Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Thursday 20 October 2016

ਦੋ ਖੱਬੀਆਂ ਪਾਰਟੀਆਂ ਵਲੋਂ ਅਕਾਲੀ-ਭਾਜਪਾ ਗੱਠਜੋੜ, ਕਾਂਗਰਸ ਅਤੇ ਆਪ ਨੂੰ ਹਰਾਉਣ ਦਾ ਸੱਦਾ

ਜਲੰਧਰ, 20 ਅਕਤੂਬਰ - ਪੰਜਾਬ ਦੀਆਂ ਦੋ ਖੱਬੀਆਂ ਪਾਰਟੀਆਂ-ਰੈਵੋਲਿਊਸ਼ਨਰੀ ਮਾਰਕਸਵਾਦੀ ਪਾਰਟੀ ਆਫ ਇੰਡੀਆ (ਆਰ.ਐਮ.ਪੀ.ਆਈ.), ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਨੇ ਇਕ ਪ੍ਰੈਸ ਬਿਆਨ ਵਿਚ ਸਪੱਸ਼ਟ ਕੀਤਾ ਹੈ ਕਿ ਉਹ ਪੰਜਾਬ ਦੀਆਂ 2017 ਵਿਚ ਹੋਣ ਵਾਲੀਆਂ ਅਸੈਂਬਲੀ ਚੋਣਾਂ ਵਿਚ ਸਾਮਰਾਜ ਨਿਰਦੇਸ਼ਤ ਨਵ-ਉਦਾਰਵਾਦੀ ਆਰਥਿਕ ਨੀਤੀਆਂ ਦੇ ਪੈਰੋਕਾਰ ਅਕਾਲੀ ਦਲ-ਭਾਜਪਾ ਗਠਜੋੜ, ਕਾਂਗਰਸ ਤੇ 'ਆਪ' ਅਤੇ ਆਰ.ਐਸ.ਐਸ. ਤੇ ਸੰਘ ਪਰਿਵਾਰ ਵਲੋਂ ਫੈਲਾਈ ਜਾ ਰਹੀ ਫਿਰਕਾਪ੍ਰਸਤੀ ਤੇ ਧਾਰਮਿਕ ਕੱਟੜਤਾ ਵਿਰੁੱਧ ਇਕ ਖੱਬਾ ਤੇ ਜਮਹੂਰੀ ਰਾਜਨੀਤਕ ਮੁਤਬਾਦਲ ਉਸਾਰਨ ਲਈ ਪੂਰਾ ਤਾਣ ਲਾਉਣਗੀਆਂ। ਸੰਘ ਪਰਿਵਾਰ ਵਲੋਂ ਦੇਸ਼ ਭਰ ਵਿਚ ਫਾਸ਼ੀ ਤੇ ਫਿਰਕੂ ਜਹਿਰ ਫੈਲਾਅ ਕੇ ਦੇਸ਼ ਦੇ ਧਰਮ ਨਿਰਪੱਖ ਤਾਣੇ-ਬਾਣੇ ਨੂੰ ਤੋੜਨ ਦੀਆਂ ਸਾਜਿਸ਼ਾਂ ਦਾ ਮੁਕਾਬਲਾ ਕਰਨ ਦੇ ਨਾਲ-ਨਾਲ ਨਵਉਦਾਰਵਾਦੀ ਨੀਤੀਆਂ ਦੀਆਂ ਹਮਾਇਤੀ ਰਾਜਨੀਤਕ ਪਾਰਟੀਆਂ ਵਿਰੁੱਧ ਜਨਤਕ ਰੋਹ ਉਭਾਰਨਾ ਸਮੇਂ ਦੀ ਮੁੱਖ ਲੋੜ ਬਣ ਗਿਆ ਹੈ, ਜੋ ਸਿਰਫ ਤੇ ਸਿਰਫ ਖੱਬੀਆਂ ਤੇ ਜਮਹੂਰੀ ਧਿਰਾਂ ਹੀ ਕਰ ਸਕਦੀਆਂ ਹਨ।
 ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਅਤੇ ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਪੰਜਾਬ ਰਾਜ ਕਮੇਟੀ ਦੇ ਸਕੱਤਰ ਸਾਥੀ ਗੁਰਮੀਤ ਸਿੰਘ ਬਖਤਪੁਰਾ ਨੇ ਕਿਹਾ ਹੈ ਕਿ ਅਕਾਲੀ ਦਲ-ਭਾਜਪਾ ਦੇ ਕਾਰਜਕਾਲ ਦੌਰਾਨ ਜਿਸ ਤਰ੍ਹਾਂ ਸਮਾਜ ਦੇ ਸਾਰੇ ਕਿਰਤੀ ਵਰਗ, ਮਜ਼ਦੂਰ, ਖੇਤ ਮਜ਼ਦੂਰ, ਕਿਸਾਨ, ਦਲਿਤ, ਨੌਜਵਾਨ, ਦੁਕਾਨਦਾਰ ਇਸ ਸਰਕਾਰ ਨੇ ਕੁੱਟੇ ਤੇ ਲੁੱਟੇ ਹਨ ਅਤੇ ਭਰਿਸ਼ਟਾਚਾਰ ਰਾਹੀਂ ਅਰਬਾਂ-ਖਰਬਾਂ ਰੁਪਏ ਕਮਾਏ ਹਨ, ਉਸ ਕਾਰਨ ਇਸ ਗਠਜੋੜ ਦਾ ਚੋਣਾਂ ਅੰਦਰ ਭੋਗ ਪੈਣਾ ਤੈਅ ਹੈ। ਨਾਲ ਹੀ ਕਾਂਗਰਸ ਪਾਰਟੀ ਵਲੋਂ ਚੋਣਾਂ ਜਿੱਤਣ ਲਈ ਜਿਸ ਤਰ੍ਹਾਂ ਕਿਸਾਨ ਯਾਤਰਾ ਵਰਗੇ ਪਾਖੰਡ ਕੀਤੇ ਜਾ ਰਹੇ ਹਨ, ਉਸ ਬਾਰੇ ਇਹ ਤੱਥ ਯਾਦ ਰੱਖਣਾ ਚਾਹੀਦਾ ਹੈ ਕਿ ਇਸੇ ਕਾਂਗਰਸ ਦੇ ਰਾਜ ਵਿਚ ਕਿਸਾਨਾਂ ਦੇ ਬਿਜਲੀ ਬਿੱਲ ਲਗਾਏ ਗਏ ਸਨ ਤੇ ਨੌਕਰੀਆਂ ਮੰਗਦੇ ਪੜ੍ਹੇ-ਲਿਖੇ ਨੌਜਵਾਨ ਲੜਕੇ ਤੇ ਲੜਕੀਆਂ ਉਪਰ ਸੜਕਾਂ 'ਤੇ ਪੁਲਸ ਲਾਠੀਆਂ ਵਰ੍ਹਾਉਣ ਦੀਆਂ ਘਟਨਾਵਾਂ ਅਜੇ ਵੀ ਲੋਕਾਂ ਦੀ ਯਾਦਾਸ਼ਤ ਵਿਚ ਮੌਜੂਦ ਹਨ। ਸਭ ਤੋਂ ਵੱਡਾ ਮੁੱਦਾ ਇਹ ਹੈ ਕਿ ਨਵਉਦਾਰਵਾਦੀ ਨੀਤੀਆਂ ਨੂੰ ਸ਼ੁਰੂ ਕਰਨ ਅਤੇ ਪੂਰੀ ਤਾਕਤ ਨਾਲ ਲਾਗੂ ਕਰਨ ਵਾਲੀ ਇਹੋ ਕਾਂਗਰਸ ਪਾਰਟੀ ਹੈ। 'ਆਪ' ਪੂਰੀ ਤਰ੍ਹਾਂ ਨਵ ਉਦਾਰਵਾਦੀ ਨੀਤੀਆਂ ਦੀ ਮੁਦੱਈ ਹੈ ਤੇ ਪੰਜਾਬ ਵਿਚਾਲੇ ਇਸ ਦੁਆਰਾ ਖੜ੍ਹੇ ਕੀਤੇ ਜਾ ਰਹੇ ਬਹੁਤੇ ਉਮੀਦਵਾਰ ਆਮ ਆਦਮੀ ਤੋਂ ਭਿੰਨ 'ਖਾਸ' ਜ਼ਿਆਦਾ ਹਨ।
ਪ੍ਰਾਂਤ ਦੀਆਂ 4 ਖੱਬੀਆਂ ਪਾਰਟੀਆਂ ਵਲੋਂ ਪਿਛਲੇ ਸਮੇਂ ਤੋਂ ਦਲਿਤਾਂ ਉਪਰ ਹੋ ਰਹੇ ਜਬਰ, ਕਰਜੇ ਦੇ ਭਾਰ ਕਾਰਨ ਕਿਸਾਨਾਂ-ਮਜ਼ਦੂਰਾਂ ਦੀਆਂ ਹੋ ਰਹੀਆਂ ਆਤਮ ਹੱਤਿਆਵਾਂ, ਨੌਜਵਾਨਾਂ ਨੂੰ ਰੁਜ਼ਗਾਰ, ਬੇਘਰੇ ਲੋਕਾਂ ਨੂੰ ਰਹਿਣ ਲਈ ਮਕਾਨ ਤੇ ਮਹਿੰਗਾਈ ਰੋਕਣ ਲਈ ਜ਼ਰੂਰੀ ਕਦਮ ਚੁੱਕਣ ਵਰਗੇ ਮਸਲਿਆਂ ਉਪਰ ਜਨਤਕ ਲਾਮਬੰਦੀ ਕੀਤੀ ਜਾ ਰਹੀ ਸੀ, ਉਸੇ ਚੌਖਟੇ ਵਿਚ ਪੰਜਾਬ ਦੀਆਂ ਅਸੈਂਬਲੀ ਚੋਣਾਂ ਅੰਦਰ ਸਰਮਾਏਦਾਰ-ਜਗੀਰਦਾਰ  ਪਾਰਟੀਆਂ ਵਿਰੁੱਧ ਲਕੀਰ ਖਿੱਚ ਕੇ ਖੱਬਾ ਤੇ ਜਮਹੂਰੀ ਮੁਤਬਾਦਲ ਉਸਾਰਨ ਲਈ ਪੂਰੀ ਵਾਹ ਲਾਉਣਗੀਆਂ।
ਇਨ੍ਹਾਂ ਦੋਹਾਂ ਆਗੂਆਂ ਨੇ ਸਪੱਸ਼ਟ ਕੀਤਾ ਹੈ ਕਿ ਜਿਵੇਂ ਅਖਬਾਰਾਂ ਵਿਚ ਕਾਂਗਰਸ ਤੇ ਸੀ.ਪੀ.ਆਈ. ਦੇ ਗਠਜੋੜ ਦੀਆਂ ਖਬਰਾਂ ਆ ਰਹੀਆਂ ਹਨ, ਸਾਡਾ ਇਸ ਤਰ੍ਹਾਂ ਦੀ ਮੌਕਾਪ੍ਰਸਤ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਤੇ ਅਸੀਂ ਅਸੂਲੀ ਰਾਜਨੀਤੀ ਦੇ ਤਹਿਤ ਅਕਾਲੀ ਦਲ-ਭਾਜਪਾ ਗਠਜੋੜ, ਕਾਂਗਰਸ ਤੇ ਆਪ ਦੇ ਵਿਰੋਧ ਵਿਚ ਪੂਰੀ ਤਾਕਤ ਨਾਲ ਚੋਣਾਂ 'ਚ ਭਾਗ ਲਵਾਂਗੇ ਤਾਂ ਕਿ ਪੰਜਾਬ ਦੀ ਅਸੈਂਬਲੀ ਵਿਚ ਲੋਕ ਪੱਖੀ ਰਾਜਨੀਤੀ ਦੇ ਬੁਲਾਰੇ ਵੱਧ ਤੋਂ ਵੱਧ ਗਿਣਤੀ ਵਿਚ ਭੇਜੇ ਜਾ ਸਕਣ।
ਅਸੀਂ ਪੰਜਾਬ ਦੀਆਂ ਸਮੂਹ ਖੱਬੀਆਂ ਤੇ ਜਮਹੂਰੀ ਧਿਰਾਂ ਤੇ ਲੋਕਾਂ ਨੂੰ ਅਪੀਲ ਕਰਦੇ ਹਾਂ ਜਿਹੜੇ  ਖੱਬੇ ਪੱਖੀਆਂ ਦੀ ਅਸੂਲੀ ਏਕਤਾ ਨੂੰ ਚੋਣਾਂ ਵਿਚ ਹਕੀਕੀ ਰੂਪ ਵਿਚ ਦੇਖਣਾ ਚਾਹੁੰਦੇ ਹਨ, ਉਹ ਅਕਾਲੀ ਦਲ-ਭਾਜਪਾ ਗਠਜੋੜ, ਕਾਂਗਰਸ ਤੇ ਆਪ ਵਰਗੀਆਂ ਲੋਕ ਵਿਰੋਧੀ ਧਿਰਾਂ ਨਾਲ ਸਿੱਧਾ ਜਾਂ ਅਸਿੱਧਾ ਗਠਜੋੜ ਕਰਨ ਵਾਲੇ ਮੌਕਾਪ੍ਰਸਤ ਦਲਾਂ ਨੂੰ ਇਸ ਆਤਮਘਾਤੀ ਰਾਹ ਤੋਂ ਰੋਕਣ ਵਿਚ ਆਪਣੀ ਭੂਮਿਕਾ ਅਦਾ ਕਰਨ।
ਅਸੀਂ ਪੰਜਾਬ ਅੰਦਰ ਖੱਬੀਆਂ ਤੇ ਜਮਹੂਰੀ ਧਿਰਾਂ ਦੀ ਚੋਣਾਂ ਅੰਦਰ ਏਕਤਾ ਰਾਹੀਂ ਇਕ ਯੋਗ ਲੋਕ ਪੱਖੀ ਮੁਤਬਾਦਲ ਉਸਾਰਨ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਾਂਗੇ। ਦੋਹਾਂ ਆਗੂਆਂ ਨੇ ਕਿਹਾ ਕਿ ਛੇਤੀ ਹੀ ਖੱਬੇ ਪੱਖੀ ਦਲਾਂ ਦੇ ਸਾਂਝੇ ਉਮੀਦਵਾਰਾਂ ਬਾਰੇ ਸਹਿਮਤੀ ਕਰਨ ਲਈ ਮੀਟਿੰਗ ਕੀਤੀ ਜਾਵੇਗੀ।

(ਮੰਗਤ ਰਾਮ ਪਾਸਲਾ)
98141-82998

No comments:

Post a Comment