Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Saturday 3 December 2016

ਖ਼ਤਮ ਹੋ ਰਹੀ ਹੈ ਰਾਜਸੀ ਨੇਤਾਵਾਂ ’ਚੋਂ ਸੰਵੇਦਨਸ਼ੀਲਤਾ

Punjabi Tribune, December 3, 2016 
ਮੰਗਤ ਰਾਮ ਪਾਸਲਾ
ਸਵੇਦਨਸ਼ੀਲਤਾ ਹਰ ਚੰਗੇ ਇਨਸਾਨ ਦੀ ਖ਼ਾਸੀਅਤ ਹੈ। ਕਿਸੇ ਵੀ ਰੰਗ ਦੇ ਆਰਥਿਕ ਢਾਂਚੇ ਤੇ ਸਮਾਜ ਵਿੱਚੋਂ ਜੇਕਰ ਇਹ ਗੁਣ ਮਨਫ਼ੀ ਹੋ ਰਿਹਾ ਹੈ, ਤਾਂ ਸਮਝੋਂ ਉਸ ਦਾ ਪਤਨ ਹੋ ਰਿਹਾ ਹੈ। ਵੈਸੇ ਤਾਂ ਜਿਸ ਪ੍ਰਬੰਧ ਵਿੱਚ ਸਭ ਤੋਂ ਵੱਡੀ ਚੀਜ਼ ਪੈਸਾ ਹੀ ਬਣ ਜਾਂਦਾ ਹੈ, ਉਥੇ ਸੰਵੇਦਨਸ਼ੀਲਤਾ ਤੇ ਮਨੁੱਖੀ ਕਦਰਾਂ ਕੀਮਤਾਂ ਦਾ ਘਾਣ ਹੋਣਾ ਕੁਦਰਤੀ ਹੈ, ਪਰੰਤੂ ਇਸ ਦੀ ਵੀ ਇੱਕ ਸੀਮਾ ਮਿੱਥੀ ਜਾ ਸਕਦੀ ਹੈ। ਅਫ਼ਸੋਸ ਇਹ ਹੈ ਕਿ ਭਾਰਤ ਵਿੱਚ ਇਸ ’ਚ ਹਰ ਪਲ ਵਾਧਾ ਹੋ ਰਿਹਾ ਹੈ। ਇਸ ਘਾਟ ਲਈ ਮੁੱਖ ਰੂਪ ਵਿੱਚ ਸਾਡਾ ਆਰਥਿਕ ਤੇ ਰਾਜਨੀਤਕ ਢਾਂਚਾ ਤੇ ਇਸ ਦੇ ਚਾਲਕ ਹੁਕਮਰਾਨ, ਜ਼ਿੰਮੇਵਾਰ ਹਨ, ਪਰ ਉਪਰਲੇ ਹਿੱਸੇ ਵਿੱਚ ਪਸਰ ਰਹੀ ਇਸ ਬਿਮਾਰੀ ਨੇ ਸਾਰੇ ਸਮਾਜ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ।
ਸੰਵੇਦਨਸ਼ੀਲਤਾ ਦੇ ਅਲੋਪ ਹੋਣ ਨਾਲ ਅਸਹਿਣਸ਼ੀਲਤਾ, ਧਰਮ ਨਿਰਪੱਖਤਾ ਤੇ ਲੋਕ ਰਾਜੀ ਕਦਰਾਂ ਕੀਮਤਾਂ ਨੂੰ ਵੀ ਭਾਰੀ ਢਾਅ ਲੱਗਦੀ ਹੈ। ਜਦੋਂ ਤੁਸੀਂ ਸਿਰਫ਼ ਤੇ ਸਿਰਫ਼ ਆਪਣੇ ਸਵਾਰਥੀ ਹਿੱਤਾਂ ਲਈ ਹੀ ਸੋਚਦੇ ਹੋ ਤੇ ਸਮਾਜ ਜਾਂ ਦੂਸਰੇ ਵਿਅਕਤੀ ਦੀ ਕੋਈ ਫ਼ਿਕਰ ਹੀ ਨਹੀਂ ਕਰਦੇ ਤਾਂ ਕੋਈ ਵੀ ਘਟਨਾ ਜੋ ਮਨੁੱਖ ਨੂੰ ਪੀੜਾ ਦਿੰਦੀ ਹੈ, ਸਾਡੀਆਂ ਸੂਖ਼ਮ ਗਿਆਨ ਇੰਦਰੀਆਂ ਉਪਰ ਕੋਈ ਪ੍ਰਭਾਵ ਨਹੀਂ ਪੈਂਦਾ।
ਦੇਸ਼ ਦੇ ਕਰੋੜਾਂ ਬੱਚੇ ਕੁਪੋਸ਼ਣ ਤੇ ਬਿਮਾਰੀਆਂ ਦਾ ਸ਼ਿਕਾਰ ਹਨ। ਉਨ੍ਹਾਂ ਦੇ ਮਾਪੇ ਸਾਧਨਾਂ ਦੀ ਅਣਹੋਂਦ ਕਾਰਨ ਨਾ ਉਨ੍ਹਾਂ ਦਾ ਚੰਗੀ ਤਰ੍ਹਾਂ ਪਾਲਣ ਪੋਸ਼ਣ ਕਰ ਸਕਦੇ ਹਨ ਤੇ ਨਾ ਹੀ ਯੋਗ ਵਿੱਦਿਆ ਦੇ ਸਕਦੇ ਹਨ। ਬੇਕਾਰੀ ਦੇ ਪੁੜਾਂ ਥੱਲੇ ਪਿਸ ਰਹੇ ਲੋਕ ਦੋ ਸਮੇਂ ਦੀ ਰੋਟੀ ਤੋਂ ਆਤੁਰ ਹੋ ਰਹੇ ਹਨ ਤੇ ਅਨੇਕਾਂ ਪੇਟ ਭਰਨ ਵਾਸਤੇ ਗ਼ੈਰ-ਸਮਾਜੀ ਕੰਮਾਂ ਵਿੱਚ ਲਿਪਤ ਹੋ ਰਹੇ ਹਨ। ਹਰ ਰੋਜ਼ ਸਮੁੱਚੇ ਦੇਸ਼ ਨਾਲ ਦੂਸਰੇ ਪ੍ਰਾਤਾਂ ਦੇ ਮੁਕਾਬਲੇ ਖੁਸ਼ਹਾਲ ਜਾਣੇ ਜਾਂਦੇ ਪੰਜਾਬ ਵਿੱਚ ਰੋਜ਼ਾਨਾ 2-4 ਮਜ਼ਦੂਰ, ਕਿਸਾਨ, ਛੋਟੇ ਦੁਕਾਨਦਾਰ ਆਤਮ ਹੱਤਿਆਵਾਂ ਕਰ ਰਹੇ ਹਨ। ਕਾਰਨ ਸਿਰ ਚੜ੍ਹਿਆ ਕਰਜ਼ਾ ਹੈ ਜਿਸ ਨੂੰ ਉਹ ਅਦਾ ਕਰਨ ਤੋਂ ਅਸਮਰੱਥ ਹਨ। ਸੜਕਾਂ ਉਪਰ ਹੋ ਰਹੀਆਂ ਦੁਰਘਟਨਾਵਾਂ ਦੀਆਂ ਖ਼ਬਰਾਂ ਪੜ੍ਹਕੇ ਹਰ ਇਨਸਾਨ ਦਾ ਦਿਲ ਕੁਰਲਾ ਉਠਦਾ ਹੈ। ਟੱਬਰਾਂ ਦੇ ਟੱਬਰ ਮੁੱਕ ਰਹੇ ਹਨ। ਇਸ ਲਈ ਕਾਰਨ ਭਾਵੇਂ ਕੋਈ ਮਿੱਥੀ ਜਾਈਏ, ਮੁੱਖ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ ਕਿ ਉਹ ਇਸ ਮੌਤ ਦੇ ਤਾਂਡਵ ਨਾਚ ਨੂੰ ਰੋਕਣ ਲਈ ਅਸਰਦਾਇਕ ਕਦਮ ਚੁੱਕੇ। ਪੀਣ ਯੋਗ ਪਾਣੀ ਦੀ ਚਿੰਤਾ ਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਦੇ ਘਟਣ ਨਾਲ ਮਨ ਕੰਬ ਉੱਠਦਾ ਹੈ। ਜਾਪਦਾ ਹੈ ਕਿ ਨੌਜੁਆਨ ਪੀੜ੍ਹੀ ਕੁਝ ਸਮੇਂ ਬਾਅਦ ਹੀ ਪੰਜਾਬ ਦੀ ਧਰਤੀ ਉਪਰ ਪਾਣੀ ਦੇ ਅਕਾਲ ਨੂੰ ਆਪਣੀਆਂ ਅੱਖਾਂ ਨਾਲ ਦੇਖੇਗੀ।
ਉਪਰੋਕਤ ਸਮੱਸਿਆਵਾਂ ਕੋਈ ਨਵੀਆਂ ਜਾਂ ਪਹਿਲੀ ਵਾਰ ਨਹੀਂ ਬਿਆਨੀਆਂ ਜਾ ਰਹੀਆਂ, ਪਰ ਸਭ ਤੋਂ ਵੱਧ ਫ਼ਿਕਰ ਇਹ ਹੈ ਕਿ ਦਿੱਲੀ ਤੇ ਚੰਡੀਗੜ੍ਹ ਦੇ ਹਾਕਮਾਂ ਕੋਲ ਇਨ੍ਹਾਂ ਮੁੱਦਿਆਂ ਬਾਰੇ ਵਿਚਾਰ ਕਰਨ ਦਾ ਵੀ ਸਮਾਂ ਨਹੀਂ ਹੈ। ਲਾਜ਼ਮੀ ਤੌਰ ’ਤੇ ਉਹ ਟੀ.ਵੀ. ਵੀ ਦੇਖਦੇ ਹੋਣਗੇ ਤੇ ਅਖ਼ਬਾਰਾਂ ਵੀ ਪੜ੍ਹਦੇ ਹੋਣਗੇ। ਆਪਣੀਆਂ ਮਸ਼ਹੂਰੀਆਂ ਤੇ ਸਿਫ਼ਤਾਂ ਪੜ੍ਹਨ ਦੇ ਨਾਲ-ਨਾਲ ਉਪਰ ਦੱਸੇ ਲੋਕਾਂ ਦਾ ਮੁੱਦਿਆਂ ਬਾਰੇ ਰੌਂਗਟੇ ਖੜ੍ਹੇ ਕਰਨ ਵਾਲੀਆਂ ਖ਼ਬਰਾਂ ਵੱਲ ਵੀ ਧਿਆਨ ਜ਼ਰੂਰ ਜਾਂਦਾ ਹੋਵੇਗਾ, ਪਰ ਉਹ ਪੂਰੀ ਤਰ੍ਹਾਂ ਗੈਰ ਸੰਵੇਦਨਸ਼ੀਲ ਹੋ ਗਏ ਹਨ। ਪੰਜਾਬੀ ਦੇ ਮਹਾਨ ਕਵੀ ਅਵਤਾਰ ਪਾਸ਼ ਨੇ ਗੈਰ ਸੰਵੇਦਨਸ਼ੀਲ ਵਿਅਕਤੀ ਬਾਰੇ ਲਿਖਿਆ ਹੈ :
‘‘ਕਿਰਤ ਦੀ ਲੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
ਪੁਲਸ ਦੀ ਕੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ।
ਗੱਦਾਰੀ-ਲੋਭ ਦੀ ਪੁਠ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ।
ਸਭ ਤੋਂ ਖ਼ਤਰਨਾਕ ਉਹ ਅੱਖ ਹੁੰਦੀ ਹੈ
ਜੋ ਸਭ ਦੇਖਦੀ ਹੋਈ ਵੀ ਠੰਢੀ ਯਖ ਹੁੰਦੀ ਹੈ।’’
ਸਾਡੀ ਰਾਜ ਕਰਦੀ ਜਮਾਤ ਦਾ ਆਪਣੇ ਲੋਕਾਂ ਦੀ ਦੁਰਦਸ਼ਾ ਦੇਖ ਕੇ ਵੀ ਦਿਲ ਨਹੀਂ ਪਸੀਜਦਾ ਜੋ ਸਭ ਤੋਂ ਵੱਧ ਖ਼ਤਰਨਾਕ ਹੈ। ਹਾਕਮ ਸਾਨੂੰ ਕਾਰਪੋਰੇਟ ਘਰਾਣਿਆਂ, ਬਹੁ ਕੌਮੀ ਕਾਰਪੋਰੇਸ਼ਨਾਂ ਤੇ ਧਨ ਕੁਬੇਰਾਂ ਦੀ ਮਾਲਕੀ ਵਾਲੀਆਂ ਉੱਚੀਆਂ ਇਮਾਰਤਾਂ, ਆਲੀਸ਼ਾਨ ਨਿੱਜੀ ਹਸਪਤਾਲ ਤੇ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਦਿਖਾ-ਦਿਖਾ ਕੇ ਹੀ ਦੇਸ਼ ਦੀ ਤਰੱਕੀ ਦੀ ਤੇਜ਼ ਰਫ਼ਤਾਰ ਦੱਸੀ ਜਾਂਦੇ ਹਨ। ਕੌਮੀ ਉਤਪਾਦ ਦੀਆਂ ਵਧਦੀਆਂ ਦਰਾਂ ਬਿਲਕੁਲ ਹੀ ਝੂਠੀਆਂ ਤੇ ਫਰੇਬੀ ਹਨ। ਉਦਾਹਰਣ ਦੇ ਤੌਰ ’ਤੇ ਮੰਨ ਲਓ ਕਿ ਇੱਕ ਅਮੀਰ ਵਿਅਕਤੀ ਦੀ ਆਮਦਨ ਇੱਕ ਲੱਖ ਰੁਪਏ ਅਤੇ ਇੱਕ ਦਿਹਾੜੀਦਾਰ ਮਜ਼ਦੂਰ ਦੀ 100 ਰੁਪਏ ਰੋਜ਼ਾਨਾ ਹੈ। ਜੇਕਰ ਦੋਨਾਂ ਦੀ ਆਮਦਨ ਦੇ ਆਧਾਰ ਉਤੇ ਔਸਤਨ ਕੌਮੀ ਉਤਪਾਦਨ ਮਾਪਣਾ ਹੋਵੇ ਤਾਂ ਇਹ 1 ਲੱਖ ਰੁਪਏ + 100 ਰੁਪਏ ਰੋਜ਼ਾਨਾ ਦੇ ਹਿਸਾਬ ਨਾਲ 50 ਹਜ਼ਾਰ 50 ਰੁਪਏ ਬਣ ਜਾਂਦਾ ਹੈ। ਇਸੇ ਫਾਰਮੂਲੇ ਨੂੰ ਜੇ ਦੇਸ਼ ਦੇ ਅਮੀਰ ਤੇ ਕਾਰਪੋਰੇਟ ਘਰਾਣਿਆਂ ਦੀ ਆਮਦਨ ਨੂੰ ਸਮੁੱਚੀ ਵਸੋਂ (ਲਗਭਗ 70%) ਦੀ ਆਮਦਨ ਨਾਲ ਜੋੜ ਕੇ ਔਸਤਨ ਆਮਦਨ ਤੇ ਉਤਪਾਦਨ ਕੱਢਿਆ ਜਾਵੇਗਾ ਤਾਂ ਇਹ ਨਿਰਾ ਧੋਖਾ ਨਹੀਂ ਤਾਂ ਹੋਰ ਕੀ ਹੈ? ਮਹਿੰਗਾਈ ਦੇ ਅੰਕੜੇ ਵੀ ਇਸੇ ਤਰ੍ਹਾਂ ਮਾਪੇ ਜਾਂਦੇ ਹਨ।
ਰਾਜਸੀ ਦਲ ਬਦਲੀ ਵੀ ਸੰਵੇਦਨਹੀਣਤਾ ਦੀ ਹੀ ਉਪਜ ਹੈ। ਰਾਜਨੀਤੀਵਾਨ ਬਜ਼ਾਰੂ ਮਾਲ ਦੀ ਤਰ੍ਹਾਂ ਵਿਕਣ ਲਈ ਤਿਆਰ ਖੜ੍ਹੇ ਹਨ। ‘ਗਊ ਰੱਖਿਆ’ ਦੇ ਨਾਂਅ ਉਪਰ ਥਾਂ-ਥਾਂ ਕਮੇਟੀਆਂ ਬਣੀਆਂ ਹੋਈਆਂ ਹਨ ਤੇ ਸਰਕਾਰ ਵੱਲੋਂ ਇਸ ਕੰਮ ਲਈ ਟੈਕਸ ਵੀ ਵਸੂਲਿਆ ਜਾਂਦਾ ਹੈ। ਅਵਾਰਾ ਗਊਆਂ ਜਿਨ੍ਹਾਂ ਨੇ ਕਦੀ ਦੁੱਧ ਨਹੀਂ ਦੇਣਾ ਤੇ ਨਾ ਹੀ ਸਮਾਜ ਦਾ ਕੁਝ ਸੁਆਰਨਾ ਹੈ, ਝੁੰਡਾਂ ਦੇ ਰੂਪ ਵਿੱਚ ਸੜਕਾਂ ’ਤੇ ਘੁੰਮ ਰਹੀਆਂ ਹਨ। ਜਦੋਂ ਇਹ ਕਿਸੇ ਕਿਸਾਨ ਦੇ ਖੇਤ ਵਿੱਚ ਜਾ ਵੜਦੀਆਂ ਹਨ ਤਾਂ ਉੱਥੇ ਫਿਰ ਪੱਕੀ ਕਣਕ ਵੱਢਣ ਲਈ ਕੰਬਾਈਨ ਦੀ ਜ਼ਰੂਰਤ ਮੁੱਕ ਜਾਂਦੀ ਹੈ। ਵਿਚਾਰੇ ਕਿਸਾਨ ਪੱਲੇ ਨਿਰਾਸ਼ਾ ਤੋਂ ਸਿਵਾਏ ਹੋਰ ਕੁਝ ਨਹੀਂ ਪੈਂਦਾ। ਇਨ੍ਹਾਂ ਅਵਾਰਾ ਪਸ਼ੂਆਂ ਕਾਰਨ ਹਾਦਸਿਆਂ ਨਾਲ ਰੋਜ਼ਾਨਾ ਹੀ ਦਰਜਨਾਂ ਬੰਦੇ ਮਰਦੇ ਹਨ ਜਾਂ ਜ਼ਖ਼ਮੀ ਹੁੰਦੇ ਹਨ,ਪਰ ਸਰਕਾਰਾਂ ਦੀ ਇਨਸਾਨਾਂ ਦੀ ਜ਼ਿੰਦਗੀਆਂ ਪ੍ਰਤੀ ਸੰਵੇਦਨਸ਼ੀਲਤਾ ਨਾਲੋਂ ਅਵਾਰਾ ਨਿਕੰਮੇ ਪਸ਼ੂਆਂ ਪ੍ਰਤੀ ਆਸਥਾ ਤੇ ਸੰਵੇਦਨਸ਼ੀਲਤਾ ਪ੍ਰਮੁੱਖ ਹੈ।
ਪੰਜ ਸੌ ਤੇ ਇੱਕ ਹਜ਼ਾਰ ਰੁਪਏ ਦੀ ਨੋਟਬੰਦੀ ਦਾ ਪ੍ਰਚਾਰ ਇੰਜ ਕੀਤਾ ਜਾ ਰਿਹਾ ਹੈ ਜਿਵੇਂ ਕੁਝ ਹੀ ਦਿਨਾਂ ਵਿੱਚ ਦੇਸ਼ ਵਿੱਚੋਂ ਸਾਰਾ ਕਾਲਾ ਧਨ ਤੇ ਭ੍ਰਿਸ਼ਟਾਚਾਰ ਗਾਇਬ ਹੋ ਜਾਵੇਗਾ ਤੇ ਲੋਕਾਂ ਨੂੰ ਰੁਜ਼ਗਾਰ, ਵਿੱਦਿਆ ਤੇ ਹੋਰ ਸਭ ਕੁਝ ਮਿਲ ਜਾਵੇਗਾ, ਜੋ ਲੋੜੀਂਦਾ ਹੈ। ਇਸ ਸਭ ਦੀ ਅਸਲੀਅਤ ਤਾਂ ਭਵਿੱਖ ਵਿੱਚ ਹੀ ਦੇਖੀ ਜਾਵੇਗੀ, ਪਰ ਹੁਣ ਬੈਂਕਾਂ ਸਾਹਮਣੇ ਆਪਣੇ ਹੀ ਪੈਸੇ ਲੈਣ ਲਈ ਲੋਕਾਂ ਦੀਆਂ ਲੰਬੀਆਂ ਕਤਾਰਾਂ ਵਿੱਚ ਲੰਮਾ ਸਮਾਂ ਖੜ੍ਹੇ ਰਹਿਣ ਕਾਰਨ ਸੌ ਦੇ ਕਰੀਬ ਲੋਕਾਂ ਦੇ ਮਰਨ ਦੀਆਂ ਘਟਨਾਵਾਂ ਨਰਿੰਦਰ ਮੋਦੀ ਤੇ ਨਾ ਹੀ ਪੰਜਾਬ ਦੀ ਅਕਾਲੀ ਦਲ-ਭਾਜਪਾ ਸਰਕਾਰ ਦੇ ਆਗੂਆਂ ਦੇ ਮਨਾਂ ਨੂੰ ਵਿਚਲਿਤ ਕਰਦੀਆਂ ਹਨ। ਇਨ੍ਹਾਂ ਕਤਾਰਾਂ ਵਿੱਚ ਕੋਈ ਕਾਲਾ ਧੰਦਾ ਕਰਨ ਵਾਲਾ ਵਿਅਕਤੀ ਜਾਂ ਕੋਈ ਧਨੀ ਵਿਅਕਤੀ ਖੜ੍ਹਾ ਨਜ਼ਰ ਨਹੀਂ ਆਉਂਦਾ, ਸਿਰਫ਼ ਦਿਹਾੜੀਦਾਰ, ਛੋਟੇ ਕਿਸਾਨ, ਦੁਕਾਨਦਾਰ ਤੇ ਆਮ ਆਦਮੀ ਹੀ ਨਜ਼ਰੀ ਪੈਂਦੇ ਹਨ, ਜਿਨ੍ਹਾਂ ਵਿੱਚੋਂ ਅਨੇਕਾਂ ਘੰਟਿਆਂ ਬੱਧੀ ਖੜ੍ਹੇ ਹੋ ਕੇ ਵੀ ਖਾਲੀ ਹੱਥੀਂ ਘਰਾਂ ਨੂੰ ਪਰਤ ਆਉਂਦੇ ਹਨ। ਕਾਂਗਰਸ ਤੇ ਦੂਸਰੀਆਂ ਰਾਜਸੀ ਪਾਰਟੀਆਂ ਦੇ ਕਾਰਜ ਕਾਲਾਂ ਵਿੱਚ ਵੀ ਆਮ ਲੋਕਾਂ ਦੀਆਂ ਮੁਸ਼ਕਲਾਂ ਪ੍ਰਤੀ ਸਰਕਾਰਾਂ ਦਾ ਵਤੀਰਾ ਹਮੇਸ਼ਾ ਹੀ ਗ਼ੈਰ ਸੰਵੇਦਨਸ਼ੀਲ ਰਿਹਾ ਹੈ। ਸਭ ਰਾਜਸੀ ਦਲਾਂ ਦਾ ਨਿਸ਼ਾਨਾ ਸਿਰਫ਼ ਸੱਤਾ ਹਾਸਲ ਕਰਨਾ ਹੀ ਬਣ ਗਿਆ ਹੈ ਜਿਸ ਵਿੱਚ ਸੰਵੇਦਨਸ਼ੀਲਤਾ ਦੀ ਬਲੀ ਦਿੱਤੀ ਹੀ ਜਾਣੀ ਹੈ। ਚੋਣਾਂ ਦੌਰਾਨ ਖ਼ਰਚਿਆ ਜਾਣ ਵਾਲਾ ਅਰਬਾਂ ਦਾ ਕਾਲਾ ਧਨ ਸੱਚੀ ਸੁੱਚੀ ਕਿਰਤ ਨਾਲ ਨਹੀਂ ਸਗੋਂ ਲੋਕਾਂ ਦੀ ਬੇਤਰਸ ਲੁੱਟ ਖਸੁੱਟ ਤੇ ਭ੍ਰਿਸ਼ਟਾਚਾਰ ਰਾਹੀਂ ਇਕੱਠਾ ਕੀਤਾ ਜਾਂਦਾ ਹੈ। ਚੋਣ ਜਿੱਤਣ ਲਈ ਖੜ੍ਹੇ ਕੀਤੇ ਜਾਣ ਵਾਲੇ ਉਮੀਦਵਾਰ ਦੇ ਗੁਣਾਂ ਦਾ ਪੈਮਾਨਾ ਵੀ ਉੱਚਾ ਸੁੱਚਾ ਕਿਰਦਾਰ, ਲੋਕਾਂ ਦੀ ਸੇਵਾ ਪ੍ਰਤੀ ਸਮਰਪਤ ਭਾਵਨਾ ਤੇ ਇਮਾਨਦਾਰੀ ਨਹੀਂ, ਬਲਕਿ ਹਰ ਕੀਮਤ ’ਤੇ ਸੀਟ ਜਿੱਤਣਾ ਹੀ ਬਣਾ ਦਿੱਤਾ ਗਿਆ ਹੈ।
ਕਿਸੇ ਵੱਡੇ ਰੇਲ ਹਾਦਸੇ ਦੇ ਵਾਪਰਨ ਨਾਲ ਹੇਠਲੇ ਕਰਮਚਾਰੀਆਂ ਨੂੰ ਬਲੀ ਦੇ ਬੱਕਰੇ ਬਣਾਉਣ ਤੋਂ ਬਿਨਾਂ ਕਦੀ ਸਬੰਧਤ ਮੰਤਰੀ ਘਟਨਾ ਦੀ ਜ਼ਿ਼ੰਮੇਵਾਰੀ ਆਪਣੇ ਸਿਰ ਲੈ ਕੇ ਅਸਤੀਫ਼ਾ ਨਹੀਂ ਦਿੰਦਾ। ਖੁਰਾਕੀ ਮਿਲਾਵਟ ਨਾਲ ਹੋਈਆਂ ਮੌਤਾਂ ਤੋਂ ਬਾਅਦ ਵੀ ਸਬੰਧਤ ਖੁਰਾਕ ਮੰਤਰੀ ਆਪਣੇ ਬਿਆਨਾਂ ਰਾਹੀਂ ਕੋਈ ਜ਼ਿੰਮਾ ਲੈਣ ਦੀ ਥਾਂ ਲੋਕਾਂ ਦੇ ਜ਼ਖ਼ਮਾਂ ’ਤੇ ਲੂਣ ਹੀ ਛਿੜਕਦਾ ਹੈ। ਕਿਸੇ ਦਲਿਤ, ਆਦਿਵਾਸੀ ਜਾਂ ਕਥਿਤ ਨੀਵੀਂ ਜਾਤੀਆਂ ਨਾਲ ਸਬੰਧਤ ਲੜਕੀਆਂ ਨਾਲ ਨਿਤ ਵਾਪਰ ਰਹੀਆਂ ਬਲਾਤਕਾਰ, ਕਤਲ ਤੇ ਹਰ ਤਰ੍ਹਾਂ ਦੇ ਜਬਰ ਦੀਆਂ ਵਾਰਦਾਤਾਂ ਵੀ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਕਿਸੇ ਦੂਸਰੇ ਨੇਤਾ ਦੀ ਅੱਖ ਵਿੱਚ ਹੰਝੂ ਨਹੀਂ ਲਿਆਉਂਦੀਆਂ। ਸ਼ਰਮਸਾਰ ਹੋਣ ਦਾ ਅਹਿਸਾਸ ਹੋਣਾ ਤਾਂ ਦੂਰ ਦੀ ਗੱਲ ਹੈ!
ਅਸੰਵੇਦਨਸ਼ੀਲ ਰਾਜ ਪ੍ਰਬੰਧ ਵਿੱਚ ਲੋਕਰਾਜੀ, ਧਰਮ ਨਿਰਪੱਖ ਤੇ ਮਾਨਵੀ ਕਦਰਾਂ ਕੀਮਤਾਂ ਦੇ ਪਸਰਨ ਤੇ ਮਜ਼ਬੂਤ ਹੋਣ ਦੀ ਥਾਂ ਤਾਨਾਸ਼ਾਹੀ, ਧਾਰਮਿਕ ਕੱਟੜਤਾ, ਅਸਹਿਣਸ਼ੀਲਤਾ ਅਤੇ ਗ਼ੈਰ ਸਮਾਜੀ ਵਰਤਾਰੇ ਹੀ ਪੈਦਾ ਹੋਣਗੇ। ਇਸ ਵੱਧ ਰਹੀ ਗ਼ੈਰ ਸੰਵੇਦਨਸ਼ੀਲਤਾ ਦਾ ਇਲਾਜ ਅਰਜ਼ੋਈਆਂ ਨਹੀਂ, ਬਲਕਿ ਹਾਕਮ ਧਿਰਾਂ ਵਿਰੁੱਧ ਬੇਕਿਰਕ ਸੰਘਰਸ਼ ਹੈ ਜਿਸ ਨਾਲ ਇਸ ਅਮਾਨਵੀ ਪ੍ਰਬੰਧ ਨੂੰ ਬੁਨਿਆਦੀ ਰੂਪ ਵਿੱਚ ਤਬਦੀਲ ਕੀਤਾ ਜਾ ਸਕੇ। ਇਹ ਕੰਮ ਵੀ ਸੰਵੇਦਨਸ਼ੀਲ ਵਿਅਕਤੀ, ਸੰਗਠਨ ਤੇ ਰਾਜਸੀ ਦਲ ਹੀ ਕਰ ਸਕਦੇ ਹਨ ਜਿਨ੍ਹਾਂ ਦੇ ਮਨਾਂ ਵਿੱਚ ਮਨੁੱਖਤਾ ਲਈ ਦਰਦ ਹੋਵੇ। ਦੁਨੀਆਂ ਤੇ ਭਾਰਤ ਦੇ ਸਾਰੇ ਮਹਾਨ ਵਿਅਕਤੀਆਂ ਵਿੱਚ ਸੰਵੇਦਨਸ਼ੀਲਤਾ ਬੁਨਿਆਦੀ ਗੁਣ ਰਿਹਾ ਹੈ। ਤਾਂ ਹੀ ਤਾਂ ਉਹ ਫਾਂਸੀ ਦੇ ਫੰਦਿਆਂ ਅਤੇ ਕਾਲੇ ਪਾਣੀ ਦੀਆਂ ਜੇਲ੍ਹਾਂ ਵਿੱਚ ਵੀ ਮੌਤ ਸਾਹਮਣੇ  ਮੁਸਕਰਾਉਂਦੇ ਰਹੇ। ਸੰਵੇਦਨਸ਼ੀਲਤਾ ਮਨੁੱਖ ਨੂੰ ਕੁਝ ਨਾ ਕੁਝ ਸਾਰਥਕ ਕਰਨ ਲਈ ਹਮੇਸ਼ਾ ਪ੍ਰੇਰਦੀ ਰਹਿੰਦੀ ਹੈ। ਆਓ, ਸਾਰੇ ਦੱਬੇ ਕੁਚਲੇ ਲੋਕ ਇਸ ਦਾ ਪੱਲਾ ਫੜੀਏ।
ਸੰਪਰਕ: 98141-82998 

No comments:

Post a Comment