Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Sunday 18 September 2016

ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ ਦਾ ਗਠਨ

ਜਲੰਧਰ, 17 ਸਤੰਬਰ - ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ ਦੇ ਨਾਂਅ ਹੇਠ ਇਕ ਨਵੀਂ ਸਿਆਸੀ ਪਾਰਟੀ ਦੇ ਗਠਨ ਦਾ ਐਲਾਨ ਅੱਜ ਇੱਥੇ ਇਸ ਦੀ ਸਥਾਪਨਾ ਕਾਨਫਰੰਸ ਵਿਚ ਕੀਤਾ ਗਿਆ ਹੈ। ਸੀ.ਪੀ.ਐਮ.ਪੰਜਾਬ ਦੇ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਵਲੋਂ ਸੱਦੀ ਗਈ ਇਹ ਸਥਾਪਨਾ ਕਾਨਫਰੰਸ ਦੇਸ਼ ਭਗਤ ਯਾਦਗਾਰ ਕੰਪਲੈਕਸ ਜਲੰਧਰ 'ਚ ਵਿਸ਼ੇਸ਼ ਤੌਰ 'ਤੇ ਉਸਾਰੇ ਗਏ ਵਿਸ਼ਣੂ ਗਣੇਸ਼ ਪਿੰਗਲੇ ਹਾਲ ਵਿਚ ਹੋਈ ਜਿਸ ਦੀ ਪ੍ਰਧਾਨਗੀ ਸਰਵਸਾਥੀ ਰਘਬੀਰ ਸਿੰਘ, ਐਨ.ਵੇਣੂ (ਕੇਰਲ), ਕੇ. ਗੰਗਾਦਰਨ (ਤਾਮਿਲਨਾਡੂ), ਰਜਿੰਦਰ ਪਰਾਂਜਪੇ (ਮਹਾਰਾਸ਼ਟਰ), ਤੇਜਿੰਦਰ ਸਿੰਘ ਥਿੰਦ (ਹਰਿਆਣਾ), ਕੁਲਦੀਪ ਸਿੰਘ (ਹਿਮਾਚਲ ਪ੍ਰਦੇਸ਼) ਅਤੇ ਇੰਦਰਜੀਤ ਸਿੰਘ ਗਰੇਵਾਲ (ਚੰਡੀਗੜ੍ਹ) ਨੇ ਕੀਤੀ।
ਪੰਜਾਬ ਦੇ ਸਭਨਾ ਜ਼ਿਲ੍ਹਿਆਂ ਤੋਂ ਆਏ ਨੁਮਾਇੰਦਿਆਂ ਤੋਂ ਇਲਾਵਾ ਤਾਮਿਲਨਾਡੂ, ਕੇਰਲ, ਮਹਾਰਾਸ਼ਟਰ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਯੂ.ਟੀ. ਚੰਡੀਗੜ੍ਹ ਤੋਂ ਆਏ ਡੈਲੀਗੇਟਾਂ ਨੇ ਵੀ ਇਸ ਸਥਾਪਨਾ ਕਾਨਫਰੰਸ ਵਿਚ ਹਿੱਸਾ ਲਿਆ। ਇਹ ਪਾਰਟੀ ਮਾਰਕਸਵਾਦੀ-ਲੈਨਿਨਵਾਦੀ ਦਰਸ਼ਨ ਤੇ ਸਿਧਾਂਤਾਂ 'ਤੇ ਚੱਲੇਗੀ ਅਤੇ ਮੌਜੂਦਾ ਭਾਰਤੀ ਸਮਾਜ ਨੂੰ ਬਦਲ ਕੇ ਹਰ ਕਿਸਮ ਦੇ ਸਮਾਜੀ, ਨਸਲੀ, ਲਿੰਗਕ ਜਬਰ ਅਤੇ ਵਿਤਕਰੇ ਤੋਂ ਰਹਿਤ, ਵਰਗ ਰਹਿਤ ਤੇ ਜਾਤਪਾਤ ਤੋਂ ਮੁਕਤ ਸਮਾਜ ਦੀ ਸਿਰਜਣਾ ਲਈ ਯਤਨ ਕਰੇਗੀ।
ਇਸ ਸਥਾਪਨਾ ਕਾਨਫਰੰਸ ਨੇ ਪਾਰਟੀ ਦੇ ਸੰਵਿਧਾਨ ਨੂੰ ਪ੍ਰਵਾਨਗੀ ਦਿੰਦਿਆਂ ਇਕ 23 ਮੈਂਬਰੀ ਕੇਂਦਰੀ ਟੀਮ ਦੀ ਚੋਣ ਵੀ ਕੀਤੀ ਜਿਸ ਵਿਚ ਸਰਵਸਾਥੀ ਮੰਗਤ ਰਾਮ ਪਾਸਲਾ, ਹਰਕੰਵਲ ਸਿੰਘ, ਰਘਬੀਰ ਸਿੰਘ, ਗੁਰਨਾਮ ਸਿੰਘ ਦਾਊਦ (ਪੰਜਾਬ), ਐਨ.ਵੇਣੂ, ਟੀ.ਐਲ. ਸੰਤੋਸ਼, ਕੇ.ਐਸ. ਹਰੀਹਰਨ, ਕੇ.ਕੇ. ਰੇਮਾ, (ਕੇਰਲ), ਕੇ.ਗੰਗਾਦਰਨ, ਐਮ.ਰਾਜਾਗੋਪਾਲ, ਸੀ.ਚੇਲਾਸਾਮੀ, ਪੀ.ਅਮਾਵਸਾਇ (ਤਾਮਿਲਨਾਡੂ), ਰਜਿੰਦਰ ਪਰਾਂਜਪੇ, ਸੰਜਿਓਤ ਰਾਓਤ, ਰਮੇਸ਼ ਠਾਕੁਰ (ਮਹਾਰਾਸ਼ਟਰ), ਤੇਜਿੰਦਰ ਸਿੰਘ ਥਿੰਦ, ਮਨਦੀਪ ਰਤੀਆ (ਹਰਿਆਣਾ), ਇੰਦਰਜੀਤ ਸਿੰਘ ਗਰੇਵਾਲ (ਚੰਡੀਗੜ੍ਹ), ਸੁਦਰਸ਼ਨ ਕੁਮਾਰ (ਹਿਮਾਚਲ ਪ੍ਰਦੇਸ਼)  ਸ਼ਾਮਲ ਹਨ। ਚਾਰ ਸੀਟਾਂ ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ ਅਤੇ ਦਿੱਲੀ ਵਾਸਤੇ ਖਾਲੀ ਛੱਡੀਆਂ ਹਨ। ਕਾਮਰੇਡ ਮੰਗਤ ਰਾਮ ਪਾਸਲਾ ਨੂੰ ਇਸ ਕਮੇਟੀ ਦਾ ਜਨਰਲ ਸਕੱਤਰ ਚੁਣਿਆ ਗਿਆ।
    ਸਥਾਪਨਾ ਕਾਨਫਰੰਸ ਨੇ ਇਕ ਮਤਾ ਪਾਸ ਕਰਕੇ ਪਾਰਟੀ ਨੂੰ ਫੌਰੀ ਤੌਰ 'ਤੇ ਭਾਰਤ ਦੇ ਚੋਣ ਕਮਿਸ਼ਨ ਕੋਲ ਰਜਿਸਟਰਡ ਕਰਵਾਉਣ ਦਾ ਫੈਸਲਾ ਲਿਆ।
ਕਾਨਫਰੰਸ ਨੇ ਰਾਜਨੀਤਕ ਪਹੁੰਚ ਸਬੰਧੀ ਇਕ ਦਸਤਾਵੇਜ਼ ਵੀ ਪ੍ਰਵਾਨ ਕੀਤਾ ਜਿਸ ਵਿਚ ਦੇਸ਼ ਅਤੇ ਇਸ ਦੇ ਲੋਕਾਂ ਨੂੰ ਦਰਪੇਸ਼ ਵੱਖ ਵੱਖ ਸਮੱਸਿਆਵਾਂ ਨੂੰ ਰੇਖਾਂਕਿਤ ਕੀਤਾ ਗਿਆ ਹੈ। ਸਥਾਪਨਾ ਕਾਨਫਰੰਸ ਨੇ ਇਕ ਮਤਾ ਪਾਸ ਕਰਕੇ ਐਲਾਨ ਕੀਤਾ ਕਿ ਪਾਰਟੀ ਕਿਰਤੀ ਲੋਕਾਂ ਦੇ ਸਾਰੇ ਹਿੱਸਿਆਂ ਨੂੰ ਲਾਮਬੰਦ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ, ਤਾਂ ਜੋ ਨਵਉਦਾਰਵਾਦੀ ਨੀਤੀਆਂ ਅਤੇ ਫਿਰਕਾਪ੍ਰਸਤ ਸ਼ਕਤੀਆਂ ਦਾ ਡਟਵਾਂ ਵਿਰੋਧ ਕੀਤਾ ਜਾਵੇ, ਨਿੱਤ ਵਰਤੋਂ ਦੀਆਂ ਵਸਤਾਂ ਅਤੇ ਜਨ-ਉਪਯੋਗੀ ਸੇਵਾਵਾਂ ਦੀਆਂ ਕੀਮਤਾਂ ਵਿਚ ਵਾਧੇ ਨੂੰ ਨੱਥ ਪਾਉਣ ਲਈ ਸਰਕਾਰ ਉਪਰ ਵੱਧ ਤੋਂ ਵੱਧ ਦਬਾਅ ਬਣਾਇਆ ਜਾਵੇ, ਭਰਿਸ਼ਟਾਚਾਰ ਅਤੇ ਬਦਇੰਤਜ਼ਾਮੀ ਉਪਰ ਕਾਬੂ ਪਾਇਆ ਜਾਵੇ, ਵੱਡੀ ਗਿਣਤੀ ਵਿਚ ਰੋਜ਼ਗਾਰ ਦੇ ਮੌਕੇ ਪੈਦਾ ਕਰਵਾਏ ਜਾਣ, ਜਾਤੀਵਾਦੀ ਜਬਰ ਅਤੇ ਘੱਟ ਗਿਣਤੀਆਂ, ਦਲਿਤਾਂ, ਔਰਤਾਂ ਅਤੇ ਆਦਿਵਾਸੀਆਂ ਉਪਰ ਹਰ ਤਰ੍ਹਾਂ ਦੇ ਜਬਰ ਅਤੇ ਜਮਹੂਰੀ ਅਧਿਕਾਰਾਂ ਉਪਰ ਹਮਲਿਆਂ ਨੂੰ ਰੋਕਣ ਲਈ ਵਿਸ਼ਾਲ ਲਾਮਬੰਦੀ ਕੀਤੀ ਜਾਵੇ,  ਆਪਣੇ ਦੇਸ਼ ਦੇ ਮਾਮਲਿਆਂ ਵਿਚ ਸਾਮਰਾਜੀਆਂ ਦੇ ਲਗਾਤਾਰ ਵੱਧ ਰਹੇ ਦਖਲ ਵਿਰੁੱਧ ਜਨਸਮੂਹਾਂ ਨੂੰ ਜਾਗਰੂਕ ਕੀਤਾ ਜਾਵੇ ਤੇ ਉਭਾਰਿਆ ਜਾਵੇ, ਦੇਸ਼ ਦੀ ਏਕਤਾ-ਅਖੰਡਤਾ ਦੀ ਰਾਖੀ ਕੀਤੀ ਜਾਵੇ ਅਤੇ ਸੰਘੀ ਢਾਂਚੇ ਨੂੰ ਕੰਮਜ਼ੋਰ ਬਨਾਉਣ ਦਾ ਵਿਰੋਧ ਕੀਤਾ ਜਾਵੇ, ਪਰਿਆਵਰਣ ਦੀ ਕੀਤੀ ਜਾ ਰਹੀ ਅੰਨ੍ਹੇਵਾਹ ਤਬਾਹੀ ਨੂੰ ਠੱਲ੍ਹ ਪਾਈ ਜਾਵੇ ਅਤੇ ਸਰਵਹਾਰਾ-ਕੌਮਾਂਤਰੀਵਾਦ ਨੂੰ ਮਜ਼ਬੂਤ ਕੀਤਾ ਜਾਵੇ।

No comments:

Post a Comment