Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Wednesday 22 November 2017

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਪਲੇਠੀ ਕੁੱਲ ਹਿੰਦ ਕਾਨਫਰੰਸ 23 ਤੋਂ 26 ਨਵੰਬਰ 2017


ਚੰਡੀਗੜ੍ਹ, 22 ਨਵੰਬਰ- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਪਲੇਠੀ ਕੁੱਲ ਹਿੰਦ ਕਾਨਫਰੰਸ 23 ਤੋਂ 26 ਨਵੰਬਰ 2017 ਨੂੰ ਚੰਡੀਗੜ੍ਹ ਦੇ ਬਾਬਾ ਮੱਖਣ ਸ਼ਾਹ ਲੁਬਾਣਾ ਭਵਨ 'ਚ ਹੋਣ ਜਾ ਰਹੀ ਹੈ। ਇਸ ਭਵਨ 'ਚ ਚਾਰ ਦਿਨ ਚੱਲਣ ਵਾਲੀ ਕਾਨਫਰੰਸ 'ਚ ਅੰਤਰਰਾਸ਼ਟਰੀ, ਰਾਸ਼ਟਰੀ ਪੱਧਰ ਦੀਆਂ ਵਿਚਾਰਾਂ ਕੀਤੀਆ ਜਾਣਗੀਆਂ। ਇਸ ਭਵਨ ਨੂੰ ਸ਼ਹੀਦ ਭਗਤ ਸਿੰਘ ਨਗਰ, ਕਾਨਫਰੰਸ ਦੇ ਹਾਲ ਨੂੰ ਸਾਥੀ ਗੋਦਾਵਰੀ ਪਰੁਲੇਕਰ ਹਾਲ ਅਤੇ ਸਟੇਜ ਨੂੰ ਸ਼ਹੀਦ ਸਾਥੀ ਟੀਪੀ ਚੰਦਰਸ਼ੇਖਰਨ ਮੰਚ ਦਾ ਨਾਂ ਦਿੱਤਾ ਗਿਆ ਹੈ।
ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਇਸ ਕਾਨਫਰੰਸ 'ਚ 14 ਰਾਜਾਂ ਤੋਂ 300 ਤੋਂ ਵਧੇਰੇ ਚੁਣੇ ਹੋਏ ਡੈਲੀਗੇਟ ਸ਼ਮੂਲੀਅਤ ਕਰਨਗੇ।
ਸਾਥੀ ਪਾਸਲਾ ਨੇ ਦੱਸਿਆ ਕਿ ਕਾਨਫਰੰਸ ਦੇ ਅੰਤਲੇ ਦਿਨ 26 ਨਵੰਬਰ ਨੂੰ ਮੋਹਾਲੀ ਦੇ ਫੇਜ 8 ਦੀ ਦੁਸਹਿਰਾ ਗਰਾਊਂਡ 'ਚ ਜਨ ਸਭਾ ਕੀਤੀ ਜਾਵੇਗੀ, ਜਿਸ 'ਚ ਪਾਰਟੀ ਦੀਆਂ ਹੇਠਲੀਆਂ ਇਕਾਈਆਂ ਦੇ ਅਹੁਦੇਦਾਰ ਅਤੇ ਜਨ ਸੰਗਠਨਾ ਦੇ ਆਗੂ ਸ਼ਾਮਲ ਹੋਣਗੇ।
ਉਨ੍ਹਾਂ ਕਿਹਾ ਕਿ ਕਾਨਫਰੰਸ ਦੇ ਮੁੱਖ ਏਜੰਡੇ 'ਚ ਭਾਰਤ ਵਿੱਚ ਜਮਾਤਹੀਣ, ਜਾਤੀ ਰਹਿਤ, ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਫੈਸਲਾਕੁੰਨ ਸੰਗਰਾਮਾਂ ਦੀ ਉਸਾਰੀ ਬਾਬਤ ਡੂੰਘੀਆਂ ਵਿਚਾਰਾਂ ਉਪਰੰਤ ਠੋਸ ਫ਼ੈਸਲੇ ਲਏ ਜਾਣਗੇ।
ਸਾਥੀ ਪਾਸਲਾ ਨੇ ਕਿਹਾ ਕਿ ਪਾਰਟੀ ਉਕਤ ਕਾਰਜ ਦੀ ਪੂਰਤੀ ਲਈ ਜਿਥੇ ਮਾਰਕਸਵਾਦ, ਲੈਨਿਨਵਾਦ ਦੇ ਵਿਗਿਆਨਕ ਫਲਸਫੇ ਤੋਂ ਸੇਧ ਲਵੇਗੀ, ਉਥੋਂ ਨਾਲ ਹੀ ਨਾਲ ਭਾਰਤੀ ਇਤਿਹਾਸ ਦੇ ਸਾਰੇ ਹਾਂ ਪੱਖੀ ਲੋਕ ਘੋਲਾਂ ਦੀ ਵਿਰਾਸਤ ਨੂੰ ਵੀ ਅੱਗੇ ਵਧਾਵੇਗੀ।
ਉਨ੍ਹਾਂ ਕਿਹਾ ਕਿ ਬਿਨ੍ਹਾਂ ਸ਼ੱਕ ਪਾਰਟੀ ਗੈਰਪਾਰਲੀਮਾਨੀ ਅਤੇ ਪਾਰਲੀਮਾਨੀ ਸੰਘਰਸ਼ਾਂ ਨੂੰ ਇਕੋ ਜਿਹਾ ਮਹੱਤਵਪੂਰਨ ਸਮਝਦੀ ਹੈ ਪਰ ਨਾਲ ਹੀ ਇਸ ਪਰਪੱਕ ਰਾਇ ਦੀ ਹੈ ਕਿ ਕਿਰਤੀ ਜਮਾਤਾਂ ਦੇ ਪੱਖ 'ਚ ਤਾਕਤਾਂ ਦੇ ਤੋਲ ਬਦਲਣ ਦੀ ਸਮਰੱਥਾਂ ਗੈਰ ਪਾਰਲੀਮਾਨੀ ਸੰਘਰਸ਼ ਹੀ ਰੱਖਦੇ ਹਨ।
ਸਾਥੀ ਪਾਸਲਾ ਨੇ ਕਿਹਾ ਕਿ ਕਾਨਫਰੰਸ 'ਚ ਵਿਚਾਰੇ ਜਾਣ ਵਾਲੇ ਰਾਜਸੀ ਮਤੇ ਦੀ ਸੇਧ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਅਥਾਹ ਵਾਧਾ ਕਰਨ ਵਾਲੀਆਂ ਨਵਉਦਾਰਵਾਦੀ ਨੀਤੀਆਂ ਅਤੇ ਫਿਰਕੂ ਤੇ ਫੁੱਟਪਾਊ ਤਾਕਤਾਂ ਵਿਰੁੱਧ ਵਿਸ਼ਾਲ ਜਨਭਾਗੀਦਾਰੀ ਵਾਲੇ ਤਿੱਖੇ ਜਨਸੰਗਰਾਮਾਂ ਦੀ ਉਸਾਰੀ ਲਈ ਵੀ ਠੋਸ ਨਿਰਣੇ ਲਏ ਜਾਣਗੇ।
ਉਨ੍ਹਾਂ ਦੱਸਿਆ ਕਿ ਦੇਸ਼ ਭਰ ਵਿੱਚ ਘੱਟਗਿਣਤੀਆਂ, ਦਲਿਤਾਂ, ਅਨੁਸੂਚਿਤ ਜਾਤੀਆਂ 'ਤੇ ਤਿੱਖੇ ਹੋ ਰਹੇ ਜ਼ੁਲਮਾਂ, ਔਰਤਾਂ ਖਿਲਾਫ ਵੱਧ ਰਹੇ ਜਿਣਸੀ ਅਪਰਾਧਾਂ ਅਤੇ ਲਿੰਗ ਅਧਾਰਿਤ ਵਿਤਕਰੇ, ਘੱਟ ਗਿਣਤੀਆਂ ਦੇ ਹੋ ਰਹੇ ਘਿਨਾਉਣੇ ਕਤਲਾਂ, ਹੱਕ ਸੱਚ ਇਨਸਾਫ ਲਈ ਅਵਾਜ਼ ਬੁਲੰਦ ਕਰਨ ਵਾਲੇ ਬੁੱਧੀਜੀਵੀਆਂ ਦੇ ਕਤਲਾਂ, ਦੇਸ਼ ਦੇ ਜਮਹੂਰੀ ਅਤੇ ਸੈਕੂਲਰ ਤਾਣੇ ਬਾਣੇ ਨੂੰ ਤਬਾਹ ਕਰਨ ਦੀਆਂ ਸੰਘ ਪਰਿਵਾਰ ਤੇ ਮੋਦੀ ਸਰਕਾਰ ਦੀਆਂ ਸਾਜ਼ਿਸ਼ਾਂ ਖਿਲਾਫ ਸੰਘਰਸ਼ ਲਾਮਬੰਦ ਕਰਨੇ ਕਾਨਫਰੰਸ ਦਾ ਅਗਲਾ ਮਹੱਤਵਪੂਰਨ ਕਾਰਜ ਹੋਵੇਗਾ।
ਸਾਥੀ ਪਾਸਲਾ ਨੇ ਕਿਹਾ ਕਿ ਭਾਰਤੀ ਲੋਕਾਂ ਦੀਆਂ ਅਸਹਿ ਮੁਸ਼ਕਲਾਂ ਜਿਵੇਂ ਕਿ ਦਿਨੋਂ ਦਿਨ ਵੱਧ ਰਹੀ ਗਰੀਬੀ, ਅਸਹਿ ਬੇਰੁਜ਼ਗਾਰੀ, ਮਹਿੰਗਾਈ, ਭਰਿਸ਼ਟਾਚਾਰ ਅਤੇ ਨਿੱਤ ਵਧਦਾ ਸਮਾਜਿਕ ਜਬਰ ਕੇਂਦਰੀ ਅਤੇ ਸੂਬਾ ਸਰਕਾਰਾਂ ਵਲੋਂ ਅਪਣਾਈਆਂ ਗਈਆਂ ਨੀਤੀਆਂ ਦਾ ਸਿੱਧਾ ਨਤੀਜਾ ਹੈ ਪਰ ਨਵਉਦਾਰਵਾਦੀ ਨੀਤੀਆਂ ਦੇ ਲਾਗੂ ਹੋਣ ਤੋਂ ਬਾਅਦ ਉਕਤ ਮੁਸ਼ਕਲਾਂ 'ਚ ਹਜ਼ਾਰਾਂ ਗੁਣਾ ਵਾਧਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਪਾਰਟੀ ਖੱਬੀਆਂ ਅਤੇ ਜਮਹੂਰੀ ਸ਼ਕਤੀਆਂ ਨੂੰ ਉਕਤ ਲੋਕ ਪੱਖੀ ਸੰਗਰਾਮ 'ਚ ਸਾਂਝੇ ਤੌਰ 'ਤੇ ਨਿਤਰਨ ਲਈ ਤਿਆਰ ਕਰਨ ਵਾਸਤੇ ਕੋਈ ਕਸਰ ਬਾਕੀ ਨਹੀਂ ਛੱਡੇਗੀ।
ਸਾਥੀ ਪਾਸਲਾ ਨੇ ਦੱਸਿਆ ਕਿ ਚਾਰ ਦਿਨ ਚੱਲਣ ਵਾਲੀ ਇਸ ਕਾਨਫਰੰਸ ਦੌਰਾਨ ਪਾਰਟੀ ਪ੍ਰੋਗਾਮ ਅਤੇ ਰਾਜਸੀ ਮਤਾ ਵੀ ਪਾਸ ਕੀਤਾ ਜਾਵੇਗਾ। ਅੰਤਲੇ ਦਿਨ ਨਵੀਂ ਕੇਂਦਰੀ ਕਮੇਟੀ, ਅਹੁਦੇਦਾਰ ਅਤੇ ਕੰਟਰੋਲ ਕਮਿਸ਼ਨ ਦੀ ਚੋਣ ਕੀਤੀ ਜਾਵੇਗੀ। #

No comments:

Post a Comment