Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Saturday 22 October 2016

ਥਰਮਲ ਪਲਾਂਟ ਬਠਿੰਡਾ ਦੇ ਕਾਮਿਆਂ ਵਲੋਂ ਆਰੰਭੇ ਸੰਘਰਸ਼ ਦੀ ਹਮਾਇਤ ਦਾ ਐਲਾਨ


ਜਲੰਧਰ, 22 ਅਕਤੂਬਰ- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਨੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦੇ ਕਰਮਚਾਰੀਆਂ ਅਤੇ ਸਹਿਯੋਗੀ ਸੰਗਠਨਾਂ ਦੇ ਹੱਕੀ ਸੰਗਰਾਮ ਦੀ ਪੁਰਜ਼ੋਰ ਹਮਾਇਤ ਕਰਨ ਦਾ ਐਲਾਨ ਕੀਤਾ ਹੈ। ਅੱਜ ਇਥੋਂ ਜਾਰੀ ਇੱਕ ਬਿਆਨ ਰਾਹੀਂ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਪੰਜਾਬ ਸਰਕਾਰ ਨੂੰ ਉਕਤ ਥਰਮਲ ਪਲਾਂਟ ਬੰਦ ਕਰਨ ਦੀਆਂ ਕੋਝੀਆਂ ਸਾਜ਼ਿਸ਼ਾਂ ਤੋਂ ਬਾਜ ਆਉਣ ਦੀ ਚਿਤਾਵਨੀ ਦਿੱਤੀ। ਉਨ੍ਹਾਂ ਸਮੂਹ ਪਾਰਟੀ ਇਕਾਈਆਂ, ਹਮਦਰਦਾਂ ਅਤੇ ਜਨਸਗਠਨਾਂ ਨੂੰ ਸੱਦਾ ਦਿੱਤਾ ਕਿ ਉਹ ਸੂਬਾ ਹਕੂਮਤ ਦੀ ਨਿੱਜੀਕਰਨ ਦੀ ਲੋਕ ਵਿਰੋਧੀ ਨੀਤੀ ਦੇ ਇਸ ਹੱਲੇ, ਭਾਵ ਬਠਿੰਡਾ ਥਰਮਲ ਬੰਦ ਕਰਨ ਦੇ ਮਨਸੂਬਿਆਂ ਵਿਰੁੱਧ ਜਨਤਕ ਮੁਜੱਹਮਤ ਅਤੇ ਵਿਸ਼ਾਲ ਸਾਂਝੇ ਸੰਗਰਾਮ ਉਸਾਰਨ ਦੇ ਹਰ ਸੰਭਵ ਯਤਨ ਕਰਨ। ਸਾਥੀ ਪਾਸਲਾ ਨੇ ਕਿਹਾ ਕਿ ਸਰਕਾਰ ਨਾ ਕੇਵਲ ਬਠਿੰਡਾ ਬਲਕਿ ਲਹਿਰਾ ਮਹੁੱਬਤ ਅਤੇ ਰੂਪਨਗਰ ਥਰਮਲਾਂ ਦਾ ਵੀ ਅਜਿਹਾ ਹੀ ਹਸ਼ਰ ਕਰਨ ਦੀਆਂ ਗੋਂਦਾਂ ਗੁੰਦ ਰਹੀ ਹੈ। ਉਨ੍ਹਾਂ ਕਿਹਾ ਕਿ ਉੱਪ ਮੁਖ ਮੰਤਰੀ ਪੰਜਾਬ ਵਲੋਂ ਬਿਜਲੀ ਲੋੜ ਨਾਲੋਂ ਵਾਧੂ ਪੈਦਾ ਕਰਕੇ ਗੁਆਂਢੀ ਦੇਸ਼ ਨੂੰ ਵੇਚਣ ਦੇ ਬੁਲੰਦ ਬਾਂਗ ਦਾਅਵੇ ਕਰਨੇ ਅਤੇ ਦੂਜੇ ਪਾਸੇ ਸੱਚੀਂ ਆਤਮਨਿਰਭਰ ਬਣਾਉਣ ਵਾਲੇ ਥਰਮਲਾਂ ਦਾ ਭੋਗ ਪਾਉਣਾ, ਅਕਾਲੀ ਭਾਜਪਾ ਗਠਜੋੜ ਦੀ ਧੋਖੇਭਰੀ ਕਾਰਜ ਪ੍ਰਣਾਲੀ ਦੀ ਇੱਕ ਹੋਰ ਭੱਦੀ ਮਿਸਾਲ ਹੈ। ਸਾਥੀ ਪਾਸਲਾ ਨੇ ਕਿਹਾ ਕਿ ਜਿੱਥੇ ਇਸ ਵਰਤਾਰੇ ਪਿੱਛੇ ਨਿੱਜੀਕਰਨ ਦੀਆਂ ਕੇਂਦਰੀ ਅਤੇ ਸੂਬਾਈ ਸਰਕਾਰਾਂ ਦੀਆਂ ਨੀਤੀਆਂ ਮੁਖ ਕਾਰਨ ਹਨ, ਉਥੇ ਇਹ ਵੀ ਸ਼ੰਕੇ ਪੈਦਾ ਹੁੰਦੇ ਹਨ ਕਿ ਥਰਮਲਾਂ ਨੂੰ ਬੰਦ ਕਰਕੇ ਨਿੱਜੀ ਕਾਰੋਬਾਰੀ ਘਰਾਣਿਆਂ ਤੋਂ ਬਹੁਤ ਉੱਚੀਆਂ ਦਰਾਂ 'ਤੇ ਬਿਜਲੀ ਖਰੀਦਣ ਪਿਛੇ ਸਿਆਸੀ ਪ੍ਰਭੂਆਂ ਦੇ ਲੁਕਵੇਂ ਕਾਰੋਬਾਰੀ ਹਿੱਤ ਵੀ ਜੁੜੇ ਹੋਏ ਹਨ। ਉਨ੍ਹਾ ਸਵਾਲ ਕੀਤਾ ਕਿ ਜਦੋਂ ਥੋੜਾ ਸਮਾਂ ਪਹਿਲਾ ਹੀ ਸੈਂਕੜੇ ਕਰੋੜ ਰੁਪਏ ਆਧੁਨਿਕੀਕਰਣ 'ਤੇ ਖਰਚ ਕਰਦਿਆਂ ਬਠਿੰਡਾ ਥਰਮਲ ਪਲਾਂਟ ਦੀ ਮਿਆਦ 2021-22 ਤੱਕ ਵਧਾਈ ਜਾ ਚੁੱਕੀ ਹੈ ਤਾਂ ਅਚਾਨਕ ਇਸ ਨੂੰ ਬੰਦ ਕਰਨ ਦਾ ਨਿਰਣਾ ਕਿਸ 'ਦੂਰਅੰਦੇਸ਼' ਨੀਤੀ ਅਧੀਨ ਲਿਆ ਗਿਆ ਹੈ। ਸਾਥੀ ਪਾਸਲਾ ਨੇ ਪੰਜਾਬ ਵਾਸੀਆਂ ਨੂੰ ਚੌਕਸ ਕਰਦਿਆ ਕਿਹਾ ਕਿ ਥਰਮਲ ਪਲਾਂਟ ਬੰਦ ਹੋਣ ਨਾਲ ਹੀ ਗੱਲ ਨਹੀਂ ਬਣਨੀ ਬਲਕਿ ਇਸ ਪਿਛੋਂ ਥਰਮਲ ਦੀ ਹਜਾਰਾਂ ਏਕੜ ਜ਼ਮੀਨ, ਰਹਾਇਸ਼ੀ ਕਲੋਨੀ ਅਤੇ ਹੋਰ ਅਸਾਸੇ ਵੀ ਕੌਡੀਆਂ ਦੇ ਭਾਅ ਸਰਕਾਰ ਦੇ ਚਹੇਤਿਆਂ ਨੂੰ ਸੌਂਪ ਦਿੱਤੀ ਜਾਣਗੇ ਕਿਉਂਕਿ ਇਸ ਤੋਂ ਪਹਿਲਾ ਨਿੱਜੀ ਕਰ ਦਿੱਤੇ ਗਏ ਜਨਤਕ ਅਦਾਰਿਆਂ 'ਚ ਇਹੋ ਕੁੱਝ ਵਾਪਰ ਚੁੱਕਾ ਹੈ। ਸਾਥੀ ਪਾਸਲਾ ਨੇ ਅੱਗੇ ਕਿਹਾ ਕਿ ਥਰਮਲ ਬੰਦ ਹੋਣ ਨਾਲ ਹਜ਼ਾਰਾਂ ਕਾਮੇ ਵਿਹਲੇ ਹੋਣਗੇ, ਜਿਸ ਦਾ ਕੁਪ੍ਰਭਾਵ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੱਕ ਹੀ ਸੀਮਤ ਨਾ ਰਹਿ ਕੇ ਥਰਮਲ ਦੇ ਸਹਾਇਕ ਉਦਯੋਗਾਂ ਅਤੇ ਸਮੁੱਚੇ ਕਾਰੋਬਾਰਾਂ 'ਤੇ ਨਾਂਹ ਪੱਖੀ ਅਸਰ ਪਵੇਗਾ। ਸਾਥੀ ਮੰਗਤ ਰਾਮ ਪਾਸਲਾ ਨੇ ਸਭਨਾ ਖੱਬੀਆਂ, ਜਮਹੂਰੀ, ਅਗਾਂਹਵਧੂ, ਸੰਗਰਾਮੀ ਧਿਰਾਂ ਨੂੰ ਇਸ ਸੰਘਰਸ਼ 'ਚ ਸਾਥ ਦੇਣ ਦੀ ਅਪੀਲ ਕੀਤੀ। ਉਨ੍ਹਾਂ ਪੰਜਾਬ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਇਸ ਨੂੰ ਕੇਵਲ ਥਰਮਲ ਕਾਮਿਆਂ ਦਾ ਘੋਲ ਨਾ ਸਮਝਣ ਸਗੋਂ ਪੰਜਾਬ ਦੀ ਸਲਾਮਤੀ ਦਾ ਲੋਕ ਯੁੱਧ ਸਮਝ ਕੇ ਇਸ ਦੀ ਇਮਦਾਦ ਕਰਨ।

No comments:

Post a Comment