Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Sunday 27 November 2016

ਆਰ ਐੱਮ ਪੀ ਆਈ ਵੱਲੋਂ ਫੀਦਲ ਕਾਸਟਰੋ ਨੂੰ ਸ਼ਰਧਾਂਜਲੀ


ਜਲੰਧਰ 26 ਨਵੰਬਰ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਨੇ ਵਿਸ਼ਵ ਕਮਿਊਨਿਸਟ ਲਹਿਰ ਦੇ ਮਹਾਨ ਆਗੂ ਅਤੇ ਕਿਊਬਾ ਦੇ ਸਮਾਜਵਾਦੀ ਇਨਕਲਾਬ ਦੇ ਮੋਢੀ ਸਾਥੀ ਫੀਦਲ ਕਾਸਟਰੋ ਦੇ ਸਦੀਵੀ ਵਿਛੋੜੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਇੱਥੇ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਅਮਰੀਕਨ ਸਾਮਰਾਜ ਅਤੇ ਦੂਸਰੇ ਸਾਮਰਾਜੀ ਮੁਲਕਾਂ ਨਾਲ ਪੂਰੀ ਦ੍ਰਿੜ੍ਹਤਾ ਨਾਲ ਮੁਕਾਬਲਾ ਕਰਨ ਵਾਲੇ ਇਸ ਮਹਾਨ ਕ੍ਰਾਂਤੀਕਾਰੀ ਦਾ ਵਿਛੋੜਾ ਸਮੁੱਚੇ ਵਿਸ਼ਵ ਦੀ ਕਮਿਊਨਿਸਟ ਲਹਿਰ ਲਈ ਇੱਕ ਵੱਡਾ ਘਾਟਾ ਹੈ। ਸਾਥੀ ਪਾਸਲਾ ਨੇ ਕਿਹਾ ਕਿ ਸਾਥੀ ਕਾਸਟਰੋ ਇੱਕ ਅਜਿਹੇ ਆਗੂ ਸਨ, ਜਿਨ੍ਹਾ ਨੇ ਪਹਿਲਾਂ ਆਪਣੇ ਸਾਥੀ ਮਹਾਨ ਇਨਕਲਾਬੀ ਸ਼ਹੀਦ ਚੇ ਗਵੇਗਾ ਤੇ ਹੋਰਨਾਂ ਨੂੰ ਨਾਲ ਲੈ ਕੇ ਬਤਿਸਤਾ ਨਿਜ਼ਾਮ ਵਿਰੁੱਧ ਗੁਰੀਲਾ ਜੰਗ ਲੜਦਿਆਂ ਇਨਕਲਾਬ  ਨੂੰ ਸਿਰੇ ਚਾੜ੍ਹਿਆ  ਤੇ ਦੇਸ਼ ਵਿੱਚ ਸਮਾਜਵਾਦੀ ਪ੍ਰਬੰਧ ਉਸਾਰ ਕੇ ਦੁਨੀਆ ਭਰ ਦੇ ਕਿਰਤੀਆਂ ਅੱਗੇ ਇਕ ਮਿਸਾਲ ਕਾਇਮ ਕੀਤੀ।  ਉਨ੍ਹਾ ਸੋਵੀਅਤ ਯੂਨੀਅਨ ਅੰਦਰ ਸਮਾਜਵਾਦੀ ਢਾਂਚੇ ਦੇ ਢਹਿ-ਢੇਰੀ ਹੋ ਜਾਣ ਦੇ ਬਾਵਜੂਦ ਕਿਊਬਾ ਨੂੰ ਸਮਾਜਵਾਦੀ ਰਾਹ ਉਪਰ ਲਗਾਤਾਰ ਅੱਗੇ ਹੀ ਨਹੀਂ ਵਧਾਇਆ, ਸਗੋਂ ਇਸ ਨੂੰ ਹੋਰ ਮਜ਼ਬੂਤ ਕਰਦਿਆਂ ਜਿੱਥੇ ਕਿਊਬਾ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਕੀਤੀ, ਉਥੇ ਦੁਨੀਆ 'ਚ, ਖਾਸਕਰ ਅਫਰੀਕਾ ਅਤੇ ਲਾਤੀਨੀ ਅਮਰੀਕਾ 'ਚ ਬਸਤੀਵਾਦੀ ਗਲਬੇ ਵਿਰੁੱਧ ਉਠਦੀਆਂ ਲਹਿਰਾਂ ਨੂੰ ਵੀ ਭਰਪੂਰ ਸਮੱਰਥਨ ਦਿੱਤਾ।
ਸਾਥੀ ਪਾਸਲਾ ਨੇ ਇਸ ਮਹਾਨ ਯੋਧੇ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਆਰ ਐੱਮ ਪੀ ਆਈ ਕਿਊਬਾ ਦੇ ਲੋਕਾਂ ਦੇ ਇਸ ਦੁੱਖ ਵਿੱਚ ਸ਼ਰੀਕ ਹੁੰਦੀ ਹੈ ਅਤੇ ਇਸ ਕਮਿਊਨਿਸਟ ਯੋਧੇ ਤੋਂ ਪ੍ਰੇਰਨਾ ਲੈ ਕੇ ਦੇਸ਼ ਅੰਦਰ ਇਨਕਲਾਬੀ ਲਹਿਰ ਉਸਾਰਨ ਅਤੇ ਸਾਮਰਾਜੀ ਵਿਸ਼ਵੀਕਰਨ, ਉਦਾਰੀਕਰਨ ਤੇ ਨਿੱਜੀਕਰਨ ਵਿਰੁੱਧ ਜਨਤਕ ਅੰਦੋਲਨ ਨੂੰ ਮਜ਼ਬੂਤ ਕਰਨ ਦਾ ਪ੍ਰਣ ਦੁਹਰਾਉਂਦੀ ਹੈ।

No comments:

Post a Comment