Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Tuesday 11 October 2016

ਆਰ ਐੱਮ ਪੀ ਆਈ ਵਲੋਂ ਘਰਾਂਗਣਾ ਕਤਲ ਕਾਂਡ ਦੀ ਸਖ਼ਤ ਨਿਖੇਧੀ


ਜਲੰਧਰ, 11 ਅਕਤੂਬਰ - ਭਾਰਤ ਦੀ ਕਰਾਂਤੀਕਾਰੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਨੇ ਮਾਨਸਾ ਜ਼ਿਲ੍ਹੇ ਦੇ ਘਰਾਂਗਣਾ ਪਿੰਡ ਦੇ ਇਕ ਦਲਿਤ ਨੌਜਵਾਨ ਦੀ ਸ਼ਰਾਬ ਦੇ ਠੇਕੇਦਾਰਾਂ ਵਲੋਂ ਕੀਤੇ ਗਏ ਵਹਿਸ਼ੀਆਨਾ ਕਤਲ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ।
ਇਥੋ ਜਾਰੀ ਇੱਕ ਪ੍ਰੈਸ ਬਿਆਨ 'ਚ ਆਰ ਐਮ ਪੀ ਆਈ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਹੈ ਕਿ ਅਜਿਹੀਆਂ ਘਟਨਾਵਾਂ ਪੰਜਾਬ ਦੇ ਜ਼ਮੀਨੀ ਹਾਲਾਤ ਬਿਆਨ ਕਰਦੀਆਂ ਹਨ, ਜਿੱਥੇ ਅਮਨ-ਕਾਨੂੰਨ ਦਾ ਨਹੀਂ ਸਗੋਂ ਜੰਗਲ ਰਾਜ ਚੱਲ ਰਿਹਾ ਹੈ। ਅਜਿਹੀਆਂ ਵਾਰਦਾਤਾਂ ਸਰਕਾਰ ਦੀ ਸ਼ਹਿ ਤੋਂ ਬਿਨਾਂ ਕਦੇ ਵੀ ਨਹੀਂ ਵਾਪਰ ਸਕਦੀਆਂ।
ਇਸ ਤੋਂ ਵੱਧ ਦਰਿੰਦਗੀ ਦੀ ਮਿਸਾਲ ਕੀ ਹੋ ਸਕਦੀ ਹੈ ਕਿ ਸਰਕਾਰੀ ਸਰਪ੍ਰਸਤੀ ਵਾਲੇ ਸ਼ਰਾਬ ਮਾਫੀਆ ਦੇ ਗੁੰਡੇ ਇਸ ਨੌਜਵਾਨ ਨੂੰ ਕਤਲ ਕਰਨ ਤੋਂ ਬਾਅਦ ਉਸ ਦੀ ਲੱਤ ਵੀ ਵੱਢ ਕੇ ਨਾਲ ਹੀ ਲੈ ਗਏ। ਉਨ੍ਹਾ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਪੁਲਸ ਆਮ ਤੌਰ 'ਤੇ ਪੀੜਤ ਧਿਰ ਨੂੰ ਇਨਸਾਫ ਦਿਵਾਉਣ ਦੀ ਬਜਾਇ ਤਾਕਤਵਰ ਹਮਲਾਵਰਾਂ, ਕਾਤਲਾਂ ਨੂੰ ਬਚਾਉਣ ਵਿੱਚ ਰੁੱਝ ਜਾਂਦੀ ਹੈ। ਘਰਾਂਗਣਾ ਕਾਂਡ ਵਿੱਚ ਵੀ ਅਜਿਹਾ ਹੀ ਵਾਪਰਦਾ ਨਜ਼ਰ ਆ ਰਿਹਾ ਹੈ।
ਸਾਥੀ ਪਾਸਲਾ ਨੇ ਯਾਦ ਕਰਵਾਇਆ ਕਿ ਅਬੋਹਰ ਦੇ ਅਕਾਲੀ ਆਗੂ ਸ਼ਿਵ ਲਾਲ ਡੋਡਾ ਨੇ ਵੀ ਭੀਮ ਟਾਂਕ ਨਾਂਅ ਦੇ ਇੱਕ ਨੌਜਵਾਨ ਨੂੰ ਵਹਿਸ਼ੀਆਨਾ ਢੰਗ ਨਾਲ ਕਤਲ ਕਰਕੇ ਅਜਿਹੀ ਹੀ ਘਟਨਾ ਨੂੰ ਅੰਜਾਮ ਦਿੱਤਾ ਸੀ ਤੇ ਘੁਰਾਂਗਣਾਂ ਪਿੰਡ ਦੀ ਵਾਰਦਾਤ ਵੀ ਸੱਤਾਧਾਰੀ ਧਿਰ ਦੀ ਸਰਪ੍ਰਸਤੀ ਵੱਲ ਹੀ ਇਸ਼ਾਰਾ ਕਰਦੀ ਹੈ।
ਸਾਥੀ ਪਾਸਲਾ ਨੇ ਇਸ ਨੰਗੀ-ਚਿੱਟੀ ਗੁੰਡਾਗਰਦੀ ਦੀ ਸਖ਼ਤ ਨਿਖੇਧੀ ਕਰਦਿਆਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਤੇ ਉਨ੍ਹਾ ਨੂੰ ਸਖ਼ਤ ਸਜ਼ਾਵਾਂ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾ ਪੰਜਾਬ ਦੇ ਲੋਕਾਂ ਨੂੰ ਅਜਿਹੀ ਸਰਕਾਰੀ ਸ਼ਹਿ ਪ੍ਰਾਪਤ ਗੁੰਡਾਗਰਦੀ ਵਿਰੁੱਧ ਇੱਕ ਮਜ਼ਬੂਤ ਜਥੇਬੰਦਕ ਮੁਜ਼ਾਹਮਤ ਦਾ ਸੱਦਾ ਦਿੱਤਾ ਹੈ। ਉਨ੍ਹਾ ਕਿਹਾ ਹੈ ਕਿ ਅਜਿਹੀ ਜਥੇਬੰਦਕ ਮੁਜ਼ਾਹਮਤ ਹੀ ਅਜਿਹੇ ਲੋਕ ਦੋਖੀ ਗੁੰਡਾਰਾਜ ਤੋਂ ਨਿਜਾਤ ਦਿਵਾ ਸਕਦੀ ਹੈ।

No comments:

Post a Comment