Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Friday 23 June 2017

ਆਰਐੱਮਪੀਆਈ ਵਲੋਂ ਰੋਹ ਭਰਪੂਰ ਮੁਜ਼ਹਾਰੇ

ਜਲੰਧਰ, 23 ਜੂਨ - ''ਬੀਤੇ ਕੱਲ੍ਹ ਪੰਜਾਬ ਵਿਧਾਨ ਸਭਾ 'ਚ ਮਚਿਆ ਘਮਾਸਾਨ ਜਿੱਥੇ ਅਤੀ ਨਿੰਦਣਯੋਗ ਹੈ, ਉਥੇ ਇਹ ਵੀ ਸਿੱਧ ਕਰਦਾ ਹੈ ਕਿ ਵਿਧਾਨਕਾਰਾਂ ਦੀਆਂ ਤਿੰਨ ਮੁੱਖ ਧਿਰਾਂ ਭਾਵ ਕਾਂਗਰਸ, ਅਕਾਲੀ-ਭਾਜਪਾ ਅਤੇ ਆਪ ਨਿੱਜੀ ਹਊਮੈਂ ਅਤੇ ਧੁਰ ਅੰਦਰ ਤੱਕ ਲੋਕ ਵਿਰੋਧੀ ਮਾਨਸਿਕਤਾ ਨਾਲ ਗ੍ਰਸੇ ਹੋਏ ਹਨ।'' ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਤੇ ਹੋਰ ਕੇਂਦਰੀ ਅਤੇ ਸੂਬਾਈ ਆਗੂਆਂ ਨੇ ਪਾਰਟੀ ਵਲੋਂ ਜਥੇਬੰਦ ਕੀਤੇ ਗਏ ਤਹਿਸੀਲ ਪੱਧਰੀ ਮੁਜ਼ਾਹਰਿਆਂ ਤੋਂ ਪਹਿਲਾਂ ਹੋਈਆਂ ਪ੍ਰਭਾਵਸ਼ਾਲੀ ਇਕੱਤਰਤਾਵਾਂ ਨੂੰ ਸੰਬੋਧਨ ਕਰਦਿਆਂ ਕੀਤਾ। ਜਿਕਰਯੋਗ ਹੈ ਕਿ ਆਰ.ਐਮ.ਪੀ.ਆਈ. ਵਲੋਂ 19 ਜੂਨ ਤੋਂ ਸੂਬੇ ਦੇ ਤਹਿਸੀਲ, ਸਦਰ ਮੁਕਾਮਾਂ 'ਤੇ ਧਰਨੇ ਮੁਜ਼ਾਹਰਿਆਂ ਦੀ ਲੜੀ ਸ਼ੁਰੂ ਕੀਤੀ ਹੋਈ ਹੈ ਅਤੇ ਅੱਜ ਆਖਰੀ ਦਿਨ ਬਾਬਾ ਬਕਾਲਾ, ਨਕੋਦਰ, ਗੁਰਦਾਸਪੁਰ, ਸਮਾਣਾ, ਕਪੂਰਥਲਾ, ਮੁਕਤਸਰ, ਕੂੰਮ ਕਲਾਂ, ਮਾਨਸਾ, ਸ਼ਹੀਦ ਭਗਤ ਸਿੰਘ ਨਗਰ, ਅਬੋਹਰ ਵਿਖੇ ਰੋਹ ਭਰਪੂਰ ਮੁਜ਼ਾਹਰੇ ਕੀਤੇ ਗਏ।
ਸਾਥੀ ਪਾਸਲਾ ਅਤੇ ਦੂਜੇ ਪਾਰਟੀ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਕਿਰਤੀ ਕਿਸਾਨਾਂ ਦੇ ਅਤੀ ਗੰਭੀਰ ਮਸਲੇ ਜਿਵੇਂ ਕਿ ਨਿੱਤ ਹੋ ਰਹੀਆਂ ਖੁਦਕੁਸ਼ੀਆਂ, ਕਰਜ਼ਾ, ਬੇਰੋਜ਼ਗਾਰੀ ਤੇ ਨਸ਼ਿਆਂ ਨਾਲ ਬੇਹਾਲ ਨੌਜਵਾਨੀ, ਸਕੂਲਾਂ, ਹਸਪਤਾਲਾਂ ਤੇ ਹੋਰ ਜਨਤਕ ਅਦਾਰਿਆਂ ਦੀ ਮਾੜੀ ਹਾਲਤ, ਛਾਲਾਂ ਮਾਰ ਕੇ ਵੱਧ ਰਹੀ ਮਹਿੰਗਾਈ ਤੇ ਭੁਖਮਰੀ, ਨਿੱਤ ਵੱਧਦੇ ਅਪਰਾਧ ਤੇ ਮਾਫੀਆ ਲੁੱਟ, ਚੁਫੇਰੇ ਫੈਲੀ ਲਾਕਾਨੂੰਨੀ ਅਤੇ ਭ੍ਰਿਸ਼ਟਾਚਾਰ ਆਦਿ ਸਭ ਵਿਸਾਰ ਕੇ ਪੰਜਾਬ ਵਿਧਾਨ ਸਭਾ ਨੂੰ ਅਣਮਨੁੱਖੀ ਜ਼ੋਰ ਅਜਮਾਈ ਅਤੇ ਭੱਦੀ ਸ਼ਬਦਾਵਲੀ ਦਾ ਅਖਾੜਾ ਬਣਾਇਆ ਜਾ ਰਿਹਾ ਹੈ ਜੋ ਕਿ ਅਤੀ ਨਿੰਦਣਯੋਗ ਹੈ। ਕਮਿਊਨਿਸਟ ਆਗੂਆਂ ਨੇ ਪੰਜਾਬ ਦੇ ਲੋਕਾਂ ਨੂੰ ਭਾਵਪੂਰਤ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਦੀ ਆਸ ਉਕਤ ਪੂੰਜੀਪਤੀ ਜਗੀਰੂ ਹਿਤਾਂ ਦੀਆਂ ਅਲੰਬਰਦਾਰ ਪਾਰਟੀਆਂ ਤੋਂ ਕਰਨੀ ਫਜ਼ੂਲ ਹੈ। ਇਸ ਮੰਤਵ ਲਈ ਲਾਲ ਝੰਡੇ ਦੀ ਅਗਵਾਈ ਵਾਲੀ ਜੁਝਾਰੂ ਅਤੇ ਪ੍ਰਗਤੀਸ਼ੀਲ ਲਹਿਰ ਦੀ ਮਜ਼ਬੂਤੀ ਅਤੇ ਪਸਾਰ ਹੀ ਇਕੋ ਇਕ ਲਾਜ਼ਮੀ ਸ਼ਰਤ ਹੈ।
ਪਾਰਟੀ ਆਗੂਆਂ ਨੇ ਕਿਹਾ ਕਿ ਉਪਰੋਕਤ ਧਰਨੇ ਦੇਸ਼ ਭਰ 'ਚ ਦਲਿਤਾਂ ਉਪਰ ਹੋ ਰਹੇ ਜਾਤੀਪਾਤੀ ਜ਼ੁਲਮਾਂ, ਘੱਟ ਗਿਣਤੀਆਂ ਤੇ ਯੋਜਨਾਬੱਧ ਢੰਗ ਨਾਲ ਬਰਪਾਏ ਜਾ ਰਹੇ ਫਿਰਕੂ ਹਿੰਸਾ ਦੇ ਕਹਿਰ ਅਤੇ ਔਰਤਾਂ 'ਤੇ ਹੋ ਰਹੇ ਹਿੰਸਕ ਹਮਲਿਆਂ ਤੇ ਲਿੰਗ ਅਧਾਰਿਤ ਵਿਤਕਰਿਆਂ ਨੂੰ ਸਖਤੀ ਨਾਲ ਰੋਕੇ ਜਾਣ ਅਤੇ ਪੀੜਤਾਂ ਨੂੰ ਢੁੱਕਵੇਂ ਮੁਆਵਜ਼ੇ ਸਹਿਤ ਉਨ੍ਹਾਂ ਦੇ ਮੁਕੰਮਲ ਮੁੜ ਵਸੇਬੇ ਦੀ ਮੰਗ ਲਈ ਕੀਤੇ ਜਾ ਰਹੇ ਹਨ ਅਤੇ ਇਹ ਸੰਘਰਸ਼ ਹੋਰ ਉਚੇਚੇ ਪੱਧਰ 'ਤੇ ਜਾਰੀ ਰੱਖਿਆ ਜਾਵੇਗਾ।
ਉਕਤ ਧਰਨਿਆਂ ਦਾ ਇਕ ਮਕਸਦ ਇਹ ਵੀ ਸੀ ਕਿ ਕੇਂਦਰ ਦੀ ਭਾਜਪਾ ਅਤੇ ਪੰਜਾਬ ਦੀ ਕਾਂਗਰਸ ਪਾਰਟੀ ਵਲੋਂ ਕ੍ਰਮਵਾਰ ਲੋਕ ਸਭਾ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣ ਲਈ, ਲੋਕਾਂ ਨਾਲ ਕੀਤੇ ਗਏ ਵਾਅਦੇ ਲਾਗੂ ਕਰਵਾਉਣ ਲਈ ਵਿਸ਼ਾਲ ਜਨਤਕ ਅੰਦੋਲਨ ਰਾਹੀਂ ਮਜ਼ਬੂਰ ਕੀਤਾ ਜਾ ਸਕੇ। ਧਰਨਿਆਂ-ਮੁਜ਼ਾਹਰਿਆਂ 'ਚ ਕਿਰਤੀ ਲੋਕ ਵਿਸ਼ੇਸ਼ ਕਰ ਔਰਤਾਂ ਅਤੇ ਨੌਜਵਾਨ ਝੋਨੇ ਦਾ ਰੁਝੇਵੇਂ ਭਰਿਆ ਸੀਜਨ ਹੋਣ ਦੇ ਬਾਵਜੂਦ ਭਾਰੀ ਗਿਣਤੀ 'ਚ ਸ਼ਮੂਲੀਅਤ ਕਰ ਰਹੇ ਹਨ ਜੋ ਇਸ ਗੱਲ ਦਾ ਸੂਚਕ ਹੈ ਕਿ ਭਵਿੱਖ 'ਚ ਪੰਜਾਬੀ ਮੁੱਦਿਆਂ ਅਧਾਰਤ ਹਾਂ ਪੱਖੀ ਲਹਿਰ ਨੂੰ ਬਲ ਬਖਸ਼ਣਗੇ।
ਕਮਿਊਨਿਸਟ ਆਗੂਆਂ ਨੇ ਕੇਂਦਰੀ ਵਜ਼ੀਰ ਵੈਕੱਈਆ ਨਾਇਡੂ ਵਲੋਂ ਦਿੱਤੇ ਬਿਆਨ, ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ''ਕਰਜ਼ਾ ਮੁਆਫੀ ਦੀ ਮੰਗ ਇਕ ਫੈਸ਼ਨ ਬਣ ਗਈ ਹੈ'', ਦੀ ਘੋਰ ਨਿਖੇਧੀ ਕਰਦਿਆਂ ਕਿਹਾ ਕਿ ਇਹ ਸਰਕਾਰ ਚਲਾ ਰਹੀ ਪਾਰਟੀ ਦੀ ਘੋਰ ਲੋਕ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਹੈ। ਉਨ੍ਹਾਂ ਸਵਾਲ ਕੀਤਾ ਕਿ ਇਹੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਲੱਖਾਂ ਕਰੋੜ ਰੁਪਏ ਦੇ ਕਰਜ਼ਿਆਂ 'ਤੇ ਕਿਵੇਂ ਬਿਨਾਂ ਸ਼ਰਤ ਲੀਕ ਮਾਰੀ ਜਾ ਰਹੀ ਹੈ?
ਸਾਥੀ ਪਾਸਲਾ ਤੋਂ ਇਲਾਵਾ ਗੁਰਨਾਮ ਸਿੰਘ ਦਾਊਦ, ਲਾਲ ਚੰਦ ਕਟਾਰੂਚੱਕ, ਕੁਲਵੰਤ ਸਿੰਘ ਸੰਧੂ, ਜਗਜੀਤ ਸਿੰਘ ਜੱਸੇਆਣਾ, ਮੋਹਣ ਸਿੰਘ ਧਮਾਣਾ, ਲਾਲ ਚੰਦ ਸਰਦੂਲਗੜ੍ਹ, ਛੱਜੂ ਰਾਮ ਰਿਸ਼ੀ, ਸੋਹਣ ਸਿੰਘ ਸਲੇਮਪੁਰੀ, ਗੁਰਮੇਜ ਗੇਜੀ, ਪੂਰਨ ਚੰਦ, ਰਘਬੀਰ ਸਿੰਘ ਬੈਨੀਪਾਲ, ਦਰਸ਼ਨ ਨਾਹਰ, ਜਸਵਿੰਦਰ ਢੇਸੀ, ਮਨੋਹਰ ਸਿੰਘ ਗਿੱਲ ਨੇ ਵੱਖੋ-ਵੱਖ ਥਾਈਂ ਇਕੱਤਰਤਾਵਾਂ ਨੂੰ ਸੰਬੋਧਨ ਕੀਤਾ।
ਜਾਰੀ ਕਰਤਾ

(ਰਵੀ ਕੰਵਰ)

No comments:

Post a Comment