Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Thursday 6 October 2016

ਕੋਠਾ ਗੁਰੂ 'ਚ ਠੇਕਾ ਕਰਮੀਆਂ 'ਤੇ ਜਬਰ ਦੀ ਆਰ ਐੱਮ ਪੀ ਆਈ ਵਲੋਂ ਨਿਖੇਧੀ

ਜਲੰਧਰ, 6 ਅਕਤੂਬਰ - ਵੱਖੋ-ਵੱਖ ਵਿਭਾਗਾਂ 'ਚ ਭਰਤੀ ਠੇਕਾ ਅਧੀਨ ਕਿਰਤੀਆਂ 'ਤੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਠਾ ਗੁਰੂ ਵਿਖੇ ਲੰਘੀ ਪੰਜ ਅਕਤੂਬਰ ਨੂੰ ਸੂਬਾ ਹਕੂਮਤ ਦੇ ਹੁਕਮਾਂ ਅਧੀਨ ਕੀਤੇ ਗਏ ਵਹਿਸ਼ੀ ਪੁਲਸ ਜਬਰ ਦੀ ਭਾਰਤ ਦੀ ਕ੍ਰਾਂਤੀਕਾਰੀ ਮਾਰਕਸਵਾਦੀ ਪਾਰਟੀ (RMPI) ਨੇ ਜ਼ੋਰਦਾਰ ਨਿੰਦਾ ਕੀਤੀ ਹੈ। ਅੱਜ ਇੱਥੋਂ ਜਾਰੀ ਇੱਕ ਬਿਆਨ ਰਾਹੀਂ ਆਰਐਮਪੀਆਈ ਦੀ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਹਰਕੰਵਲ ਸਿੰਘ ਨੇ ਕਿਹਾ ਕਿ ਉਕਤ ਕਰਮਚਾਰੀ ਸਰਕਾਰ ਦੀ ਵਾਅਦਾ ਖਿਲਾਫ਼ੀ ਵਿਰੁੱਧ ਝੰਡਾ ਮਾਰਚ ਕਰ ਰਹੇ ਸਨ ਕਿ ਪੁਲਸੀਆ ਧਾੜਾਂ ਉਨ੍ਹਾਂ 'ਤੇ ਟੁੱਟ ਕੇ ਪੈ ਗਈਆਂ ਅਤੇ ਵਹਿਸ਼ੀਆਨਾ ਲਾਠੀਚਾਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮੰਗਾਂ ਮੰਨਣੀਆਂ ਤਾਂ ਇੱਕ ਪਾਸੇ ਰਿਹਾ, ਪਰ ਅਜੋਕੀ ਹਕੂਮਤ ਦੇ ਦੌਰ 'ਚ ਮੰਗਾਂ ਨਾ ਮੰਨਣ ਜਾਂ ਮੰਨੀਆਂ ਮੰਗਾਂ ਲਾਗੂ ਨਾ ਕਰਨ ਦੀਆਂ ਗੱਲਾਂ ਕਰਨਾ ਵੀ ਹੱਕ ਵਜਾਬ ਨਹੀਂ ਰਿਹਾ। ਸਾਥੀ ਹਰਕੰਵਲ ਨੇ ਕਿਹਾ ਕਿ ਸਾਮਰਾਜੀ ਲੋਟੂਆਂ ਅਤੇ ਉਨ੍ਹਾਂ ਦੇ ਭਾਰਤੀ ਭਾਈਵਾਲ ਕਾਰਪੋਰੇਟ ਘਰਾਣਿਆਂ ਦੇ ਹਿੱਤ ਪੂਰਨ ਦੀ ਗਰੰਟੀ ਕਰਦੀਆਂ ਨਵ-ਉਦਾਰਵਾਦੀ ਨੀਤੀਆਂ ਕਾਰਨ ਪੈਦਾ ਹੋਈ ਬੇਰੁਜ਼ਗਾਰੀ 'ਤੇ ਅਰਧ ਬੇਰੁਜ਼ਗਾਰੀ 'ਚੋਂ ਉਪਜੇ ਲੋਕ ਰੋਹ ਨੂੰ ਕੇਂਦਰੀ ਅਤੇ ਸੂਬਾ ਹਕੂਮਤ ਜਬਰ ਦੇ ਕੁਹਾੜੇ ਰਾਹੀਂ ਦਬਾਉਣਾ ਚਾਹੁੰਦੀ ਹੈ, ਪਰ ਇਹ ਲੋਕ ਰੋਹ ਤੇ ਸੰਗਰਾਮ ਸਰਕਾਰਾਂ ਦੇ ਕਫ਼ਨ 'ਚ ਕਿੱਲ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਉੱਚ ਯੋਗਤਾ ਪ੍ਰਾਪਤ ਅਤੇ ਹੁਨਰਮੰਦ ਕਿਰਤੀ ਕਰਮਚਾਰੀ ਨਾ ਕੇਵਲ ਅਤਿ ਨਿਗੂਣੀਆਂ ਤਨਖ਼ਾਹਾਂ 'ਤੇ ਕੰਮ ਕਰ ਰਹੇ ਹਨ, ਬਲਕਿ ਹਰ ਕਿਸਮ ਦੇ ਕਿਰਤ ਕਾਨੂੰਨ ਤੋਂ ਪੂਰਨ ਤੌਰ 'ਤੇ ਵਿਰਵੇ ਹਨ ਅਤੇ ਇਸ ਅਣਮਨੁੱਖੀ ਹਕੂਮਤੀ ਵਿਹਾਰ ਵਿਰੁੱਧ ਉਨ੍ਹਾਂ ਦਾ ਗੁੱਸਾ ਤੇ ਸੰਗਰਾਮ ਪੂਰਨ ਅਸਲੋਂ ਜਾਇਜ਼ ਹੈ। ਸਾਥੀ ਹਰਕੰਵਲ ਸਿੰਘ ਨੇ ਬਠਿੰਡਾ ਪੁਲਸ ਪ੍ਰਸ਼ਾਸਨ ਅਤੇ ਇਥੋਂ ਦੇ ਹੈਂਕੜਬਾਜ਼ ਵਜ਼ੀਰਾਂ ਦੀਆਂ ਸੰਘਰਸ਼ੀ ਧਿਰਾਂ ਪ੍ਰਤੀ ਜ਼ਾਲਮਾਨਾ ਪਹੁੰਚ ਦੀ ਵੀ ਪੁਰਜ਼ੋਰ ਨਿਖੇਧੀ ਕੀਤੀ। ਉਨ੍ਹਾਂ ਸਮੂਹ ਪਾਰਟੀ ਇਕਾਈਆਂ ਅਤੇ ਜਨ ਸੰਗਠਨਾਂ ਨੂੰ ਇਸ ਜਾਬਰਾਨਾਂ ਹਕੂਮਤੀ ਹਮਲੇ ਦੀ ਮੁਜ਼ਾਹਮਤ ਕਰਨ ਦਾ ਸੱਦਾ ਦਿੱਤਾ। ਕਮਿਊਨਿਸਟ ਆਗੂ ਨੇ ਸਭਨਾ ਖੱਬੀਆਂ ਅਗਾਂਹਵਧੂ ਸੰਗਰਾਮੀ ਧਿਰਾਂ ਨੂੰ ਇਸ ਜਾਬਰ ਪਹੁੰਚ ਵਿਰੁੱਧ ਸਾਂਝੀ ਪਹਿਲ ਕਦਮੀ ਕਰਦਿਆਂ ਸੰਗਰਾਮ ਵਿੱਢਣ ਦੀ ਅਪੀਲ ਕੀਤੀ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਵਖਰੇਵਿਆਂ ਤੋਂ ਉੱਪਰ ਉੱਠ ਕੇ ਇਸ ਅਮਾਨਵੀ ਵਰਤਾਰੇ ਵਿਰੁੱਧ ਮੈਦਾਨ 'ਚ ਨਿਤਰਣ।

No comments:

Post a Comment