Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Friday 30 September 2016

'ਸੀਮਤ ਕਾਰਵਾਈ' ਇਕ ਫੌਜੀ ਜੰਗ ਵਿਚ ਤਬਦੀਲ ਨਾ ਹੋਵੇ : ਪਾਸਲਾ

ਜਲੰਧਰ, 30 ਸਤੰਬਰ - ਭਾਰਤ ਦੀ ਇਨਕਲਾਬੀ ਮਾਰਕਸਵਾਦੀ ਪਾਰਟੀ (RMPI) ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਇਕ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਅੱਤਵਾਦੀਆਂ ਵਲੋਂ ਉੜੀ ਵਿਖੇ 18 ਭਾਰਤੀ ਫੌਜੀਆਂ ਨੂੰ ਸ਼ਹੀਦ ਕੀਤੇ ਜਾਣ ਦੀ ਨਿੰਦਣਯੋਗ ਘਟਨਾ ਦੇ ਪ੍ਰਤੀਕਰਮ ਵਜੋਂ ਭਾਰਤੀ ਫੌਜ ਵਲੋਂ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ ਦੇ ਅੰਦਰ ਜਾ ਕੇ 'ਸਰਜੀਕਲ ਅਪ੍ਰੇਸ਼ਨ' ਰਾਹੀਂ ਅੱਤਵਾਦੀ ਟਿਕਾਣਿਆਂ ਉਪਰ ਹਮਲਾ ਕਰਕੇ 40 ਦੇ ਕਰੀਬ ਦਹਿਸ਼ਤਗਰਦਾਂ ਨੂੰ ਮਾਰਨ ਦੀ ਯੋਜਨਾਬੱਧ ਕਾਰਵਾਈ ਨੇ ਭਾਰਤੀ ਫੌਜ ਦੀ ਪਾਕਿਸਤਾਨ ਦੇ ਮੁਕਾਬਲੇ ਭਾਰੀ ਉਤਮਤਾ ਨੂੰ ਦਰਸਾ ਦਿੱਤਾ ਹੈ, ਉਥੇ ਪਾਕਿਸਤਾਨੀ ਹਾਕਮਾਂ ਤੇ ਅੱਤਵਾਦੀਆਂ ਨੂੰ ਵੀ ਇਕ ਸਖਤ ਸੁਨੇਹਾ ਭੇਜਿਆ ਹੈ ਕਿ ਭਾਰਤ ਦਹਿਸ਼ਤਗਰਦਾਂ ਵਲੋਂ ਲੁਕ-ਛਿਪ ਕੇ ਬੇਗੁਨਾਹ ਲੋਕਾਂ ਨੂੰ ਮਾਰਨ ਵਰਗੀਆਂ ਅਮਾਨਵੀ ਕਾਰਵਾਈਆਂ ਨੂੰ ਕਦਾਚਿੱਤ ਬਰਦਾਸ਼ਤ ਨਹੀਂ ਕਰੇਗਾ। ਪਾਕਿਸਤਾਨ ਦੇ ਹਾਕਮਾਂ ਨੂੰ ਆਪਣੀ ਧਰਤੀ ਉਪਰ ਅੱਤਵਾਦੀ ਤੱਤਾਂ ਵਲੋਂ ਆਪਣੀਆਂ ਸਰਗਰਮੀਆਂ ਕਰਨ ਤੇ ਟਰੇਨਿੰਗ ਦੇਣ ਲਈ ਇਸਤੇਮਾਲ ਕਰਨ ਤੋਂ ਰੋਕਣ ਲਈ ਸਾਰੇ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ।
ਸਾਥੀ ਪਾਸਲਾ ਨੇ ਅੱਗੇ ਕਿਹਾ ਕਿ ਜਿੱਥੇ ਇਸ ਫੌਜੀ ਕਾਰਵਾਈ ਨੂੰ 'ਅੱਤਵਾਦੀ ਟਿਕਾਣਿਆਂ' ਦੇ ਖਾਤਮੇਂ ਲਈ ਇਕ ਸੀਮਤ ਪ੍ਰੰਤੂ ਠੀਕ ਯੋਜਨਾਬੰਦੀ ਰਾਹੀਂ ਸਿਰੇ ਚੜਾਇਆ ਗਿਆ ਹੈ, ਉਥੇ ਸਾਨੂੰ ਸਾਰੇ ਦੇਸ਼ ਵਾਸੀਆਂ ਤੇ ਰਾਜਨੀਤਕ ਪਾਰਟੀਆਂ ਨੂੰ ਇਸ ਗੱਲ ਦਾ ਸੁਚੇਤ ਰੂਪ ਵਿਚ ਯਤਨ ਕਰਨਾ ਹੋਵੇਗਾ ਕਿ ਇਹ 'ਸੀਮਤ ਕਾਰਵਾਈ' ਇਕ ਫੌਜੀ ਜੰਗ ਵਿਚ ਤਬਦੀਲ ਨਾ ਹੋਵੇ। ਸਾਡੇ ਹਾਕਮਾਂ ਨੂੰ ਸਾਰੀਆਂ ਰਾਜਸੀ ਧਿਰਾਂ ਦਾ ਸਹਿਯੋਗ ਲੈ ਕੇ ਪਾਕਿਸਤਾਨ ਨਾਲ ਸਾਰੇ ਮਸਲੇ ਗਲਬਾਤ ਤੇ ਦੂਸਰੇ ਡਿਪਲੋਮੈਟਿਕ ਢੰਗਾਂ ਨਾਲ ਹੱਲ ਕਰਨ ਲਈ ਵਧੇਰੇ ਪਹਿਲਕਦਮੀਆਂ ਲੈਣ ਦੀ ਲੋੜ ਹੈ। ਜੰਗ ਰਾਹੀਂ ਮਨੁੱਖੀ ਜਾਨਾਂ ਤੇ ਮਾਲੀ ਨੁਕਸਾਨ ਤੋਂ ਬਿਨਾਂ ਹੋਰ ਕੋਈ ਚੰਗਾ ਨਤੀਜਾ ਨਿਕਲ ਹੀ ਨਹੀਂ ਸਕਦਾ।
ਸਾਥੀ ਪਾਸਲਾ ਨੇ ਅੱਗੇ ਕਿਹਾ ਹੈ ਕਿ ਇਸ ਸੀਮਤ ਫੌਜੀ ਕਾਰਵਾਈ ਤੋਂ ਕਿਸੇ ਵੀ ਰਾਜਨੀਤਕ ਪਾਰਟੀ ਨੂੰ ਅਪਣੇ ਰਾਜਸੀ ਹਿਤਾਂ ਨੂੰ ਬੜ੍ਹਾਵਾ ਦੇਣ ਤੇ ਚੋਣਾਂ ਜਿੱਤਣ ਲਈ ਇਸਤੇਮਾਲ ਕਰਨ ਤੋਂ ਪੂਰੀ ਤਰ੍ਹਾਂ ਗੁਰੇਜ਼ ਕਰਨਾ ਚਾਹੀਦਾ ਹੈ। ਇਹ ਵੀ ਤੱਥ ਧਿਆਨ ਗੋਚਰੇ ਰੱਖਣ ਦੀ ਜ਼ਰੂਰਤ ਹੈ ਕਿ ਕਿਸੇ ਵੀ ਖਿੱਤੇ ਵਿਚ ਤੇ ਖਾਸ ਕਰ ਭਾਰਤ-ਪਾਕਿ ਕੜਵਾਹਟ ਭਰੇ ਰਿਸ਼ਤਿਆਂ ਦੇ ਸੰਦਰਭ ਵਿਚ ਸਾਮਰਾਜੀ ਸ਼ਕਤੀਆਂ ਦੇ ਦੋਨੋਂ ਹੱਥੀਂ ਲੱਡੂ ਹਨ। ਉਹ ਖਤਰਨਾਕ ਜੰਗੀ ਹਥਿਆਰਾਂ ਨੂੰ ਦੋਨਾਂ ਹੀ ਧਿਰਾਂ ਨੂੰ ਲੜਾਈ ਵਾਸਤੇ ਵੇਚਣਗੇ ਤੇ ਭਾਰੀ ਮੁਨਾਫੇ ਕਮਾ ਕੇ ਆਪਣੇ ਆਰਥਿਕ ਸੰਕਟ ਨੂੰ ਹੱਕ ਕਰਨ ਦਾ ਯਤਨ ਕਰਨਗੇ। ਦੂਸਰਾ ਜੰਗ ਜਿੱਤਣ ਦੇ ਪਰਦੇ ਹੇਠਾਂ ਇਨ੍ਹਾਂ ਦੋਨਾਂ ਦੇਸ਼ਾਂ ਦੀ ਕਿਸੇ ਵੀ ਧਿਰ ਨੂੰ ਅਮਰੀਕਾ ਵਰਗੇ ਤਾਕਤਵਰ ਸਾਮਰਾਜੀ ਦੇਸ਼ ਨੂੰ ਫੌਜੀ ਟਿਕਾਣੇ ਬਣਾਉਣ ਤੇ ਹੋਰ ਸੁਰੱਖਿਆ ਸਬੰਧੀ ਸਹੂਲਤਾਂ ਦੇਣ ਤੋਂ ਬਚਣਾ ਚਾਹੀਦਾ ਹੈ। ਜਿਸ ਨਾਲ ਸਾਡੇ ਲੋਕਾਂ ਦੀ ਤਬਾਹੀ ਹੋ ਸਕਦੀ ਹੈ।
ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਪੰਜਾਬ ਦੇ ਸਰਹੱਦੀ ਜਿਲ੍ਹਿਆਂ ਵਿਚ ਇਸ ਘਟਨਾ ਤੋਂ ਬਾਅਦ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਸਰਹੱਦ ਤੋਂ 10 ਕਿਲੋਮੀਟਰ ਤੱਕ ਦੇ ਘੇਰੇ ਵਿਚ ਵੱਸਦੇ ਲੋਕਾਂ ਨੂੰ ਆਪਣੇ ਘਰ ਬਾਰ ਤੋਂ ਪਲਾਇਨ ਕਰਨ ਦੇ ਹੁਕਮ ਦੇਣਾ ਬਹੁਤ ਹੀ ਚਿੰਤਾ ਜਨਕ ਹੈ। ਇਸ ਨਾਲ ਲੋਕਾਂ ਲਈ ਭਾਰੀ ਮੁਸੀਬਤਾਂ ਖੜੀਆਂ ਹੋ ਗਈਆਂ ਹਨ। ਪਹਿਲਾਂ ਵੀ ਇਹ ਸਰਹੱਦੀ ਲੋਕ ਜੰਗ ਦੀ ਤਪਸ਼ ਦਾ ਸੇਕ ਬਹੁਤ ਝੱਲ ਚੁੱਕੇ ਹਨ। ਆਰ.ਐਮ.ਪੀ.ਆਈ. (RMPI) ਲੋਕਾਂ ਦੀ ਇਸ ਦੁੱਖ ਦੀ ਘੜੀ ਵਿਚ ਡਟ ਕੇ ਉਨ੍ਹਾਂ ਦੇ ਨਾਲ ਖੜੀ ਹੈ ਤੇ ਸਾਰੀ ਪਾਰਟੀ ਨੂੰ ਸੱਦਾ ਦਿੰਦੀ ਹੈ ਕਿ ਉਹ ਪਲਾਇਨ ਕਾਰਨ ਸਹਿਮੇ ਲੋਕਾਂ ਦੀ ਹਰ ਸੰਭਵ ਸਹਾਇਤਾ ਕਰਨ।
(ਮੰਗਤ ਰਾਮ ਪਾਸਲਾ)
 
ਜਨਰਲ ਸਕੱਤਰ

No comments:

Post a Comment