Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Thursday 23 November 2017

ਇਨਕਲਾਬੀ ਜੋਸ਼ ਓ ਖਰੋਸ਼ ਨਾਲ ਆਰਐਮਪੀਆਈ ਦੀ ਪਲੇਠੀ ਚਾਰ ਰੋਜ਼ਾ ਸਰਬ ਭਾਰਤ ਕਾਨਫਰੰਸ ਦਾ ਆਗਾਜ਼





ਸ਼ਹੀਦ-ਇ-ਆਜ਼ਮ ਭਗਤ ਸਿੰਘ ਨਗਰ (ਚੰਡੀਗੜ੍ਹ) 23 ਨਵੰਬਰ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਪਲੇਠੀ ਚਾਰ ਰੋਜ਼ਾ ਸਰਬ ਭਾਰਤ ਕਾਨਫਰੰਸ ਇਥੇ ਇਨਕਲਾਬੀ ਜੋਸ਼ ਓ ਖਰੋਸ਼ ਨਾਲ ਸ਼ੁਰੂ ਹੋ ਗਈ। ਇਸ ਮੰਤਵ ਲਈ ਮੱਖਣ ਸ਼ਾਹ ਲੁਬਾਣਾ ਕੰਪਲੈਕਸ ਨੂੰ ਸ਼ਹੀਦ-ਇ-ਆਜ਼ਮ ਭਗਤ ਸਿੰਘ ਨਗਰ ਦਾ ਨਾਂਅ ਦਿੱਤਾ ਗਿਆ ਹੈ। ਵੱਖ-ਵੱਖ ਇਨਕਲਾਬੀ ਆਗੂਆਂ, ਪ੍ਰਗਤੀਵਾਦੀ ਅੰਦੋਲਨਾਂ ਦੇ ਮੁਖੀਆਂ ਦੇ ਕਥਨਾਂ ਵਾਲੇ ਫਲੈਕਸਾਂ ਨਾਲ ਸਜਾਇਆ ਪੂਰਾ ਕੰਪਲੈਕਸ ਇਕ ਵੱਖਰਾ ਹੀ ਦ੍ਰਿਸ਼ ਪੇਸ਼ ਕਰ ਰਿਹਾ ਹੈ। ਸਰਵਸਾਥੀ ਕੇ.ਐਸ. ਹਰੀਹਰਨ, ਰਮੇਸ਼ ਠਾਕਰ, ਕੇ. ਗੰਗਾਧਰਨ, ਰਤਨ ਸਿੰਘ ਰੰਧਾਵਾ ਅਤੇ ਤੇਜਿੰਦਰ ਸਿੰਘ ਥਿੰਦ 'ਤੇ ਅਧਾਰਤ ਪ੍ਰਧਾਨਗੀ ਮੰਡਲ ਦੀ ਰਹਿਨੁਮਾਈ ਹੇਠ ਹੋ ਰਹੀ ਇਸ ਕਾਨਫਰੰਸ ਦੇ ਉਦਘਾਟਨੀ ਭਾਸ਼ਣ ਵਿਚ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਆਰਐਮਪੀਆਈ ਦੀ ਇਹ ਇਤਿਹਾਸਕ ਕਾਨਫਰੰਸ ਉਸ ਸਮੇਂ ਹੋ ਰਹੀ ਹੈ ਜਦੋਂ ਵਿਸ਼ਵ ਪੱਧਰ 'ਤੇ ਪੂੰਜੀਵਾਦ ਦਾ ਸੰਕਟ, ਜਿਹੜਾ 2008 ਦੀ ਆਖਰੀ ਤਿਮਾਹੀ ਤੋਂ ਸ਼ੁਰੂ ਹੋਇਆ ਸੀ, ਹੋਰ ਡੂੰਘਾ ਹੋ ਗਿਆ ਹੈ।ਇਸ ਸੰਕਟ ਤੋਂ ਕੋਈ ਵੀ ਦੇਸ਼ ਅਛੂਤਾ ਨਹੀਂ ਰਿਹਾ। ਵਿਸ਼ਵ ਭਰ ਦੇ ਲੋਕਾਂ ਦੀਆਂ ਜੀਵਨ ਹਾਲਤਾਂ ਬੁਰੀ ਤਰ੍ਹਾਂ ਪਰਭਾਵਿਤ ਹੋਈਆਂ ਹਨ। ਇਸ ਸੰਕਟ ਨੂੰ ਹੱਲ ਕਰਨ ਦੇ ਸਾਰੇ ਯਤਨ ਅਸਫਲ ਸਾਬਤ ਹੋਏ ਹਨ। ਇਸ ਦੇ ਨਾਲ ਹੀ ਸਾਮਰਾਜੀ ਤਾਕਤਾਂ ਵਲੋਂ ਇਸ ਸੰਕਟ ਦਾ ਬੋਝ ਮਜ਼ਦੂਰ ਜਮਾਤ 'ਤੇ ਪਾਇਆ ਜਾ ਰਿਹਾ ਹੈ। ਵਿਕਾਸਸ਼ੀਲ ਤੇ ਤੀਸਰੀ ਦੁਨੀਆਂ ਦੇ ਦੇਸ਼ਾਂ ਦੇ ਕੁਦਰਤੀ ਵਸੀਲਿਆਂ ਦੀ ਅੰਨ੍ਹੀ ਲੁੱਟ ਕੀਤੀ ਜਾ ਰਹੀ ਹੈ ਅਤੇ ਪੂਰੀ ਦੁਨੀਆ ਨੂੰ ਜੰਗ ਦਾ ਮਾਹੌਲ ਬਣਾ ਕੇ ਦਹਿਸ਼ਤਜ਼ਦਾ ਕੀਤਾ ਜਾ ਰਿਹਾ ਹੈ। ਦੇਸ਼ ਦੇ ਹਾਲਾਤ ਦਾ ਜ਼ਿਕਰ ਕਰਦਿਆਂ ਕਾਮਰੇਡ ਪਾਸਲਾ ਨੇ ਕਿਹਾ ਕਿ ਭਾਰਤ ਵੀ ਇਕ ਬੇਹਦ ਚਿੰਤਾਜਨਕ ਦੌਰ 'ਚੋਂ ਲੰਘ ਰਿਹਾ ਹੈ। ਮੋਦੀ ਦੀ ਅਗਵਾਈ ਹੇਠ ਫਿਰਕੂ -ਫਾਸ਼ੀਵਾਦੀ ਤਾਕਤਾਂ ਰਾਜ ਭਾਗ 'ਤੇ ਕਬਜ਼ਾ ਕਰਨ ਤੋਂ ਬਾਅਦ ਦੇਸ਼ ਦੀ ਸੈਕੂਲਰ 'ਤੇ ਜਮਹੂਰੀ ਤਾਣੀ ਨੂੰ ਤਬਾਹ ਕਰਕੇ ਧਰਮ ਅਧਾਰਤ ਰਾਜ ਸਥਾਪਤ ਕਰਨ 'ਚ ਕੋਈ ਕਸਰ ਬਾਕੀ ਨਹੀ ਛੱਡ ਰਹੀਆਂ। ਉਨ੍ਹਾਂ ਵਲੋਂ ਲਾਗੂ ਕੀਤੀਆਂ ਜਾ ਰਹੀਆਂ ਸਾਮਰਾਜ ਨਿਰਦੇਸ਼ਤ ਨੀਤੀਆਂ ਕਾਰਨ ਮਹਿੰਗਾਈ, ਬੇਰੁਜ਼ਗਾਰੀ ਤੇ ਭੁੱਖਮਰੀ 'ਚ ਦਿਨੋ ਦਿਨ ਵਾਧਾ ਹੋ ਰਿਹਾ ਹੈ। ਕੁਲ ਘਰੇਲੂ ਉਤਪਾਦਨ (ਜੀਡੀਪੀ) 'ਚ ਵਾਧੇ ਦੇ ਫਰੇਬੀ ਦਾਅਵਿਆਂ ਦੇ ਉਲਟ ਦੇਸ਼ ਦਾ ਅਰਥਚਾਰਾ ਬੁਰੇ ਦੌਰ 'ਚੋਂ ਲੰਘ ਰਿਹਾ ਹੈ, ਜਿਸ ਕਾਰਨ ਬੇਰੁਜ਼ਗਾਰਾਂ ਦੀਆ ਕਤਾਰਾਂ ਵਧੇਰੇ ਲੰਮੀਆਂ ਹੋ ਰਹੀਆਂ ਹਨ। ਨੋਟਬੰਦੀ ਤੇ ਜੀਐੱਸਟੀ ਦੇ ਨਤੀਜੇ ਦਾਅਵਿਆਂ ਦੇ ਉਲਟ ਨਿਕਲੇ ਹਨ। ਧਨ ਕੁਬੇਰਾਂ ਨੂੰ ਆਪਣਾ ਧਨ ਚਿਟਾ ਕਰਨ 'ਚ ਮਦਦ ਮਿਲੀ ਹੈ ਤੇ ਕਾਰਪੋਰੇਟ ਜਗਤ ਦੇ ਮੁਨਾਫਿਆਂ 'ਚ ਵਾਧਾ ਹੋਇਆ ਹੈ। ਸੰਘ ਪਰਿਵਾਰ ਦਾ ਫਿਰਕੂ ਏਜੰਡਾ ਨੰਗੇ ਚਿਟੇ ਰੂਪ ਵਿਚ ਸਾਹਮਣੇ ਆ ਗਿਆ ਹੈ। ਘੱਟ ਗਿਣਤੀਆਂ, ਦਲਿਤਾਂ, ਔਰਤਾਂ ਤੇ ਕਬਾਇਲੀ ਲੋਕਾਂ 'ਤੇ ਹਮਲਿਆਂ 'ਚ ਤੇਜੀ ਆਈ ਹੈ।ਫਿਰਕੂ ਮੁੱਦੇ ਉਭਾਰ ਕੇ ਅੰਧਰਾਸ਼ਟਰਵਾਦ ਫੈਲਾ ਕੇ ਵਿਰੋਧੀਆਂ ਦੀ ਆਵਾਜ਼ ਨੂੰ ਕੁਚਲਿਆ ਜਾ ਰਿਹਾ ਹੈ।।ਵਿਰੋਧੀ ਤੇ ਵਿਗਿਆਨਕ ਵਿਚਾਰਧਾਰਾ ਵਾਲੇ ਬੁੱਧੀਜੀਵੀਆਂ, ਲੇਖਕਾਂ ਤੇ ਪੱਤਰਕਾਰਾਂ 'ਤੇ ਕਾਤਲਾਨਾ ਹਮਲੇ ਕਰਕੇ ਉਹਨਾਂ ਦੀ ਜ਼ੁਬਾਨ ਬੰਦ ਕਰਨ ਲਈ ਦਹਿਸ਼ਤ ਵਾਲਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ।।ਇਸ ਤਰ੍ਹਾਂ ਦੇਸ਼ ਦਾ ਮਾਹੌਲ ਬਹੁਤ ਹੀ ਚਿੰਤਾਜਨਕ ਹੈ, ਜਿਸ ਕਾਰਨ ਆਮ ਲੋਕਾਂ 'ਚ ਵੀ ਬੇਚੈਨੀ ਪਾਈ ਜਾ ਰਹੀ ਹੈ।।ਕਾਮਰੇਡ ਪਾਸਲਾ ਨੇ ਕਿਹਾ ਕਿ ਇਸ ਹਾਲਾਤ ਵਿਚ ਆਰਐਮਪੀਆਈ ਖੱਬੀਆਂ ਤਾਕਤਾਂ ਨੂੰ ਇਕਜੁੱਟ ਕਰਕੇ ਫਿਰਕੂ-ਫਾਸ਼ੀਵਾਦੀ ਹਮਲੇ ਅਤੇ ਲੋਕ ਵਿਰੋਧੀ ਨਵ-ਉਦਾਰਵਾਦੀ ਨੀਤੀਆ ਦਾ ਰਾਹ ਰੋਕਣ ਲਈ ਆਪਣਾ ਪੂਰਾ ਤਾਣ ਲਾਵੇਗੀ। ਇਸ ਮੌਕੇ ਸਵਾਗਤੀ ਕਮੇਟੀ ਦੇ ਚੇਅਰਮੈਨ ਸ਼੍ਰੀ ਗੁਲਜ਼ਾਰ ਸਿੰਘ ਸੰਧੂ ਨੇ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਆਏ ਡੈਲੀਗੇਟਾਂ ਨੂੰ ਜੀ ਆਇਆਂ ਕਿਹਾ ਤੇ ਆਸ ਪ੍ਰਗਟਾਈ ਕਿ ਆਰਐਮਪੀਆਈ ਦੀ ਇਹ ਪਲੇਠੀ ਕਾਨਫਰੰਸ ਦੇਸ਼ ਦੀ ਸਿਆਸਤ ਦਾ ਮੁਹਾਣ ਭਾਈ ਲਾਲੋਆਂ ਵੱਲ ਮੋੜਨ ਵਾਲੇ ਇਕ ਯੁੱਗ ਪਲਟਾਊ ਦੌਰ ਦਾ ਆਗਾਜ਼ ਸਾਬਤ ਹੋਵੇਗੀ। ਇਸ ਤੋਂ ਪਹਿਲਾਂ ਇਸ ਸਰਬ ਭਾਰਤ ਕਾਨਫਰੰਸ ਦਾ ਆਰੰਭ ਕਾਮਰੇਡ ਕੇਕੇ ਰੇਮਾ ਵਲੋਂ ਇਨਕਲਾਬੀ ਨਾਅਰਿਆਂ ਦੀ ਗੂੰਜ ਵਿੱਚ ਸੂਹਾ ਪਰਚਮ ਲਹਿਰਾਉਣ ਨਾਲ ਹੋਇਆ। ਇਸ ਦੌਰਾਨ ਰੈੱਡ ਆਰਟਸ ਵਲੋਂ ਝੰਡੇ ਦਾ ਗੀਤ ਪੇਸ਼ ਕੀਤਾ ਗਿਆ। ਬਾਅਦ ਵਿਚ ਦੇਸ਼ ਦੇ ਕੇਰਲਾ, ਤਾਮਿਲਨਾਡੂ, ਪੰਜਾਬ, ਮਹਾਰਾਸ਼ਟਰ, ਯੂ.ਪੀ., ਹਰਿਆਣਾ, ਹਿਮਾਚਲ, ਦਿੱਲੀ, ਚੰਡੀਗੜ੍ਹ, ਬੰਗਾਲ, ਬਿਹਾਰ, ਦਾਦਰ ਨਾਗਰ ਹਵੇਲੀ, ਗੁਜਰਾਤ ਰਾਜਾਂ ਤੋਂ ਆਏ ਡੈਲੀਗੇਟਾਂ ਨੇ ਸ਼ਹੀਦੀ ਮੀਨਾਰ 'ਤੇ ਫੁੱਲ ਅਰਪਿਤ ਕਰਕੇ ਕਮਿਊਨਿਸਟ ਅੰਦੋਲਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਕਾਨਫਰੰਸ ਵਲੋਂ ਇਕ ਮਤਾ ਪਾਸ ਕਰਕੇ ਦੇਸ਼ ਤੇ ਬਦੇਸ਼ ਵਿਚ ਪੂੰਜੀਵਾਦੀ ਤੇ ਸਾਮਰਾਜੀ ਤਾਕਤਾਂ ਦੇ ਵਹਿਸ਼ੀਆਨਾ ਹਮਲਿਆਂ ਵਿਰੁੱਧ ਲੜਾਈ ਵਿੱਚ ਜਾਨਾਂ ਵਾਰਨ ਵਾਲੇ ਨਰਿੰਦਰ ਦਾਭੋਲਕਰ, ਗੋਬਿੰਦ ਪਨਸਾਰੇ, ਐਮ.ਐਮ. ਕਲਬੁਰਗੀ ਤੇ ਗੌਰੀ ਲੰਕੇਸ਼ ਵਰਗੇ ਆਗੂਆਂ, ਕਾਰਕੁੰਨਾਂ, ਪੱਤਰਕਾਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ।ਇਕ ਵੱਖਰੇ ਮਤੇ ਰਾਹੀਂ ਦੇਸ਼ ਭਰ ਦੇ ਸਦੀਵੀ ਵਿਛੋੜਾ ਦੇ ਗਏ ਪਾਰਟੀ ਦੇ ਅਤੇ ਹੋਰਨਾਂ ਖੱਬੀਆਂ ਪਾਰਟੀਆਂ ਦੇ ਆਗੂਆਂ ਤੇ ਕਾਰਕੁੰਨਾਂ ਦੀ ਯਾਦ ਵਿੱਚ ਵੀ ਮਾਤਮੀ ਮਤਾ ਪਾਸ ਕੀਤਾ ਗਿਆ। ।ਕਾਨਫਰੰਸ ਨੇ ਇੱਕ ਹੋਰ ਮਤੇ ਰਾਹੀਂ ਸਰਕਾਰਾਂ ਦੀ ਘੋਰ ਅਣਦੇਖੀ ਕਾਰਨ ਗੋਰਖਪੁਰ (ਯੂ.ਪੀ.), ਮਹਾਰਾਸ਼ਟਰ, ਰਾਜਸਥਾਨ ਤੇ ਕੁਝ ਹੋਰ ਸੂਬਿਆਂ ਵਿੱਚ ਮਾਰੇ ਗਏ ਦਰਜਨਾਂ ਬੱਚਿਆਂ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮਤੇ ਵਿਚ ਕਰਜ਼ੇ ਕਾਰਨ ਖੇਤ ਮਜ਼ਦੂਰਾਂ ਤੇ ਕਿਸਾਨਾਂ ਦੀਆਂ ਖੁਦਕੁਸ਼ੀਆਂ 'ਚ ਵਾਧੇ ਅਤੇ ਬਿਹਤਰ ਸੜਕ ਸੁਰੱਖਿਆ ਦੀ ਅਣਹੋਂਦ ਕਾਰਨ ਮਾਸੂਮ ਲੋਕਾਂ ਦੀਆਂ ਹਾਦਸਿਆਂ 'ਚ ਹੋ ਰਹੀਆਂ ਮੌਤਾਂ ਅਤੇ ਲੁਧਿਆਣਾ ਦੀ ਇਕ ਫੈਕਟਰੀ 'ਚ ਵਾਪਰੇ ਅਗਨੀ ਦੁਖਾਂਤ 'ਚ ਮਾਰੇ ਗਏ ਮਜ਼ਦੂਰਾਂ ਦੀ ਮੌਤ 'ਤੇ ਵੀ ਡੂੰਘੀ ਚਿੰਤਾ ਅਤੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ।ਇਸ ਤੋਂ ਬਾਅਦ ਅਗਲੇ ਸੈਸ਼ਨ ਵਿਚ ਪਾਰਟੀ ਵਲੋਂ ਪਰਵਾਨ ਕੀਤੇ ਜਾਣ ਵਾਲੇ ਪਰੋਗਰਾਮ 'ਤੇ ਵਿਚਾਰ-ਵਟਾਂਦਰਾ ਹੋਵੇਗਾ।

No comments:

Post a Comment