Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Wednesday 27 September 2017

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਪਹਿਲੀ ਸੂਬਾਈ ਜਥੇਬੰਦਕ ਕਾਨਫ਼ਰੰਸ ਆਰੰਭ

ਬਠਿੰਡਾ 27, ਸਤੰਬਰ - ''ਦੇਸ਼ ਵਾਸੀਆਂ ਦੀਆਂ ਅਕਹਿ ਮੁਸੀਬਤਾਂ ਅਤੇ ਦੇਸ਼ ਨੂੰ ਦਰਪੇਸ਼ ਸਰਵਵਿਆਪੀ ਸੰਕਟ ਦਾ ਹੱਲ ਕੇਵਲ ਤੇ ਕੇਵਲ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਦੀ ਸਥਾਈ ਏਕਤਾ ਅਤੇ ਵਿਸ਼ਾਲ ਸਾਂਝੇ ਜਨ ਸੰਗਰਾਮਾਂ ਰਾਹੀਂ ਹੀ ਹੋ ਸਕਦਾ ਹੈ।'' ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਇੱਥੇ, ਚੱਲ ਰਹੀ ਤਿੰਨ ਦਿਨਾਂ ਪਹਿਲੀ ਸੂਬਾਈ ਜਥੇਬੰਦਕ ਕਾਨਫ਼ਰੰਸ ਵਿਚ ਡੈਲੀਗੇਟਾਂ ਵੱਲੋਂ ਕੀਤੇ ਗਏ ਵਿਚਾਰ-ਵਟਾਂਦਰੇ 'ਚੋਂ ਉਪਰੋਕਤ ਸਰਵ ਸੰਮਤ ਰਾਇ ਨਿੱਖਰ ਕੇ ਸਾਹਮਣੇ ਆਈ।
ਬੀਤੇ ਕੱਲ੍ਹ ਸਾਥੀ ਮੰਗਤ ਰਾਮ ਪਾਸਲਾ ਵੱਲੋਂ ਪੇਸ਼ ਕੀਤੇ ਗਏ ਰਾਜਸੀ ਅਤੇ ਜਥੇਬੰਦਕ ਰਿਪੋਰਟ ਦੇ ਖਰੜੇ 'ਤੇ ਹੋਈ ਬਹਿਸ ਵਿਚ ਹਿੱਸਾ ਲੈਂਦਿਆਂ ਸਮੁੱਚੇ ਡੈਲੀਗੇਟਾਂ ਨੇ ਸੁਝਾਅ ਦਿੱਤਾ ਸੀ ਕਿ ਜਾਤੀਪਾਤੀ ਜ਼ੁਲਮਾਂ, ਘੱਟ ਗਿਣਤੀਆਂ 'ਤੇ ਕਾਤਲਾਨਾ ਹਮਲਿਆਂ, ਔਰਤਾਂ 'ਤੇ ਹੁੰਦੀ ਜਿਣਸੀ ਹਿੰਸਾ, ਖੇਤੀ ਕਰਜ਼ਿਆਂ, ਮਜ਼ਦੂਰ-ਕਿਸਾਨ ਖੁਦਕੁਸ਼ੀਆਂ, ਬੇਰੁਜ਼ਗਾਰ ਯੁਵਕਾਂ ਆਦਿ ਮੁੱਦਿਆਂ 'ਤੇ ਵਿਸ਼ੇਸ਼ ਧਿਆਨ ਦਿੰਦਿਆਂ ਲਗਾਤਾਰ ਸੰਘਰਸ਼ ਉਲੀਕੇ ਜਾਣੇ ਚਾਹੀਦੇ ਹਨ।
ਡੈਲੀਗੇਟਾਂ ਨੇ ਹਰ ਪੱਧਰ 'ਤੇ ਸਿਧਾਂਤਕ ਪਕਿਆਈ ਦੀ ਗਰੰਟੀ ਕਰਦੀ ਪਾਰਟੀ ਵਿੱਦਿਆ ਦਾ ਪ੍ਰਬੰਧ ਕਰਨ, ਪਾਰਟੀ ਨੂੰ ਹੇਠਾਂ ਤੋਂ ਉੱਪਰ ਤੱਕ ਮਜ਼ਬੂਤ ਕਰਨ ਅਤੇ ਹਰ ਪੱਧਰ 'ਤੇ ਜਮਹੂਰੀ ਮਾਹੌਲ ਸਿਰਜਣ ਦੇ ਠੋਸ ਸੁਝਾਅ ਦਿੱਤੇ।
ਅਨੇਕਾਂ ਡੈਲੀਗੇਟਾਂ ਵੱਲੋਂ ਬਦਲਵੇਂ ਲੋਕ ਪੱਖੀ ਸਭਿਆਚਾਰ ਦਾ ਪਸਾਰ ਕਰਨ ਅਤੇ ਬੌਧਿਕ ਹਲਕਿਆਂ ਵਿਚ ਹੋਰ ਪਸਾਰ ਦੇ ਆਏ ਸੁਝਾਆਂ ਦੇ ਮੱਦੇ ਨਜ਼ਰ ਉਪਰੋਕਤ ਫਰੰਟਾਂ ਦੀ ਨੇੜ ਭਵਿੱਖ 'ਚ ਕਾਇਮੀ ਦਾ ਫ਼ੈਸਲਾ ਲਿਆ ਗਿਆ।
ਕਾਨਫ਼ਰੰਸ ਵੱਲੋਂ ਪਾਸ ਕੀਤੇ ਗਏ ਇਕ ਮਤੇ ਰਾਹੀਂ ਭਾਰਤੀ ਕਿਰਤੀ ਵਰਗਾਂ ਨੂੰ ਸੱਦਾ ਦਿੱਤਾ ਗਿਆ ਕਿ ਉਹ ਨਵ ਉਦਾਰਵਾਦੀ ਨੀਤੀਆਂ ਦੀਆਂ ਹਿਮਾਇਤੀ ਕਿਸੇ ਇਕ ਜਾਂ ਦੂਜੀ ਪਾਰਟੀ ਵੱਲ ਝਾਕ ਛੱਡ ਕੇ ਲੋਕ ਪੱਖੀ ਧਿਰਾਂ ਦੀ ਅਗਵਾਈ 'ਚ ਸੰਗਰਾਮਾਂ ਦੇ ਪਿੜ ਮੱਲਣ।
ਬਹਿਸ ਵਿਚ ਇਸ ਗੱਲ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਕਿ ਫ਼ਿਰਕੂ ਧਰੁਵੀਕਰਨ ਦੇ ਮਕਸਦ ਅਧੀਨ ਕੀਤੀਆਂ ਜਾ ਰਹੀਆਂ ਘੱਟ ਗਿਣਤੀਆਂ ਖ਼ਾਸਕਰ ਮੁਸਲਮਾਨਾਂ ਦੀਆਂ ਹੱਤਿਆਵਾਂ ਵਿਰੁੱਧ ਥਾਂ ਪੁਰ ਥਾਂ ਲੋਕ ਲਾਮਬੰਦੀ ਕਰਦਿਆਂ ਸੰਘ ਪਰਿਵਾਰ ਨੂੰ ਵਧੇਰੇ ਤੋਂ ਵਧੇਰੇ ਲੋਕਾਂ 'ਚ ਪੇਪਰਦ ਕੀਤਾ ਜਾਵੇ।
ਭਾਰਤੀ ਉੱਚ ਹਲਕਿਆਂ ਵੱਲੋਂ ਅਫ਼ਗ਼ਾਨਿਸਤਾਨ ਵਿਖੇ ਫ਼ੌਜਾਂ ਭੇਜਣ ਦੇ ਫ਼ੈਸਲੇ ਤੋਂ ਪਿੱਛੇ ਹਟਣ ਨੂੰ ਡੈਲੀਗੇਟਾਂ ਨੇ ਲੋਕਾਂ 'ਚ ਕਾਇਮ ਜੰਗ ਵਿਰੋਧੀ ਸਾਮਰਾਜ ਵਿਰੋਧੀ ਭਾਵਨਾਵਾਂ ਦਾ ਪ੍ਰਗਟਾਵਾ ਕਿਹਾ ਗਿਆ। ਭਲਕੇ 28 ਸਤੰਬਰ ਨੂੰ ਨਵੀਂ ਟੀਮ ਦੀ ਚੋਣ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਸੈਮੀਨਾਰ ਵੀ ਕੀਤਾ ਜਾਵੇਗਾ ਜਿਸ 'ਚ ਉੱਘੇ ਪੱਤਰਕਾਰ ਅਤੇ ਲੇਖਕ ਰਾਮ ਸ਼ਰਨ ਜੋਸ਼ੀ ''ਅੰਧ ਰਾਸ਼ਟਰਵਾਦ ਦਾ ਦੌਰ ਅਤੇ ਪ੍ਰਗਤੀਸ਼ੀਲ ਧਿਰਾਂ ਸਨਮੁੱਖ ਚਣੌਤੀਆਂ ਵਿਸ਼ੇ 'ਤੇ ਕੁੰਜੀਵਤ ਭਾਸ਼ਣ ਦੇਣਗੇ।
ਜ਼ਿਕਰਯੋਗ ਹੈ ਸਥਾਨਕ ਜੁਗਰਾਜ ਪੈਲੇਸ ਵਿਚ 26 ਤੋਂ 28 ਸਤੰਬਰ 2017 ਤੱਕ ਹੋ ਰਹੀ ਉਕਤ ਕਾਨਫ਼ਰੰਸ ਦੇ ਸਮੁੱਚੇ ਇਲਾਕੇ ਨੂੰ ''ਗ਼ਦਰੀ ਸ਼ਹੀਦ ਰਹਿਮਤ ਅਲੀ ਵਜ਼ੀਦ ਕੇ ਨਗਰ'', ਕਾਨਫ਼ਰੰਸ ਹਾਲ ਨੂੰ ''ਗ਼ਦਰੀ ਬਾਬਾ ਮੰਗੂ ਰਾਮ ਮੂੰਗੋਵਾਲ ਹਾਲ'' ਅਤੇ ਮੰਚ ਨੂੰ ਸ਼ਹੀਦ ਸਾਥੀ ਗੁਰਨਾਮ ਉੱਪਲ ਮੰਚ'' ਦਾ ਨਾਂਅ ਦਿੱਤਾ ਗਿਆ ਹੈ।

No comments:

Post a Comment