Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Saturday 26 August 2017

ਪੰਚਕੂਲਾ ਅਤੇ ਹੋਰਨਾ ਥਾਵਾਂ ਦਾ ਘਟਨਾਕ੍ਰਮ ਭਾਜਪਾ ਵਲੋਂ ਧਰਮ ਤੇ ਰਾਜਨੀਤੀ ਰਲਗੱਡ ਕਰਨ ਦਾ ਹੀ ਸਿੱਟਾ

ਜਲੰਧਰ 26 ਅਗਸਤ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਡੇਰਾ ਸੱਚਾ ਸੌਦਾ (ਸਿਰਸਾ) ਦੇ ਮੁਖੀ ਨੂੰ ਬਲਾਤਕਾਰ ਦੇ ਕੇਸ ਵਿਚ ਵਿਸ਼ੇਸ਼ ਸੀ.ਬੀ.ਆਈ. ਕੋਰਟ ਵਲੋਂ ਦੋਸ਼ੀ ਨਾਮਜ਼ਦ ਕਰਕੇ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਪੰਚਕੂਲਾ, ਸਿਰਸਾ ਤੇ ਹਰਿਆਣੇ ਦੇ ਦੁੂਸਰੇ ਸ਼ਹਿਰਾਂ, ਪੰਜਾਬ, ਯੂ.ਪੀ, ਰਾਜਸਥਾਨ ਤੇ ਦਿੱਲੀ ਵਿਚ ਡੇਰੇ ਦੇ ਪੈਰੋਕਾਰਾਂ ਵਲੋਂ ਕੀਤੀਆਂ ਗਈਆਂ ਹਿੰਸਕ ਤੇ ਅੱਗਜਨੀ ਦੀਆਂ ਕਾਰਵਾਈਆਂ, ਸਰਕਾਰੀ ਤੇ ਨਿੱਜੀ ਜਾਇਦਾਦ ਨੂੰ ਪਹੁੰਚਾਏ ਭਾਰੀ ਨੁਕਸਾਨ ਦੀਆਂ ਘਟਨਾਵਾਂ ਦੀ ਪੁਰਜੋਰ ਨਿਖੇਧੀ ਕਰਦੀ ਹੈ ਅਤੇ ਇਨ੍ਹਾਂ ਕਾਰਵਾਈਆਂ ਦੇ ਸਿੱਟੇ ਵਜੋਂ 3 ਦਰਜਨ ਦੇ ਕਰੀਬ ਹੋਈਆਂ ਮੌਤਾਂ ਉਪਰ ਡੂੰਘੇ ਅਫਸੋਸ ਅਤੇ ਚਿੰਤਾ ਦਾ ਪ੍ਰਗਟਾਵਾ ਕਰਦੀ ਹੈ। ਇਹ ਪ੍ਰਗਟਾਵਾ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਵਲੋਂ ਜਾਰੀ ਕੀਤੇ ਇੱਕ ਲਿਖਤੀ ਬਿਆਨ 'ਚ ਕੀਤਾ ਗਿਆ। ਪਾਸਲਾ ਨੇ ਅੱਗੇ ਕਿਹਾ ਹੈ ਕਿ ਇਹ ਮੰਦਭਾਗੀਆਂ ਘਟਨਾਵਾਂ ਲਈ ਹਰਿਆਣਾ ਦੀ ਖੱਟੜ ਸਰਕਾਰ ਵੀ ਪੂਰੀ ਤਰ੍ਹਾਂ ਜਿੰਮੇਵਾਰ ਹੈ ਜਿਸਨੇ ਸਵਾਰਥੀ ਰਾਜਨੀਤਕ ਹਿਤਾਂ ਦੀ ਪੂਰਤੀ ਲਈ ਡੇਰਾ ਮੁਖੀ ਦੇ ਅਦਾਲਤੀ ਫੈਸਲੇ ਦੇ ਮੱਦੇਨਜ਼ਰ ਵਾਪਰਨ ਵਾਲੀਆਂ ਸੰਭਾਵਿਤ ਅਣਸੁਖਾਵੀਆਂ ਘਟਨਾਵਾਂ ਨੂੰ ਰੋਕਣ ਲਈ ਨਾ ਤਾਂ ਲੋੜੀਦੇ ਪ੍ਰਸ਼ਾਸਕੀ ਕਦਮ ਚੁੱਕੇ ਤੇ ਨਾ ਹੀ ਰਾਜਨੀਤਕ ਇਛਾਸ਼ਕਤੀ ਦਿਖਾਈ। ਜਿਸਦੇ ਸਿਟੇ ਵਜੋਂ ਇਹ ਸਾਰਾ ਘਟਨਾਕ੍ਰਮ ਵਾਪਰਿਆ ਹੈ।
ਸਾਥੀ ਪਾਸਲਾ ਨੇ ਸਮੁਚੇ ਦੇੇਸ਼, ਖਾਸਕਰ ਪੰਜਾਬ, ਹਰਿਆਣਾ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਹਰ ਕੀਮਤ ਉਤੇ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਵਾਪਰਨ ਤੋਂ ਰੋਕਣ ਲਈ ਅੱਗੇ ਆਉਣ ਅਤੇ ਆਪਸੀ ਭਾਈਚਾਰਾ ਤੇ ਸ਼ਾਂਤੀ ਬਣਾਈ ਰੱਖਣ। ਧਰਮ ਤੇ ਰਾਜਨੀਤੀ ਨੂੰ ਰਲਗੱਡ ਕਰਨ ਨਾਲ ਸਮੁਚੇ ਸਮਾਜ ਤੇ ਖਾਸਕਰ ਭਾਈਚਾਰਕ ਏਕਤਾ ਨੂੰ ਕਿੰਨਾ ਨੁਕਸਾਨ ਹੁੰਦਾ ਹੈ, ਇਨ੍ਹਾਂ ਘਟਨਾਵਾਂ ਕਾਰਨ ਇਕ ਵਾਰ ਫਿਰ ਸਪਸ਼ਟ ਹੋ ਗਿਆ ਹੈ।  ਭਾਜਪਾ ਧਰਮ ਤੇ ਰਾਜਨੀਤੀ ਰਲਗੱਡ ਕਰਕੇ ਇਹੀ ਅਮਲ ਦੇਸ਼ ਪੱਧਰ ਉਪਰ ਅਜਮਾਉੁਣਾ ਚਾਹੁੰਦੀ ਹੈ, ਜਿਸ ਵਿਰੁੱਧ ਸਾਰੇ ਦੇਸ਼ਵਾਸੀਆਂ ਨੂੰ ਇਕਜੁੱਟ ਹੋਣ ਦੀ ਲੋੜ ਹੈ। ਸਾਥੀ ਪਾਸਲਾ ਨੇ ਭਾਜਪਾ ਐਮ.ਪੀ. ਸ਼ਾਕਸ਼ੀ ਮਹਾਰਾਜ ਦੇ ਬਿਆਨ ਦੀ ਵੀ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ, ਜਿਸਨੇ ਬੜੀ ਬੇਸ਼ਰਮੀ ਨਾਲ ਔਰਤਾਂ ਵਿਰੁੱਧ ਕੀਤੇ ਗਏ ਕੁਕਰਮਾਂ ਕਾਰਨ ਸੱਚਾ ਸੌਦਾ ਮੁਖੀ ਨੂੰ ਹੋਈ ਸਜ਼ਾ ਦੇ ਸੰਦਰਭ ਵਿਚ ਬਲਾਤਕਾਰ ਵਰਗੇ ਘਿਨਾਉਣੇ ਪਾਪ ਨੂੰ ਧਾਰਮਿਕ ਸ਼ਰਧਾ ਹੇਠ ਕੱਜਣ ਦੀ ਕੋਸਿਸ਼ ਕੀਤੀ ਹੈ। ਆਰ.ਐਮ.ਪੀ.ਆਈ. ਨੇ ਡੇਰੇ ਨਾਲ ਜੁੜੇ ਲੱਖਾਂ ਲੋਕਾਂ ਨੂੰ ਵੀ ਸ਼ਾਂਤ ਰਹਿਣ, ਤਰਕ ਨਾਲ ਸੋਚਣ ਅਤੇ ਝੁੂਠ ਨੂੰ ਸਮਝਣ ਦੀ ਵੀ ਅਪੀਲ ਕੀਤੀ ਹੈ।

(ਮੰਗਤ ਰਾਮ ਪਾਸਲਾ)

No comments:

Post a Comment