇ ਉਨ੍ਹਾਂ ਦੀ ਸੋਚਣੀ ਨੂੰ ਸਭ ਕੁਝ ‘ਸਹਿ ਜਾਣ’ ਦੀ ਸਥਿਤੀ ਵਿੱਚ ਲੈ ਆਂਦਾ ਹੈ। ਪਿਛਲੇ ਇਤਿਹਾਸ ਵਿੱਚ ਵੱਖ ਵੱਖ ਸਮਿਆਂ ਉੱਤੇ ਉੱਠੀਆਂ ਸਥਾਪਤੀ ਵਿਰੋਧੀ ਲਹਿਰਾਂ ਦੀਆਂ ਭਾਰੀ ਕੁਰਬਾਨੀਆਂ ਅਤੇ ਕੋਸ਼ਿਸ਼ਾਂ ਦੇ ਬਾਵਜੂਦ ਲਿਤਾੜੇ ਜਾ ਰਹੇ ਲੋਕਾਂ ਨੂੰ ਇੱਕ ਲੋਟੂ ਢਾਂਚੇ ਵਿੱਚੋਂ ਬਾਹਰ ਨਿਕਲ ਕੇ ਉਸ ਤੋਂ ਉਪਰਲੀ ਸਤਹਿ ਦੇ ਲੁਟੇਰੇ ਨਿਜ਼ਾਮ ਦੇ ਹਵਾਲੇ ਹੋਣਾ ਪਿਆ ਹੈ। ਉਨ੍ਹਾਂ ਲੋਕਾਂ ਕੋਲ ਉਸ ਸਮੇਂ ਦੇ ਕਾਇਮ ਢਾਂਚੇ ਦੇ ਜ਼ੁਲਮਾਂ ਤੋਂ ਛੁਟਕਾਰਾ ਪਾਉਣ ਲਈ ਕਿਸੇ ਦੂਜੇ ਬਰਾਬਰਤਾ ਵਾਲੇ ਸਮਾਜ ਦੀ ਸਥਾਪਨਾ ਦਾ ਸੰਕਲਪ ਮੌਜੂਦ ਨਹੀਂ ਸੀ। ਮਹਾਨ ਸਮਾਜ ਸੁਧਾਰਕਾਂ, ਸੰਤਾਂ, ਗੁਰੂਆਂ ਤੇ ਹੋਰ ਬਹੁਤ ਸਾਰੇ ਮਹਾਨ ਪੁਰਸ਼ਾਂ ਵੱਲੋਂ ਸਮੇਂ ਸਮੇਂ ਜ਼ਾਲਮ ਹਾਕਮਾਂ, ਉਨ੍ਹਾਂ ਦੇ ਦਰਬਾਰੀਆਂ ਤੇ ਲੋਕਾਂ ਨੂੰ  ਅੰਧਕਾਰ ਵਿੱਚ ਰੱਖਣ ਵਾਲੇ ਰੀਤੀ ਰਿਵਾਜਾਂ ਵਿਰੁੱਧ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਜਾਂਦੀ ਰਹੀ ਹੈ ਪਰ ਜਨ ਸਮੂਹਾਂ ਨੂੰ ਦਰਪੇਸ਼ ਸਮੱਸਿਆਵਾਂ ਘਟੀਆਂ ਤਾਂ ਜ਼ਰੂਰ, ਖ਼ਤਮ ਨਹੀਂ ਹੋ ਸਕੀਆਂ। ਸਾਰੇ ਉਪਾਵਾਂ ਤੇ ਕੁਰਬਾਨੀਆਂ ਕਰਨ ਦੇ ਬਾਵਜੂਦ ਲੋਟੂ ਵਿਵਸਥਾ ਦੇ ਇੱਕ ਰੂਪ ਵਿੱਚ ਮੌਜੂਦਾ ਲੁਟੇਰਾ ਪੂੰਜੀਵਾਦੀ ਢਾਂਚਾ ਲੋਕਾਂ ਦੇ ਵੱਡੇ ਹਿੱਸੇ ਨੂੰ ਆਪਣੇ ਅਧੀਨ ਰੱਖਣ ਵਿੱਚ ਸਫ਼ਲ ਹੁੰਦਾ ਆ ਰਿਹਾ ਹੈ। ਭਾਵੇਂ 1917 ਵਿੱਚ ਰੂਸ ਅੰਦਰ ਸਮਾਜਵਾਦੀ ਇਨਕਲਾਬ ਰਾਹੀਂ ਅਤੇ ਬਾਅਦ ਵਿੱਚ ਕਈ ਹੋਰਾਂ ਦੇਸ਼ਾਂ ਅੰਦਰ ਸਮਾਜਵਾਦੀ ਪ੍ਰਬੰਧ ਦੀ ਕਾਇਮੀ ਸਦਕਾ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੇ ਖ਼ਾਤਮੇ ਦਾ ਮਾਹੌਲ ਸਿਰਜਿਆ ਗਿਆ, ਜੋ ਕੁਝ ਸਮੇਂ ਬਾਅਦ ਕਈ ਅੰਦਰੂਨੀ ਅਤੇ ਬਾਹਰੀ ਕਾਰਨਾਂ ਕਰਕੇ ਬਿਖਰ ਗਿਆ। ਪਰ ਅੱਜ ਸਮੁੱਚੇ ਸੰਸਾਰ ਵਿੱਚ ਮੁੱਖ ਰੂਪ ਵਿੱਚ ਪੂੰਜੀਵਾਦੀ ਨਿਜ਼ਾਮ ਹੇਠਾਂ ਵੱਡੀ ਗਿਣਤੀ ’ਚ ਲੋਕ ਬਹੁਤ ਹੀ ਅਮਾਨਵੀ ਹਾਲਤਾਂ ਵਿੱਚ ਜੀਵਨ ਜੀਅ ਰਹੇ ਹਨ।
ਅਜਿਹਾ ਕਿਉਂ ਹੈ? ਜਨ ਸਮੂਹਾਂ ਨੂੰ ਇਸ ਮੱਕੜਜਾਲ ਵਿੱਚ ਫਸਾਉਣ ਪਿੱਛੇ ਕਿਸਦਾ ਹੱਥ ਹੈ? ਕਿਰਤੀ ਲੋਕ ਭੁੱਖ ਨਾਲ ਤੜਫਦੇ ਹੋਏ ਜ਼ਿੰਦਗੀ ਬਿਤਾ ਰਹੇ ਹਨ, ਪਰ ਆਪਣੇ ਦੁਸ਼ਮਣ ਦੇ ਖ਼ਿਲਾਫ਼ ਲੜਨ ਲਈ ਕਿਉਂ ਤਿਆਰ ਨਹੀਂ ਹੋ ਰਹੇ, ਜੋ ਇਨ੍ਹਾਂ ਸਾਰੇ ਪੁਆੜਿਆਂ ਦੀ ਜੜ੍ਹ ਹੈ। ਮਨੁੱਖੀ ਇਤਿਹਾਸ ਵਿੱਚ ਹਰ ਸਮੇਂ ਦਾ ਲੁਟੇਰੇ ਪ੍ਰਬੰਧ, ਜੋ ਅੱਜ ਪੂੰਜੀਵਾਦ ਤੇ ਸਾਮਰਾਜ ਦੇ ਰੂਪ ਵਿੱਚ ਸਾਡੇ ਸਾਹਮਣੇ ਹੈ, ਆਪਣੀ ਹੋਂਦ ਕਾਇਮ ਰੱਖਣ ਲਈ ਤੇ ਇਸ ਦੀ ਉਮਰ ਵਿੱਚ ਵਾਧਾ ਕਰਨ ਲਈ ਦਬਾਊ ਮਸ਼ੀਨਰੀ ਤੇ ਕਾਨੂੰਨਾਂ ਦੇ ਨਾਲ ਨਾਲ ਆਪਣੇ ਮੇਚਵਾਂ ਸੱਭਿਆਚਾਰ, ਕਲਾ, ਸਮਾਜਿਕ ਰਸਮਾਂ-ਰਿਵਾਜ, ਮਨੁੱਖੀ ਚੇਤਨਤਾ ਤੇ ਸਮਾਜਿਕ ਵਿਵਹਾਰ ਸਿਰਜਣ ਲਈ ਪੂਰਾ ਤਾਣ ਲਗਾਉਂਦਾ ਹੈ। ਅਜਿਹਾ ਆਰਥਿਕ ਪ੍ਰਬੰਧ ਆਪਣੀਆਂ ਲੋੜਾਂ ਅਨੁਸਾਰ ਉਪਰਲਾ ਤਾਣਾ-ਬਾਣਾ (ਉਸਾਰ) ਸਿਰਜਦਾ ਹੈ, ਜਿਸ ਦੇ ਪਿਛਾਖੜੀ ਸਮਾਜਿਕ ਵਰਤਾਰੇ,  ਗਲੇ-ਸੜੇ ਸੱਭਿਆਚਾਰ ਤੇ ਹਨੇਰ ਬਿਰਤੀ ਦੇ ਅਮਲ ਉਸ ਲੋਕ ਵਿਰੋਧੀ ਪ੍ਰਬੰਧ ਦੀ ਲੰਬੀ ਉਮਰ ਕਰਨ ਲਈ ਸਹਾਈ ਸਿੱਧ ਹੋ ਨਿਬੜਦੇ ਹਨ। ਅੱਜ ਬਿਲਕੁਲ ਇਹੀ ਅਵਸਥਾ ਹੈ। ਪੂੰਜੀਵਾਦੀ ਪ੍ਰਬੰਧ ਨੇ ਆਪਣੇ ਹਿੱਤਾਂ ਦੀ ਪੂਰਤੀ ਲਈ ਪੂਰੇ ਪ੍ਰਚਾਰ ਸਾਧਨਾਂ, ਖ਼ਾਸਕਰ ਇਲੈਕਟ੍ਰਾਨਿਕ ਮੀਡੀਆ ਨੂੰ, ਜਿਨ੍ਹਾਂ ਦੀ ਮਾਲਕੀ ਮੁੱਖ ਰੂਪ ਵਿੱਚ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਹੈ, ਰਾਹੀਂ ਲੋਕਾਂ ਨੂੰ ਆਪਣੀ ਜ਼ਿੰਦਗੀ ਦੇ ਅਸਲ ਮੁੱਦਿਆਂ ਤੋਂ, ਜਿਨ੍ਹਾਂ ਤੋਂ ਉਹ ਪੀੜਤ ਹਨ, ਲਾਂਭੇ ਕਰਨ ਲਈ ਅਜਿਹੇ ਪ੍ਰੋਗਰਾਮਾਂ, ਨੰਗੇਜ਼ਵਾਦੀ ਤੇ ਕਾਮੁਕ ਉਤੇਜਨਾ ਪੈਦਾ ਕਰਨ ਵਾਲੇ ਗੀਤਾਂ ਤੇ ਮਨੁੱਖ ਨੂੰ ਕਿਸਮਤਵਾਦੀ ਬਣਾਉਣ ਲਈ ਵੱਖ ਵੱਖ ਧਰਮ ਪ੍ਰਚਾਰਕਾਂ ਤੇ ਪਾਖੰਡੀ ਲੋਕਾਂ ਦੇ ਪ੍ਰੋਗਰਾਮ ਪ੍ਰਸਾਰਨ ਕਰਨ ਦੀ ਖੁੱਲ੍ਹ ਦਿੱਤੀ ਹੋਈ ਹੈ। ‘ਕਲਾ ਸਿਰਫ਼ ਕਲਾ ਲਈ’ ਦੇ ਨੁਕਸਦਾਰ ਤਰਕ ਨਾਲ ਕਲਾ ਰਾਹੀਂ ਲੋਕਾਂ ਦੀ ਸੇਵਾ ਦਾ ਸੰਕਲਪ ਖ਼ਤਮ ਕਰ ਦਿੱਤਾ ਗਿਆ ਹੈ। ਹਨੇਰਵਿਰਤੀ, ਵਹਿਮਪ੍ਰਸਤੀ ਤੇ ਅੰਧ-ਵਿਸ਼ਵਾਸ ਫੈਲਾਉਣ ਵਾਲੇ ਸਾਰੇ ਕਥਿਤ ਧਾਰਮਿਕ ਡੇਰਿਆਂ ਅਤੇ ਨਾਮ ਨਿਹਾਦ ਸੰਤਾਂ ਦੀ ਲੁਟੇਰੀਆਂ ਜਮਾਤਾਂ ਦੇ ਸਾਰੇ ਹੀ ਰਾਜਨੀਤੀਵਾਨ ਹਾਜ਼ਰੀਆਂ ਭਰਦੇ ਹਨ ਅਤੇ ਆਪਣੀ ਲੁੱਟ ਦੀ ਕਮਾਈ ਵਿੱਚੋਂ ਮਾਮੂਲੀ ਜਿਹਾ ਹਿੱਸਾ ‘ਦਾਨ’ ਵਜੋਂ ਵੀ ਚੜ੍ਹਾ ਆਉਂਦੇ ਹਨ। ਪਿਛਲੇ ਕਿਸੇ ਵੀ ਸਮੇਂ ਨਾਲੋਂ ਅੱਜ ਅੰਧ-ਵਿਸ਼ਵਾਸ ਤੇ ਕਿਸਮਤਵਾਦ ਫੈਲਾਉਣ ਵਾਲੇ ਡੇਰਿਆਂ ਦੀ ਗਿਣਤੀ ਕਿਤੇ ਜ਼ਿਆਦਾ ਹੈ।
ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਭਾਜਪਾ ਸਰਕਾਰ ਸਾਮਰਾਜ ਦੀ ਨਿਰਦੇਸ਼ਨਾਂ ਮੁਤਾਬਿਕ ਸੰਸਾਰੀਕਰਨ, ਉਦਾਰੀਕਰਨ ਤੇ ਨਿੱਜੀਕਰਨ ਦੀਆਂ ਆਰਥਿਕ ਨੀਤੀਆਂ ਲਾਗੂ ਕਰਨ ਲਈ ਲੋਕਾਂ ਦਾ ਧਿਆਨ ਹੋਰ ਗ਼ੈਰ-ਜ਼ਰੂਰੀ ਸਵਾਲਾਂ ਦੁਆਲੇ ਘੁਮਾਉਣਾ ਚਾਹੁੰਦੀ ਹੈ। ਪੂਰੇ ਸੰਸਾਰ ਨੂੰ ਇੱਕ ਵਿਸ਼ਾਲ ਮੰਡੀ ਦਾ ਰੂਪ ਦੇ ਕੇ (ਸੰਸਾਰੀਕਰਨ) ਸਾਮਰਾਜੀ ਦੇਸ਼ ਆਪਣਾ ਆਰਥਿਕ ਸੰਕਟ ਹੱਲ ਕਰਨਾ ਚਾਹੁੰਦੇ ਹਨ ਅਤੇ ਆਪਣੇ ਮੁਨਾਫ਼ਿਆਂ ਵਿੱਚ ਵੀ ਢੇਰ ਵਾਧਾ ਕਰਨਾ ਲੋਚਦੇ ਹਨ। ਸੰਸਾਰੀਕਰਨ ਦੇ ਸੰਕਲਪ ਦਾ ਫ਼ਾਇਦਾ ਵਿਦੇਸ਼ੀ-ਦੇਸੀ ਲੁਟੇਰੇ ਤੇ ਕਾਰਪੋਰੇਟ ਘਰਾਣੇ ਤਦ ਹੀ ਉਠਾ ਸਕਦੇ ਹਨ, ਜੇਕਰ ਉਨ੍ਹਾਂ ਲਈ ਪੂੰਜੀ ਨਿਵੇਸ਼ ਕਰਨ ਵਾਸਤੇ ਪੂਰੀ ਖੁੱਲ੍ਹ (ਉਦਾਰੀਕਰਨ) ਹੋਵੇ, ਮਜ਼ਦੂਰਾਂ ਦੇ ਹਿੱਤ ਪੂਰਨ ਵਾਲੇ ਸਾਰੇ ਕਾਨੂੰਨ ਬਦਲੇ ਜਾਣ ਤੇ ਕਿਸੇ ਕਿਸਮ ਦੀ ਸਰਕਾਰੀ ਦਖ਼ਲਅੰਦਾਜ਼ੀ, ਜੋ ਉਨ੍ਹਾਂ ਦੇ ਕਾਰੋਬਾਰ ਵਿੱਚ ਅੜਿਕਾ ਡਾਹੁੰਦੀ ਹੋਵੇ, ਬੰਦ ਕਰ ਦਿੱਤੀ ਜਾਵੇ। ਇਸ ਤੋਂ ਅੱਗੇ ਨਿੱਜੀ ਪੂੰਜੀ ਨਿਵੇਸ਼ਕ ਸਾਰਾ ਕਾਰੋਬਾਰ ਸਰਕਾਰ ਕੋਲੋਂ ਖੋਹ ਕੇ ਨਿੱਜੀ ਹੱਥਾਂ ਦੇ ਹਵਾਲੇ ਕਰਨ (ਨਿੱਜੀਕਰਨ) ਲਈ ਦਬਾਅ ਪਾਉਂਦੇ ਹਨ। ਉਨ੍ਹਾਂ ਲਈ ਸਰਕਾਰ ਸਿਰਫ਼ ਅਰਥਚਾਰੇ ਨੂੰ ਸੰਚਾਲਿਤ ਕਰਨ ਵਾਲੀ ਇੱਕ ਏਜੰਸੀ ਵਾਂਗ ਹੈ, ਜੋ ਇਨ੍ਹਾਂ ਨੀਤੀਆਂ ਦਾ ਵਿਰੋਧ ਕਰਨ ਵਾਲੀਆਂ ਸ਼ਕਤੀਆਂ ਨੂੰ ਜ਼ੋਰ ਜਬਰ ਨਾਲ ਦਬਾਅ ਸਕੇ। ਇਸੇ ਯੋਜਨਾ ਅਧੀਨ ਸਿਹਤ, ਵਿੱਦਿਆ, ਆਵਾਜਾਈ, ਬੈਕਿੰਗ ਅਤੇ ਬੀਮਾ ਇਤਿਆਦਿ ਸਾਰੇ ਸਰਕਾਰੀ ਖੇਤਰ ਦੇ ਅਦਾਰਿਆਂ ਨੂੰ ਨਿੱਜੀ ਹੱਥਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ, ਜੋ ਘੱਟ ਤਨਖ਼ਾਹ ਦੇ ਕੇ, ਕੰਮ ਦੇ ਘੰਟੇ ਵਧਾ ਕੇ ਅਤੇ ਕਿਸੇ ਵੀ ਸਮਾਜਿਕ ਸੁਰੱਖਿਆ ਤੋਂ ਪੂਰੀ ਤਰ੍ਹਾਂ ਮੁਕਤ ਹੋ ਕੇ ਸਾਰਾ ਕੰਮ ਠੇਕਾ ਪ੍ਰਣਾਲੀ ਰਾਹੀਂ ਕਰਵਾ ਰਹੀ ਹੈ। ਮਜ਼ਦੂਰ ਜਮਾਤ ਵੱਲੋਂ ਕੀਤੀਆਂ ਲੰਬੀਆਂ ਜਦੋਂ-ਜਹਿਦਾਂ ਅਤੇ ਭਾਰੀ ਕੁਰਬਾਨੀਆਂ ਕਰਕੇ ਪ੍ਰਾਪਤ ਕੀਤੇ ਟਰੇਡ ਯੂਨੀਅਨ, ਜਮਹੂਰੀ ਤੇ ਆਰਥਿਕ ਅਧਿਕਾਰਾਂ ਨੂੰ ਖੋਹ ਕੇ ਪਿਛਲਖੁਰੀ ਮੋੜਾ ਦੇ ਦਿੱਤਾ ਗਿਆ ਹੈ। ਇਸ ਸਭ ਕੁਝ ਦਾ ਜਨਤਕ ਵਿਰੋਧ ਹੋਣਾ ਲਾਜ਼ਮੀ ਹੈ। ਇਸੇ ਵਿਰੋਧ ਨੂੰ ਖਾਰਜ ਕਰਨ ਲਈ ਮੌਜੂਦਾ ਸਰਕਾਰ ਵੱਲੋਂ ਇੱਕ ਪਾਸੇ ਲੋਕਾਂ ਨੂੰ ਗਲਿਆ-ਸੜਿਆ ਨੰਗੇਜ਼ਵਾਦੀ ਤੇ ਪਿਛਾਖੜੀ ਸੱਭਿਆਚਾਰ ਪ੍ਰੋਸਿਆ ਜਾ ਰਿਹਾ ਹੈ ਤੇ ਦੂਜੇ ਬੰਨ੍ਹੇ ਦਬਾਊ ਕਾਨੂੰਨਾਂ ਅਤੇ ਸਰਕਾਰੀ ਦਮਨ ਰਾਹੀਂ ਲੋਕ ਵਿਰੋਧ ਨੂੰ ਦਬਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਦੇਸ਼ ਅੰਦਰ ਜੰਗ ਦਾ ਮਾਹੌਲ ਤੇ ਇੱਕ ਖ਼ਾਸ ਕਿਸਮ ਦਾ ‘ਅੰਨ੍ਹਾ ਕੌਮਵਾਦ’ ਸਿਰਜਣਾ ਵੀ ਮੋਦੀ ਸਰਕਾਰ ਦੀ ਲੋਕਾਂ ਦਾ ਧਿਆਨ ਕੁਰਾਹੇ ਪਾਉਣ ਦੀ ਯੋਜਨਾ ਦਾ ਹੀ ਇੱਕ ਭਾਗ ਹੈ।
ਇਸ ਆਰਥਿਕ ਵਿਕਾਸ ਮਾਡਲ ਵਿੱਚ ਗ਼ਰੀਬ-ਅਮੀਰ ਦਾ ਪਾੜਾ ਖ਼ਤਰਨਾਕ ਸੀਮਾ ਤਕ ਪਹੁੰਚ ਗਿਆ ਹੈ। ਢਿੱਡੋਂ ਭੁੱਖੇ, ਤਨ ਤੋਂ ਨੰਗੇ ਤੇ ਬੇਘਰੇ ਲੋਕਾਂ ਦੇ ਇੱਕ ਹਿੱਸੇ ਦਾ ਕਿਸੇ ਰੁਜ਼ਗਾਰ ਦੀ ਪ੍ਰਾਪਤੀ ਨਾ ਹੋਣ ਕਾਰਨ ਚੋਰੀਆਂ, ਡਾਕੇ, ਨਸ਼ਾ ਤਸਕਰੀ, ਕਤਲ, ਉਧਾਲੇ ਅਤੇ ਬਲਾਤਕਾਰ ਵਰਗੇ ਗ਼ੈਰ-ਸਮਾਜੀ ਕੰਮਾਂ ਵਿੱਚ ਲਿਪਤ ਹੋ ਜਾਣਾ ਇੱਕ ਆਮ ਵਰਤਾਰਾ ਬਣ ਗਿਆ ਹੈ। ਇਸ ਦਾ ਇੱਕੋ-ਇੱਕ ਉਪਾਅ ਲੋਕਾਂ ਦੀ ਇਸ ਉਭਰੀ ਬੇਚੈਨੀ ਨੂੰ ਜਮਹੂਰੀ ਤੇ ਸਮਾਜਿਕ ਤਬਦੀਲੀ ਦੀ ਲਹਿਰ ਵਿੱਚ ਸਮੋ ਕੇ ਮੌਜੂਦਾ ਵਿਕਾਸ ਮਾਡਲ ਨੂੰ ਪਲਟਣਾ ਹੈ। ਜੇਕਰ ਅਸੀਂ ਅਜਿਹਾ ਨਾ ਕਰ ਸਕੇ ਤਾਂ ਸਮਾਜ ਵਿੱਚ ਫਾਸ਼ੀ ਕਿਸਮ ਦੀਆਂ ਜਥੇਬੰਦੀਆਂ, ਜੋ ਵੱਖ ਵੱਖ  ਨਾਵਾਂ ਹੇਠਾਂ ਬੇਕਾਰ ਤੇ ਭੁੱਖੇ ਮਰ ਰਹੇ ਲੋਕਾਂ ਦੀ ਲਾਮਬੰਦੀ ਕਰਕੇ ਦੇਸ਼ ਅੰਦਰ ਅਰਾਜਕਤਾ ਪੈਦਾ ਕਰ ਰਹੀਆਂ ਹਨ, ਅਮਨਪਸੰਦ ਲੋਕਾਂ ਦੀ ਜ਼ਿੰਦਗੀ ਨੂੰ ਨਰਕ ਬਣਾ ਦੇਣਗੀਆਂ। ਵਿਗਿਆਨਕ ਉੱਨਤੀ ਦੇ ਮੌਜੂਦਾ ਦੌਰ ਵਿੱਚ ਅੰਧ-ਵਿਸ਼ਵਾਸ ਤੇ ਪਿਛਾਖੜੀ ਵਿਚਾਰਾਂ ਦਾ ਫੈਲਾਅ ਕਰਨਾ ਕਾਰਪੋਰੇਟ ਘਰਾਣਿਆਂ ਦੀ ਲੋੜ ਬਣ ਗਿਆ ਹੈ। ਇਹ ਵਰਤਾਰਾ ਸਾਡੀ ਤਬਾਹੀ ਦਾ ਰਾਹ ਦਰਸਾਉਂਦਾ ਹੈ, ਜਿਸ ਨੂੰ ਹਰ ਕੀਮਤ ’ਤੇ ਰੋਕਣਾ ਹੋਵੇਗਾ।

ਸੰਪਰਕ: 98141-82998

Friday 14 October 2016

ਸੁਵਿਧਾ ਮੁਲਾਜ਼ਮਾਂ 'ਤੇ ਲਾਠੀਚਾਰਜ ਦੀ ਨਿਖੇਧੀ


ਜਲੰਧਰ, 14 ਅਕਤੂਬਰ - ਭਾਰਤ ਦੀ ਕ੍ਰਾਂਤੀਕਾਰੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਨੇ ਲੰਬੀ 'ਚ ਸੁਵਿਧਾ ਮੁਲਾਜ਼ਮਾਂ 'ਤੇ ਕੀਤੇ ਲਾਠੀਚਾਰਜ ਦੀ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ। 

ਪਾਰਟੀ ਵਲੋਂ ਜਾਰੀ ਕੀਤੇ ਇੱਕ ਬਿਆਨ 'ਚ ਕਿਹਾ ਗਿਆ ਕਿ ਇਹ ਮੁਲਾਜ਼ਮ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਦੇ ਮੈਦਾਨ 'ਚ ਹਨ ਅਤੇ ਇਨ੍ਹਾਂ 'ਤੇ ਲਾਠੀਚਾਰਜ ਕਰਨਾ ਅੰਗਰੇਜ਼ ਰਾਜ ਦੀ ਯਾਦ ਦਿਵਾਉਣ ਬਰਾਬਰ ਹੈ। ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਹਰਕੰਵਲ ਸਿੰਘ ਨੇ ਕਿਹਾ ਕਿ ਪੁਲਸ ਨੇ ਔਰਤ ਮੁਲਾਜ਼ਮਾਂ 'ਤੇ ਵੀ ਤਰਸ ਨਹੀਂ ਕੀਤਾ ਅਤੇ ਪੁਲਸ ਵਲੋਂ ਬੇਰਹਿਮੀ ਨਾਲ ਕੀਤੀ ਕੁੱਟਮਾਰ ਕਰਨ ਕਰਕੇ ਹਾਕਮਾਂ ਦਾ ਲੋਕ ਵਿਰੋਧੀ ਅਤੇ ਮਲਾਜ਼ਮ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਉਨ੍ਹਾਂ ਮੁਲਾਜ਼ਮਾਂ ਦੇ ਇਸ ਸੰਘਰਸ਼ ਦੀ ਪੁਰਜ਼ੋਰ ਸ਼ਬਦਾਂ 'ਚ ਹਮਾਇਤ ਕਰਦਿਆ ਕਿਹਾ ਕਿ ਪਾਰਟੀ ਉਨ੍ਹਾਂ ਦੇ ਸੰਘਰਸ਼ 'ਚ ਅੰਗ ਸੰਗ ਹੈ।

Tuesday 11 October 2016

ਆਰ ਐੱਮ ਪੀ ਆਈ ਵਲੋਂ ਘਰਾਂਗਣਾ ਕਤਲ ਕਾਂਡ ਦੀ ਸਖ਼ਤ ਨਿਖੇਧੀ


ਜਲੰਧਰ, 11 ਅਕਤੂਬਰ - ਭਾਰਤ ਦੀ ਕਰਾਂਤੀਕਾਰੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਨੇ ਮਾਨਸਾ ਜ਼ਿਲ੍ਹੇ ਦੇ ਘਰਾਂਗਣਾ ਪਿੰਡ ਦੇ ਇਕ ਦਲਿਤ ਨੌਜਵਾਨ ਦੀ ਸ਼ਰਾਬ ਦੇ ਠੇਕੇਦਾਰਾਂ ਵਲੋਂ ਕੀਤੇ ਗਏ ਵਹਿਸ਼ੀਆਨਾ ਕਤਲ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ।
ਇਥੋ ਜਾਰੀ ਇੱਕ ਪ੍ਰੈਸ ਬਿਆਨ 'ਚ ਆਰ ਐਮ ਪੀ ਆਈ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਹੈ ਕਿ ਅਜਿਹੀਆਂ ਘਟਨਾਵਾਂ ਪੰਜਾਬ ਦੇ ਜ਼ਮੀਨੀ ਹਾਲਾਤ ਬਿਆਨ ਕਰਦੀਆਂ ਹਨ, ਜਿੱਥੇ ਅਮਨ-ਕਾਨੂੰਨ ਦਾ ਨਹੀਂ ਸਗੋਂ ਜੰਗਲ ਰਾਜ ਚੱਲ ਰਿਹਾ ਹੈ। ਅਜਿਹੀਆਂ ਵਾਰਦਾਤਾਂ ਸਰਕਾਰ ਦੀ ਸ਼ਹਿ ਤੋਂ ਬਿਨਾਂ ਕਦੇ ਵੀ ਨਹੀਂ ਵਾਪਰ ਸਕਦੀਆਂ।
ਇਸ ਤੋਂ ਵੱਧ ਦਰਿੰਦਗੀ ਦੀ ਮਿਸਾਲ ਕੀ ਹੋ ਸਕਦੀ ਹੈ ਕਿ ਸਰਕਾਰੀ ਸਰਪ੍ਰਸਤੀ ਵਾਲੇ ਸ਼ਰਾਬ ਮਾਫੀਆ ਦੇ ਗੁੰਡੇ ਇਸ ਨੌਜਵਾਨ ਨੂੰ ਕਤਲ ਕਰਨ ਤੋਂ ਬਾਅਦ ਉਸ ਦੀ ਲੱਤ ਵੀ ਵੱਢ ਕੇ ਨਾਲ ਹੀ ਲੈ ਗਏ। ਉਨ੍ਹਾ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਪੁਲਸ ਆਮ ਤੌਰ 'ਤੇ ਪੀੜਤ ਧਿਰ ਨੂੰ ਇਨਸਾਫ ਦਿਵਾਉਣ ਦੀ ਬਜਾਇ ਤਾਕਤਵਰ ਹਮਲਾਵਰਾਂ, ਕਾਤਲਾਂ ਨੂੰ ਬਚਾਉਣ ਵਿੱਚ ਰੁੱਝ ਜਾਂਦੀ ਹੈ। ਘਰਾਂਗਣਾ ਕਾਂਡ ਵਿੱਚ ਵੀ ਅਜਿਹਾ ਹੀ ਵਾਪਰਦਾ ਨਜ਼ਰ ਆ ਰਿਹਾ ਹੈ।
ਸਾਥੀ ਪਾਸਲਾ ਨੇ ਯਾਦ ਕਰਵਾਇਆ ਕਿ ਅਬੋਹਰ ਦੇ ਅਕਾਲੀ ਆਗੂ ਸ਼ਿਵ ਲਾਲ ਡੋਡਾ ਨੇ ਵੀ ਭੀਮ ਟਾਂਕ ਨਾਂਅ ਦੇ ਇੱਕ ਨੌਜਵਾਨ ਨੂੰ ਵਹਿਸ਼ੀਆਨਾ ਢੰਗ ਨਾਲ ਕਤਲ ਕਰਕੇ ਅਜਿਹੀ ਹੀ ਘਟਨਾ ਨੂੰ ਅੰਜਾਮ ਦਿੱਤਾ ਸੀ ਤੇ ਘੁਰਾਂਗਣਾਂ ਪਿੰਡ ਦੀ ਵਾਰਦਾਤ ਵੀ ਸੱਤਾਧਾਰੀ ਧਿਰ ਦੀ ਸਰਪ੍ਰਸਤੀ ਵੱਲ ਹੀ ਇਸ਼ਾਰਾ ਕਰਦੀ ਹੈ।
ਸਾਥੀ ਪਾਸਲਾ ਨੇ ਇਸ ਨੰਗੀ-ਚਿੱਟੀ ਗੁੰਡਾਗਰਦੀ ਦੀ ਸਖ਼ਤ ਨਿਖੇਧੀ ਕਰਦਿਆਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਤੇ ਉਨ੍ਹਾ ਨੂੰ ਸਖ਼ਤ ਸਜ਼ਾਵਾਂ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾ ਪੰਜਾਬ ਦੇ ਲੋਕਾਂ ਨੂੰ ਅਜਿਹੀ ਸਰਕਾਰੀ ਸ਼ਹਿ ਪ੍ਰਾਪਤ ਗੁੰਡਾਗਰਦੀ ਵਿਰੁੱਧ ਇੱਕ ਮਜ਼ਬੂਤ ਜਥੇਬੰਦਕ ਮੁਜ਼ਾਹਮਤ ਦਾ ਸੱਦਾ ਦਿੱਤਾ ਹੈ। ਉਨ੍ਹਾ ਕਿਹਾ ਹੈ ਕਿ ਅਜਿਹੀ ਜਥੇਬੰਦਕ ਮੁਜ਼ਾਹਮਤ ਹੀ ਅਜਿਹੇ ਲੋਕ ਦੋਖੀ ਗੁੰਡਾਰਾਜ ਤੋਂ ਨਿਜਾਤ ਦਿਵਾ ਸਕਦੀ ਹੈ।

Sunday 9 October 2016

ਮੁਕੇਰੀਆਂ ਹਲਕੇ ਤੋਂ ਧਰਮਿੰਦਰ ਸਿੰਘ ਦਾ ਉਮੀਦਵਾਰ ਵਜੋਂ ਐਲਾਨ

ਆਗੂਆਂ ਨੇ ਦਫ਼ਤਰ ਦਾ ਉਦਘਾਟਨ ਕੀਤਾ


 ਮੁਕੇਰੀਆਂ, 9 ਅਕਤੂਬਰ - ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਇਥੋਂ ਦੀ ਫਰੈਡਜ਼ ਕਲੋਨੀ 'ਚ ਕ੍ਰਾਂਤੀਕਾਰੀ ਮਾਰਕਸਿਸਟ ਪਾਰਟੀ ਆਫ ਇੰਡੀਆ (ਆਰਐਮਪੀਆਈ) ਦੇ ਉਮੀਦਵਾਰ ਅਤੇ 'ਖਣਨ ਰੋਕੋ, ਜ਼ਮੀਨ ਬਚਾਓ ਸੰਘਰਸ਼ ਕਮੇਟੀ' ਦੇ ਸਰਗਰਮ ਆਗੂ ਸਾਥੀ ਧਰਮਿੰਦਰ ਸਿੰਘ ਸਿੰਬਲੀ ਦੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਇਹ ਉਦਘਾਟਨ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਅਤੇ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਹਰਕੰਵਲ ਸਿੰਘ ਨੇ ਸਾਂਝੇ ਰੂਪ 'ਚ ਕੀਤਾ। ਇਸ ਮੌਕੇ ਇਲਾਕੇ ਦੇ ਮਜ਼ਦੂਰਾਂ, ਕਿਸਾਨਾਂ ਦੇ ਆਗੂਆਂ ਅਤੇ ਪਤਵੰਤਿਆਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸਾਥੀ ਪਾਸਲਾ ਨੇ ਹਲਕਾ ਮੁਕੇਰੀਆਂ ਤੋਂ ਨੌਜਵਾਨ ਉਮੀਦਵਾਰ ਧਰਮਿੰਦਰ ਸਿੰਘ ਸਿੰਬਲੀ ਦੇ ਨਾਂ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਸ ਸੰਘਰਸ਼ੀ ਯੋਧੇ ਨੇ ਇਲਾਕੇ 'ਚ ਚੱਲ ਰਹੀ ਖਣਨ ਦੀ ਸਮੱਸਿਆਂ ਅਤੇ ਲੋਕਾਂ ਦੀਆਂ ਹੋਰ ਮੁਸ਼ਕਲਾਂ ਲਈ ਅਨੇਕਾਂ ਸੰਘਰਸ਼ ਲੜੇ ਹਨ ਅਤੇ ਉਨ੍ਹਾਂ ਦੀ ਲੜਾਈ 'ਚ ਨਾ ਸਿਰਫ ਪੁਲਸ ਜ਼ਬਰ ਝੱਲਿਆਂ ਹੈ ਸਗੋਂ ਝੂਠੇ ਕੇਸਾਂ ਤਹਿਤ ਜੇਲ੍ਹ ਵੀ ਕੱਟੀ ਹੈ। ਪਾਸਲਾ ਨੇ ਅੱਗੇ ਕਿਹਾ ਕਿ ਇਹ ਲੜਾਈ ਕੋਈ ਕਿਸੇ ਦੀ ਨਿੱਜੀ ਲੜਾਈ ਨਹੀਂ ਸਗੋਂ ਰਾਜਸੀ ਲੜਾਈ ਹੈ, ਜਿਸ ਨੂੰ ਖੱਬੀਆਂ ਪਾਰਟੀਆਂ ਵਲੋਂ ਸਾਂਝਾ ਮੋਰਚਾ ਬਣੇ ਕੇ ਲੜਿਆ ਜਾਵੇਗਾ ਅਤੇ ਜਿੱਤ ਤੱਕ ਲੈ ਕੇ ਜਾਇਆ ਜਾਵੇਗਾ। ਉਨ੍ਹਾ ਅੱਗੇ ਕਿਹਾ ਕਿ ਅੱਜ ਪੰਜਾਬ 'ਚ ਬੇਰੁਜ਼ਗਾਰੀ ਵੱਡੀ ਸਮੱਸਿਆਂ ਹੈ ਅਤੇ ਔਰਤਾਂ 'ਤੇ ਵੀ ਜ਼ਬਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਬਾਦਲ ਦੇ ਰਾਜ 'ਚ ਦਲਿਤ ਵਰਗ ਨੂੰ ਨਪੀੜਿਆਂ ਜਾ ਰਿਹਾ ਹੈ। ਜਵਾਨੀ ਦੇ ਨਸ਼ਿਆਂ ਦੇ ਸ਼ਿਕਾਰ ਹੋਣ 'ਤੇ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਉਨ੍ਹਾ ਕਿਹਾ ਕਿ ਇਸ ਲਈ ਹਾਕਮਾਂ ਦੀਆਂ ਲੋਕ ਵਿਰੋਧੀ ਨੀਤੀਆਂ ਜਿੰਮੇਵਾਰ ਹਨ। ਉਨ੍ਹਾ ਅੱਗੇ ਕਿਹਾ ਕਿ ਅਕਾਲੀਆਂ ਅਤੇ ਕਾਂਗਰਸ ਦੇ ਰਾਜ ਦੌਰਾਨ ਬੱਚਿਆਂ ਤੋਂ ਪੜ੍ਹਾਈ ਖੋਹੀ ਗਈ ਹੈ ਅਤੇ ਆਮ ਜਨ ਸਧਾਰਨ ਲੋਕਾਂ ਤੋਂ ਇਲਾਜ ਵੀ ਦੂਰ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਪੂੰਜੀਪਤੀਆਂ ਦੀਆਂ ਇਹ ਪਾਰਟੀਆਂ ਲੋਕਾਂ ਦੇ ਮਸਲੇ ਹੱਲ ਕਰਨ ਦਾ ਵਾਅਦਾ ਤਾਂ ਜਰੂਰ ਕਰਦੀਆਂ ਹਨ ਪਰ ਲੋਕਾਂ ਦੀਆਂ ਮੁਸ਼ਕਲਾਂ ਪਹਿਲਾ ਨਾਲੋਂ ਹੋਰ ਵੱਧਦੀਆਂ ਜਾ ਰਹੀਆ ਹਨ। ਸਾਥੀ ਪਾਸਲਾ ਨੇ ਕਿਹਾ ਕਿ ਇਨ੍ਹਾਂ ਮੁਸ਼ਕਲਾਂ ਦਾ ਹੱਲ ਸਿਰਫ ਖੱਬੀਆਂ ਪਾਰਟੀਆਂ ਹੀ ਦੇ ਸਕਦੀਆ ਹਨ। ਉਨ੍ਹਾਂ ਸੱਦਾ ਦਿੱਤਾ ਕਿ ਬਦਲਵੀਆਂ ਨੀਤੀਆਂ ਨੂੰ ਘਰ-ਘਰ ਪੁੱਜਦਾ ਕਰਨ ਲਈ ਇਸ ਚੋਣ ਮੁਹਿੰਮ ਦੌਰਾਨ ਪੂਰਾ ਜੋਰ ਲਗਾਇਆ ਜਾਵੇ। ਇਸ ਮੌਕੇ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਹਰਕੰਵਲ ਸਿੰਘ ਨੇ ਸੰਬੋਧਨ ਕਰਦਿਆ ਕਿਹਾ ਕਿ ਸਾਥੀ ਧਰਮਿੰਦਰ ਨਿਸ਼ਕਾਮ ਅਤੇ ਲੋਕਾਂ ਦਾ ਜਾਇਆ ਆਗੂ ਹੈ, ਜਿਸ ਨੂੰ ਜਿਤਾਉਣ ਲਈ ਹਰ ਵਰਕਰ ਪੂਰਾ ਜੋਰ ਲਗਾਏ ਤਾਂ ਜੋ ਦੇਸ਼ ਦੇ ਲੁਟੇਰੇ ਪ੍ਰਬੰਧ ਨੂੰ ਹਾਰ ਦਿੱਤੀ ਜਾ ਸਕੇ। ਇਸ ਮੌਕੇ ਕਾਮਰੇਡ ਯੋਧ ਸਿੰਘ, ਸਾਥੀ ਸਿਵ ਪਠਾਨਕੋਟ, ਸਾਥੀ ਪਿਆਰਾ ਸਿੰਘ, ਸਾਥੀ ਮਹਿੰਦਰ ਸਿੰਘ ਖੈਰੜ, ਸਵਰਨ ਸਿੰਘ ਮੁਕੇਰੀਆਂ, ਅਮਰਜੀਤ ਕਾਨੂੰਗੋ ਨੇ ਵੀ ਸੋਬਧਨ ਕੀਤਾ।

Thursday 6 October 2016

ਕੋਠਾ ਗੁਰੂ 'ਚ ਠੇਕਾ ਕਰਮੀਆਂ 'ਤੇ ਜਬਰ ਦੀ ਆਰ ਐੱਮ ਪੀ ਆਈ ਵਲੋਂ ਨਿਖੇਧੀ

ਜਲੰਧਰ, 6 ਅਕਤੂਬਰ - ਵੱਖੋ-ਵੱਖ ਵਿਭਾਗਾਂ 'ਚ ਭਰਤੀ ਠੇਕਾ ਅਧੀਨ ਕਿਰਤੀਆਂ 'ਤੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਠਾ ਗੁਰੂ ਵਿਖੇ ਲੰਘੀ ਪੰਜ ਅਕਤੂਬਰ ਨੂੰ ਸੂਬਾ ਹਕੂਮਤ ਦੇ ਹੁਕਮਾਂ ਅਧੀਨ ਕੀਤੇ ਗਏ ਵਹਿਸ਼ੀ ਪੁਲਸ ਜਬਰ ਦੀ ਭਾਰਤ ਦੀ ਕ੍ਰਾਂਤੀਕਾਰੀ ਮਾਰਕਸਵਾਦੀ ਪਾਰਟੀ (RMPI) ਨੇ ਜ਼ੋਰਦਾਰ ਨਿੰਦਾ ਕੀਤੀ ਹੈ। ਅੱਜ ਇੱਥੋਂ ਜਾਰੀ ਇੱਕ ਬਿਆਨ ਰਾਹੀਂ ਆਰਐਮਪੀਆਈ ਦੀ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਹਰਕੰਵਲ ਸਿੰਘ ਨੇ ਕਿਹਾ ਕਿ ਉਕਤ ਕਰਮਚਾਰੀ ਸਰਕਾਰ ਦੀ ਵਾਅਦਾ ਖਿਲਾਫ਼ੀ ਵਿਰੁੱਧ ਝੰਡਾ ਮਾਰਚ ਕਰ ਰਹੇ ਸਨ ਕਿ ਪੁਲਸੀਆ ਧਾੜਾਂ ਉਨ੍ਹਾਂ 'ਤੇ ਟੁੱਟ ਕੇ ਪੈ ਗਈਆਂ ਅਤੇ ਵਹਿਸ਼ੀਆਨਾ ਲਾਠੀਚਾਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮੰਗਾਂ ਮੰਨਣੀਆਂ ਤਾਂ ਇੱਕ ਪਾਸੇ ਰਿਹਾ, ਪਰ ਅਜੋਕੀ ਹਕੂਮਤ ਦੇ ਦੌਰ 'ਚ ਮੰਗਾਂ ਨਾ ਮੰਨਣ ਜਾਂ ਮੰਨੀਆਂ ਮੰਗਾਂ ਲਾਗੂ ਨਾ ਕਰਨ ਦੀਆਂ ਗੱਲਾਂ ਕਰਨਾ ਵੀ ਹੱਕ ਵਜਾਬ ਨਹੀਂ ਰਿਹਾ। ਸਾਥੀ ਹਰਕੰਵਲ ਨੇ ਕਿਹਾ ਕਿ ਸਾਮਰਾਜੀ ਲੋਟੂਆਂ ਅਤੇ ਉਨ੍ਹਾਂ ਦੇ ਭਾਰਤੀ ਭਾਈਵਾਲ ਕਾਰਪੋਰੇਟ ਘਰਾਣਿਆਂ ਦੇ ਹਿੱਤ ਪੂਰਨ ਦੀ ਗਰੰਟੀ ਕਰਦੀਆਂ ਨਵ-ਉਦਾਰਵਾਦੀ ਨੀਤੀਆਂ ਕਾਰਨ ਪੈਦਾ ਹੋਈ ਬੇਰੁਜ਼ਗਾਰੀ 'ਤੇ ਅਰਧ ਬੇਰੁਜ਼ਗਾਰੀ 'ਚੋਂ ਉਪਜੇ ਲੋਕ ਰੋਹ ਨੂੰ ਕੇਂਦਰੀ ਅਤੇ ਸੂਬਾ ਹਕੂਮਤ ਜਬਰ ਦੇ ਕੁਹਾੜੇ ਰਾਹੀਂ ਦਬਾਉਣਾ ਚਾਹੁੰਦੀ ਹੈ, ਪਰ ਇਹ ਲੋਕ ਰੋਹ ਤੇ ਸੰਗਰਾਮ ਸਰਕਾਰਾਂ ਦੇ ਕਫ਼ਨ 'ਚ ਕਿੱਲ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਉੱਚ ਯੋਗਤਾ ਪ੍ਰਾਪਤ ਅਤੇ ਹੁਨਰਮੰਦ ਕਿਰਤੀ ਕਰਮਚਾਰੀ ਨਾ ਕੇਵਲ ਅਤਿ ਨਿਗੂਣੀਆਂ ਤਨਖ਼ਾਹਾਂ 'ਤੇ ਕੰਮ ਕਰ ਰਹੇ ਹਨ, ਬਲਕਿ ਹਰ ਕਿਸਮ ਦੇ ਕਿਰਤ ਕਾਨੂੰਨ ਤੋਂ ਪੂਰਨ ਤੌਰ 'ਤੇ ਵਿਰਵੇ ਹਨ ਅਤੇ ਇਸ ਅਣਮਨੁੱਖੀ ਹਕੂਮਤੀ ਵਿਹਾਰ ਵਿਰੁੱਧ ਉਨ੍ਹਾਂ ਦਾ ਗੁੱਸਾ ਤੇ ਸੰਗਰਾਮ ਪੂਰਨ ਅਸਲੋਂ ਜਾਇਜ਼ ਹੈ। ਸਾਥੀ ਹਰਕੰਵਲ ਸਿੰਘ ਨੇ ਬਠਿੰਡਾ ਪੁਲਸ ਪ੍ਰਸ਼ਾਸਨ ਅਤੇ ਇਥੋਂ ਦੇ ਹੈਂਕੜਬਾਜ਼ ਵਜ਼ੀਰਾਂ ਦੀਆਂ ਸੰਘਰਸ਼ੀ ਧਿਰਾਂ ਪ੍ਰਤੀ ਜ਼ਾਲਮਾਨਾ ਪਹੁੰਚ ਦੀ ਵੀ ਪੁਰਜ਼ੋਰ ਨਿਖੇਧੀ ਕੀਤੀ। ਉਨ੍ਹਾਂ ਸਮੂਹ ਪਾਰਟੀ ਇਕਾਈਆਂ ਅਤੇ ਜਨ ਸੰਗਠਨਾਂ ਨੂੰ ਇਸ ਜਾਬਰਾਨਾਂ ਹਕੂਮਤੀ ਹਮਲੇ ਦੀ ਮੁਜ਼ਾਹਮਤ ਕਰਨ ਦਾ ਸੱਦਾ ਦਿੱਤਾ। ਕਮਿਊਨਿਸਟ ਆਗੂ ਨੇ ਸਭਨਾ ਖੱਬੀਆਂ ਅਗਾਂਹਵਧੂ ਸੰਗਰਾਮੀ ਧਿਰਾਂ ਨੂੰ ਇਸ ਜਾਬਰ ਪਹੁੰਚ ਵਿਰੁੱਧ ਸਾਂਝੀ ਪਹਿਲ ਕਦਮੀ ਕਰਦਿਆਂ ਸੰਗਰਾਮ ਵਿੱਢਣ ਦੀ ਅਪੀਲ ਕੀਤੀ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਵਖਰੇਵਿਆਂ ਤੋਂ ਉੱਪਰ ਉੱਠ ਕੇ ਇਸ ਅਮਾਨਵੀ ਵਰਤਾਰੇ ਵਿਰੁੱਧ ਮੈਦਾਨ 'ਚ ਨਿਤਰਣ।