Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Wednesday 19 October 2016

ਲੋਕ ਲੋੜਾਂ ’ਤੇ ਖ਼ਰਾ ਨਹੀਂ ਉਤਰਿਆ ਪੂੰਜੀਵਾਦੀ ਵਿਕਾਸ ਮਾਡਲ

ਲੋਕ ਲੋੜਾਂ ’ਤੇ ਖ਼ਰਾ ਨਹੀਂ ਉਤਰਿਆ ਪੂੰਜੀਵਾਦੀ ਵਿਕਾਸ ਮਾਡਲ

Punjabi Tribune, Oct 19, 2016


 

ਮੰਗਤ ਰਾਮ ਪਾਸਲਾ

ਇਸ ਵਿੱਚ ਕੋਈ ਸ਼ੰਕਾ ਹੀ ਨਹੀਂ ਹੈ ਕਿ ਮੌਜੂਦਾ ਪੂੰਜੀਵਾਦੀ ਪ੍ਰਬੰਧ ਤੋਂ ਆਮ ਲੋਕਾਂ ਦਾ ਬਹੁਤ ਵੱਡਾ ਭਾਗ ਡਾਢਾ ਪ੍ਰੇਸ਼ਾਨ ਹੈ। ਇਸ ਸੰਦਰਭ ਵਿੱਚ ਇਹ ਗੱਲ ਵਿਚਾਰ ਕਰਨ ਵਾਲੀ ਹੈ ਕਿ ਮਹਿੰਗਾਈ, ਬੇਰੁਜ਼ਗਾਰੀ, ਗ਼ਰੀਬੀ, ਕੁਪੋਸ਼ਣ ਅਤੇ ਬਿਮਾਰੀਆਂ ਆਦਿ ਨਾਲ ਗ੍ਰਸੀ ਹੋਈ ਜਨਤਾ ਸਾਰੀਆਂ ਮੁਸ਼ਕਿਲਾਂ ਦੇ ਬਾਵਜੂਦ ਇਸ ਲੁਟੇਰੇ ਪ੍ਰਬੰਧ ਅਤੇ ਇਸ ਦੀ ਸੇਵਾ ਵਿੱਚ ਜੁਟੀਆਂ ਹੋਈਆਂ ਰਾਜਨੀਤਕ ਪਾਰਟੀਆਂ ਦੇ ਮੱਕੜਜਾਲ ਵਿੱਚੋਂ ਨਹੀਂ ਨਿਕਲ ਰਹੀ। ਖੱਬੀਆਂ ਤੇ ਇਨਕਲਾਬੀ ਰਾਜਨੀਤਕ ਧਿਰਾਂ ਭਾਵੇਂ ਪੂੰਜੀਵਾਦੀ ਪ੍ਰਬੰਧ ਦੇ ਵਿਰੁੱਧ ਜੂਝਣ ਵਾਲੀਆਂ ਤਾਕਤਾਂ ਵਿੱਚ ਸਭ ਤੋਂ ਅਗਲੀਆਂ ਕਤਾਰਾਂ ਵਿੱਚ ਹਨ, ਪਰ ਉਨ੍ਹਾਂ ਦਾ ਜਨਤਕ ਪਸਾਰਾ ਵੀ ਹੇਠਲੀ ਪੱਧਰ ਤਕ ਨਹੀਂ ਹੋ ਰਿਹਾ। ਇਨ੍ਹਾਂ ਕਾਰਨਾਂ ਬਾਰੇ ਵਿਚਾਰਨ ਦੀ ਜ਼ਰੂਰਤ ਹੈ। ਜਿਸ ਮੌਜੂਦਾ ਪ੍ਰਬੰਧ ਨੇ ਕਿਰਤੀ ਲੋਕਾਂ ਦੀ ਦੋ ਡੰਗ ਦੀ ਰੱਜਵੀਂ ਰੋਟੀ ਵੀ ਖੋਹ ਲਈ ਹੈ ਤੇ ਉਨ੍ਹਾਂ ਦੇ ਸਾਹਮਣੇ ਮੁੱਠੀਭਰ ਵਿਹਲੜ ਲੁਟੇਰਿਆਂ ਦਾ ਟੋਲਾ ਮੌਜਾਂ ਮਾਣ ਰਿਹਾ ਹੈ, ਉਸ ਪ੍ਰਬੰਧ ਬਾਰੇ ਨਪੀੜੇ ਜਾਣ ਵਾਲੀ ਲੋਕਾਈ ਦੇ ਦਿਮਾਗਾਂ ਵਿੱਚ ਉਸ ਪ੍ਰਤੀ ਕੋਈ ਵੱਡੀ ਘਿਰਣਾ ਨਹੀਂ ਹੈ। ਸਗੋਂ ਕਈ ਵਾਰ ਤਾਂ ਉਹ ਇਸ ਪ੍ਰਬੰਧ ਦੇ ਰਿਣੀ ਹੋਣ ਦਾ ਵੀ ਪ੍ਰਗਟਾਵਾ ਕਰ ਦਿੰਦੇ ਹਨ ਕਿਉਂਕਿ ਉਹ ਉਨ੍ਹਾਂ ਨੂੰ ਧਰਤੀ ਉਪਰ ਜਿਉਂਦੇ ਰਹਿਣ ਦਾ ਮੌਕਾ ਦੇ ਰਿਹਾ ਹੈ। ਇੰਜ ਜਾਪਦਾ ਹੈ ਕਿ ਗ਼ਰੀਬ ਲੋਕ ਗੰਦੀਆਂ ਬਸਤੀਆਂ ਤੇ ਭੈੜੀਆਂ ਹਾਲਤਾਂ ਵਿੱਚ ਜਿਊਣ ਦੇ ਆਦੀ ਬਣ ਗਏ ਹਨ।
ਅਜਿਹੀ ਮਾਨਸਿਕ ਦਸ਼ਾ ਪੈਦਾ ਕਰਨ ਲਈ ਕਿਰਤੀ ਵਰਗ ਆਪ ਦੋਸ਼ੀ ਨਹੀਂ ਹੈ, ਬਲਕਿ ਮੌਜੂਦਾ ਸਰਮਾਏਦਾਰੀ ਨਿਜ਼ਾਮ ਨੇ ਆਪਣੇ ਪ੍ਰਚਾਰ ਤੇ ਵਿਚਾਰਧਾਰਕ ਮੱਕੜਜਾਲ ਰਾਹੀਂ ਉਨ੍ਹਾਂ ਨੂੰ ਇਸ ਤਰਸਯੋਗ ਅਵਸਥਾ ਤਕ ਪਹੁੰਚਾ ਕੇ ਉਨ੍ਹਾਂ ਦੀ ਸੋਚਣੀ ਨੂੰ ਸਭ ਕੁਝ ‘ਸਹਿ ਜਾਣ’ ਦੀ ਸਥਿਤੀ ਵਿੱਚ ਲੈ ਆਂਦਾ ਹੈ। ਪਿਛਲੇ ਇਤਿਹਾਸ ਵਿੱਚ ਵੱਖ ਵੱਖ ਸਮਿਆਂ ਉੱਤੇ ਉੱਠੀਆਂ ਸਥਾਪਤੀ ਵਿਰੋਧੀ ਲਹਿਰਾਂ ਦੀਆਂ ਭਾਰੀ ਕੁਰਬਾਨੀਆਂ ਅਤੇ ਕੋਸ਼ਿਸ਼ਾਂ ਦੇ ਬਾਵਜੂਦ ਲਿਤਾੜੇ ਜਾ ਰਹੇ ਲੋਕਾਂ ਨੂੰ ਇੱਕ ਲੋਟੂ ਢਾਂਚੇ ਵਿੱਚੋਂ ਬਾਹਰ ਨਿਕਲ ਕੇ ਉਸ ਤੋਂ ਉਪਰਲੀ ਸਤਹਿ ਦੇ ਲੁਟੇਰੇ ਨਿਜ਼ਾਮ ਦੇ ਹਵਾਲੇ ਹੋਣਾ ਪਿਆ ਹੈ। ਉਨ੍ਹਾਂ ਲੋਕਾਂ ਕੋਲ ਉਸ ਸਮੇਂ ਦੇ ਕਾਇਮ ਢਾਂਚੇ ਦੇ ਜ਼ੁਲਮਾਂ ਤੋਂ ਛੁਟਕਾਰਾ ਪਾਉਣ ਲਈ ਕਿਸੇ ਦੂਜੇ ਬਰਾਬਰਤਾ ਵਾਲੇ ਸਮਾਜ ਦੀ ਸਥਾਪਨਾ ਦਾ ਸੰਕਲਪ ਮੌਜੂਦ ਨਹੀਂ ਸੀ। ਮਹਾਨ ਸਮਾਜ ਸੁਧਾਰਕਾਂ, ਸੰਤਾਂ, ਗੁਰੂਆਂ ਤੇ ਹੋਰ ਬਹੁਤ ਸਾਰੇ ਮਹਾਨ ਪੁਰਸ਼ਾਂ ਵੱਲੋਂ ਸਮੇਂ ਸਮੇਂ ਜ਼ਾਲਮ ਹਾਕਮਾਂ, ਉਨ੍ਹਾਂ ਦੇ ਦਰਬਾਰੀਆਂ ਤੇ ਲੋਕਾਂ ਨੂੰ  ਅੰਧਕਾਰ ਵਿੱਚ ਰੱਖਣ ਵਾਲੇ ਰੀਤੀ ਰਿਵਾਜਾਂ ਵਿਰੁੱਧ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਜਾਂਦੀ ਰਹੀ ਹੈ ਪਰ ਜਨ ਸਮੂਹਾਂ ਨੂੰ ਦਰਪੇਸ਼ ਸਮੱਸਿਆਵਾਂ ਘਟੀਆਂ ਤਾਂ ਜ਼ਰੂਰ, ਖ਼ਤਮ ਨਹੀਂ ਹੋ ਸਕੀਆਂ। ਸਾਰੇ ਉਪਾਵਾਂ ਤੇ ਕੁਰਬਾਨੀਆਂ ਕਰਨ ਦੇ ਬਾਵਜੂਦ ਲੋਟੂ ਵਿਵਸਥਾ ਦੇ ਇੱਕ ਰੂਪ ਵਿੱਚ ਮੌਜੂਦਾ ਲੁਟੇਰਾ ਪੂੰਜੀਵਾਦੀ ਢਾਂਚਾ ਲੋਕਾਂ ਦੇ ਵੱਡੇ ਹਿੱਸੇ ਨੂੰ ਆਪਣੇ ਅਧੀਨ ਰੱਖਣ ਵਿੱਚ ਸਫ਼ਲ ਹੁੰਦਾ ਆ ਰਿਹਾ ਹੈ। ਭਾਵੇਂ 1917 ਵਿੱਚ ਰੂਸ ਅੰਦਰ ਸਮਾਜਵਾਦੀ ਇਨਕਲਾਬ ਰਾਹੀਂ ਅਤੇ ਬਾਅਦ ਵਿੱਚ ਕਈ ਹੋਰਾਂ ਦੇਸ਼ਾਂ ਅੰਦਰ ਸਮਾਜਵਾਦੀ ਪ੍ਰਬੰਧ ਦੀ ਕਾਇਮੀ ਸਦਕਾ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੇ ਖ਼ਾਤਮੇ ਦਾ ਮਾਹੌਲ ਸਿਰਜਿਆ ਗਿਆ, ਜੋ ਕੁਝ ਸਮੇਂ ਬਾਅਦ ਕਈ ਅੰਦਰੂਨੀ ਅਤੇ ਬਾਹਰੀ ਕਾਰਨਾਂ ਕਰਕੇ ਬਿਖਰ ਗਿਆ। ਪਰ ਅੱਜ ਸਮੁੱਚੇ ਸੰਸਾਰ ਵਿੱਚ ਮੁੱਖ ਰੂਪ ਵਿੱਚ ਪੂੰਜੀਵਾਦੀ ਨਿਜ਼ਾਮ ਹੇਠਾਂ ਵੱਡੀ ਗਿਣਤੀ ’ਚ ਲੋਕ ਬਹੁਤ ਹੀ ਅਮਾਨਵੀ ਹਾਲਤਾਂ ਵਿੱਚ ਜੀਵਨ ਜੀਅ ਰਹੇ ਹਨ।
ਅਜਿਹਾ ਕਿਉਂ ਹੈ? ਜਨ ਸਮੂਹਾਂ ਨੂੰ ਇਸ ਮੱਕੜਜਾਲ ਵਿੱਚ ਫਸਾਉਣ ਪਿੱਛੇ ਕਿਸਦਾ ਹੱਥ ਹੈ? ਕਿਰਤੀ ਲੋਕ ਭੁੱਖ ਨਾਲ ਤੜਫਦੇ ਹੋਏ ਜ਼ਿੰਦਗੀ ਬਿਤਾ ਰਹੇ ਹਨ, ਪਰ ਆਪਣੇ ਦੁਸ਼ਮਣ ਦੇ ਖ਼ਿਲਾਫ਼ ਲੜਨ ਲਈ ਕਿਉਂ ਤਿਆਰ ਨਹੀਂ ਹੋ ਰਹੇ, ਜੋ ਇਨ੍ਹਾਂ ਸਾਰੇ ਪੁਆੜਿਆਂ ਦੀ ਜੜ੍ਹ ਹੈ। ਮਨੁੱਖੀ ਇਤਿਹਾਸ ਵਿੱਚ ਹਰ ਸਮੇਂ ਦਾ ਲੁਟੇਰੇ ਪ੍ਰਬੰਧ, ਜੋ ਅੱਜ ਪੂੰਜੀਵਾਦ ਤੇ ਸਾਮਰਾਜ ਦੇ ਰੂਪ ਵਿੱਚ ਸਾਡੇ ਸਾਹਮਣੇ ਹੈ, ਆਪਣੀ ਹੋਂਦ ਕਾਇਮ ਰੱਖਣ ਲਈ ਤੇ ਇਸ ਦੀ ਉਮਰ ਵਿੱਚ ਵਾਧਾ ਕਰਨ ਲਈ ਦਬਾਊ ਮਸ਼ੀਨਰੀ ਤੇ ਕਾਨੂੰਨਾਂ ਦੇ ਨਾਲ ਨਾਲ ਆਪਣੇ ਮੇਚਵਾਂ ਸੱਭਿਆਚਾਰ, ਕਲਾ, ਸਮਾਜਿਕ ਰਸਮਾਂ-ਰਿਵਾਜ, ਮਨੁੱਖੀ ਚੇਤਨਤਾ ਤੇ ਸਮਾਜਿਕ ਵਿਵਹਾਰ ਸਿਰਜਣ ਲਈ ਪੂਰਾ ਤਾਣ ਲਗਾਉਂਦਾ ਹੈ। ਅਜਿਹਾ ਆਰਥਿਕ ਪ੍ਰਬੰਧ ਆਪਣੀਆਂ ਲੋੜਾਂ ਅਨੁਸਾਰ ਉਪਰਲਾ ਤਾਣਾ-ਬਾਣਾ (ਉਸਾਰ) ਸਿਰਜਦਾ ਹੈ, ਜਿਸ ਦੇ ਪਿਛਾਖੜੀ ਸਮਾਜਿਕ ਵਰਤਾਰੇ,  ਗਲੇ-ਸੜੇ ਸੱਭਿਆਚਾਰ ਤੇ ਹਨੇਰ ਬਿਰਤੀ ਦੇ ਅਮਲ ਉਸ ਲੋਕ ਵਿਰੋਧੀ ਪ੍ਰਬੰਧ ਦੀ ਲੰਬੀ ਉਮਰ ਕਰਨ ਲਈ ਸਹਾਈ ਸਿੱਧ ਹੋ ਨਿਬੜਦੇ ਹਨ। ਅੱਜ ਬਿਲਕੁਲ ਇਹੀ ਅਵਸਥਾ ਹੈ। ਪੂੰਜੀਵਾਦੀ ਪ੍ਰਬੰਧ ਨੇ ਆਪਣੇ ਹਿੱਤਾਂ ਦੀ ਪੂਰਤੀ ਲਈ ਪੂਰੇ ਪ੍ਰਚਾਰ ਸਾਧਨਾਂ, ਖ਼ਾਸਕਰ ਇਲੈਕਟ੍ਰਾਨਿਕ ਮੀਡੀਆ ਨੂੰ, ਜਿਨ੍ਹਾਂ ਦੀ ਮਾਲਕੀ ਮੁੱਖ ਰੂਪ ਵਿੱਚ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਹੈ, ਰਾਹੀਂ ਲੋਕਾਂ ਨੂੰ ਆਪਣੀ ਜ਼ਿੰਦਗੀ ਦੇ ਅਸਲ ਮੁੱਦਿਆਂ ਤੋਂ, ਜਿਨ੍ਹਾਂ ਤੋਂ ਉਹ ਪੀੜਤ ਹਨ, ਲਾਂਭੇ ਕਰਨ ਲਈ ਅਜਿਹੇ ਪ੍ਰੋਗਰਾਮਾਂ, ਨੰਗੇਜ਼ਵਾਦੀ ਤੇ ਕਾਮੁਕ ਉਤੇਜਨਾ ਪੈਦਾ ਕਰਨ ਵਾਲੇ ਗੀਤਾਂ ਤੇ ਮਨੁੱਖ ਨੂੰ ਕਿਸਮਤਵਾਦੀ ਬਣਾਉਣ ਲਈ ਵੱਖ ਵੱਖ ਧਰਮ ਪ੍ਰਚਾਰਕਾਂ ਤੇ ਪਾਖੰਡੀ ਲੋਕਾਂ ਦੇ ਪ੍ਰੋਗਰਾਮ ਪ੍ਰਸਾਰਨ ਕਰਨ ਦੀ ਖੁੱਲ੍ਹ ਦਿੱਤੀ ਹੋਈ ਹੈ। ‘ਕਲਾ ਸਿਰਫ਼ ਕਲਾ ਲਈ’ ਦੇ ਨੁਕਸਦਾਰ ਤਰਕ ਨਾਲ ਕਲਾ ਰਾਹੀਂ ਲੋਕਾਂ ਦੀ ਸੇਵਾ ਦਾ ਸੰਕਲਪ ਖ਼ਤਮ ਕਰ ਦਿੱਤਾ ਗਿਆ ਹੈ। ਹਨੇਰਵਿਰਤੀ, ਵਹਿਮਪ੍ਰਸਤੀ ਤੇ ਅੰਧ-ਵਿਸ਼ਵਾਸ ਫੈਲਾਉਣ ਵਾਲੇ ਸਾਰੇ ਕਥਿਤ ਧਾਰਮਿਕ ਡੇਰਿਆਂ ਅਤੇ ਨਾਮ ਨਿਹਾਦ ਸੰਤਾਂ ਦੀ ਲੁਟੇਰੀਆਂ ਜਮਾਤਾਂ ਦੇ ਸਾਰੇ ਹੀ ਰਾਜਨੀਤੀਵਾਨ ਹਾਜ਼ਰੀਆਂ ਭਰਦੇ ਹਨ ਅਤੇ ਆਪਣੀ ਲੁੱਟ ਦੀ ਕਮਾਈ ਵਿੱਚੋਂ ਮਾਮੂਲੀ ਜਿਹਾ ਹਿੱਸਾ ‘ਦਾਨ’ ਵਜੋਂ ਵੀ ਚੜ੍ਹਾ ਆਉਂਦੇ ਹਨ। ਪਿਛਲੇ ਕਿਸੇ ਵੀ ਸਮੇਂ ਨਾਲੋਂ ਅੱਜ ਅੰਧ-ਵਿਸ਼ਵਾਸ ਤੇ ਕਿਸਮਤਵਾਦ ਫੈਲਾਉਣ ਵਾਲੇ ਡੇਰਿਆਂ ਦੀ ਗਿਣਤੀ ਕਿਤੇ ਜ਼ਿਆਦਾ ਹੈ।
ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਭਾਜਪਾ ਸਰਕਾਰ ਸਾਮਰਾਜ ਦੀ ਨਿਰਦੇਸ਼ਨਾਂ ਮੁਤਾਬਿਕ ਸੰਸਾਰੀਕਰਨ, ਉਦਾਰੀਕਰਨ ਤੇ ਨਿੱਜੀਕਰਨ ਦੀਆਂ ਆਰਥਿਕ ਨੀਤੀਆਂ ਲਾਗੂ ਕਰਨ ਲਈ ਲੋਕਾਂ ਦਾ ਧਿਆਨ ਹੋਰ ਗ਼ੈਰ-ਜ਼ਰੂਰੀ ਸਵਾਲਾਂ ਦੁਆਲੇ ਘੁਮਾਉਣਾ ਚਾਹੁੰਦੀ ਹੈ। ਪੂਰੇ ਸੰਸਾਰ ਨੂੰ ਇੱਕ ਵਿਸ਼ਾਲ ਮੰਡੀ ਦਾ ਰੂਪ ਦੇ ਕੇ (ਸੰਸਾਰੀਕਰਨ) ਸਾਮਰਾਜੀ ਦੇਸ਼ ਆਪਣਾ ਆਰਥਿਕ ਸੰਕਟ ਹੱਲ ਕਰਨਾ ਚਾਹੁੰਦੇ ਹਨ ਅਤੇ ਆਪਣੇ ਮੁਨਾਫ਼ਿਆਂ ਵਿੱਚ ਵੀ ਢੇਰ ਵਾਧਾ ਕਰਨਾ ਲੋਚਦੇ ਹਨ। ਸੰਸਾਰੀਕਰਨ ਦੇ ਸੰਕਲਪ ਦਾ ਫ਼ਾਇਦਾ ਵਿਦੇਸ਼ੀ-ਦੇਸੀ ਲੁਟੇਰੇ ਤੇ ਕਾਰਪੋਰੇਟ ਘਰਾਣੇ ਤਦ ਹੀ ਉਠਾ ਸਕਦੇ ਹਨ, ਜੇਕਰ ਉਨ੍ਹਾਂ ਲਈ ਪੂੰਜੀ ਨਿਵੇਸ਼ ਕਰਨ ਵਾਸਤੇ ਪੂਰੀ ਖੁੱਲ੍ਹ (ਉਦਾਰੀਕਰਨ) ਹੋਵੇ, ਮਜ਼ਦੂਰਾਂ ਦੇ ਹਿੱਤ ਪੂਰਨ ਵਾਲੇ ਸਾਰੇ ਕਾਨੂੰਨ ਬਦਲੇ ਜਾਣ ਤੇ ਕਿਸੇ ਕਿਸਮ ਦੀ ਸਰਕਾਰੀ ਦਖ਼ਲਅੰਦਾਜ਼ੀ, ਜੋ ਉਨ੍ਹਾਂ ਦੇ ਕਾਰੋਬਾਰ ਵਿੱਚ ਅੜਿਕਾ ਡਾਹੁੰਦੀ ਹੋਵੇ, ਬੰਦ ਕਰ ਦਿੱਤੀ ਜਾਵੇ। ਇਸ ਤੋਂ ਅੱਗੇ ਨਿੱਜੀ ਪੂੰਜੀ ਨਿਵੇਸ਼ਕ ਸਾਰਾ ਕਾਰੋਬਾਰ ਸਰਕਾਰ ਕੋਲੋਂ ਖੋਹ ਕੇ ਨਿੱਜੀ ਹੱਥਾਂ ਦੇ ਹਵਾਲੇ ਕਰਨ (ਨਿੱਜੀਕਰਨ) ਲਈ ਦਬਾਅ ਪਾਉਂਦੇ ਹਨ। ਉਨ੍ਹਾਂ ਲਈ ਸਰਕਾਰ ਸਿਰਫ਼ ਅਰਥਚਾਰੇ ਨੂੰ ਸੰਚਾਲਿਤ ਕਰਨ ਵਾਲੀ ਇੱਕ ਏਜੰਸੀ ਵਾਂਗ ਹੈ, ਜੋ ਇਨ੍ਹਾਂ ਨੀਤੀਆਂ ਦਾ ਵਿਰੋਧ ਕਰਨ ਵਾਲੀਆਂ ਸ਼ਕਤੀਆਂ ਨੂੰ ਜ਼ੋਰ ਜਬਰ ਨਾਲ ਦਬਾਅ ਸਕੇ। ਇਸੇ ਯੋਜਨਾ ਅਧੀਨ ਸਿਹਤ, ਵਿੱਦਿਆ, ਆਵਾਜਾਈ, ਬੈਕਿੰਗ ਅਤੇ ਬੀਮਾ ਇਤਿਆਦਿ ਸਾਰੇ ਸਰਕਾਰੀ ਖੇਤਰ ਦੇ ਅਦਾਰਿਆਂ ਨੂੰ ਨਿੱਜੀ ਹੱਥਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ, ਜੋ ਘੱਟ ਤਨਖ਼ਾਹ ਦੇ ਕੇ, ਕੰਮ ਦੇ ਘੰਟੇ ਵਧਾ ਕੇ ਅਤੇ ਕਿਸੇ ਵੀ ਸਮਾਜਿਕ ਸੁਰੱਖਿਆ ਤੋਂ ਪੂਰੀ ਤਰ੍ਹਾਂ ਮੁਕਤ ਹੋ ਕੇ ਸਾਰਾ ਕੰਮ ਠੇਕਾ ਪ੍ਰਣਾਲੀ ਰਾਹੀਂ ਕਰਵਾ ਰਹੀ ਹੈ। ਮਜ਼ਦੂਰ ਜਮਾਤ ਵੱਲੋਂ ਕੀਤੀਆਂ ਲੰਬੀਆਂ ਜਦੋਂ-ਜਹਿਦਾਂ ਅਤੇ ਭਾਰੀ ਕੁਰਬਾਨੀਆਂ ਕਰਕੇ ਪ੍ਰਾਪਤ ਕੀਤੇ ਟਰੇਡ ਯੂਨੀਅਨ, ਜਮਹੂਰੀ ਤੇ ਆਰਥਿਕ ਅਧਿਕਾਰਾਂ ਨੂੰ ਖੋਹ ਕੇ ਪਿਛਲਖੁਰੀ ਮੋੜਾ ਦੇ ਦਿੱਤਾ ਗਿਆ ਹੈ। ਇਸ ਸਭ ਕੁਝ ਦਾ ਜਨਤਕ ਵਿਰੋਧ ਹੋਣਾ ਲਾਜ਼ਮੀ ਹੈ। ਇਸੇ ਵਿਰੋਧ ਨੂੰ ਖਾਰਜ ਕਰਨ ਲਈ ਮੌਜੂਦਾ ਸਰਕਾਰ ਵੱਲੋਂ ਇੱਕ ਪਾਸੇ ਲੋਕਾਂ ਨੂੰ ਗਲਿਆ-ਸੜਿਆ ਨੰਗੇਜ਼ਵਾਦੀ ਤੇ ਪਿਛਾਖੜੀ ਸੱਭਿਆਚਾਰ ਪ੍ਰੋਸਿਆ ਜਾ ਰਿਹਾ ਹੈ ਤੇ ਦੂਜੇ ਬੰਨ੍ਹੇ ਦਬਾਊ ਕਾਨੂੰਨਾਂ ਅਤੇ ਸਰਕਾਰੀ ਦਮਨ ਰਾਹੀਂ ਲੋਕ ਵਿਰੋਧ ਨੂੰ ਦਬਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਦੇਸ਼ ਅੰਦਰ ਜੰਗ ਦਾ ਮਾਹੌਲ ਤੇ ਇੱਕ ਖ਼ਾਸ ਕਿਸਮ ਦਾ ‘ਅੰਨ੍ਹਾ ਕੌਮਵਾਦ’ ਸਿਰਜਣਾ ਵੀ ਮੋਦੀ ਸਰਕਾਰ ਦੀ ਲੋਕਾਂ ਦਾ ਧਿਆਨ ਕੁਰਾਹੇ ਪਾਉਣ ਦੀ ਯੋਜਨਾ ਦਾ ਹੀ ਇੱਕ ਭਾਗ ਹੈ।
ਇਸ ਆਰਥਿਕ ਵਿਕਾਸ ਮਾਡਲ ਵਿੱਚ ਗ਼ਰੀਬ-ਅਮੀਰ ਦਾ ਪਾੜਾ ਖ਼ਤਰਨਾਕ ਸੀਮਾ ਤਕ ਪਹੁੰਚ ਗਿਆ ਹੈ। ਢਿੱਡੋਂ ਭੁੱਖੇ, ਤਨ ਤੋਂ ਨੰਗੇ ਤੇ ਬੇਘਰੇ ਲੋਕਾਂ ਦੇ ਇੱਕ ਹਿੱਸੇ ਦਾ ਕਿਸੇ ਰੁਜ਼ਗਾਰ ਦੀ ਪ੍ਰਾਪਤੀ ਨਾ ਹੋਣ ਕਾਰਨ ਚੋਰੀਆਂ, ਡਾਕੇ, ਨਸ਼ਾ ਤਸਕਰੀ, ਕਤਲ, ਉਧਾਲੇ ਅਤੇ ਬਲਾਤਕਾਰ ਵਰਗੇ ਗ਼ੈਰ-ਸਮਾਜੀ ਕੰਮਾਂ ਵਿੱਚ ਲਿਪਤ ਹੋ ਜਾਣਾ ਇੱਕ ਆਮ ਵਰਤਾਰਾ ਬਣ ਗਿਆ ਹੈ। ਇਸ ਦਾ ਇੱਕੋ-ਇੱਕ ਉਪਾਅ ਲੋਕਾਂ ਦੀ ਇਸ ਉਭਰੀ ਬੇਚੈਨੀ ਨੂੰ ਜਮਹੂਰੀ ਤੇ ਸਮਾਜਿਕ ਤਬਦੀਲੀ ਦੀ ਲਹਿਰ ਵਿੱਚ ਸਮੋ ਕੇ ਮੌਜੂਦਾ ਵਿਕਾਸ ਮਾਡਲ ਨੂੰ ਪਲਟਣਾ ਹੈ। ਜੇਕਰ ਅਸੀਂ ਅਜਿਹਾ ਨਾ ਕਰ ਸਕੇ ਤਾਂ ਸਮਾਜ ਵਿੱਚ ਫਾਸ਼ੀ ਕਿਸਮ ਦੀਆਂ ਜਥੇਬੰਦੀਆਂ, ਜੋ ਵੱਖ ਵੱਖ  ਨਾਵਾਂ ਹੇਠਾਂ ਬੇਕਾਰ ਤੇ ਭੁੱਖੇ ਮਰ ਰਹੇ ਲੋਕਾਂ ਦੀ ਲਾਮਬੰਦੀ ਕਰਕੇ ਦੇਸ਼ ਅੰਦਰ ਅਰਾਜਕਤਾ ਪੈਦਾ ਕਰ ਰਹੀਆਂ ਹਨ, ਅਮਨਪਸੰਦ ਲੋਕਾਂ ਦੀ ਜ਼ਿੰਦਗੀ ਨੂੰ ਨਰਕ ਬਣਾ ਦੇਣਗੀਆਂ। ਵਿਗਿਆਨਕ ਉੱਨਤੀ ਦੇ ਮੌਜੂਦਾ ਦੌਰ ਵਿੱਚ ਅੰਧ-ਵਿਸ਼ਵਾਸ ਤੇ ਪਿਛਾਖੜੀ ਵਿਚਾਰਾਂ ਦਾ ਫੈਲਾਅ ਕਰਨਾ ਕਾਰਪੋਰੇਟ ਘਰਾਣਿਆਂ ਦੀ ਲੋੜ ਬਣ ਗਿਆ ਹੈ। ਇਹ ਵਰਤਾਰਾ ਸਾਡੀ ਤਬਾਹੀ ਦਾ ਰਾਹ ਦਰਸਾਉਂਦਾ ਹੈ, ਜਿਸ ਨੂੰ ਹਰ ਕੀਮਤ ’ਤੇ ਰੋਕਣਾ ਹੋਵੇਗਾ।

ਸੰਪਰਕ: 98141-82998

No comments:

Post a Comment