Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Thursday 24 November 2016

ਨੋਟਬੰਦੀ ਦੇ ਫੈਸਲੇ ਦੇ ਵਿਰੋਧ ਵਿਚ 28 ਨਵੰਬਰ ਨੂੰ ਦਿੱਤੇ ‘ਭਾਰਤ ਬੰਦ’ ਦੇ ਸੱਦੇ ਦੇ ਮੁਕੰਮਲ ਸਮਰਥਨ ਦਾ ਐਲਾਨ

ਜਲੰਧਰ, 24 ਨਵੰਬਰ - ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ ਸੀ.ਪੀ.ਆਈ., ਸੀ.ਪੀ.ਆਈ.(ਐਮ), ਆਰ.ਐਮ.ਪੀ.ਆਈ. ਅਤੇ ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਨੇ ਦੇਸ਼ ਦੀਆਂ ਖੱਬੀਆਂ ਅਤੇ ਦੂਸਰੀਆਂ ਵਿਰੋਧੀ ਰਾਜਨੀਤਕ ਪਾਰਟੀਆਂ ਵਲੋਂ ਮੋਦੀ ਸਰਕਾਰ ਦੇ ‘ਨੋਟਬੰਦੀ’ ਦੇ ਮੂਰਖਤਾ ਭਰੇ ਅਤੇ ਬਿਨਾਂ ਸੋਚੇ ਸਮਝੇ ਕੀਤੇ ਫੈਸਲੇ ਦੇ ਵਿਰੋਧ ਵਿਚ 28 ਨਵੰਬਰ ਤੱਕ ਜਨਤਕ ਐਕਸ਼ਨ, ਮੁਜ਼ਾਹਰੇ, ਧਰਨੇ, ਰੈਲੀਆਂ ਆਦਿ ਕਰਦੇ ਹੋਏ 28 ਨਵੰਬਰ ਨੂੰ ਦਿੱਤੇ ‘ਭਾਰਤ ਬੰਦ’ ਦੇ ਸੱਦੇ ਦੇ ਮੁਕੰਮਲ ਸਮਰਥਨ ਦਾ ਐਲਾਨ ਕਰਦਿਆਂ ਪੰਜਾਬ ਦੇ ਲੋਕਾਂ ਨੂੰ ਇਸ ਜਨਤਕ ਰੋਸ ਐਕਸ਼ਨ ਨੂੰ ਜਬਰਦਸਤ ਢੰਗ ਨਾਲ ਕਾਮਯਾਬ ਕਰਨ ਦਾ ਸੱਦਾ ਦਿੱਤਾ ਹੈ।
ਖੱਬੀਆਂ ਪਾਰਟੀਆਂ ਦੇ ਸੂਬਾਈ ਆਗੂਆਂ ਸਰਵਸਾਥੀ ਹਰਦੇਵ ਅਰਸ਼ੀ, ਚਰਨ ਸਿੰਘ ਵਿਰਦੀ, ਮੰਗਤ ਰਾਮ ਪਾਸਲਾ, ਤੇ ਗੁਰਮੀਤ ਸਿੰਘ ਬਖਤਪੁਰ ਨੇ ਇੱਥੋਂ ਜਾਰੀ ਇਕ ਸਾਂਝੇ ਬਿਆਨ ਵਿਚ ਕਿਹਾ ਹੈ ਕਿ ਜਿਸ ਤਰ੍ਹਾਂ ਇਸ ‘ਨੋਟਬੰਦੀ’ ਦੇ ਫੈਸਲੇ ਨਾਲ ਦੇਸ਼ ਦੇ ਕਰੋੜਾਂ ਕਾਮਿਆਂ, ਕਿਸਾਨਾਂ ਤੇ ਆਮ ਲੋਕਾਂ ਨੂੰ ਬੇਕਾਰੀ, ਭੁਖਮਰੀ ਤੇ ਹਰ ਤਰ੍ਹਾਂ ਦੀਆਂ ਭਾਰੀ ਅੌਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਹ ਅਸਹਿਣਯੋਗ ਹੈ। 
ਕਮਿਊਨਿਸਟ ਆਗੂਆਂ ਨੇ ਅੱਗੋਂ ਕਿਹਾ ਹੈ ਕਿ ‘ਨੋਟਬੰਦੀ’ ਦੇ ਇਸ ਫੈਸਲੇ ਨਾਲ ਮੋਦੀ ਸਰਕਾਰ ਵਲੋਂ ਕਾਲੇ ਧੰਨ ’ਤੇ ਰੋਕ ਲਾਉਣ ਦੇ ਕੀਤੇ ਜਾ ਰਹੇ ਝੂਠੇ ਪ੍ਰਚਾਰ ਦੇ ਉਲਟ ਕਾਲੇ ਧੰਦੇ ਦੇ ਕਾਰੋਬਾਰੀ ਕਾਰਪੋਰੇਟ ਘਰਾਣੇ, ਟੈਕਸ ਚੋਰ, ਡਰੱਗ ਮਾਫੀਆ ਤੇ ਸਮਾਜ ਵਿਰੋਧੀ ਅਨਸਰ ਤਾਂ ਬਾਗੋ-ਬਾਗ ਹੋ ਗਏ ਹਨ ਤੇ ਉਨ੍ਹਾਂ ਨੂੰ ਨਵੇਂ ਨੋਟਾਂ ਦੀ ਕਮੀ ਤੇ ਪੁਰਾਣੇ ਨੋਟ ਬਦਲਣ ਦੇ ਬਹਾਨੇ ਲੋਕਾਂ ਨੂੰ ਲੁੱਟਣ ਦਾ ਇਕ ਹੋਰ ਵਧੀਆ ਮੌਕਾ ਮਿਲ ਗਿਆ ਹੈ। ਦੂਸਰੇ ਪਾਸੇ ਦਿਹਾੜੀਦਾਰ ਕਾਮੇ, ਛੋਟੇ ਦੁਕਾਨਦਾਰ ਤੇ ਵਿਉਪਾਰੀ, ਛੋਟੇ ਕਾਰੋਬਾਰੀ ਤੇ ਕਾਰਖਾਨੇਦਾਰ, ਕਿਸਾਨ ਤੇ ਦੂਸਰੇ ਮਿਹਨਤਕਸ਼ ਲੋਕਾਂ, ਜਿਨ੍ਹਾਂ ਦਾ ਸਾਰਾ ਕੰਮ ਧੰਦਾ ਚੌਪਟ ਹੋ ਗਿਆ ਹੈ, ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਨ।  ਮੋਦੀ ਇਸ ਲੋਕ ਵਿਰੋਧੀ ਕਾਰਨਾਮੇ ਰਾਹੀਂ ਡੇਢ ਸੌ ਤੋਂ ਵਧੇਰੇ ਲੋਕਾਂ ਦੀ ਹੁਣ ਤੱਕ ਬਲੀ ਲੈ ਚੁੱਕਾ ਹੈ।
ਇਨ੍ਹਾਂ ਆਗੂਆਂ ਨੇ ਕਿਹਾ ਹੈ ਕਿ ਇਹ ਨਿਰਾ ਸ਼ੇਖਚਿਲੀਵਾਦ ਹੈ ਕਿ ‘ਨੋਟ ਬੰਦੀ’ ਦੇ ਫੈਸਲੇ ਨਾਲ ਕਾਲੇ ਧਨ ਉਪਰ ਰੋਕ ਲੱਗੇਗੀ, ਆਰਥਿਕ ਵਿਕਾਸ ਤੇਜ਼ ਹੋਵੇਗਾ, ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ, ਅੱਤਵਾਦ ਦਾ ਖਾਤਮਾ ਹੋਵੇਗਾ ਤੇ ਮਹਿੰਗਾਈ ਉਪਰ ਰੋਕ ਲੱਗੇਗੀ। ਇਸ ਦੇ ਉਲਟ ਕਾਲੇ ਧਨ ਦੇ ਸਰੋਤ ਵਿਦੇਸ਼ੀ ਬੈਂਕਾਂ ’ਚ ਟੈਕਸ ਚੋਰੀ ਰਾਹੀਂ ਜਮ੍ਹਾਂ ਕਰਵਾਇਆ ਹੋਇਆ ਬੇਤਹਾਸ਼ਾ ਧਨ, ਨਸ਼ਾ ਤਸਕਰੀ ਅਤੇ ਰੀਅਲ ਅਸਟੇਟ ਵਿਚ ਪੂੰਜੀਕਾਰੀ ਤੇ ਵੱਡੇ ਕਾਰਪੋਰੇਟ ਘਰਾਣਿਆਂ ਵਲੋਂ ਬੈਂਕਾਂ ਦੇ ਅਰਬਾਂ ਰੁਪਏ ਦਾ ਕਰਜ਼ਾ ਹੜੱਪਣਾ ਆਦਿ ਹਨ, ਜਿਨ੍ਹਾਂ ਵਿਰੁੱਧ ਮੋਦੀ ਸਰਕਾਰ ਨੇ ਉਕਾ ਹੀ ਕੋਈ ਕਾਰਵਾਈ ਨਹੀਂ ਕੀਤੀ ਤੇ ਨਾ ਹੀ ਕਰਨੀ ਹੈ । ਇਸ ਕਾਲੇ ਧਨ ਦਾ 500 ਤੇ 1000 ਰੁਪਏ ਦੇ ਨੋਟਾਂ ਦੀ ਨੋਟਬੰਦੀ ਨਾਲ ਦੂਰ ਦਾ ਵੀ ਰਿਸ਼ਤਾ ਨਹੀਂ ਹੈ।
ਖੱਬੀਆਂ ਪਾਰਟੀਆਂ ਨੇ ਪੰਜਾਬ ਦੇ ਅਣਖੀਲੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਲੋਕ ਲਾਮਬੰਦੀ ਕਰਦਅਿਾਂ 28 ਨਵੰਬਰ ਨੂੰ ਪੂਰਨ ਪੰਜਾਬ ਬੰਦ ਕਰਕੇ ਮੋਦੀ ਦੀਆਂ ਲੋਕ ਮਾਰੂ ਤੇ ਫਿਰਕਾਪ੍ਰਸਤ ਨੀਤੀਆਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇ।
 
ਜਾਰੀ ਕਰਤਾ

(ਮੰਗਤ ਰਾਮ ਪਾਸਲਾ)
 

No comments:

Post a Comment