Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Wednesday 21 June 2017

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਅਜਨਾਲਾ, ਸਰਦੂਲਗੜ੍ਹ, ਸ਼ਾਹਕੋਟ, ਬਟਾਲਾ ਵਿਖੇ ਜਥੇਬੰਦ ਕੀਤੇ ਗਏ ਰੋਸ ਮੁਜ਼ਾਹਰੇ

ਜਲੰਧਰ , 21 ਜੂਨ - ਚੋਣਾਂ ਵੇਲੇ ਲਾਇਆ ਗਿਆ ਕਰਜ-ਮੁਆਫੀ ਦਾ ਲਾਰਾ ਅਤੇ ਮੌਜੂਦਾ ਵਿਧਾਨ ਸਭਾ ਦੇ ਪਲੇਠੇ ਬਜਟ ਦਾ ਝਲਕਾਰਾ, ਸੂਬੇ ਦੀ ਹਕੂਮਤ 'ਤੇ ਕਾਬਜ਼ ਕਾਂਗਰਸ ਪਾਰਟੀ ਦੇ ਕਹਿਣੀ ਅਤੇ ਕਰਨੀ ਦੇ ਪਾੜੇ ਦਾ ਮੂੰਹੋਂ ਬੋਲਦਾ ਸਬੂਤ ਹੈ'', ਇਹ ਸ਼ਬਦ ਅੱਜ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਅਜਨਾਲਾ, ਸਰਦੂਲਗੜ੍ਹ, ਸ਼ਾਹਕੋਟ, ਬਟਾਲਾ ਵਿਖੇ ਜਥੇਬੰਦ ਕੀਤੇ ਗਏ ਰੋਸ ਮੁਜ਼ਾਹਰਿਆਂ ਤੋਂ ਪਹਿਲਾਂ ਹੋਈਆਂ ਰੈਲੀਆਂ ਨੂੰ ਸੰਬੋਧਨ ਕਰਦਿਆਂ ਪਾਰਟੀ ਆਗੂਆਂ ਨੇ ਕਹੇ। ਉਨ੍ਹਾਂ ਦੋਸ਼ ਲਾਇਆ ਕਿ ਕਿਸਾਨਾਂ ਦੀ ਨਾਮਾਤਰ ਕਰਜ਼-ਮੁਆਫੀ ਅਤੇ ਖੇਤ ਮਜਦੂਰਾਂ ਨੂੰ ਇਸ ਰਿਆਇਤ ਤੋਂ ਪੂਰੀ ਤਰ੍ਹਾਂ ਵਾਂਝੇ ਰੱਖਣਾ ਸੂਬਾ ਹਕੂਮਤ ਦੀ ਸਰਾਸਰ ਵਾਅਦਾ ਖਿਲਾਫੀ ਹੈ ਅਤੇ ਪਾਰਟੀ ਇਸ ਵਿਰੁੱਧ ਲਗਾਤਾਰ ਪੜਾਅਵਾਰ ਸੰਘਰਸ਼ ਜਾਰੀ ਰੱਖੇਗੀ।
ਕਮਿਊਨਿਸਟ ਆਗੂਆਂ ਨੇ ਕਿਹਾ ਕਿ ਦੇਸੀ-ਬਦੇਸ਼ੀ ਕਾਰਪੋਰੇਟ ਘਰਾਣਿਆਂ, ਬਹੁਕੌਮੀ ਕਾਰਪੋਰੇਸ਼ਨਾਂ ਅਤੇ ਸਾਮਰਾਜੀ ਵਿੱਤੀ ਸੰਸਥਾਵਾਂ ਵਲੋਂ ਦੇਸ਼ ਦੇ ਕੁਦਰਤੀ ਵਸੀਲਿਆਂ ਦੀ ਚੌਤਰਫਾ ਲੁੱਟ ਨੂੰ ਯਕੀਨੀ ਬਣਾਏ ਜਾਣ ਲਈ, ਕੇਂਦਰ ਦੀ ਮੋਦੀ ਸਰਕਾਰ, ਭਾਜਪਾ ਤੇ ਇਸ ਦੇ ਸਹਿਯੋਗੀ ਸੰਗਠਨ ਜਮਹੂਰੀਅਤ ਦੀ ਥਾਂ ਤਾਨਾਸ਼ਾਹੀ, ਧਰਮ ਨਿਰਪੱਖਤਾ ਦੀ ਥਾਂ ਫਿਰਕਾਪ੍ਰਸਤੀ ਅਤੇ ਹਕੀਕੀ ਰਾਸ਼ਟਰਵਾਦ ਦੀ ਥਾਂ ਅੰਨ੍ਹੇ ਕੌਮਵਾਦ ਦਾ ਬੋਲਬਾਲਾ ਕਾਇਮ ਕਰਨ 'ਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਉਕਤ ਸਾਰਾ ਕੁੱਝ ਕੱਟੜ ਹਿੰਦੂ ਰਾਸ਼ਟਰ ਦੀ ਸਥਾਪਨਾ ਦੇ ਕੋਝੇ ਉਦੇਸ਼ ਅਧੀਨ ਆਰ.ਐਸ.ਐਸ. ਦੇ ਇਸ਼ਾਰੇ 'ਤੇ ਕੀਤਾ ਜਾ ਰਿਹਾ ਹੈ।
ਧਰਨਿਆਂ ਨੂੰ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਸੂਬਾ ਸਕੱਤਰੇਤ ਮੈਂਬਰਾਨ ਸਰਵ ਸਾਥੀ ਕੁਲਵੰਤ ਸਿੰਘ ਸੰਧੂ, ਰਤਨ ਸਿੰਘ ਰੰਧਾਵਾ, ਸਤਨਾਮ ਸਿੰਘ ਅਜਨਾਲਾ, ਲਾਲ ਚੰਦ ਕਟਾਰੂਚੱਕ; ਸੂਬਾ ਕਮੇਟੀ ਮੈਂਬਰਾਨ ਸਾਥੀ ਲਾਲ ਚੰਦ ਸਰਦੂਲਗੜ੍ਹ, ਜਸਵਿੰਦਰ ਸਿੰਘ ਢੇਸੀ, ਮਨੋਹਰ ਸਿੰਘ ਗਿੱਲ, ਦਰਸ਼ਨ ਨਾਹਰ ਤੋਂ ਇਲਾਵਾ ਸਥਾਨਕ ਆਗੂਆਂ ਨੇ ਵੀ ਸੰਬੋਧਨ ਕੀਤਾ।
ਉਕਤ ਤਹਿਸੀਲ ਪੱਧਰੀ ਧਰਨੇ 23 ਜੂਨ ਤੱਕ ਜਾਰੀ ਰਹਿਣਗੇ ਅਤੇ ਉਸ ਪਿਛੋਂ ਅਗਲੇ ਪੜਾਅ ਦੀ ਰੂਪ ਰੇਖਾ ਦਾ ਐਲਾਨ ਬਾਅਦ 'ਚ ਕੀਤਾ ਜਾਵੇਗਾ।
ਮੁਜ਼ਾਹਰਾਕਾਰੀ ਮੰਗ ਕਰ ਰਹੇ ਸਨ ਕਿ ਕੇਂਦਰ ਅਤੇ ਸੂਬਾ ਹਕੂਮਤ ਸਭਨਾ ਨੂੰ ਰੋਜ਼ਗਾਰ, ਸਿੱਖਿਆ, ਸਿਹਤ ਸਹੂਲਤਾਂ, ਮਕਾਨ ਬਨਾਉਣ ਲਈ ਥਾਂ ਅਤੇ ਗਰਾਂਟ, ਸਨਮਾਨਯੋਗ ਬੁਢਾਪਾ, ਵਿਧਵਾ-ਅੰਗਹੀਨ ਪੈਨਸ਼ਨਾਂ, ਰੇਤਾ ਬੱਜਰੀ ਸਮੇਤ ਹਰ ਕਿਸਮ ਦੇ ਮਾਫੀਆ-ਅਪਰਾਧਾਂ ਅਤੇ ਕੁਰੱਪਸ਼ਨ ਤੋਂ ਮੁਕਤੀ, ਕਿਸਾਨਾਂ-ਮਜ਼ਦੂਰਾਂ ਦੀ ਮੁਕੰਮਲ ਕਰਜ ਮਾਫੀ ਦੇ ਵਾਅਦੇ ਇਨ ਬਿਨ ਲਾਗੂ ਕਰਨ।
ਜਾਰੀ ਕਰਤਾ

(ਰਵੀ ਕੰਵਰ)

No comments:

Post a Comment