Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Wednesday 11 October 2017

ਜਿੱਲ੍ਹਾ ਪੱਧਰੀ ਕਨਵੈੱਨਸ਼ਨਾਂ 'ਚ ਥਰਮਲਾਂ ਦਾ ਮੁੱਦਾ ਪ੍ਰਮੁੱਖਤਾ ਨਾਲ ਉਭਾਰਿਆ ਜਾਵੇਗਾ: ਪਾਸਲਾ

ਬਠਿੰਡਾ, 11 ਅਕਤੂਬਰ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵੱਲੋਂ ਸਰਕਾਰੀ ਥਰਮਲਾਂ ਨੂੰ ਬੰਦ ਕਰਨ ਦੀ ਨੀਤੀ ਦਾ ਹਰ ਪੱਧਰ 'ਤੇ ਡਟਵਾਂ ਵਿਰੋਧ ਕੀਤਾ ਜਾਵੇਗਾ। ਇਹ ਗੱਲ ਅੱਜ ਇੱਥੇ ਥਰਮਲ ਕਾਮਿਆਂ ਦੇ ਥਰਮਲ ਬੰਦ ਕਰਨ ਵਿਰੁੱਧ ਚੱਲ ਰਹੇ ਸੰਘਰਸ਼ ਨੂੰ ਹਿਮਾਇਤ ਦੇਣ ਲਈ ਉਚੇਚੇ ਪੁੱਜੇ ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਹੀ। ਸਾਥੀ ਪਾਸਲਾ ਵੱਲੋਂ ਉਕਤ ਮਕਸਦ ਦਾ ਇਕ ਬਿਆਨ ਜਾਰੀ ਕਰਦਿਆਂ ਆਰ.ਐਮ.ਪੀ.ਆਈ. ਦੇ ਸੂਬਾਈ ਸਕੱਤਰੇਤ ਦੇ ਮੈਂਬਰ ਸਾਥੀ ਮਹੀਪਾਲ ਨੇ ਦੱਸਿਆ ਕਿ ਪਾਰਟੀ ਵੱਲੋਂ 25 ਅਕਤੂਬਰ ਤੱਕ ਲੋਕ ਮੁੱਦਿਆਂ ਦੇ ਹੱਲ ਲਈ ਸਮੂਹ ਜਿੱਲ੍ਹਿਆਂ ਵਿਚ ਕੀਤੀਆਂ ਜਾ ਰਹੀਆਂ ਕਨਵੈੱਨਸ਼ਨਾਂ ਵਿਚ ਥਰਮਲਾਂ ਦਾ ਮੁੱਦਾ ਪ੍ਰਮੁੱਖਤਾ ਨਾਲ ਉਭਾਰਿਆ ਜਾਵੇਗਾ। ਸਾਥੀ ਪਾਸਲਾ ਨੇ ਸਸਤੀ ਬਿਜਲੀ ਪੈਦਾ ਕਰਨ ਵਾਲੇ ਥਰਮਲਾਂ ਨੂੰ ਬੰਦ ਕਰਕੇ ਨਿੱਜੀ ਘਰਾਣਿਆਂ ਤੋਂ ਅਤੀ ਮਹਿੰਗੀ ਬਿਜਲੀ ਖ਼ਰੀਦਣ ਦੀ ਨੀਤੀ 'ਤੇ ਜ਼ੋਰਦਾਰ ਹਮਲਾ ਕਰਦਿਆਂ ਖ਼ਦਸ਼ਾ ਜ਼ਾਹਿਰ ਕੀਤਾ ਕਿ ਅਜਿਹੇ ਸੌਦਿਆਂ ਪਿੱਛੇ ਉੱਚੀਆਂ ਦਰਾਂ ਵਾਲੀ ਕਮਿਸ਼ਨ ਖੋਰੀ ਦਾ ਗੋਰਖ ਧੰਦਾ ਕੰਮ ਕਰ ਰਿਹਾ ਹੈ।
ਸਾਥੀ ਪਾਸਲਾ ਨੇ ਕਿਹਾ ਕਿ ਥਰਮਲਾਂ ਨਾਲ ਜੁੜੇ ਲੱਖਾਂ ਲੋਕਾਂ ਦੀ ਰੋਜ਼ੀ ਰੋਟੀ ਦੇ ਜੁਗਾੜ ਦਾ ਇਸ ਨੀਤੀ ਨਾਲ ਇੱਕੋ ਝਟਕੇ 'ਚ ਖ਼ਾਤਮਾ ਹੋ ਜਾਵੇਗਾ, ਪਰ ਪੰਜਾਬ ਤੇ ਕੇਂਦਰੀ ਸਰਕਾਰ ਇਸ ਮਸਲੇ ਪ੍ਰਤੀ ਪੂਰੀ ਤਰ੍ਹਾਂ ਅਸੰਵੇਦਨਸ਼ੀਲ ਬਣੀਆਂ ਹੋਈਆਂ ਹਨ।
ਸਾਥੀ ਮੰਗਤ ਰਾਮ ਪਾਸਲਾ ਵੱਲੋਂ ਪੰਜਾਬ ਵਾਸੀਆਂ ਨੂੰ ਆਗਾਹ ਕਰਦਿਆਂ ਕਿਹਾ ਕਿ ਬੀਤੇ ਦੇ ਕੌੜੇ ਅਨੁਭਵਾਂ ਦੇ ਅਧਾਰ 'ਤੇ ਇਹ ਗੱਲ ਬਿਨਾਂ ਕਿਸੇ ਸ਼ੱਕ ਦੇ ਕਹੀ ਜਾ ਸਕਦੀ ਹੈ ਕਿ ਥਰਮਲ ਬੰਦ ਹੋਣ ਤੋਂ ਬਾਅਦ ਥਰਮਲਾਂ ਦੀ ਹਜ਼ਾਰਾਂ ਏਕੜ ਜ਼ਮੀਨ ਅਤੇ ਹੋਰ ਜਾਇਦਾਦਾਂ ਸਿਆਸੀ ਪ੍ਰਭੂ ਮੁਫ਼ਤੋ ਮੁਫ਼ਤੀ ਹੜੱਪ ਕਰ ਜਾਣਗੇ।
ਸਾਥੀ ਪਾਸਲਾ ਨੇ ਯਾਦ ਦਿਵਾਇਆ ਕਿ ਸਾਫ਼ ਸੁਥਰੀ ਰਾਜਨੀਤੀ ਦੇ ਪਹਾੜਾਂ ਜਿੱਡੇ ਦਾਅਵੇ ਕਰਨ ਵਾਲਾ ਮਨਪ੍ਰੀਤ ਬਾਦਲ ਵਿਧਾਨ ਸਭਾ ਚੋਣਾਂ ਦੌਰਾਨ ਗਲੀ ਗਲੀ ਥਰਮਲ ਨੂੰ ਚੱਲਦੇ ਰੱਖਣ ਦਾ ਵਾਅਦਾ ਕਰਦਾ ਰਿਹਾ ਹੈ ਪਰ ਚੋਣਾਂ ਜਿੱਤਣ ਸਾਰ ਉਕਤ ਵਾਅਦੇ ਤੋਂ ਕਿਨਾਰਾਕਸ਼ੀ ਕਰ ਗਿਆ ਹੈ।
ਕਮਿਊਨਿਸਟ ਆਗੂ ਨੇ ਸਵਾਲ ਕੀਤਾ ਕਿ ਅਜਿਹੇ ਸੰਵੇਦਨਸ਼ੀਲ ਮੁੱਦਿਆਂ 'ਤੇ ਪੀੜਤਾਂ ਦਾ ਪੱਖ ਸਰਕਾਰੀ ਮਸ਼ੀਨਰੀ ਦੀ ਬਜਾਇ ਮੰਤਰੀਆਂ ਦੇ ਕਰੀਬੀ ਰਿਸ਼ਤੇਦਾਰ ਕਿਸੇ ਅਧਿਕਾਰ ਅਧੀਨ ਸੁਣ ਰਹੇ ਹਨ?
ਉਨ੍ਹਾਂ ਸਮੂਹ ਪੰਜਾਬੀਆਂ ਨੂੰ ਉਕਤ ਘੋਲ ਦੀ ਹਰ ਪੱਖੋਂ ਹਿਮਾਇਤ ਕਰਨ ਦੀ ਅਪੀਲ ਕੀਤੀ।

ਜਾਰੀ ਕਰਤਾ

(ਮਹੀਪਾਲ)
99153-12806

No comments:

Post a Comment