Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Wednesday 23 November 2016

ਸਮਾਜਿਕ ਵਿਕਾਸ ਦਾ ਤਰਕਸ਼ੀਲ ਅਧਾਰ

ਪੰਜਾਬੀ ਜਾਗਰਣ, 22 ਨਵੰਬਰ 2016

 
ਮੰਗਤ ਰਾਮ ਪਾਸਲਾ
ਸਮਾਜਿਕ ਵਿਕਾਸ ਦੇ ਰਾਹ ਵਿਚ ਪੁਰਾਣੇ ਪੈਦਾਵਾਰੀ ਰਿਸ਼ਤੇ ਵੱਡਾ ਰੋੜਾ ਬਣ ਜਾਂਦੇ ਹਨ, ਜਦੋਂ ਪੈਦਾਵਾਰੀ ਸ਼ਕਤੀਆਂ ਵਿਕਾਸ ਦੇ ਗਾਡੀ ਰਾਹੇ ਪੈ ਕੇ ਨਵੇਂ ਪੈਦਾਵਾਰੀ ਰਿਸ਼ਤੇ ਤੇ ਨਵਾਂ ਆਰਥਿਕ ਪ੍ਰਬੰਧ ਸਿਰਜਣ ਲਈ ਅੰਗੜਾਈ ਲੈਂਦੀਆਂ ਹਨ। ਇਨ੍ਹਾਂ ਪੈਦਾਵਾਰੀ ਸਬੰਧਾਂ 'ਤੇ ਵਿਸ਼ੇਸ਼ ਉਤਪਾਦਨ ਦੀ ਪੱਧਤੀ ਅਨੁਸਾਰ ਉਸਾਰ ਸਿਰਜਿਆ ਜਾਂਦਾ ਹੈ। ਇਸ ਉਸਾਰ ਦਾ ਸਮਾਜਿਕ ਰਸਮੋ ਰਿਵਾਜ਼, ਸਭਿਆਚਾਰ, ਮਨੁੱਖੀ ਚੇਤਨਤਾ ਤੇ ਸੋਚਣ ਦੀ ਵਿਧੀ ਮਹੱਤਵਪੂਰਨ ਅੰਗ ਹਨ, ਤੇ ਇਹ ਸਭ ਮਨੁੱਖੀ ਵਿਕਾਸ ਵਿਚ ਬਣਦਾ ਯੋਗਦਾਨ ਪਾਉਂਦੀਆਂ ਹਨ। ਅੱਜ ਦੇ ਭਾਰਤੀ ਸਮਾਜ ਵਿਚ ਜਦੋਂ ਜਗੀਰਦਾਰੀ ਪ੍ਰਬੰਧ (ਜਗੀਰੂ ਰਿਸ਼ਤੇ) ਖਤਮ ਕੀਤੇ ਬਿਨਾਂ ਇਨ੍ਹਾਂ ਹੀ ਪੈਦਾਵਾਰੀ ਸਬੰਧਾਂ ਉਪਰ ਪੂੰਜੀਵਾਦ ਉਸਾਰਨ ਦਾ ਯਤਨ ਕੀਤਾ ਜਾ ਰਿਹਾ ਹੈ, ਉਸ ਸਮੇਂ ਇਸ ਵਿਕਾਸ ਵਿਚ ਜਗੀਰੂ ਉਸਾਰ ਵੱਡੀ ਰੁਕਾਵਟ ਬਣ ਕੇ ਖੜੋ ਗਿਆ ਹੈ। ਪੂੰਜੀਵਾਦ ਦੀ ਸਾਇੰਸ, ਤਕਨਾਲੋਜੀ, ਕਲਾ ਤੇ ਜ਼ਿੰਦਗੀ ਦੇ ਹਰ ਖੇਤਰ ਵਿਚ ਅੱਖਾਂ ਚੁੰਧਿਆ ਦੇਣ ਵਾਲੀ ਹੋਈ ਉਨਤੀ ਦੇ ਬਾਵਜੂਦ ਆਮ ਲੋਕਾਂ ਦਾ ਵੱਡਾ ਭਾਗ ਜਗੀਰੂ ਤੇ ਅਰਧ ਜਗੀਰੂ ਰਸਮੋ-ਰਿਵਾਜਾਂ, ਪਿਛਾਖੜੀ ਵਿਚਾਰਾਂ, ਅੰਧ ਵਿਸ਼ਵਾਸ਼ਾਂ, ਕਿਸਮਤਵਾਦੀ ਫਲਸਫੇ ਤੇ ਹਰ ਤਰ੍ਹਾਂ ਦੇ ਭਰਮਾਂ ਵਹਿਮਾਂ ਵਿਚ ਗ੍ਰਸਿਆ ਹੋਇਆ ਹੈ। ਸਮਾਜਿਕ ਵਿਕਾਸ ਦੀਆਂ ਵੱਖ ਵੱਖ ਮੰਜ਼ਿਲਾਂ ਉਪਰ ਜਦੋਂ ਕਿਸੇ ਚੀਜ਼ ਜਾਂ ਪ੍ਰਕਿਰਿਆ ਦਾ ਗਿਆਨ ਹਾਸਲ ਨਾ ਹੋਵੇ, ਉਸ ਨੂੰ ''ਗੈਬੀ ਸ਼ਕਤੀ'' ਨਾਲ ਨੱਥੀ ਕਰਕੇ ਤਰਕਸ਼ੀਲਤਾ ਰਹਿਤ ਮਿਥ ਉਪਰ ਛੱਡ ਦਿੱਤਾ ਜਾਂਦਾ ਸੀ। ਜਿਵੇਂ ਜਦੋਂ ਸੂਰਜ, ਚੰਦਰਮਾ, ਧਰਤੀ, ਪਾਣੀ, ਹਵਾ, ਮੀਂਹ, ਔੜ, ਬਿਮਾਰੀਆਂ ਇਤਿਆਦਿ ਵਸਤੂਆਂ ਜਾਂ ਪ੍ਰਕਿਰਿਆਵਾਂ ਬਾਰੇ ਠੀਕ ਗਿਆਨ ਨਹੀਂ ਸੀ, ਤਦ ਇਨ੍ਹਾਂ ਸਭ ਚੀਜ਼ਾਂ ਨੂੰ ਮਨੁੱਖੀ ਪਹੁੰਚ ਤੋਂ ਬਾਹਰ ਬੇਬਸੀ ਆਖ ਕੇ ਕਿਸੇ 'ਗੈਬੀ ਸ਼ਕਤੀ' ਦੇ ਨਾਂਮ ਨਾਲ ਜਾਣਿਆ ਜਾਣ ਲੱਗਾ, ਜੋ ਅਸਲ ਵਿਚ ਕਿਧਰੇ ਮੌਜੂਦ ਹੀ ਨਹੀਂ ਹੈ।
ਅੱਜ ਵਿਗਿਆਨ ਨੇ ਉਪਰੋਕਤ ਬਹੁਤ ਸਾਰੇ ਭੇਦਾਂ (ਕਈ ਅਜੇ ਵੀ ਅਣਸੁਲਝੇ ਸਵਾਲ ਖੜ੍ਹੇ ਹਨ) ਦੀ ਅਸਲੀਅਤ ਨੂੰ ਜਗ ਜਾਹਰ ਕਰ ਦਿੱਤਾ ਹੈ ਤੇ ਕਿਸੇ ਓਪਰੀ ਤਾਕਤ ਦੀ ਥਾਂ ਇਸਨੂੰ ਮਨੁੱਖੀ ਸਮਰੱਥਾ ਦੇ ਜਾਨਣ ਯੋਗ ਬਣਾ ਦਿੱਤਾ ਹੈ। ਪ੍ਰੰਤੂ ਇਹ ਵੀ ਇਕ ਹਕੀਕਤ ਹੈ ਕਿ ਸੰਸਾਰ ਭਰ ਵਿਚ ਸਰਮਾਏਦਾਰੀ ਪ੍ਰਬੰਧ ਦੀਆਂ ਹਾਮੀ ਤਾਕਤਾਂ, ਸਮੇਤ ਭਾਰਤ ਦੇ, ਆਪਣੀ ਲੁੱਟ ਖਸੁੱਟ ਨੂੰ ਕਾਇਮ ਰੱਖਣ ਤੇ ਲੋਟੂ ਪ੍ਰਬੰਧ ਦੀ ਉਮਰ ਲੰਬੇਰੀ ਕਰਨ ਲਈ ਜਗੀਰੂ ਤੇ ਅਰਧ-ਜਗੀਰੂ ਸਮਾਜ ਦੀਆਂ ਵੇਲਾ ਵਿਹਾ ਚੁੱਕੀਆਂ ਰੀਤਾਂ, ਰਸਮਾਂ, ਰਿਵਾਜਾਂ, ਅੰਧ ਵਿਸ਼ਵਾਸਾਂ ਤੇ ਹਨੇਰ ਬਿਰਤੀ ਵਿਚਾਰਾਂ ਨੂੰ ਪਹਿਲਾਂ ਦੀ ਤਰ੍ਹਾਂ ਜੀਵੰਤ ਹੀ ਨਹੀਂ ਰੱਖਣਾ ਚਾਹੁੰਦੀਆਂ, ਬਲਕਿ ਇਸ ਵਿਚ ਹੋਰ ਵਾਧਾ ਕਰਨ ਦਾ ਯਤਨ ਕਰ ਰਹੀਆਂ ਹਨ। ਭਾਰਤ ਅੰਦਰ ਇਸ ਕੰਮ ਵਿਚ ਸਮਾਜ ਵਿਚਲੇ ਵੱਖ ਵੱਖ ਧਰਮਾਂ ਨਾਲ ਜੁੜੇ ਹੋਏ ਸੰਤ, ਬਾਬੇ, ਮਹਾਤਮਾ ਆਦਿ ਧਰਮ ਦੀ ਮਨੁੱਖ ਨੂੰ ਆਤਮਕ ਸ਼ਾਂਤੀ ਦੇਣ ਵਾਲੀ ਊਰਜਾ ਦੇਣ ਦੇ ਰਾਹ ਤੋਂ ਪਰਾਂਹ ਹਟਾ ਕੇ ਉਸਨੂੰ ਵਧੇਰੇ ਕਿਸਮਤਵਾਦੀ, ਲਾਚਾਰ ਅਤੇ ਬੇਬਸ ਬਣਾਈ ਜਾ ਰਹੇ ਹਨ।
ਅੱਜ ਕੋਈ ਵੀ ਧਾਰਮਿਕ ਡੇਰਾ ਜਾਂ ਧਾਰਮਕ ਆਗੂ ਮਨੁੱਖ ਨੂੰ ਆਪਣੀ ਕਿਰਤ ਕਰਨ ਦੇ ਨਾਲ ਨਾਲ ਇਸਦੀ ਰਾਖੀ ਕਰਨ ਤੇ ਕਿਰਤ ਨੂੰ ਲੁੱਟਣ ਵਾਲਿਆਂ ਵਿਰੁੱਧ ਸੰਘਰਸ਼ ਕਰਨ ਦੀ ਸਿੱਖਿਆ ਤੇ ਪ੍ਰੇਰਨਾ ਨਹੀਂ ਦਿੰਦਾ, ਜਦ ਕਿ ਅਨੇਕਾਂ ਧਰਮਾਂ ਵਿਚ ਬਹੁਤ ਸਾਰੀਆਂ ਐਸੀਆਂ ਮਾਨਵਵਾਦੀ ਸਿੱਖਿਆਵਾਂ ਮੌਜੂਦ ਹਨ ਜੋ ਹਰ ਕਿਸਮ ਦੀ ਬੇਇਨਸਾਫੀ ਤੇ ਧੱਕੇਸ਼ਾਹੀ ਵਿਰੁੱਧ ਲੜਨ ਤੇ ਕੁਰਬਾਨੀ ਕਰਨ ਦੀ ਪ੍ਰੇਰਨਾ ਦਿੰਦੀਆਂ ਹਨ। ਇਸਾਈ ਮੱਤ, ਮੁਸਲਮਾਨ ਧਰਮ, ਸਿੱਖ ਧਰਮ ਆਦਿ ਦੇ ਧਾਰਮਿਕ ਗ੍ਰੰਥਾਂ ਵਿਚ ਅਨੇਕਾਂ ਵਾਰ ਮਨੁੱਖ ਹੱਥੋਂ ਮਨੁੱਖ ਦੀ ਕੀਤੀ ਜਾਂਦੀ ਕਿਸੇ ਵੀ ਕਿਸਮ ਦੀ ਲੁੱਟ, ਬੇਇਨਸਾਫੀ ਜਾਂ ਜ਼ਿਆਦਤੀ ਨੂੰ ਡਟਕੇ ਕੋਸਿਆ ਗਿਆ ਹੈ। ਪ੍ਰੰਤੂ ਸਾਡੇ ਧਾਰਮਿਕ ਡੇਰੇ ਤੇ ਕਥਿਤ ਧਾਰਮਿਕ ਆਗੂ ਇਸ ਸਭ ਦੇ ਉਲਟ ਮਨੁੱਖ ਨੂੰ ਮਰਨ ਵੇਲੇ ਤੱਕ ਹਰ ਕਿਸਮ ਦੇ ਜਬਰ ਤੇ ਵਿਤਕਰੇ ਨੂੰ ਖਿੜੇ ਮੱਥੇ ਸਹਾਰਨ ਦਾ ਹੋਕਾ ਦੇਈ ਜਾ ਰਹੇ ਹਨ ਤੇ ਮਰਨ ਉਪਰੰਤ 'ਚੰਗੇਰੀ ਜ਼ਿੰਦਗੀ' ਦੀ ਝੂਠੀ ਆਸ ਬਨ੍ਹਾਈ ਰੱਖਦੇ ਹਨ। ਕਿਸੇ ਜ਼ੁਲਮ ਦੇ ਵਿਰੁੱਧ ਜੂਝਦਿਆਂ ਹੋਇਆਂ ਹਰ ਮੁਸ਼ਕਿਲ ਨੂੰ ਖਿੜੇ ਮੱਥੇ ਸਹਾਰਨ (ਭਾਣਾ ਮੰਨਣ) ਦੀ ਸ਼ਾਨਦਾਰ ਸਿੱਖਿਆ ਦੇ ਉਲਟ ਹਰ ਜ਼ਿਆਦਤੀ ਤੇ ਬੇਇਨਸਾਫੀ ਨੂੰ ਬਿਨਾਂ ਵਿਰੋਧ ਦੇ ਚੁਪਚਾਪ ਸਹੀ ਜਾਣ ਨੂੰ ਹੀ 'ਭਾਣਾ ਮੰਨਣ' ਵਜੋਂ ਪ੍ਰਚਾਰੀ ਜਾਣਾ ਨਿਰਾ ਕੁਸੱਚ, ਅਗਿਆਨਤਾ ਤੇ ਧੋਖਾਧੜੀ ਤਾਂ  ਹੈ ਹੀ, ਪਰ ਇਸ ਤੋਂ ਅੱਗੇ ਵੱਧ ਕੇ ਸਮੇਂ ਦੇ ਲੋਟੂ ਹਾਕਮਾਂ ਦੀ ਲੁੱਟ ਦੇ ਪ੍ਰਬੰਧ ਦੀ ਸੇਵਾ ਵੀ ਹੈ।
ਘਰ ਵਿਚ ਪਸਰੀ ਗਰੀਬੀ, ਅਨਪੜ੍ਹਤਾ, ਬੇਕਾਰੀ, ਕਰਜ ਜਾਲ ਤੇ ਹੋਰ ਹਰ ਤਰ੍ਹਾਂ ਦੀਆਂ ਦਰਪੇਸ਼ ਮੁਸ਼ਕਿਲਾਂ ਲਈ ਹਾਕਮ ਧਿਰਾਂ ਦੀਆਂ ਨੀਤੀਆਂ ਤੇ ਹਰ ਕੁਕਰਮ ਰਾਹੀਂ ਪੂੰਜੀ ਇਕੱਠੀ ਕਰਕੇ ਸਵਾਰਥੀ ਹਿੱਤ ਪਾਲਣ ਦੀ ਲਾਲਸਾ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਥਾਂ ਪਿਛਲੇ ਜਨਮਾਂ ਵਿਚ ਕੀਤੇ  ਖੁਦ ਪੀੜਤ ਦੇ ਅਖੌਤੀ ਕੁਕਰਮਾਂ ਦੇ ਸਿੱਟਿਆਂ ਨਾਲ ਜੋੜ ਕੇ ਇਸ ਲਈ ਜ਼ਿੰਮੇਵਾਰ 'ਰਾਜੇ ਸ਼ੀਂਹ ਤੇ 'ਮੁਕੱਦਮ ਕੁੱਤਿਆਂ' ਨੂੰ ਬਰੀ ਕਰ ਦਿੱਤਾ ਜਾਂਦਾ ਹੈ। ਮੁਸੀਬਤਾਂ ਦੇ ਹੱਲ ਲਈ ਵੱਖ ਵੱਖ ਧਾਰਮਿਕ ਡੇਰਿਆਂ ਉਪਰ ਸੁਖਣਾ ਸੁਖਣ, ਤਰ੍ਹਾਂ ਤਰ੍ਹਾਂ ਦੇ ਟੂਣੇ ਜਾਦੂ ਕਰਨ, ਅੰਧ ਵਿਸ਼ਵਾਸ ਤਹਿਤ ਬੱਚਿਆਂ ਦੀ ਬਲੀ ਦੇਣ, ਅੱਗ ਉਪਰ ਤੁਰਨ ਤੇ ਐਸੇ ਲੋਕਾਂ ਦੇ ਪੈਰ ਘੁਟਣ ਤੇ ਹਰ ਖਾਹਸ਼ ਪੂਰੀ ਕਰਨ ਦੀਆਂ ਗਿਰਾਵਟ ਭਰੀਆਂ ਕਾਰਵਾਈਆਂ ਕਰਨਾ, ਜਿਨ੍ਹਾਂ ਲੋਕਾਂ ਨੇ ਜ਼ਿੰਦਗੀ ਭਰ ਨਾ ਕੁਝ ਬੋਲਿਆ, ਨਾ ਕੁਝ ਲਿਖਿਆ ਤੇ ਨਾ ਹੀ ਪਦਾਰਥਕ ਰੂਪ ਵਿਚ ਆਪਣੀ ਸੱਚੀ ਸੁੱਚੀ ਕਿਰਤ ਵਿਚੋਂ ਕਿਸੇ ਲੋੜਵੰਦ ਦੀ ਸਹਾਇਤਾ ਕੀਤੀ ਹੈ, ਜੇਕਰ ਸਿਰੇ ਦੀ ਬੇਸਮਝੀ ਨਹੀਂ ਤਾਂ ਹੋਰ ਕੀ ਹੈ?
ਅੱਜ ਕੱਲ ਇਕ ਹੋਰ ਚੀਜ਼ ਬੜੀ ਪ੍ਰਚਲਤ ਹੈ। ਕੁਝ ਨਵੇਂ ਬਣੇ ਅਮੀਰ ਜਾਂ ਗੈਰ ਸਮਾਜੀ ਧੰਦਿਆਂ ਵਿਚੋਂ ਮੋਟੀਆਂ ਕਮਾਈਆਂ ਕਰਨ ਵਾਲੇ ਵਿਅਕਤੀ ਨਾਮ ਨਿਹਾਦ ਧਾਰਮਿਕ ਡੇਰਿਆਂ, ਪੀਰਾਂ ਤੇ ਨਸ਼ਈ ਕਿਸਮ ਦੇ ਆਪੂੰ ਬਣੇ ਫਕੀਰਾਂ ਦੇ ਟਿਕਾਣਿਆਂ ਉਪਰ ਵੱਡੇ ਵੱਡੇ 'ਮੇਲੇ' ਲਗਾਉਂਦੇ ਹਨ, ਜਿਨ੍ਹਾਂ ਵਿਚ ਲੱਖਾਂ ਰੁਪਏ ਪਾਣੀ ਵਾਂਗ ਵਹਾਏ ਜਾਂਦੇ ਹਨ। ਇਨ੍ਹਾਂ ਨਾਮ ਨਿਹਾਦ 'ਮੇਲਿਆਂ' ਜਾਂ 'ਸਭਿਆਚਾਰਕ ਪ੍ਰੋਗਰਾਮਾਂ' ਵਿਚ ਸਭ ਕੁਝ ਹੀ ਅਸੱਭਿਅਕ ਹੁੰਦਾ ਹੈ, ਜਿਸਦਾ ਸਬੰਧ ਕਿਸੇ ਧਰਮ ਜਾਂ ਰੱਬ ਨਾਲ ਕੁਝ ਵੀ ਨਹੀਂ, ਜੋ ਮਨ ਨੂੰ ਸ਼ਾਂਤੀ ਤੇ ਦੁੱਖ ਸਹਿਣ ਦੀ ਊਰਜਾ ਦਿੰਦਾ ਹੋਵੇ। ਵੱਡੇ ਵੱਡੇ ਜਲੂਸ, ਸਿਰਫ ਆਸਥਾ ਦੇ ਪਰਦੇ ਹੇਠਾਂ ਇਕ ਭੀੜ ਜੁਟਾਉਣ ਦਾ ਰਿਵਾਜ਼ ਤੇ ਹਲਕੀ ਕਿਸਮ ਦਾ ਮਨੋਰੰਜਨ ਜਿਹਾ ਬਣ ਗਿਆ ਹੈ, ਜਿੱਥੇ ਸਿੱਖਣ ਨੂੰ ਕੁਝ ਵੀ ਨਹੀਂ ਹੁੰਦਾ। ਜਿੰਨੀ ਵੱਡੀ ਭੀੜ ਤੇ ਖਰਚੀਲਾ ਪ੍ਰੋਗਰਾਮ ਹੋਵੇ, ਓਨਾ ਹੀ ਵੱਡਾ ਰੁਤਬਾ ਸੰਬੰਧਤ ਵਿਅਕਤੀ ਜਾਂ ਧਾਰਮਿਕ ਅਸਥਾਨ ਨੂੰ ਮਿਲ ਜਾਂਦਾ ਹੈ। ਰਾਜਨੀਤੀਵਾਨਾਂ, ਅਫਸਰਸ਼ਾਹੀ ਤੇ ਅਮੀਰ ਲੋਕਾਂ ਦੀ ਅਜਿਹੇ ਸਮਾਗਮਾਂ ਵਿਚ ਭਰੀ ਹਾਜ਼ਰੀ ਥੁੜਾਂ ਮਾਰੇ ਜਨ ਸਧਾਰਣ ਨੂੰ ਵੀ ਇੱਥੇ ਆਉਣ ਲਈ ਪ੍ਰੇਰਦੀ ਹੈ।
1969 ਵਿਚ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੇ ਪੰਜ ਸੌ ਸਾਲਾਂ ਸ਼ਤਾਬਦੀ ਸਮਾਰੋਹਾਂ ਵਿਚ ਬੇਗਿਣਤ ਸੈਮੀਨਾਰ, ਵਿਚਾਰ ਗੋਸ਼ਟੀਆਂ, ਕਵੀ ਦਰਬਾਰ, ਕਹਾਣੀ ਦਰਬਾਰ ਤੇ ਸੰਗੀਤਕ ਪ੍ਰੋਗਰਾਮ ਜਥੇਬੰਦ ਕੀਤੇ ਗਏ, ਜਿਨ੍ਹਾਂ ਵਿਚ ਉਚ ਕੋਟੀ ਦੇ ਵਿਦਵਾਨਾਂ, ਫਿਲਾਸਫਰਾਂ ਤੇ ਗਾਇਕਾਂ ਨੇ ਗੁਰੂ ਨਾਨਕ ਦੇਵ ਜੀ ਦੀ ਰਚੀ ਬਾਣੀ ਬਾਰੇ ਆਪੋ ਆਪਣੇ ਵਿਚਾਰ ਰੱਖੇ। ਅਜਿਹੇ ਸਮਾਗਮਾਂ ਵਿਚ ਸਰੋਤਿਆਂ ਤੇ ਆਮ ਲੋਕਾਂ ਦੇ ਗਿਆਨ ਵਿਚ ਹੀ ਅਥਾਹ ਵਾਧਾ ਨਹੀਂ ਹੋਇਆ ਬਲਕਿ ਗੁਰੂ ਨਾਨਕ ਦੇਵ ਜੀ ਦੀ ਤਰਕ ਭਰੀ ਬਾਣੀ ਆਮ ਲੋਕਾਂ ਤੇ ਦੂਸਰੇ ਧਰਮਾਂ ਦੇ ਅਨੁਆਈਆਂ ਤੱਕ ਵੀ ਪੁੱਜੀ। ਬਹੁਤ ਸਾਰੀਆਂ ਪੁਸਤਕਾਂ ਤੇ ਹੋਰ ਸਾਹਿਤ ਲਿਖਿਆ ਗਿਆ, ਜਿਨ੍ਹਾਂ ਵਿਚ ਸਿੱਖ ਧਰਮ ਦੇ ਮੂਲ ਮਾਨਵਵਾਦੀ ਸਿਧਾਂਤਾਂ ਨੂੰ ਛੋਹਿਆ ਗਿਆ। ਅਜਿਹੇ ਸਮਾਗਮ, ਉਨ੍ਹਾਂ ਲੱਖਾਂ ਲੋਕਾਂ ਦੀ, ਸਿਰਫ ਧਾਰਮਿਕ ਆਸਥਾ ਦੇ ਪਰਦੇ ਹੇਠਾਂ ਇਕੱਠੀ ਹੋਈ ਭੀੜ ਨਾਲੋਂ ਕਿਤੇ ਵਧੇਰੇ ਸਾਰਥਿਕ, ਲਾਭਕਾਰੀ ਤੇ ਅਸਰਅੰਦਾਜ਼ ਸਿੱਧ ਹੋਏ। ਪ੍ਰੰਤੂ ਹੁਣ ਅਜਿਹੇ ਤਰਕਪੂਰਨ ਸਮਾਗਮਾਂ ਤੋਂ ਸਾਡੇ ਧਾਰਮਿਕ ਅਦਾਰੇ, ਕਮੇਟੀਆਂ ਤੇ ਵੱਖ ਵੱਖ ਧਰਮਾਂ ਵਿਚਲੇ ਵਿਦਵਾਨ ਵੀ ਪਾਸਾ ਵੱਟੀ ਜਾ ਰਹੇ ਹਨ। ਸ਼ਾਇਦ ਉਹ ਤਰਕ ਅਧਾਰਤ ਕੋਈ ਗੱਲ ਕਹਿਕੇ ਕਿਸੇ ਅੰਧਵਿਸ਼ਵਾਸੀ ਜਾਂ ਕੱਟੜਪੰਥੀ ਦੇ ਗੁੱਸੇ ਦਾ ਸ਼ਿਕਾਰ ਹੋਣ ਤੋਂ ਭੈਅ ਖਾਂਦੇ ਹੋਣ! ਉਂਝ ਹੁਣ ਅਜਿਹੀਆਂ ਕਮੇਟੀਆਂ ਆਪਣੇ ਰਾਜਸੀ ਆਕਾਵਾਂ ਦੇ ਆਦੇਸ਼ਾਂ ਅਧੀਨ ਹੀ ਕ੍ਰਿਆਸ਼ੀਲ ਹਨ।
ਜਦੋਂ ਸਰਮਾਏਦਾਰੀ ਪ੍ਰਬੰਧ ਆਪਣੀ ਲੁੱਟ ਦੀ ਚਰਮ ਸੀਮਾ 'ਤੇ ਪੁੱਜ ਗਿਆ ਹੈ ਤੇ ਕਿਰਤੀ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹਨ, ਤਦ ਸਾਰੇ ਵਿਦਵਾਨਾਂ, ਬੁੱਧੀਜੀਵੀਆਂ, ਅਗਾਂਹਵਧੂ ਤੇ ਖੱਬੇ ਪੱਖੀ ਲੋਕਾਂ, ਖਾਸਕਰ ਜੋ ਵੱਖ ਵੱਖ ਧਾਰਮਕ ਸੰਸਥਾਵਾਂ ਤੇ ਪ੍ਰੋਗਰਾਮਾਂ ਨਾਲ ਜੁੜੇ ਹੋਏ ਹਨ, ਦਾ ਫਰਜ਼ ਬਣਦਾ ਹੈ ਕਿ ਉਹ ਹਿੰਮਤ ਕਰਕੇ ਧਰਮ ਨੂੰ ਝੂਠੀ ਆਸਥਾ, ਅੰਧ ਵਿਸ਼ਵਾਸ ਤੇ ਹਨੇਰ ਬਿਰਤੀ ਫੈਲਾਉਣ ਦੇ ਚੌਖਟੇ ਵਿਚੋਂ ਬਾਹਰ ਕੱਢ ਕੇ ਇਸਦੇ ਅਸਲੀ ਰੰਗ ਵਿਚ ਲੋਕਾਂ ਸਾਹਮਣੇ ਪੇਸ਼ ਕਰਨ, ਜਿਹੜਾ ਰੰਗ ਮਾਨਵਤਾ ਦੇ ਭਲੇ, ਬਰਾਬਰੀ, ਆਜ਼ਾਦੀ ਤੇ ਇਨਸਾਫ ਉਪਰ ਅਧਾਰਤ ਕਦਰਾਂ ਕੀਮਤਾਂ ਦੀਆਂ ਖੁਸ਼ਬੂਆਂ ਬਿਖੇਰਦਾ ਹੋਵੇ। ਜਿਨ੍ਹਾਂ ਲੋਟੂ ਤੇ ਮੂੜ੍ਹ ਵਿਅਕਤੀਆਂ ਜਾਂ ਹਾਕਮ ਜਮਾਤਾਂ ਦੀ ਚੁੰਗਲ ਵਿਚੋਂ ਸਾਡੇ ਮਹਾਨ ਗੁਰੂਆਂ, ਸੰਤਾਂ ਤੇ ਅਗਾਂਹਵਧੂ ਦੇਸ਼ ਭਗਤ ਯੋਧਿਆਂ ਨੇ ਉਸ ਵੇਲੇ ਦੇ ਸਥਾਪਤ ਧਰਮਾਂ ਨੂੰ ਸੌੜੀਆਂ ਹੱਦਾਂ ਵਿਚੋਂ ਬਾਹਰ ਕੱਢਿਆ ਸੀ ਜਾਂ ਕਿਸੇ ਨਿਵੇਕਲੇ ਪੰਥ ਦੀ ਸਾਜਨਾ ਕੀਤੀ ਸੀ, ਅੱਜ ਉਹੀ ਸੱਜਣ ਤੇ ਲੋਟੂ ਜਮਾਤਾਂ ਦੇ ਨੁਮਾਇੰਦੇ ਧਾਰਮਿਕ ਤੇ ਸਮਾਜਕ ਸੰਸਥਾਵਾਂ ਦੇ ਮੁਖੀ ਬਣੀ ਬੈਠੇ ਹਨ। ਅਜਿਹੇ ਲੋਕਾਂ ਤੋਂ ਵੱਖ ਵੱਖ ਧਰਮਾਂ ਦੀਆਂ ਮਾਨਵਵਾਦੀ ਕਦਰਾਂ ਕੀਮਤਾਂ ਦੀ ਰਾਖੀ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ?
ਜੇਕਰ ਅਸੀਂ ਸੱਚੀ ਸੁੱਚੀ ਕਿਰਤ ਕਰਨ ਵਾਲੇ ਲੁਟੇ ਪੁੱਜੇ ਜਾ ਰਹੇ ਲੋਕਾਂ ਲਈ ਇਸੇ ਹਕੀਕੀ ਜੀਵਨ ਵਿਚ ਆਜ਼ਾਦੀ, ਬਰਾਬਰਤਾ, ਇਨਸਾਫ, ਭਰੱਪਣ ਤੇ ਸਰਵ ਪੱਖੀ ਵਿਕਾਸ ਦੇ ਮੌਕੇ ਦੇ ਕੇ ਆਨੰਦ ਮਾਨਣ ਵਾਲਾ ਢਾਂਚਾ ਤੇ ਮਾਹੌਲ ਸਿਰਜਣਾ ਚਾਹੁੰਦੇ ਹਾਂ ਤਾਂ ਸਾਨੂੰ ਧਾਰਮਿਕ ਆਸਥਾ ਦੇ ਨਾਂਅ ਉਪਰ ਫੈਲਾਏ ਜਾ ਰਹੇ ਅੰਧ ਵਿਸ਼ਵਾਸ, ਵਹਿਮ ਭਰਮ, ਕਰਮ ਕਾਂਡ, ਮਨੂੰਵਾਦੀ ਵਿਚਾਰਧਾਰਾ ਤੇ ਕਿਸਮਤਵਾਦੀ ਫਲਸਫੇ ਤੋਂ ਜਨਸਮੂਹਾਂ ਨੂੰ ਮੁਕਤ ਕਰਨਾ ਹੋਵੇਗਾ। ਉਨ੍ਹਾਂ ਨੂੰ ਇਸ ਪਿਛਾਖੜੀ ਵਿਚਾਰਧਾਰਾ ਤੋਂ ਮੁਕਤੀ ਦੁਆ ਕੇ ਤਰਕਸ਼ੀਲ ਤੇ ਵਿਗਿਆਨਕ ਨਜ਼ਰੀਏ ਨਾਲ ਲੈਸ ਕਰਨ ਦੇ ਨਾਲ ਨਾਲ 'ਸਮਾਜਿਕ ਪਰਿਵਰਤਨ' ਦੇ ਸਿਧਾਂਤ ਨਾਲ ਲੈਸ ਵੀ ਕਰਨਾ ਹੋਵੇਗਾ, ਜਿਸ ਤੋਂ ਬਿਨਾਂ ਸਮਾਜ ਨੂੰ ਪੂੰਜੀਵਾਦੀ ਪ੍ਰਬੰਧ ਕਾਰਨ ਚੰਬੜੀਆਂ ਅਨੇਕਾਂ ਬਿਮਾਰੀਆਂ ਤੋਂ ਨਿਜ਼ਾਤ ਹਾਸਲ ਨਹੀਂ ਹੋ ਸਕੇਗੀ।

No comments:

Post a Comment