Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Monday 21 August 2017

ਗੁੰਡਿਆਂ ਵਲੋਂ ਪਿੰਡ ਟਪਿਆਲਾ 'ਚ ਮਜ਼ਦੂਰ ਦੇ ਕੀਤੇ ਕਤਲ ਦੀ ਨਿਖੇਧੀ


ਜਲੰਧਰ 21 ਅਗਸਤ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪੰਜਾਬ ਇਕਾਈ ਵਲੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਟਪਿਆਲਾ ਵਿਖੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਬੇਦਖ਼ਲ ਕਰਨ ਲਈ ਪੁਲਸ ਤੇ ਸਥਾਨਕ ਪ੍ਰਸ਼ਾਸ਼ਨ ਦੀ ਮਿਲੀਭੁਗਤ ਨਾਲ ਸੈਂਕੜਿਆਂ ਦੀ ਤਦਾਦ ਵਿਚ ਇਕੱਠੇ ਹੋ ਕੇ ਗੁਡਿਆਂ ਵਲੋਂ ਕੀਤੇ ਗਏ ਹਮਲੇ ਦੀ ਸਖਤ ਨਿਖੇਧੀ ਕੀਤੀ ਹੈ। ਇਸ ਦੌਰਾਨ ਚਲਾਈ ਗਈ ਗੋਲੀ ਵਿਚ ਇਕ ਮਜ਼ਦੂਰ ਸੁੱਖਦੇਵ ਸਿੰਘ ਸੁੱਖਾ ਦੀ ਮੌਤ ਹੋ ਗਈ ਹੈ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਕਮੇਟੀ ਮੈਂਬਰ ਸਾਹਿਬ ਸਿੰਘ ਸਮੇਤ ਕਈ ਹੋਰ ਸਖਤ ਜ਼ਖਮੀ ਹੋ ਗਏ ਹਨ। ਇਨ੍ਹਾਂ ਗੁੰਡਿਆਂ ਨੇ ਇਨ੍ਹਾਂ ਮਜ਼ਦੂਰਾਂ ਦੇ ਘਰਾਂ ਨੂੰ ਢਾਹ ਦਿੱਤਾ ਅਤੇ ਉਨ੍ਹਾਂ ਦਾ ਸਮਾਨ ਵੀ ਲੁੱਟ ਕੇ ਲੈ ਗਏ ਹਨ। ਪਾਰਟੀ ਨੇ ਸਰਕਾਰ ਤੋਂ ਹਮਲਾਵਰਾਂ ਵਿਰੁੱਧ ਕੇਸ ਦਰਜ ਕਰਨ ਉਨ੍ਹਾਂ ਨੂੰ ਫੌਰੀ ਤੌਰ 'ਤੇ ਗ੍ਰਿਫਤਾਰ ਕਰਨ ਅਤੇ ਮਾਰੇ ਗਏ ਮਜ਼ਦੂਰ ਦੇ ਪਰਿਵਾਰ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦੇਣ, ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਅਤੇ ਜਖਮੀ ਮਜ਼ਦੂਰਾਂ ਦੇ ਮੁਫ਼ਤ ਇਲਾਜ ਤੇ ਢੁਕਵਾਂ ਮੁਆਵਜ਼ਾ ਦੇਣ, ਢਾਹੇ ਘਰਾਂ ਤੇ ਲੁੱਟੇ ਸਮਾਨ ਦੀ ਭਰਪਾਈ ਕਰਨ ਦੀ ਮੰਗ ਕੀਤੀ ਹੈ।
ਸੂਬਾ ਸਕੱਤਰੇਤ ਮੈਂਬਰ ਰਤਨ ਸਿੰਘ ਰੰਧਾਵਾ ਨੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਪਾਰਟੀ ਸਕੱਤਰੇਤ ਨੇ ਇਨ੍ਹਾਂ ਮਜ਼ਦੂਰਾਂ 'ਤੇ ਹੋਏ ਹਮਲੇ ਉਤੇ ਗੰਭੀਰ ਨਾਲ ਚਿੰਤਾ ਪ੍ਰਗਟ ਕੀਤੀ ਅਤੇ ਸਖਤ ਰੋਸ ਦਾ ਇਜਹਾਰ ਕੀਤਾ ਹੈ। ਇੱਥੇ ਇਹ ਵਰਣਨਯੋਗ ਹੈ ਕਿ ਪੰਜਾਬ ਸਰਕਾਰ ਨੇ 1974 ਵਿਚ ਇੰਦਰਾ ਗਾਂਧੀ ਆਵਾਸ ਯੋਜਨਾ ਅਧੀਨ ਇਹ ਪਲਾਟ ਇਨ੍ਹਾਂ ਮਜ਼ਦੂਰਾਂ ਨੂੰ ਅਲਾਟ ਕੀਤੇ ਸਨ, ਜਿਸ ਉਤੇ ਇਹ ਬਾਕਾਇਦਾ ਘਰ ਬਣਾਕੇ ਲਗਭਗ ਚਾਰ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਰਹਿ ਰਹੇ ਹਨ। ਪਿਛਲੇ ਸਮੇਂ ਵਿਚ ਕੁੱਝ ਲੋਕਾਂ ਵਲੋਂ ਇਸ ਜ਼ਮੀਨ 'ਤੇ ਕਬਜ਼ਾ ਕਰਨ ਦਾ ਯਤਨ ਕੀਤਾ ਗਿਆ ਸੀ। ਜਿਸਨੂੰ ਉਨ੍ਹਾਂ ਨੇ ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਵਿਚ ਆਪਣੇ ਸੰਘਰਸ਼ ਰਾਹੀਂ ਨਾਕਾਮ ਕਰ ਦਿੱਤਾ ਸੀ।
ਬੀਤੇ ਕੱਲ ਸੈਂਕੜਿਆਂ ਦੀ ਤਾਦਾਦ ਵਿਚ ਇਕੱਠੇ ਹੋ ਕੇ ਇਨ੍ਹਾਂ ਗੁੰਡਾ ਅਨਸਰਾਂ ਨੇ ਸਥਾਨਕ ਪੁਲਸ ਅਤੇ ਪ੍ਰਸ਼ਾਸ਼ਨ ਦੀ ਨੰਗੀ ਚਿੱਟੀ ਸ਼ਹਿ ਨਾਲ ਮਜ਼ਦੂਰਾਂ 'ਤੇ ਹਮਲਾ ਕਰ ਦਿੱਤਾ ਅਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਜਿਸ ਵਿਚ ਇਕ ਮਜ਼ਦੂਰ ਸੁੱਖਾ ਸਿੰਘ ਦੀ ਮੌਤ ਹੋ ਗਈ ਅਤੇ ਕਈ ਹੋਰ ਸਖਤ ਜ਼ਖ਼ਮੀ ਹੋ ਗਏ।
ਸਾਥੀ ਰੰਧਾਵਾ ਨੇ ਇਸ ਹਮਲੇ ਦੀ ਸਖਤ ਨਿਖੇਧੀ ਕਰਦੇ ਹੋਏ ਪਾਰਟੀ ਵਲੋਂ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਉਹ ਸਿੱਧਾ ਦਖਲ ਦੇ ਕੇ ਦਹਾਕਿਆਂ ਤੋਂ ਸਰਕਾਰ ਵਲੋਂ ਬਾਕਾਇਦਾ ਰੂਪ ਵਿਚ ਅਲਾਟ ਪਲਾਟਾਂ 'ਤੇ ਮਜ਼ਦੂਰਾਂ ਦਾ ਕਬਜ਼ਾ ਕਾਇਮ ਰੱਖਣ ਨੂੰੂ ਯਕੀਨੀ ਬਨਾਉਣ। ਹਮਲਾਵਰਾਂ 'ਤੇ ਫੌਰੀ ਰੂਪ ਵਿਚ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਮਾਰੇ ਗਏ ਮਜ਼ਦੂਰ ਦੇ ਪਰਿਵਾਰ ਨੂੰ 5 ਲੱਖ ਰੁਪਏ ਅਤੇ ਜਖ਼ਮੀ ਮਜ਼ਦੂਰਾਂ ਦੇ ਮੁਫ਼ਤ ਇਲਾਜ ਦੇ ਨਾਲ ਨਾਲ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ। ਆਰਥਕ ਰੂਪ ਵਿਚ ਕਮਜ਼ੋਰ ਇਨ੍ਹਾਂ ਮਜ਼ਦੂਰਾਂ ਨੂੰ ਢਾਹੇ ਗਏ ਘਰਾਂ ਨੂੰ ਮੁੜ ਉਸਾਰਨ ਅਤੇ ਲੁੱਟੇ ਗਏ ਸਮਾਨ ਲਈ ਵੀ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਪਾਰਟੀ ਇਕਾਈਆਂ ਨੂੰ ਇਸ ਸੰਘਰਸ਼ ਵਿਚ ਹਰ ਸੰਭਵ ਮਦਦ ਦੇਣ ਅਤੇ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿਚ ਇਸ ਸੰਘਰਸ਼ ਨੂੰ ਵਿਆਪਕ ਬਨਾਉਂਦੇ ਹੋਏ ਹੋਰ ਤਿੱਖਾ ਕੀਤੇ ਜਾਣ ਦਾ ਵੀ ਸੱਦਾ ਦਿੱਤਾ।

(ਰਤਨ ਸਿੰਘ ਰੰਧਾਵਾ)

No comments:

Post a Comment