Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Wednesday 9 August 2017

ਸੁਭਾਸ਼ ਬਰਾਲਾ ਦੇ ਲੜਕੇ ਵਲੋਂ ਕੀਤੀ ਛੇੜਛਾੜ ਤੇ ਅਗਵਾ ਕਰਨ ਦੀ ਕੋਸ਼ਿਸ਼ ਕਰਨ ਦੀ ਸਖਤ ਸ਼ਬਦਾਂ 'ਚ ਨਿਖੇਧੀ

ਜਲੰਧਰ 9 ਅਗਸਤ- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਨੇ ਹਰਿਆਣਾ ਭਾਜਪਾ ਦੇ ਪ੍ਰਧਾਨ ਸੁਭਾਸ਼ ਬਰਾਲਾ ਦੇ ਲੜਕੇ ਵਲੋਂ ਇਕ ਆਈਏਐਸ ਅਫਸਰ ਦੀ ਬੇਟੀ ਨਾਲ ਛੇੜਛਾੜ ਤੇ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਦੀ ਸਖਤ ਨਿਖੇਧੀ ਕਰਦਿਆਂ ਮੰਗ ਕੀਤੀ ਹੈ ਕਿ ਸੁਭਾਸ਼ ਬਰਾਲਾ ਨੂੰ ਭਾਰਤੀ ਜਨਤਾ ਪਾਰਟੀ ਉਸ ਦੇ ਅਹੁਦੇ ਤੋਂ ਫੌਰੀ ਤੌਰ 'ਤੇ ਬਰਖਾਸਤ ਕਰੇ।
ਆਈਏਐਸ ਅਫਸਰ ਦੀ ਬੇਟੀ ਵਰਣਿਕਾ ਕੰਡੂ ਨਾਲ ਵਾਪਰੀ ਇਸ ਖੌਫ਼ਨਾਕ ਘਟਨਾ ਨੂੰ ਭਾਰਤੀ ਜਨਤਾ ਪਾਰਟੀ ਦੀ ਔਰਤਾਂ ਪ੍ਰਤੀ ਪਹੁੰਚ ਦੀ ਇਕ ਝਲਕ ਮਾਤਰ ਕਰਾਰ ਦਿੰਦਿਆਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਹੈ ਕਿ ਮਨੂੰ ਦੀ ਔਲਾਦ ਆਰ.ਐਸ.ਐਸ. ਦੇ ਪੈਰੋਕਾਰ ਭਾਜਪਾ ਆਗੂ ਅੱਜ ਵੀ ਔਰਤ ਨੂੰ ਗੁਲਾਮ ਬਣਾ ਕੇ ਰੱਖਣ ਦੇ ਹਾਮੀ ਹਨ ਅਤੇ ਉਸਨੂੰ ਸਿਰਫ ਇਕ ਮਨਪ੍ਰਚਾਵੇ ਦਾ ਜਰੀਆ ਹੀ ਸਮਝਦੇ ਹਨ। ਇਹੀ ਕਾਰਨ ਹੈ ਕਿ ਸੁਭਾਸ਼ ਬਰਾਲਾ ਦੇ ਲੜਕੇ ਵਿਕਾਸ ਤੇ ਉਸ ਦੇ ਦੋਸਤ ਵਲੋਂ ਕੀਤੀ ਗਈ ਗੁੰਡਾਗਰਦੀ ਦਾ ਵਿਰੋਧ ਕਰਨ ਦੀ ਬਜਾਇ ਉਸਦੇ ਆਗੂ ਇਹ ਕਹਿਣ ਤੱਕ ਚਲੇ ਗਏ ਕਿ ਅੱਧੀ ਰਾਤ ਨੂੰ ਪੀੜਤ ਲੜਕੀ ਘਰੋਂ ਬਾਹਰ ਕੀ ਕਰ ਰਹੀ ਸੀ।
ਸਾਥੀ ਪਾਸਲਾ ਨੇ ਚੰਡੀਗੜ੍ਹ ਪੁਲਸ ਵਲੋਂ ਇਸ ਮਾਮਲੇ ਨੂੰ ਰਫਾ ਦਫਾ ਕਰਨ ਲਈ ਨਿਭਾਏ ਗਏ ਰੋਲ ਦੀ ਵੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪੁਲਸ ਦਾ ਇਹ ਕਹਿਣਾ ਕਿ ਰਸਤੇ ਵਿਚਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਨਹੀਂ ਮਿਲੀ ਤੇ ਬਾਅਦ ਵਿਚ ਮੀਡੀਆ ਦੇ ਜਬਰਦਸਤ ਦਬਾਅ ਬਾਅਦ ਉਸੇ ਫੁਟੇਜ਼ ਦਾ ਸਾਹਮਣੇ ਆਉਣਾ ਇਹੋ ਦਰਸਾਉਂਦਾ ਹੈ ਕਿ ਪੁਲਸ ਆਪਣੇ ਸਿਆਸੀ ਆਕਾਵਾਂ ਦੀ ਰਾਖੀ ਹੀ ਕਰਦੀ ਹੈ, ਉਸ ਨੂੰ ਕਾਨੂੰਨ ਵਿਵਸਥਾ ਜਾਂ ਕਦਰਾਂ ਕੀਮਤਾਂ ਦੀ ਪਰਵਾਹ ਨਹੀਂ।
ਸਾਥੀ ਮੰਗਤ ਰਾਮ ਪਾਸਲਾ ਨੇ ਮੰਗ ਕੀਤੀ ਕਿ ਵਿਕਾਸ ਬਰਾਲਾ ਤੇ ਉਸਦੇ ਦੋਸਤ ਵਿਰੁੱਧ ਕਾਨੂੰਨ ਦੀ ਸਖਤ ਧਾਰਾਵਾਂ ਅਧੀਨ ਕੇਸ ਦਰਜ ਕਰਕੇ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਸਖਤ ਤੇ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਅੱਗੋਂ ਤੋਂ ਕੋਈ ਹੋਰ ਬੁਰਛਾਗਰਦ ਅਜਿਹੀ ਹਿਮਾਕਤ ਕਰਨ ਦੀ ਜੁਅਰਤ ਨਾ ਕਰ ਸਕੇ। ਪੀੜਤ ਲੜਕੀ ਵਲੋਂ ਆਪਣੀ ਫੇਸਬੁੱਕ 'ਤੇ ਕੀਤੀ ਗਈ ਇਸ ਟਿੱਪਣੀ ਨਾਲ, ਕਿ ਮੈਂ ਖੁਸ਼ਕਿਸਮਤ ਹਾਂ ਕਿ ਮੈਂ ਇਕ ਸਧਾਰਨ ਵਿਅਕਤੀ ਦੀ ਧੀ ਨਹੀਂ, ਸਹਿਮਤੀ ਜਤਾਉਂਦਿਆਂ ਸਾਥੀ ਪਾਸਲਾ ਨੇ ਕਿਹਾ ਕਿ ਇਹ ਗੱਲ ਬਿਲਕੁਲ ਸਹੀ ਹੈ ਕਿ ਜੇ ਇਹ ਲੜਕੀ ਕਿਸੇ ਆਮ ਵਿਅਕਤੀ ਦੀ ਧੀ ਹੁੰਦੀ ਤਾਂ ਇਹ ਮਾਮਲਾ ਆਪਣੀ ਮੌਤ ਆਪ ਹੀ ਮਾਰਿਆ ਜਾਣਾ ਸੀ।
ਸਾਥੀ ਮੰਗਤ ਰਾਮ ਪਾਸਲਾ ਨੇ ਇਸ ਮੌਕੇ ਖੱਬੀਆਂ ਧਿਰਾਂ, ਖਾਸਕਰ ਆਰ.ਐਮ.ਪੀ.ਆਈ. ਦੇ ਕਾਡਰ ਨੂੰ ਸੱਦਾ ਦਿੱਤਾ ਹੈ ਕਿ ਉਹ ਅਜਿਹਾ ਮਾਹੌਲ ਸਿਰਜਣ ਲਈ ਖੁੱਲ੍ਹ ਕੇ ਮੈਦਾਨ 'ਚ ਨਿੱਤਰਨ ਜਿਸ ਵਿਚ ਇਸ ਦੇਸ਼ ਦੀ ਹਰ ਧੀ ਬਿਨਾਂ ਕਿਸੇ ਭੈਅ ਦੇ ਵਿਚਰ ਸਕੇ।
ਜਾਰੀ ਕਰਤਾ

(ਗੁਰਨਾਮ ਸਿੰਘ ਦਾਊਦ)

No comments:

Post a Comment