Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Wednesday 8 December 2021

12 ਦਸੰਬਰ ਦੇ ਰੇਲ ਰੋਕੋ ਪ੍ਰੋਗਰਾਮ ਨੂੰ ਭਰਵੀਂ ਹਮਾਇਤ ਦਾ ਐਲਾਨ



ਜਲੰਧਰ, 8 ਦਸੰਬਰ- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ), ਖੇਤ ਮਜ਼ਦੂਰ ਜਥੇਬੰਦੀਆਂ ਵਲੋਂ 12 ਦਸੰਬਰ ਨੂੰ ਆਪਣੀਆਂ ਮੰਗਾਂ ਮਨਵਾਉਣ ਲਈ 12 ਵਜੇ ਦੁਪਹਿਰ ਤੋਂ 3 ਵਜੇ ਤੱਕ ਕੀਤੇ ਜਾ ਰਹੇ ਰੇਲਵੇ ਜਾਮਦੇ ਸੱਦੇ ਦੀ ਪੂਰਨ ਹਮਾਇਤ ਕਰਦੀ ਹੈ। ਸਮਾਜ ਦੀ ਇਸ ਪੀੜਤ ਕਿਰਤੀ ਜਮਾਤ ਦੀਆਂ ਕਰਜ਼ੇ ਮੁਆਫ ਕਰਨ, ਘਰਾਂ ਲਈ ਪਲਾਟਾਂ ਤੇ ਵਿੱਤੀ ਸਹਾਇਤਾ, ਬੁਢਾਪਾ ਤੇ ਅੰਗਹੀਣਾਂ ਲਈ ਗੁਜ਼ਾਰੇਯੋਗ ਪੈਨਸ਼ਨਾਂ ਆਦਿ ਮੰਗਾਂ ਬਾਰੇ ਕਾਂਗਰਸ ਸਰਕਾਰ ਦੀ ਟਾਲ ਮਟੋਲ ਦੀ ਨੀਤੀ ਵਿਰੁੱਧ ਭਾਰੀ ਰੋਹ ਹੈ, ਜਿਸਦਾ ਪ੍ਰਗਟਾਵਾ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਇਸ ਸਾਂਝੇ ਸੱਦੇ ਦੁਰਾਨ ਅਨੁਭਵ ਕੀਤਾ ਜਾ ਸਕੇਗਾ। ਆਰਐਮਪੀਆਈ ਦੇ ਕੁਲ ਹਿੰਦ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਤੇ ਪੰਜਾਬ ਰਾਜ ਦੇ ਐਕਟਿੰਗ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਇਕ ਸਾਂਝੇ ਬਿਆਨ ਚ ਕਿਹਾ ਹੈ ਕਿ ਪਹਿਲ ਅਕਾਲੀ ਦਲ-ਭਾਜਪਾ ਸਰਕਾਰਾਂ ਤੇ ਹੁਣ ਕਾਂਗਰਸ ਸਰਕਾਰ ਇਨ੍ਹਾਂ ਕਿਰਤੀਆਂ ਦੀਆਂ ਤਕਲੀਫਾਂ ਦਾ ਠੋਸ ਹੱਲ ਕਰਨ ਦੀ ਬਜਾਏ ਸਿਰਫ ਫੋਕੇ ਨਾਅਰਿਆਂ ਤੇ ਲਾਰਿਆਂ ਨਾਲ ਹੀ ਕੰਮ ਚਾਲਾਉਣਾ ਚਾਹੁੰਦੀ ਹੈ, ਜਦਕਿ ਕੇਂਦਰੀ ਮੋਦੀ ਸਰਕਾਰ ਤੇ ਸੂਬਾਈ ਸਰਕਾਰ ਦੀਆਂ ਨਵ ਉਦਾਰਵਾਦੀ ਆਰਥਿਕ ਨੀਤੀਆਂ ਕਾਰਨ ਨਿੱਤ ਵੱਧ ਰਹੀ ਮਹਿੰਗਾਈ, ਬੇਕਾਰੀ ਤੇ ਭੁਖਮਰੀ ਨੇ ਸਮਾਜ ਦੇ ਸਭ ਤੋਂ ਹੇਠਲੇ ਇਸ ਵਰਗ ਦੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ ਹੈ।
ਕਾਮਰੇਡ ਪਾਸਲਾ ਤੇ ਜਾਮਾਰਾਏ ਨੇ ਸਾਰੀਆਂ ਪਾਰਟੀ ਇਕਾਈਆਂ, ਮੈਂਬਰਾਂ, ਹਮਦਰਦਾਂ ਤੇ ਦੂਸਰੇ ਮਿਹਨਤਕਸ਼ ਲੋਕਾਂ ਨੂੰ ਖੇਤ ਮਜ਼ਦੂਰ ਜਥੇਬੰਦੀਆਂ ਦੇ 12 ਦਸੰਬਰ ਦੇ ਰੇਲ ਰੋਕੋ ਪ੍ਰੋਗਰਾਮ ਨੂੰ ਭਰਵੀਂ ਹਮਾਇਤ ਦੇ ਕੇ ਪੂਰਨ ਸਫਲ ਬਣਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਚੰਨੀ ਸਰਕਾਰ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਸਿਰਫ ਫੋਕੇ ਲਾਰਿਆਂ ਤੇ ਐਲਾਨਾਂ ਨਾਲ ਡੰਗ ਟਪਾਉਣ ਦੀ ਥਾਂ ਮਿਹਨਤਕਸ਼ਾਂ ਦੇ ਇਸ ਸਭ ਤੋਂ ਜ਼ਿਆਦਾ ਪੀੜਤ ਹਿੱਸੇ ਦੀਆਂ ਮੰਗਾਂ ਨੂੰ ਪ੍ਰਵਾਨ ਕਰਕੇ ਤੁਰੰਤ ਲਾਗੂ ਕਰੇ।

 

Thursday 30 September 2021

ਆਰਐਮਪੀਆਈ ਵਲੋਂ 1 ਤੋਂ 7 ਨਵੰਬਰ ਤੱਕ ਦੇਸ਼ ਭਰ ’ਚ ਕੀਤੇ ਜਾਣਗੇ ਰੋਸ ਪ੍ਰਦਰਸ਼ਨ


ਜਲੰਧਰ, 30 ਸਤੰਬਰ- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਕੇਂਦਰੀ ਕਮੇਟੀ ਦੀ ਮੀਟਿੰਗ 29-30 ਸਤੰਬਰ ਨੂੰ ਪਾਰਟੀ ਦੇ ਚੇਅਰਮੈਨ ਸਾਥੀ ਕੇ. ਗੰਗਾਧਰਨ ਦੀ ਪ੍ਰਧਾਨਗੀ ਹੇਠ ਸਿੰਘੂ ਬਾਰਡਰ ਤੇ ਹੋਈ।

ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਵੱਲੋਂ ਪੇਸ਼ ਕੀਤੀ ਗਈ ਰੀਵਿਊ ਅਤੇ ਭਵਿੱਖੀ ਕਾਰਜਾਂ ਸਬੰਧੀ ਰਾਜਸੀ ਰੀਪੋਰਟ ਭਖਵੀਂ ਬਹਿਸ ਉਪਰੰਤ ਸਰਵ ਸੰਮਤੀ ਨਾਲ ਪਾਸ ਕੀਤੀ ਗਈ।

ਕੇਂਦਰੀ ਕਮੇਟੀ ਨੇ 27 ਸਤੰਬਰ ਨੂੰ ਕੀਤੇ ਗਏ ਲਾਮਿਸਾਲ ਕਾਮਯਾਬ ਭਾਰਤ ਬੰਦ ਲਈ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿੰਦਿਆਂ ਉਕਤ ਬੰਦ ਨੂੰ ਮੋਦੀ ਸਰਕਾਰ ਦੀਆਂ ਤਬਾਹਕੁੰਨ ਆਰਥਿਕ ਨੀਤੀਆਂ ਅਤੇ ਵੱਖਵਾਦੀ ਏਜੰਡੇ ਖਿਲਾਫ਼ ਲੋਕ ਫਤਵਾ ਕਰਾਰ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਚਲ ਰਹੇ ਦੇਸ਼ ਵਿਆਪੀ ਕਿਸਾਨ ਘੋਲ ਨੂੰ ਹੋਰ ਤੇਜ਼ ਕਰਦਿਆਂ ਮੋਦੀ ਸਰਕਾਰ ਦੀਆਂ ਨਵਉਦਾਰਵਾਦੀ ਨੀਤੀਆਂ ਅਤੇ ਰਾਸ਼ਟਰੀ ਸੋਇਮ ਸੇਵਕ ਸੰਘ (ਆਰਐਸਐਸ) ਦੇ ਫਿਰਕੂ-ਫਾਸ਼ੀ ਏਜੰਡੇ ਖਿਲਾਫ਼ ਆਵਾਮੀ ਸੰਘਰਸ਼ ਵਿੱਚ ਤਬਦੀਲ ਕਰਨ ਲਈ ਹਰ ਸੰਭਵ ਵਸੀਲੇ ਜੁਟਾਉਣ ਦਾ ਨਿਰਣਾ ਲਿਆ ਗਿਆ ਹੈ।

ਘੱਟ ਗਿਣਤੀਆਂ, ਅਨੁਸੂਚਿਤ ਜਾਤੀਆਂ, ਇਸਤਰੀਆਂ, ਕਬਾਇਲੀਆਂ ਤੇ ਹਾਸ਼ੀਆਗਤ ਆਬਾਦੀ ਸਮੂਹਾਂ ਖਿਲਾਫ਼ ਘਾਤਕ ਹਮਲਿਆਂ ਸੰਘੀ ਕਾਰਕੁੰਨ ਵੱਲੋਂ ਲਿਆਂਦੀ ਗਈ ਯੋਜਨਾਬੱਧ ਤੇਜ਼ੀ ਖਿਲਾਫ਼ ਹਰ ਪੱਧਰ ਤੇ ਵਿਚਾਰਧਾਰਕ ਮੁਹਿੰਮ ਚਲਾਉਂਦਿਆਂ ਅਸਰਦਾਰ ਜਨ ਪ੍ਰਤੀਰੋਧ ਉਸਾਰਨ ਦੀ ਵਿਉਂਤਬੰਦੀ ਕੀਤੀ ਗਈ।

ਮਹਿੰਗਾਈ, ਬੇਰੁਜ਼ਗਾਰੀ, ਗੁਰਬਤ, ਭੁਖਮਰੀ, ਕੁਪੋਸ਼ਣ ਆਦਿ ਅੰਤਾਂ ਦਾ ਵਾਧਾ ਕਰਨ ਵਾਲੀਆਂ, ਦੇਸ਼ ਦੀਆਂ ਜਨਤਕ ਜਾਇਦਾਦਾਂ ਕਾਰਪੋਰੇਟ ਘਰਾਣਿਆਂ ਤੇ ਉਨ੍ਹਾਂ ਦੇ ਸਾਮਰਾਜੀ ਜੋਟੀਦਾਰਾਂ ਦੇ ਹਵਾਲੇ ਕਰਨ ਵਾਲੀਆਂ ਮੋਦੀ-ਮਨਮੋਹਨ ਮਾਰਕਾ ਨਿਜੀਕਰਨ ਦੀਆਂ ਨੀਤੀਆਂ ਵਿਰੁੱਧ ਲੜ ਰਹੇ ਸਾਰੇ ਮਿਹਨਤਕਸ਼ ਤਬਕਿਆਂ ਦਾ ਸਾਂਝਾ ਮੰਚ ਉਸਾਰਨ ਲਈ ਬੱਝਵੇਂ ਯਤਨ ਕਰਨ ਦਾ ਫੈਸਲਾ ਕੀਤਾ ਗਿਆ। ਭਾਰਤ ਦਾ ਜਮਹੂਰੀ, ਧਰਮ ਨਿਰਪੱਖ ਤੇ ਫੈਡਰਲ ਢਾਂਚਾ ਤਬਾਹ ਕਰਕੇ ਇਸ ਨੂੰ ਕੱਟੜ ਹਿੰਦੂ ਰਾਸ਼ਟਰ ਵਿੱਚ ਤਬਦੀਲ ਕਰਨ ਲਈ ਤਰਲੋਮੱਛੀ ਹੋ ਰਹੀਆਂ ਮੰਨੂਵਾਦੀ ਤਾਕਤਾਂ ਖਿਲਾਫ਼ ਖੱਬੀਆਂ ਧਿਰਾਂ ਦਾ ਸਾਂਝਾ ਸੰਗਰਾਮੀ ਮੰਚ ਉਸਾਰਨ ਦਾ ਵੀ ਫੈਸਲਾ ਕੀਤਾ ਗਿਆ। ਇਸ ਮੀਟਿੰਗ ਹੋਰਨਾ ਤੋਂ ਇਲਾਵਾ ਸਾਥੀ ਰਜਿੰਦਰ ਪਰਾਂਜਪੇ, ਹਰਕੰਵਲ ਸਿੰਘ ਅਤੇ ਕੇ ਐਸ ਹਰੀਹਰਨ ਨੇ ਵੀ ਵਿਚਾਰ ਰੱਖੇ।

ਉਕਤ ਰਾਜਨੀਤਕ ਸੇਧ ਅਨੁਸਾਰ 1 ਤੋਂ 7 ਨਵੰਬਰ ਤੱਕ ਧੁਰ ਹੇਠਾਂ ਤੱਕ ਪ੍ਰਭਾਵਸ਼ਾਲੀ ਲੋਕ ਲਾਮਬੰਦੀ ਤੇ ਆਧਾਰਿਤ ਐਕਸ਼ਨ ਕਰਨ ਦਾ ਫੈਸਲਾ ਕੀਤਾ ਗਿਆ। ਪੰਜਾਬ ਰਾਜ ਕਮੇਟੀ ਦੇ ਐਕਟਿੰਗ ਸਕੱਤਰ ਪਰਗਟ ਸਿੰਘ ਜਾਮਾਰਾਏ ਅਤੇ ਤਾਮਿਲਨਾਡੂ ਦੇ ਸਾਥੀ ਭਾਸਕਰਨ ਨੂੰ ਕੇਂਦਰੀ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ

ਆਰੰਭ ਵਿੱਚ ਵਿਛੋੜਾ ਦੇ ਗਏ ਕਮਿਊਨਿਸਟ ਘੁਲਾਟੀਆਂ ਅਤੇ ਕਿਸਾਨ ਘੋਲ ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।

 

Sunday 19 September 2021

ਖਰੂਦੀ ਟੋਲਿਆਂ ਦੀਆਂ ਹਿੰਸਕ ਕਾਰਵਾਈਆਂ ਵਿਰੁੱਧ ਧੁਰ ਹੇਠਾਂ ਤੱਕ ਲਾਮਬੰਦੀ ਦੀ ਬਣਾਈ ਯੋਜਨਾ



ਜਲੰਧਰ, 19 ਸਤੰਬਰ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਪੰਜਾਬ ਰਾਜ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਸਾਥੀ ਰਤਨ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ। ਮੌਜੂਦਾ ਰਾਜਸੀ ਅਵਸਥਾ ਨਾਲ ਜੁੜੇ ਭਵਿੱਖੀ ਕਾਰਜਾਂ ਸਬੰਧੀ ਪਾਰਟੀ ਨੀਤੀ ਅਨੁਸਾਰ ਸੇਧ ਦੇਣ ਲਈ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਮੀਟਿੰਗ ਵਿੱਚ ਉਚੇਚੇ ਸ਼ਾਮਲ ਹੋਏ।

ਰਾਜ ਕਮੇਟੀ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ 27 ਸਤੰਬਰ ਦੇ ਭਾਰਤ ਬੰਦ ਦੇ ਸੱਦੇ ਦੀ ਕਾਮਯਾਬੀ ਲਈ ਪ੍ਰਾਂਤ ਵਾਸੀਆਂ, ਖਾਸ ਕਰਕੇ ਕਿਰਤੀ-ਕਿਸਾਨਾਂ ਤੇ ਮਿਹਨਤੀ ਤਬਕਿਆਂ ਤੱਕ ਵਿਸ਼ਾਲ ਪੈਮਾਨੇ ਤੇ ਪਹੁੰਚ ਕਰਨ ਦਾ ਨਿਰਣਾ ਲਿਆ ਗਿਆ।
ਕਿਸਾਨ ਮੋਰਚੇ ਦੇ ਸਮਰਥਨ ਦਾ ਦਮ ਭਰਨ ਵਾਲੀਆਂ, ਪਰ ਅੰਦਰੋਂ ਮੋਦੀ ਸਰਕਾਰ ਦੀਆਂ ਸਾਮਰਾਜੀ ਤੇ ਕਾਰਪੋਰੇਟ ਪੱਖੀ, ਲੋਕ ਮਾਰੂ ਨੀਤੀਆਂ ਨਾਲ ਪੂਰਨ ਸਹਿਮਤੀ ਰੱਖਣ ਵਾਲੀਆਂ ਹਾਕਮ ਜਮਾਤੀ ਪਾਰਟੀਆਂ ਦਾ ਦੰਭੀ ਕਿਰਦਾਰ ਲੋਕਾਂ ਚ ਬੇਪਰਦ ਕਰਨ ਲਈ ਲੋਕ ਚੇਤਨਾ ਤੇ ਲਾਮਬੰਦੀ ਮੁਹਿੰਮ ਚਲਾਉਣ ਦਾ ਵੀ ਫੈਸਲਾ ਕੀਤਾ ਗਿਆ।
ਰਾਜ ਕਮੇਟੀ ਨੇ ਨੋਟ ਕੀਤਾ ਹੈ ਕਿ ਮੋਦੀ ਸਰਕਾਰ ਦੀਆਂ ਤਬਾਹਕੁੰਨ ਆਰਥਿਕ ਨੀਤੀਆਂ ਅਤੇ ਨਖਿੱਧ ਕਾਰਗੁਜ਼ਾਰੀ ਵਿਰੁੱਧ ਉਪਜੀ ਬੇਚੈਨੀ ਖਿਲਾਫ਼ ਦੇਸ਼ ਭਰ ਵਿੱਚ ਲੜੇ ਜਾ ਰਹੇ ਮਿਹਨਤਕਸ਼ਾਂ ਦੇ ਸੰਘਰਸ਼ਾਂ ਨੂੰ ਲੀਹੋਂ ਲਾਹੁਣ ਅਤੇ ਯੂਪੀ ਤੇ ਉੱਤਰਾਖੰਡ ਸੂਬਿਆਂ ਦੀਆਂ ਚੋਣਾਂ ਜਿੱਤਣ ਲਈ ਫਿਰਕੂ ਵੰਡ ਤਿੱਖੀ ਕਰਨ ਦੇ ਕੋਝੇ ਮਕਸਦ ਅਧੀਨ ਮੋਦੀ-ਯੋਗੀ ਜੁੰਡਲੀ ਵੱਲੋਂ ਅੱਬਾ ਜਾਨ ਵਰਗੇ ਭੜਕਾਊ ਜੁਮਲੇ ਉਛਾਲੇ ਜਾ ਰਹੇ ਹਨ।
ਰਾਜ ਕਮੇਟੀ ਨੇ ਕਿਹਾ ਕਿ ਦੇਸ਼ ਭਰ ਵਿੱਚ ਘੱਟ ਗਿਣਤੀਆਂ, ਖਾਸ ਕਰਕੇ ਮੁਸਲਮਾਨਾਂ ਖਿਲਾਫ਼ ਸੰਘੀ ਸੰਗਠਨਾਂ ਵੱਲੋਂ ਕੀਤੇ ਜਾ ਰਹੇ ਗੁਮਰਾਹਕੁੰਨ ਪ੍ਰਚਾਰ ਅਤੇ ਜਿਸਮਾਨੀ ਹਮਲੇ ਭਾਈਚਾਰਕ ਸਾਂਝ ਅਤੇ ਸ਼ਾਂਤੀ ਪੂਰਨ ਮਾਹੌਲ ਲਈ ਗੰਭੀਰ ਖਤਰੇ ਖੜ੍ਹੇ ਕਰਨਗੇ ਜਿਸ ਦਾ ਖਮਿਆਜ਼ਾ ਸਮੂਹ ਦੇਸ਼ ਵਾਸੀਆਂ ਨੂੰ ਭੁਗਤਨਾ ਪਵੇਗਾ।
ਸੰਘ ਪਰਿਵਾਰ ਦੇ ਹਿਦੂੰਤਵੀ-ਮਨੂੰਵਾਦੀ ਕਾਰਕੁੰਨਾਂ ਵੱਲੋਂ ਇਸਤਰੀਆਂ ਤੇ ਦਲਿਤਾਂ ਤੇ ਕੀਤੇ ਜਾ ਰਹੇ ਅੱਤਿਆਚਾਰਾਂ ਦਾ ਗੰਭੀਰ ਨੋਟਿਸ ਲੈਂਦਿਆਂ ਇਨ੍ਹਾਂ ਖਰੂਦੀ ਟੋਲਿਆਂ ਦੀਆਂ ਹਿੰਸਕ ਕਾਰਵਾਈਆਂ ਵਿਰੁੱਧ ਧੁਰ ਹੇਠਾਂ ਤੱਕ ਲਾਮਬੰਦੀ ਦੀ ਠੋਸ ਯੋਜਨਾ ਬਣਾਈ ਗਈ।
ਰਾਜ ਕਮੇਟੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਮਰੀਕਾ ਦੇ ਪਿਛਲੱਗ ਬਣ ਕੇ ਦੇਸ਼ ਦੇ ਲੋਕਾਂ ਦੀ ਕਿਰਤ ਕਮਾਈ ਚੋਂ ਇਕੱਤਰ ਕੀਤੇ ਟੈਕਸਾਂ ਚੋਂ ਖਰਬਾਂ ਡਾਲਰ ਲੁਟਾਉਣ ਦਾ ਪਛਤਾਵਾ ਕਰਨ ਅਤੇ ਭਵਿੱਖ ਲਈ ਦਰੁਸਤ ਸਬਕ ਸਿੱਖਣ ਦੀ ਥਾਂ ਅਫਗਾਨਿਸਤਾਨ ਚ ਤਾਲਿਬਾਨ ਦੇ ਕਾਬਜ਼ ਹੋਣ ਦੇ ਮੰਦਭਾਗੇ ਵਰਤਾਰੇ ਨੂੰ ਭਾਰਤ ਦੇ ਮੁਸਲਮਾਨਾਂ ਖਿਲਾਫ਼ ਘਿਰਣਾ ਪੈਦਾ ਕਰਨ ਦੇ ਸੁਨਹਿਰੀ ਮੌਕੇ ਵਜੋਂ ਵਰਤਣ ਦੀਆਂ ਸੰਘ-ਭਾਜਪਾ ਅਤੇ ਮੋਦੀ ਸਰਕਾਰ ਦੀਆਂ ਕੁਚਾਲਾਂ ਦਾ ਸੁਚੇਤ ਹੋਕੇ ਟਾਕਰਾ ਕਰਨ।
ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਰਾਜ ਕਮੇਟੀ ਦੇ ਐਕਟਿੰਗ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਦੱਸਿਆ ਕਿ ਪੰਜਾਬ ਦੇ ਲੋਕਾਂ ਦੇ ਬੁਨਿਆਦੀ ਮੁੱਦੇ ਖਾਸ ਕਰਕੇ ਬੇਰੁਜ਼ਗਾਰੀ, ਮਹਿੰਗਾਈ, ਬਹੁਗਿਣਤੀ ਵਸੋਂ ਦੀ ਪਹੁੰਚ ਚੋਂ ਤੇਜ਼ੀ ਨਾਲ ਬਾਹਰ ਹੁੰਦੀ ਜਾ ਰਹੀ ਬਿਜਲੀ, ਡੀਜ਼ਲ-ਪੈਟਰੌਲ ਤੇ ਰਸੋਈ ਗੈਸ ਦੇ ਨਿੱਤ ਦਿਨ ਦੇ ਕੀਮਤ ਵਾਧੇ ਰਾਹੀਂ ਮਚਾਈ ਜਾਂਦੀ ਅੰਨ੍ਹੀ ਲੁੱਟ ਖਿਲਾਫ਼ ਪਾਰਟੀ ਦੇ ਆਜ਼ਾਦਾਨਾ ਅਤੇ ਖੱਬੀਆਂ ਧਿਰਾਂ ਦੇ ਸਾਂਝੇ ਸੰਘਰਸ਼ ਹੋਰ ਤੇਜ਼ ਕੀਤੇ ਜਾਣਗੇ।
ਪਾਰਟੀ ਦੀ ਕੇਂਦਰੀ ਸਟੈਂਡਿੰਗ ਕਮੇਟੀ ਦੇ ਮੈਂਬਰ ਸਾਥੀ ਹਰਕੰਵਲ ਸਿੰਘ ਨੇ ਵੀ ਇਸ ਮੌਕੇ ਵਿਚਾਰ ਰੱਖੇ।