Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Friday 24 November 2017

ਆਰ.ਐਮ.ਪੀ.ਆਈ. ਦੀ ਪਲੇਠੀ ਕਾਨਫਰੰਸ ਵਲੋਂ ਪਾਰਟੀ ਪ੍ਰੋਗਰਾਮ ਸਰਵਸੰਮਤੀ ਨਾਲ ਪ੍ਰਵਾਨ


ਸ਼ਹੀਦ ਭਗਤ ਸਿੰਘ ਨਗਰ (ਚੰਡੀਗੜ੍ਹ), 24 ਨਵੰਬਰ : ਆਰ.ਐਮ.ਪੀ.ਆਈ. ਦਾ ਮੁੱਖ ਮਕਸਦ ਲੋਕ ਜਮਹੂਰੀ ਇਨਕਲਾਬ ਰਾਹੀਂ ਜਾਤ, ਜਮਾਤ ਤੇ ਲਿੰਗਕ ਵਿਤਕਰੇ ਤੋਂ ਰਹਿਤ ਇਕ ਸੈਕੂਲਰ ਸਮਾਜ ਦੀ ਸਿਰਜਣਾ ਹੈ, ਜਿਸ ਵਾਸਤੇ ਇਕ ਬੇਹੱਦ ਮਜ਼ਬੂਤ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਲੋੜ ਹੈ ਤੇ ਆਰ.ਐਮ.ਪੀ.ਆਈ. ਇਸ ਇਤਿਹਾਸਕ ਜ਼ੁੰਮੇਵਾਰੀ ਨੂੰ ਨਿਭਾਉਣ ਲਈ ਪੂਰੀ ਵਾਹ ਲਾਵੇਗੀ। ਇਹ ਗੱਲ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪਲੇਠੀ ਸਰਬ ਭਾਰਤ ਕਾਨਫਰੰਸ ਵਲੋਂ ਸਰਵਸੰਮਤੀ ਨਾਲ ਪ੍ਰਵਾਨ ਕੀਤੇ ਗਏ ਪਾਰਟੀ ਪ੍ਰੋਗਰਾਮ ਵਿਚ ਕਹੀ ਗਈ ਹੈ।
ਬੁੱਧਵਾਰ ਤੋਂ ਸ਼ੁਰੂ ਹੋਈ ਇਸ ਕਾਨਫਰੰਸ ਦੇ ਦੂਸਰੇ ਦਿਨ ਪ੍ਰਵਾਨ ਕੀਤੇ ਗਏ ਇਸ ਪਾਰਟੀ ਪ੍ਰੋਗਰਾਮ ਦਾ ਖਰੜਾ, ਜੋ ਪਹਿਲਾਂ ਹੀ ਵਿਚਾਰ ਵਟਾਂਦਰੇ ਲਈ ਪਾਰਟੀ ਸਫ਼ਾਂ 'ਚ ਭੇਜ ਦਿੱਤਾ ਗਿਆ ਸੀ, ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਹਰਕੰਵਲ ਸਿੰਘ ਵਲੋਂ ਪਹਿਲੇ ਦਿਨ ਬਾਅਦ ਦੁਪਹਿਰ ਪੇਸ਼ ਕੀਤਾ ਗਿਆ ਸੀ ਜਿਸ 'ਤੇ ਹੋਈ ਭਖਵੀਂ ਤੇ ਉਸਾਰੂ ਬਹਿਸ ਵਿਚ 21 ਡੈਲੀਗੇਟਾਂ ਨੇ ਹਿੱਸਾ ਲਿਆ। ਪਾਸ ਕੀਤੇ ਗਏ ਪ੍ਰੋਗਰਾਮ ਵਿਚ ਇਹ ਗੱਲ ਨੋਟ ਕੀਤੀ ਗਈ ਹੈ ਕਿ ਲੋਕ ਜਮਹੂਰੀ ਇਨਕਲਾਬ ਦੇ ਨਿਸ਼ਾਨਿਆਂ ਦੀ ਪ੍ਰਾਪਤੀ ਦਾ ਸੰਘਰਸ਼ ਬਹੁਤ ਹੀ ਜਟਿਲ ਤੇ ਲੰਮਾ ਹੈ ਜੋ ਸਾਰੀਆਂ ਦੇਸ਼ ਭਗਤ ਤੇ ਜਮਹੂਰੀ ਤਾਕਤਾਂ ਦੀ ਇਨਕਲਾਬੀ ਏਕਤਾ ਰਾਹੀਂ ਹਾਸਲ ਕੀਤਾ ਜਾ ਸਕਦਾ ਹੈ ਜਿਸ ਦਾ ਮੁੱਖ ਕੇਂਦਰ ਬਿੰਦੂ ਮਜ਼ਦੂਰ-ਕਿਸਾਨ ਹੋਵੇਗਾ। ਪ੍ਰਵਾਨਤ ਪ੍ਰੋਗਰਾਮ ਅਨੁਸਾਰ ਮੌਜੂਦਾ ਦੌਰ ਵਿਚ ਅਜਾਰੇਦਾਰ ਪੂੰਜੀਪਤੀਆਂ ਤੇ ਰਜਵਾੜਿਆਂ ਨੂੰ ਛੱਡ ਕੇ ਬਾਕੀ ਸਾਰੇ ਵਰਗ ਸਾਮਰਾਜੀ ਲੁੱਟ ਦਾ ਸ਼ਿਕਾਰ ਹਨ ਤੇ ਇਸ ਲੁੱਟੇ ਪੁੱਟੇ ਵਰਗ ਦੀ ਏਕਤਾ ਅਗਾਂਹ ਵੱਲ ਸਮਾਜਕ ਤਬਦੀਲੀ ਦਾ ਮੁੱਖ ਆਧਾਰ ਹੋਵੇਗੀ। ਇਸ ਲੁੱਟ ਤੋਂ ਸਦੀਵੀ ਮੁਕਤੀ ਲਈ ਲੜੇ ਜਾਣ ਵਾਲੇ ਸੰਗਰਾਮਾਂ ਦੀ ਜਿੱਤ ਦੀ ਗਰੰਟੀ ਲਈ ਆਰ.ਐਮ.ਪੀ.ਆਈ. ਸਭਨਾਂ ਖੱਬੀਆਂ, ਜਮਹੂਰੀ, ਦੇਸ਼ ਭਗਤਕ ਤੇ ਅਗਾਂਹਵਧੂ ਸ਼ਕਤੀਆਂ 'ਤੇ ਅਧਾਰਤ ਵਿਸ਼ਾਲ ਮੋਰਚੇ ਦੇ ਉਸਾਰੀ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਇਸ ਪ੍ਰੋਗਰਾਮ ਵਿਚ ਇਹ ਗੱਲ ਨੋਟ ਕੀਤੀ ਗਈ ਹੈ ਕਿ ਪਾਰਲੀਮਾਨੀ ਘੋਲਾਂ ਨੂੰ ਬੇਸ਼ੱਕ ਰੱਦ ਨਹੀਂ ਕੀਤਾ ਜਾ ਸਕਦਾ ਪਰ ਇਸ ਮਕਸਦ ਵਾਸਤੇ ਗੈਰ ਪਾਰਲੀਮਾਨੀ ਸੰਗਰਾਮ ਦਾ ਪਿੜ ਖਾਲੀ ਛੱਡਣਾ ਇਕ ਬੱਜਰ ਕੁਤਾਹੀ ਹੈ ਜਿਸਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਪ੍ਰਵਾਨਤ ਪ੍ਰੋਗਰਾਮ 'ਚ ਇਹ ਗੱਲ ਵਿਸ਼ੇਸ਼ ਤੌਰ 'ਤੇ ਨੋਟ ਕੀਤੀ ਗਈ ਹੈ ਕਿ ਮਜ਼ਦੂਰ ਜਮਾਤ ਦੀ ਅਸਰਦਾਇਕ, ਇਕਜੁੱਟ ਤੇ ਰਾਜਨੀਤਕ ਤੌਰ 'ਤੇ ਤਿੱਖੇ ਰੂਪ 'ਚ ਕ੍ਰਿਆਸ਼ੀਲ ਲਹਿਰ ਦੀ ਅਣਹੋਂਦ ਕਾਰਨ, ਪੂੰਜੀਵਾਦੀ ਰਾਹ ਦੀ ਭਿਆਨਕਤਾ ਖਿਲਾਫ ਨਿੱਤ ਵੱਧਦੇ ਰੋਸ ਦੀ ਵਰਤੋਂ ਕੱਝ ਨਾਂਹ ਪੱਖੀ ਪ੍ਰਤੀਕਿਰਿਆਵਾ ਦੀ ਫਿਰਕੂ ਤੇ ਇਨਕਲਾਬ ਵਿਰੋਧੀ ਤਾਕਤਾਂ ਨੇ ਆਪਣਾ ਆਧਾਰ ਮਜ਼ਬੂਤ ਕਰਨ ਲਈ ਕੀਤੀ ਹੈ। ਇਨ੍ਹਾਂ ਤਾਕਤਾਂ 'ਚੋਂ ਹੀ ਸੰਘ ਪਰਵਾਰ ਦੀ ਔਲਾਦ ਭਾਜਪਾ ਹੁਣ ਸਭ ਤੋਂ ਮੋਹਰੀ ਹੈ। ਸੰਘ ਦੀ ਫਾਸ਼ੀਵਾਦੀ ਵਿਚਾਰਧਾਰਾ ਵਲੋਂ ਪਿੱਠ ਪੂਰੇ ਜਾਣ ਨਾਲ ਇਹ ਕੇਂਦਰ ਤੇ ਕਈ ਸਾਰੇ ਸੂਬਿਆਂ 'ਚ ਸੱਤਾ ਹਥਿਆਉਣ 'ਚ ਕਾਮਯਾਬ ਹੋਈ ਹੈ। ਇਸ ਪਾਰਟੀ ਤੇ ਸੰਘ ਪਰਿਵਾਰ ਦੀਆਂ ਦੂਸਰੀਆਂ ਜਥੇਬੰਦੀਆਂ ਦੇ ਪੈਰੋਕਾਰਾਂ ਵਲੋਂ ਘੱਟ ਗਿਣਤੀਆਂ, ਦਲਿਤਾਂ ਤੇ ਘਿਨਾਉਣੇ ਹਿੰਸਕ ਹਮਲਿਆਂ ਤੇ ਇਨ੍ਹਾਂ ਦੇ ਅਤਿ ਦਰਜੇ ਦੇ ਫਿਰਕੂ ਅਮਲਾਂ ਨੇ ਘੱਟ ਗਿਣਤੀਆਂ ਵਿਚਾਲੇ ਅਸੁਰੱਖਿਆ ਦੀ ਭਾਵਨਾ ਪੈਦਾ ਕਰ ਦਿੱਤੀ ਹੈ। ਇਹ ਵਰਤਾਰਾ ਨਾ ਸਿਰਫ ਮਜ਼ਦੂਰ ਜਮਾਤ ਲਈ ਖਤਰਨਾਕ ਹੈ ਸਗੋਂ ਕੌਮਾਂਤਰੀ ਪੱਧਰ 'ਤੇ ਕੱਟੜਪੰਥੀਆਂ ਦੇ ਉਭਾਰ ਨਾਲ ਮਿਲਕੇ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਨਾਲ-ਨਾਲ ਆਮ ਲੋਕਾਂ ਦੀ ਸਲਾਮਤੀ ਲਈ ਵੀ ਗੰਭੀਰ ਖਤਰਾ ਹੈ। ਸੱਜੇ ਤੇ ਖੱਬੇ ਕੁਰਾਹੇ ਤੋਂ ਬਚਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਪ੍ਰੋਗਰਾਮ 'ਚ ਕਿਹਾ ਗਿਆ ਹੈ ਕਿ ਸੈਕੂਲਰਿਜ਼ਮ ਤੇ ਜਮਹੂਰੀਅਤ ਪੀਡੀ ਤਰ੍ਹਾਂ ਇਕ ਦੂਜੇ ਨਾਲ ਜੁੜੇ ਹੋਏ ਹਨ। ਲੋਕ ਏਕਤਾ ਲਈ ਦੋਹਾਂ ਦੀ ਬਰਾਬਰ ਦੀ ਅਹਿਮੀਅਤ ਹੈ। ਇਸ ਪ੍ਰੋਗਰਾਮ ਵਿਚ ਘੱਟ ਗਿਣਤੀਆਂ, ਦਲਿਤਾਂ, ਔਰਤਾਂ ਤੇ ਆਦਿਵਾਸੀਆਂ ਖਿਲਾਫ ਬੇਬਹਾ ਉਤਪੀੜਨ ਦੇ ਮੁੱਦੇ ਨੂੰ ਪ੍ਰਮੁੱਖਤਾ ਨਾਲ ਪੇਸ਼ ਕਰਦਿਆਂ ਇਨ੍ਹਾਂ ਨੂੰ ਸਰਵਉਚ ਪ੍ਰਾਥਮਿਕਤਾ ਦੇ ਏਜੰਡੇ ਵਜੋਂ ਕੋਈ ਕਸਰ ਬਾਕੀ ਨਾ ਛੱਡਣ 'ਤੇ ਜ਼ੋਰ ਦਿੱਤਾ ਗਿਆ ਹੈ। ਵਿਸ਼ੇਸ਼ ਤੌਰ 'ਤੇ ਦਲਿਤਾਂ 'ਤੇ ਅੱਤਿਆਚਾਰ ਦੇ ਸੰਸਥਾਗਤ ਰੂਪ ਧਾਰਨ ਕਰ ਜਾਣ 'ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਪ੍ਰੋਗਰਾਮ 'ਚ ਇਹ ਗੱਲ ਪੂਰਾ ਜ਼ੋਰ ਦੇ ਕੇ ਉਭਾਰੀ ਗਈ ਹੈ ਕਿ ਭਾਰਤ ਵਿਚ ਦਲਿਤਾਂ ਨਾਲ ਵਾਪਰ ਰਹੇ ਅੱਤ ਦਰਜ਼ੇ ਦੇ ਘਿਨਾਉਣੇ ਜਬਰ ਨੇ ਮਨੁੱਖਤਾ ਨੂੰ ਵੀ ਸ਼ਰਮਸਾਰ ਕਰਕੇ ਰੱਖ ਦਿੱਤਾ ਹੈ। ਇਸ ਵਿਚ ਆਸ ਪ੍ਰਗਟਾਈ ਗਈ ਹੈ ਕਿ ਧਰਤੀ ਅਜੇ ਬਾਂਝ ਨਹੀਂ ਹੋਈ। ਲੋਕ ਘੋਲ ਅਤੇ ਘੋਲਾਂ ਦੇ ਆਗੂ ਅੰਤ ਨੂੰ ਪ੍ਰਵਾਨ ਚੜ੍ਹਨਗੇ ਅਤੇ ਲੋਕਾਈ ਦੇ ਹਿੱਤਾਂ ਦੀ ਪਹਿਰੇਦਾਰ ਅਸਲ ਸਮਾਜਕ ਕ੍ਰਾਂਤੀ ਵੀ ਲਾਜ਼ਮੀ ਆਵੇਗੀ।

No comments:

Post a Comment