Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Tuesday 15 November 2016

ਮੋਦੀ ਜੀ, ਕਾਲੇ ਧਨ ਦੇ ਮਾਲਕ ਤਾਂ ਤੁਹਾਡੇ ਪਾਲੇ ’ਚ ਮੌਜਾਂ ਮਾਣ ਰਹੇ ਹਨ, ਨੀਂਦ ਤਾਂ ਗਰੀਬ ਲੋਕਾਂ ਦੀ ਉਡੀ ਹੋਈ ਹੈ!

ਜਲੰਧਰ, 15 ਨਵੰਬਰ - ‘‘ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਸਤਲੁਜ-ਯਮੁਨਾ ਲਿੰਕ ਨਹਿਰ ਸਬੰਧੀ ਸਰਵਉਚ ਅਦਾਲਤ ਦੇ ਹਾਲੀਆ ਦਿਸ਼ਾ ਨਿਰਦੇਸ਼ਾਂ ਨੂੰ ਅਧਾਰ ਬਣਾ ਕੇ ਅਕਾਲੀ ਦਲ ਅਤੇ ਕਾਂਗਰਸ ਵਲੋਂ ਕੀਤੇ ਜਾ ਰਹੇ ਭੜਕਾਊ ਪ੍ਰਚਾਰ ਅਤੇ ਪਾਣੀਆਂ ਦੀ ਵੰਡ ਦੇ ਮੁੱਦੇ ਨੂੰ ਬੀਤੇ ਸਮੇਂ ਰਾਜਸੀ ਲਾਭਾਂ ਦੀ ਪ੍ਰਾਪਤੀ ਲਈ ਉਲਝਾਉਣ ਦੇ ਉਕਤ ਦੋਹਾਂ ਪਾਰਟੀਆਂ ਦੇ ਖੂਨੀ ਟਕਰਾਅ ਪੈਦਾ ਕਰਨ ਵਾਲੇ ਰੋਲ ਨੂੰ ਦੇਸ਼ ਦੇ ਲੋਕਾਂ ’ਚ ਬੇਪਰਦ ਕਰਨ ਲਈ ਛੇਤੀ ਹੀ ਆਜ਼ਾਦਾਨਾ ਅਤੇ ਖੱਬੀਆਂ ਧਿਰਾਂ ਦੇ ਸਾਂਝੇ ਜਨਤਕ ਐਕਸ਼ਨ ਲਾਮਬੰਦ ਕਰੇਗੀ।’’ ਇਹ ਫੈਸਲਾ ਆਰ.ਐਮ.ਪੀ.ਆਈ. ਦੇ ਸੂਬਾਈ ਦਫਤਰ ਸ਼ਹੀਦ ਸਰਵਣ ਸਿੰਘ ਚੀਮਾ ਭਵਨ ਜਲੰਧਰ ਵਿਖੇ ਸਾਥੀ ਭੀਮ ਸਿੰਘ ਆਲਮਪੁਰ ਦੀ ਪ੍ਰਧਾਨਗੀ ਹੇਠ ਹੋਈ ਪਾਰਟੀ ਦੇ ਸੂਬਾ ਸਕੱਤਰੇਤ ਦੀ ਮੀਟਿੰਗ ਵਿਚ ਕੀਤਾ ਗਿਆ।
ਮੀਟਿੰਗ ਉਪਰੰਤ ਜਾਰੀ ਕੀਤੇ ਇੱਕ ਬਿਆਨ ’ਚ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕੇਂਦਰੀ ਸਰਕਾਰ ਦੇ ‘ਨੋਟ ਬੈਨ’ ਫੈਸਲੇ ਨੂੰ ਮੋਦੀ ਦਾ ਅਜਮਾਇਆ ਹੋਇਆ ਸਸਤੀ ਸ਼ੁਹਰਤ ਪ੍ਰਾਪਤ ਕਰਨ ਅਤੇ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਦਾ ਸਾਜਸ਼ੀ ਪੈਂਤੜਾ ਦੱਸਿਆ। ਉਨ੍ਹਾ ਤਨਜ਼ ਨਾਲ ਕਿਹਾ ਕਿ ਜਿਸ ਫੈਸਲੇ ਨੂੰ ਅਜਾਰੇਦਾਰ ਪੂੰਜੀਪਤੀ ਅਤੇ ਸੁਖਬੀਰ ਬਾਦਲ ਵਰਗੇ ਲੋਕ ਪੱਖੀ ਦੱਸ ਰਹੇ ਹੋਣ ਉਸਦੇ ਲੋਕ ਵਿਰੋਧੀ ਹੋਣ ਬਾਰੇ ਕੋਈ ਭੁਲੇਖਾ ਨਹੀਂ ਰਹਿਣਾ ਚਾਹੀਦਾ। ਉਨ੍ਹਾ ਕਿਹਾ ਕਿ ਕਾਲੇਧਨ ਦੇ ਵੱਡੇ ਅੰਬਾਰਾਂ ਦੇ ਮਾਲਕ ਤਾਂ ਮੋਦੀ ਦੇ ਚਹੇਤੇ ਹਨ ਤੇ ਆਮ ਲੋਕ ਖੱਜਲ ਖੁਆਰ ਹੋ ਰਹੇ ਹਨ।
ਹਾਲ ਹੀ ’ਚ ਹੋਈਆਂ ਅਮਰੀਕੀ ਚੋਣਾਂ ’ਚ ਡੋਨਾਲਡ ਟਰੰਪ ਦੀ ਜਿੱਤ ਬਾਰੇ ਸਾਥੀ ਪਾਸਲਾ ਨੇ ਕਿਹਾ ਕਿ ਇਹ ਸੱਜ ਪਿਛਾਖੜ ਦੀ ਜਿੱਤ ਹੈ। ਇਸਨੂੰ ਠੀਕ ਇਸੇ ਤਰ੍ਹਾਂ ਦੇਖਿਆ ਜਾਣਾ ਚਾਹੀਦਾ ਹੈ ਜਿਵੇਂ ਯੂ.ਪੀ.ਏ. ਸਰਕਾਰ ਦੀ ਦਸਾਂ ਸਾਲਾਂ ਦੀ ਚੌਤਰਫਾ ਲੁੱਟ ਤੋਂ ਦੁਖੀ ਲੋਕਾਂ ਨੇ ਕਿਸੇ ਲੋਕ ਪੱਖੀ ਬਦਲ ਦੀ ਅਣਹੋਂਦ ’ਚ ਯੂ.ਪੀ.ਏ. ਵਾਲੀਆਂ ਹੀ ਨੀਤੀਆਂ ਦੇ ਝੰਡਾ ਬਰਦਾਰ ’ਤੇ ਸਿਰੇ ਦੇ ਫਿਰਕਾਪ੍ਰਸਤ ਮੋਦੀ ਨੂੰ ਭਾਰਤ ਦੀ ਗੱਦੀ ਸੌਂਪ ਦਿੱਤੀ ਸੀ। ਟਰੰਪ ਦੇ ਜਿੱਤਣ ਨਾਲ ਸੰਸਾਰ ਭਰ ਦੇ ਕਿਰਤੀਆਂ ਅਤੇ ਅਮਰੀਕੀ ਮਿਹਨਤਕਸ਼ਾਂ ਦੀਆਂ ਦਿੱਕਤਾਂ ’ਚ ਹੋਰ ਵਾਧਾ ਹੋਣਾ ਲਾਜ਼ਮੀ ਹੈ। ਉਨ੍ਹਾਂ ਸਾਮਰਾਜੀ ਲੁੱਟ ਵਧਣ ਦੇ ਹਕੀਕੀ ਖਤਰੇ ਨੂੰ ਨਜ਼ਰ ਅੰਦਾਜ਼ ਕਰਕੇ ਕਈ ਫਿਰਕੂ ਸੋਚ ਨਾਲ ਡੰਗੇ ਸੰਗਠਨਾਂ ਵਲੋਂ ਉਸ ਦੀ ਜਿੱਤ ਦੀ ਖੁਸ਼ੀ ਵਿਚ ਕੱਢੇ ਜਾ ਰਹੇ ਜਲੂਸਾਂ ਤੋਂ ਲੋਕਾਂ ਨੂੰ ਸੁਚੇਤ ਰਹਿਣ ਦਾ ਸੱਦਾ ਦਿੱਤਾ।
ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਆਰ.ਐਮ.ਪੀ.ਆਈ. ਪੰਜਾਬ ਇਕਾਈ ਇਸ ਗੱਲ ਦੇ ਭਰਪੂਰ ਯਤਨ ਕਰੇਗੀ ਕਿ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਉਪਰੋਂ ਵਿਰੋਧੀ ਦਿਸਣ ਵਾਲੀਆਂ ਪਰ ਸਾਮਰਾਜੀ ਨੀਤੀਆਂ ਤੇ ਇਕ ਦੂਜੇ ਤੋਂ ਵੱਧ ਕੇ ਅਮਲ ਕਰਨ ਵਾਲੀਆਂ ਸਾਰੀਆਂ ਪਾਰਟੀਆਂ ਵਿਸ਼ੇਸ਼ਕਰ ਅਕਾਲੀ-ਭਾਜਪਾ, ਕਾਂਗਰਸ, ਆਪ ਆਦਿ ਨੂੰ ਹਰਾਉਣ ਲਈ ਪੂਰਾ ਤਾਣ ਲਾਏਗੀ। ਇਸੇ ਤਰ੍ਹਾਂ ਫਿਰਕੂ ਧਰੁਵੀਕਰਨ ਲਈ ਤਰਲੋਮੱਛੀ ਹੋਏ ਸੰਘ ਪਰਿਵਾਰ, ਹਰ ਕਿਸਮ ਦੇ ਦੂਸਰੇ ਫਿਰਕੂ ਸੰਗਠਨਾਂ, ਜਾਤੀਵਾਦੀ ਤੇ ਫੁੱਟਪਾਊ ਧਿਰਾਂ ਨੂੰ ਹਾਰ ਦੇਣ ਲਈ ਹਰ ਯਤਨ ਕੀਤਾ ਜਾਵੇਗਾ। ਉਕਤ ਉਦੇਸ਼ ਦੀ ਪੂਰਤੀ ਲਈ ਸੰਗਰਾਮੀ ਖੱਬੀਆਂ ਧਿਰਾਂ ਇਕ ਮੰਚ ਤੋਂ ਨਿੱਤਰਣਗੀਆਂ।
ਸਕੱਤਰੇਤ ਨੇ ਆਰ.ਐਮ.ਪੀ.ਆਈ. ਵਲੋਂ ਵਿਧਾਨ ਸਭਾ ਲਈ 14 ਹਲਕਿਆਂ ਅਤੇ ਚੋਣ ਲੜਨ ਵਾਲੇ ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਵੀ ਜਾਰੀ ਕੀਤੀ। 
ਮੀਟਿੰਗ ਵਲੋਂ ਝਲੂਰ ਗੁੰਡਾ ਹਮਲੇ ’ਚ ਜਖ਼ਮੀ ਹੋ ਕੇ ਵਿਛੋੜਾ ਦੇ ਗਈ ਮਾਤਾ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਹਾਕਮ ਟੋਲੇ ਦੀ ਸਖਤ ਸ਼ਬਦਾਂ ’ਚ ਨਿਖੇਧੀ ਕੀਤੀ ਗਈ ਅਤੇ ਮੰਗ ਕੀਤੀ ਕਿ ਕਾਤਲਾਂ ਵਿਰੁੱਧ ਧਾਰਾ 302 ਦਾ ਮੁਕੱਦਮਾ ਦਰਜ ਕੀਤਾ ਜਾਵੇ। ਸਾਥੀ ਪਾਸਲਾ ਨੇ ਕਿਹਾ ਹੈ ਸਰਕਾਰ ਇਸ ਘੋਲ ਨਾਲ ਸਬੰਧਤ ਸੰਘਰਸ਼ ਕਮੇਟੀ ਨਾਲ ਬੈਠ ਕੇ ਸਾਰੇ ਮਸਲਿਆਂ ਦਾ ਹੱਲ ਕਰੇ।

(ਮੰਗਤ ਰਾਮ ਪਾਸਲਾ)

No comments:

Post a Comment