Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Saturday 25 November 2017

ਡੈਲੀਗੇਟਾਂ ਵਲੋਂ ਭਖਵੇਂ ਤੇ ਉਸਾਰੂ ਵਿਚਾਰ ਵਟਾਂਦਰੇ ਉਪਰੰਤ ਇਹ ਰਾਜਨੀਤਕ ਮਤਾ ਸਰਵ ਸੰਮਤੀ ਨਾਲ ਪ੍ਰਵਾਨ



ਸ਼ਹੀਦ-ਇ-ਆਜ਼ਮ ਭਗਤ ਸਿੰਘ ਨਗਰ (ਚੰਡੀਗੜ੍ਹ) 25 ਨਵੰਬਰ - ਸਾਮਰਾਜੀ ਸੰਸਾਰੀਕਰਨ ਪੂੰਜੀਵਾਦੀ ਲੁੱਟ ਦਾ ਇਕ ਆਧੁਨਿਕ ਰੂਪ ਹੈ। ਦੁਨੀਆਂ ਭਰ ਦੇ ਆਮ ਲੋਕਾਂ ਨੂੰ ਫਾਹੁਣ ਲਈ ਇਕ ਭਰਮ ਜਾਲ ਹੈ ਜਿਸਨੂੰ ਤੋੜਨਾ ਬਹੁਤ ਲਾਜ਼ਮੀ ਹੈ। ਇਹ ਜ਼ੁੰਮੇਵਾਰੀ ਖੱਬੀਆਂ ਧਿਰਾਂ ਹੀ ਨਿਭਾਅ ਸਕਦੀਆਂ ਹਨ ਤੇ ਆਰ.ਐਮ.ਪੀ.ਆਈ. ਇਸ ਜ਼ੁੰਮੇਵਾਰੀ ਨੂੰ ਸੁਹਿਰਦਤਾ ਨਾਲ ਨਿਭਾਏਗੀ। ਇਹ ਗੱਲ ਇੱਥੇ ਜਾਰੀ ਪਾਰਟੀ ਦੀ ਪਲੇਠੀ ਸਰਵ ਭਾਰਤ ਕਾਨਫਰੰਸ ਵਿਚ ਰਾਜਨੀਤਕ ਮਤਾ ਪੇਸ਼ ਕਰਦਿਆਂ ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਹੀ।
ਸਾਥੀ ਪਾਸਲਾ ਨੇ ਕਿਹਾ ਕਿ ਸਾਮਰਾਜੀ ਸੰਸਾਰੀਕਰਨ ਇਕ ਅਜਿਹਾ ਫਰਾਡ ਹੈ ਜਿਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਜੇ ਇਹ ਫਰਾਡ ਨਹੀਂ ਤਾਂ ਦੁਨੀਆਂ ਭਰ 'ਚ ਸਾਮਰਾਜ ਦੇ ਮੁਹਰੈਲੀ ਅਮਰੀਕਾ ਦਾ ਰਾਸ਼ਟਰਪਤੀ ਡੋਨਾਲਡ ਟਰੰਪ ਇਹ ਨਾਂ ਆਖਦਾ ਕਿ ਅਮਰੀਕਾ ਸਿਰਫ ਅਮਰੀਕੀ ਲੋਕਾਂ ਲਈ ਹੀ ਹੈ। ਉਹ ਦੂਸਰੇ ਦੇਸ਼ਾਂ ਤੋਂ ਅਮਰੀਕਾ ਆਉਣ ਵਾਲੇ ਪ੍ਰਵਾਸੀ ਕਾਮਿਆਂ 'ਤੇ ਰੋਕਾਂ ਨਾ ਲਾਉਂਦਾ। ਉਨ੍ਹਾ ਕਿਹਾ ਕਿ ਲੋਕਾਈ ਦੀ ਭਲਾਈ ਸਿਰਫ ਤੇ ਸਿਰਫ ਸਮਾਜਵਾਦੀ ਵਿਵਸਥਾ ਅਧੀਨ ਹੀ ਹੋ ਸਕਦੀ ਹੈ। ਪੂੰਜੀਵਾਦੀ ਵਿਵਸਥਾ 'ਚ ਲੋਕਾਂ, ਖਾਸਕਰ ਮਜ਼ਦੂਰ ਵਰਗ ਦੀ ਲੁੱਟ ਹੀ ਹੁੰਦੀ ਰਹੇਗੀ। ਉਨ੍ਹਾ ਕਿਹਾ ਕਿ ਸੰਨ 2008 ਦੇ ਆਰਥਿਕ ਸੰਕਟ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਪੂੰਜੀਵਾਦ ਆਪਣੇ ਆਪ ਵਿਚ ਹੀ ਅੰਦਰੂਨੀ ਵਿਰੋਧਤਾਈਆਂ ਨਾਲ ਭਰਿਆ ਹੋਇਆ ਹੈ। ਇਸਦੇ ਉਲਟ ਚੀਨ ਦੀ ਸਮਾਜਵਾਦੀ ਵਿਵਸਥਾ ਪੱਕੇ ਪੈਰੀਂ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ ਤੇ ਅਮਰੀਕਾ ਦੀ ਘੇਰਾਬੰਦੀ ਦੇ ਬਾਵਜੂਦ ਕਿਊਬਾ ਵਰਗਾ ਛੋਟਾ ਜਿਹਾ ਦੇਸ਼ ਸਮਾਜਵਾਦੀ ਵਿਵਸਥਾ ਦੇ ਸਿਰ 'ਤੇ ਅਡੋਲ ਅੱਗੇ ਵੱਧ ਰਿਹਾ ਹੈ।
ਕਾਨਫਰੰਸ 'ਚ ਪੇਸ਼ ਰਾਜਨੀਤਕ ਮਤੇ ਵਿਚ ਕਿਹਾ ਗਿਆ ਹੈ ਕਿ ਵਿਸ਼ਵ ਆਰਥਿਕ ਸੰਕਟ ਨੇ ਭਾਰਤੀ ਅਰਥਚਾਰੇ ਨੂੰ ਆਪਣੀ ਲਪੇਟ 'ਚ ਲਿਆ ਹੋਇਆ ਹੈ। ਇਸਦਾ ਕੋਈ ਵੀ ਖੇਤਰ ਇਸ ਸੰਕਟ ਤੋਂ ਅਛੂਤਾ ਨਹੀਂ ਰਿਹਾ। ਆਜ਼ਾਦੀ ਤੋਂ ਬਾਅਦ ਦੇ 70 ਸਾਲਾਂ ਦੌਰਾਨ ਪੂੰਜੀਵਾਦੀ ਪ੍ਰਬੰਧ ਦੇ ਲੁਟੇੇਰੇ ਸੁਭਾਅ ਕਾਰਨ ਇਸਦੀ ਜਮਾਂਦਰੂ ਆਰਥਿਕ ਅਸਥਿਰਤਾ ਹੁਣ ਰਾਜਨੀਤਕ ਅਸਥਿਰਤਾ ਵਿਚ ਬਦਲ ਚੁੱਕੀ ਹੈ, ਜਿਸਦਾ ਪ੍ਰਗਟਾਵਾ ਸਰਮਾਏਦਾਰ, ਜਗੀਰਦਾਰ ਪਾਰਟੀਆਂ ਪ੍ਰਤੀ ਲੋਕਾਂ ਅੰਦਰ ਸਥਾਈ ਬੇਭਰੋਸੋਗੀ ਦੇ ਰੂਪ 'ਚ ਹੋ ਰਿਹਾ ਹੈ। ਇਨ੍ਹਾਂ ਪਾਰਟੀਆਂ ਦੇ ਲੀਡਰਾਂ ਦੇ ਭਰਿਸ਼ਟਾਚਾਰ, ਗੈਰ ਇਖਲਾਕੀ, ਗੈਰ ਜਮਹੂਰੀ ਤੇ ਆਪਾਧਾਪੀ ਵਾਲੀਆਂ ਗਤੀਵਿਧੀਆਂ 'ਚ ਲਿਪਤ ਹੋਣ ਕਾਰਨ ਲੋਕ ਇਨ੍ਹਾਂ ਪਾਰਟੀਆਂ ਨੂੰ ਨਫ਼ਰਤ ਕਰਨ ਲੱਗ ਪਏ ਹਨ ਤੇ ਇਕ ਬੱਝਵੇਂ ਲੋਕ ਪੱਖੀ ਰਾਜਨੀਤਕ-ਆਰਥਕ ਬਦਲ ਦੀ ਭਾਲ ਵਿਚ ਹਨ। ਅਜੋਕੇ ਹਾਲਾਤ ਨੂੰ ਕਿਸੇ ਪਿਛਾਂਹ ਖਿੱਚੂ ਫਾਸ਼ੀਵਾਦੀ ਪ੍ਰਬੰਧ ਵੱਲ ਖਿਸਕਣ ਤੋਂ ਰੋਕਣ ਲਈ ਮੌਜੂਦਾ ਅਵਸਥਾਵਾਂ ਮਾਰਕਸਵਾਦੀਆਂ ਤੋਂ ਸਪੱਸ਼ਟ ਸਮਾਜਕ-ਆਰਥਕ ਬਦਲ ਰਾਹੀਂ ਤੁਰੰਤ ਜ਼ਰੂਰੀ ਤੇ ਪ੍ਰਭਾਵਸ਼ਾਲੀ ਦਖਲ ਦੀ ਮੰਗ ਕਰਦੀਆਂ ਹਨ। ਇਸ ਵਿਚ ਇਹ ਵੀ ਨੋਟ ਕੀਤਾ ਗਿਆ ਹੈ ਕਿ ਭਾਰਤ ਦੇ  ਖੱਬੇ ਪੱਖੀ ਇੰਨੇ ਕਮਜ਼ੋਰ ਤੇ ਵੰਡੇ ਹੋਏ ਹਨ ਕਿ ਇਸ ਵਿਸ਼ਾਲ ਕਾਰਜ ਦੀ ਜ਼ਿੰਮੇਵਾਰੀ ਨਹੀਂ ਚੁੱਕੇ ਸਕਦੇ। ਲੰਮੇ ਸਮੇਂ ਤੋਂ ਖੱਬਾ ਪੱਖ ਕੁੱਝ ਸਿਧਾਂਤਕ-ਰਾਜਨੀਤਕ ਮੁੱਦਿਆਂ 'ਤੇ ਬੁਰੀ ਤਰ੍ਹਾਂ ਵੰਡਿਆ ਹੋਇਆ ਹੈ। ਜੇ ਇਕ ਹਿੱਸਾ ਵਿਗਿਆਨਕ ਮਾਰਕਸਵਾਦੀ-ਲੈਨਿਨਵਾਦੀ ਰਾਹ ਤੋਂ ਮਾਅਰਕੇਬਾਜ਼ੀ ਦੇ ਭਟਕਾਵਾਂ ਦਾ ਸ਼ਿਕਾਰ ਹੈ ਤੇ ਦੂਜਾ ਵੱਡਾ ਹਿੱਸਾ ਹਾਲੇ ਵੀ ਸਰਮਾਏਦਾਰ ਪਾਰਟੀਆਂ ਦਾ ਪਿਛਲੱਗ ਬਣਿਆ ਹੋਇਆ ਹੈ। ਅਜਿਹੇ ਮਾਹੌਲ ਵਿਚ ਆਰ.ਐਮ.ਪੀ.ਆਈ. ਇਨ੍ਹਾਂ ਸਭ ਚੁਣੌਤੀਆਂ ਦੇ ਟਾਕਰੇ ਲਈ ਇਕ ਮਜ਼ਬੂਤ ਖੱਬਾ ਮੋਰਚਾ ਉਸਾਰਨ ਲਈ ਸਭਨਾ ਖੱਬੀਆਂ ਸ਼ਕਤੀਆਂ ਨੂੰ ਇਕਮੁੱਠ ਕਰਨ ਲਈ ਹਰ ਸੰਭਵ ਯਤਨ ਕਰੇਗੀ।
ਇਹ ਮਤਾ ਪੇਸ਼ ਕਰਦੇ ਸਮੇਂ ਮੋਦੀ ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਕਾਮਰੇਡ ਪਾਸਲਾ ਨੇ ਕਿਹਾ ਕਿ ਮੋਦੀ ਹਕੂਮਤ ਨੂੰ ਦੇਸ਼ ਦੇ ਲੋਕਾਂ ਦੀ ਬਜਾਇ ਸਾਮਰਾਜੀ ਮੁਲਖ਼ਾਂ, ਬਹੁਕੌਮੀ ਕਾਰਪੋਰੇਸ਼ਨਾਂ ਤੇ ਕਾਰਪੋਰੇਟ ਘਰਾਣਿਆਂ ਦੇ ਹਿਤਾਂ ਦੀ ਵਧੇਰੇ ਚਿੰਤਾ ਹੈ। ਇਸ ਸਰਕਾਰ ਦੀ ਨੋਟਬੰਦੀ ਫਾਲਤੂ ਦੀ ਇਕ ਕਵਾਇਦ ਸਾਬਤ ਹੋਈ ਹੈ ਜਿਸ ਨੇ ਭਾਰਤੀ ਲੋਕਾਂ ਦੀਆਂ ਦੁਸ਼ਵਾਰੀਆਂ ਵਿਚ ਅੰਤਾਂ ਦਾ ਵਾਧਾ ਕੀਤਾ ਹੈ। ਜੀ.ਐਸ.ਟੀ. ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਅੱਤ ਭੱਦੀ ਕਿਸਮ ਦੀ ਸਰਕਾਰੀ ਲੁੱਟ ਹੈ ਜੋ ਪਹਿਲਾਂ ਹੀ ਟੈਕਸਾਂ ਦੇ ਭਾਰੀ ਬੋਝ ਥੱਲੇ ਦੱਬੇ ਲੋਕਾਂ 'ਤੇ ਹੋਰ ਭਾਰ ਲੱਦਣ ਦਾ ਜ਼ਰੀਆ ਹੈ। ਇਸ ਅਜਾਰੇਦਾਰਾਨਾ, ਪੂੰਜੀਵਾਦੀ ਤੇ ਪ੍ਰਸ਼ਾਸ਼ਕੀ ਲੁੱਟ ਦੇ ਮੱਕੜ ਜਾਲ ਨੇ ਲੋਕਾਂ  ਨੂੰ ਬੇਹਾਲ ਕਰਕੇ ਰੱਖ ਦਿੱਤਾ ਹੈ। ਇਸ ਲੁੱਟ ਵਿਰੁੱਧ ਸੰਘਰਸ਼ ਆਰਐਮਪੀਆਈ ਦੀਆਂ ਪ੍ਰਾਥਮਿਕਤਾਵਾਂ 'ਚੋਂ ਇਕ ਹੈ।
ਡੈਲੀਗੇਟਾਂ ਵਲੋਂ ਭਖਵੇਂ ਤੇ ਉਸਾਰੂ ਵਿਚਾਰ ਵਟਾਂਦਰੇ ਉਪਰੰਤ ਇਹ ਰਾਜਨੀਤਕ ਮਤਾ ਸਰਵ ਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ।
ਇਸ ਮੌਕੇ ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਦੇ ਪੋਲਿਟ ਬਿਊਰੋ ਮੈਂਬਰ ਕਾਮਰੇਡ ਕਵਿਤਾ ਕ੍ਰਿਸ਼ਨਨ ਆਪਣੀ ਪਾਰਟੀ ਵਲੋਂ ਇਸ ਸਰਵ ਭਾਰਤ ਕਾਨਫਰੰਸ ਦੀ ਸਰਵਪੱਖੀ ਸਫਲਤਾ ਲਈ  ਕ੍ਰਾਂਤੀਕਾਰੀ ਸ਼ੁਭ ਇੱਛਾਵਾ ਭੇਟ ਕਰਨ ਲਈ ਪੁੱਜੇ। ਉਨ੍ਹਾ ਆਪਣੇ ਸੰਬੋਧਨ ਵਿਚ ਕਿਹਾ ਕਿ ਆਰ.ਐਮ.ਪੀ.ਆਈ. ਤੇ ਲਿਬਰੇਸ਼ਨ ਮਾਰਕਸਵਾਦ-ਲੈਨਿਨਵਾਦ ਦੇ ਵਿਗਿਆਨਕ ਫਲਸਫੇ, ਮਹਾਨ ਅਕਤੂਬਰ ਇਨਕਲਾਬ, ਭਾਰਤ ਦੇ ਸੁਤੰਤਰਤਾ ਸੰਗਰਾਮ ਅਤੇ ਵੱਖ ਵੱਖ ਸਮੇਂ 'ਤੇ ਚੱਲੀਆਂ ਲੋਕ ਪੱਖੀ ਲਹਿਰਾਂ ਦੇ ਹਾਂ ਪੱਖੀ ਪਹਿਲੂਆਂ ਤੋਂ ਪ੍ਰੇਰਣਾ ਲੈਂਦੀਆਂ ਹਨ ਜੋ ਸਾਡੀ ਦੋਹਾਂ ਦੀ ਸਾਂਝ ਦਾ ਆਧਾਰ ਹੈ। ਇਸ ਤੋਂ ਬਿਨਾਂ ਲੋਕਾਂ ਦੇ ਜੀਵਨ ਅਤੇ ਸਵੈਮਾਣ ਦੀ ਰਾਖੀ ਲਈ ਘੋਲਾਂ ਦੀ ਤੀਬਰਤਾ, ਉਤਸ਼ਾਹ, ਪ੍ਰਤੀਬੱਧਤਾ ਅਤੇ ਲਗਾਤਾਰਤਾ ਵੀ ਸਾਡੀ ਅਜੋਕੀ ਤੇ ਭਵਿੱਖੀ ਸਾਂਝ ਦਾ ਆਧਾਰ ਸਤੰਭ ਹੈ।

No comments:

Post a Comment