Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Sunday 15 September 2019

ਖੱਬੀਆਂ ਪਾਰਟੀਆਂ, ਸੰਘਰਸ਼ਸ਼ੀਲ ਜਥੇਬੰਦੀਆਂ, ਉੱਘੀਆਂ ਸ਼ਖਸੀਅਤਾਂ, ਲੇਖਕਾਂ, ਬੁੱਧੀਜੀਵੀਆਂ ਅਤੇ ਸਮਾਜਸੇਵੀ ਸੰਗਠਨਾਂ ਨੂੰ ਸੰਗਰਾਮ ਵਿੱਚ ਸ਼ਮੂਲੀਅਤ ਕਰਨ ਦਾ ਸੱਦਾ

ਜਲੰਧਰ; 15 ਸਤੰਬਰ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਪਾਰਟੀ ਦੀ ਪੰਜਾਬ ਰਾਜ ਕਮੇਟੀ ਦੇ ਪ੍ਰਧਾਨ ਸਾਥੀ ਰਤਨ ਸਿੰਘ ਰੰਧਾਵਾ, ਸਕੱਤਰ ਸਾਥੀ ਹਰਕੰਵਲ ਸਿੰਘ, ਖ਼ਜ਼ਾਨਚੀ ਸਾਥੀ ਲਾਲ ਚੰਦ ਕਟਾਰੂ ਚੱਕ ਨੇ ਰਾਜ ਕਮੇਟੀ ਵਲੋਂ ਪਟਿਆਲਾ ਵਿਖੇ ਲਾਏ ਗਏ ਪੱਕੇ ਮੋਰਚੇ ਵਿੱਚ ਸ਼ਾਮਲ ਹੋਣ ਅਤੇ ਹਰ ਕਿਸਮ ਦਾ ਸਹਿਯੋਗ ਦੇਣ ਵਾਲੇ ਸਭਨਾਂ ਪਾਰਟੀ ਕਾਰਕੁੰਨਾਂ, ਹਮਦਰਦਾਂ ਅਤੇ ਸੁਹਿਰਦ ਮਿੱਤਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।
ਅੱਜ ਇਥੋਂ ਜਾਰੀ ਇੱਕ ਬਿਆਨ ਰਾਹੀਂ ਸਾਥੀ ਪਾਸਲਾ ਅਤੇ ਰਾਜ ਕਮੇਟੀ ਦੇ ਅਹੁਦੇਦਾਰਾਂ ਨੇ ਕਿਹਾ ਕਿ 9 ਤੋਂ 13 ਸਤੰਬਰ ਤੱਕ ਚੱਲਿਆ ਉਕਤ ਮੋਰਚਾ ਬੇਹਦ ਕਾਮਯਾਬ ਰਿਹਾ। 13 ਸਤੰਬਰ ਨੂੰ ਮੁੱਖ ਮੰਤਰੀ ਪੰਜਾਬ ਨਾਲ ਗੱਲਬਾਤ ਦਾ ਲਿਖਤੀ ਸੱਦਾ ਮਿਲਣ ਉਪਰੰਤ ਇਹ ਮੋਰਚਾ ਆਉਂਦੀ 30 ਸਤੰਬਰ (ਗੱਲਬਾਤ ਲਈ ਨੀਯਤ ਮਿਤੀ) ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ।
ਆਗੂਆਂ ਨੇ ਪੰਜੇ ਦਿਨ, ਦਿਨ-ਰਾਤ ਦੇ ਧਰਨੇ, ਵੱਖੋ-ਵੱਖ ਵਿਭਾਗਾਂ ਵੱਲ ਨੂੰ ਕੀਤੇ ਗਏ ਲੋਕ ਮਾਰਚ, ਵਿਖਾਵੇ (ਸਟਰੀਟ ਡੈਮਨਸਟਰੇਸ਼ਨ), ਮਸ਼ਾਲ ਮਾਰਚ ਅਤੇ 13 ਸਤੰਬਰ ਨੂੰ ਮੋਤੀ ਮਹਿਲ ਵੱਲ ਕੀਤੇ ਗਏ ਹਜਾਰਾਂ ਲੋਕਾਂ ਦੇ ਸ਼ਾਨਦਾਰ ਮੁਜ਼ਾਹਰੇ ਦੀ ਪ੍ਰਭਾਵਸ਼ਾਲੀ ਮੀਡੀਆ ਕਵਰੇਜ ਕਰਨ ਵਾਲੇ ਸਭਨਾਂ ਮਿੱਤਰਾਂ ਦੇ ਸਹਿਯੋਗ ਨੂੰ ਸਲਾਮ ਕਰਦਿਆਂ ਉਨ੍ਹਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕੀਤਾ।
ਆਗੂਆਂ ਨੇ ਪਾਰਟੀ ਕਮੇਟੀਆਂ ਨੂੰ ਸੱਦਾ ਦਿੱਤਾ ਕਿ ਉਹ ਵੱਖੋ-ਵੱਖ ਰੂਪਾਂ ਵਿੱਚ ਮੋਰਚੇ ਦੀਆਂ ਮੰਗਾਂ ਲਈ ਲੋਕ ਲਾਮਬੰਦੀ ਅਤੇ ਹੋਰ ਸੰਗਰਾਮੀ ਸਰਗਰਮੀ ਜਾਰੀ ਰੱਖਣ।
ਕਮਿਊਨਿਸਟ ਆਗੂਆਂ ਨੇ ਸਮੂੰਹ ਪੰਜਾਬੀਆਂ, ਖਾਸ ਕਰਕੇ ਕਿਰਤੀ ਜਨ ਸਮੂਹਾਂ ਨੂੰ ਉਕਤ ਸੰਗਰਾਮ ਵਿੱਚ ਸ਼ਮੂਲੀਅਤ ਕਰਨ ਅਤੇ ਹਰ ਕਿਸਮ ਦੇ ਵਸੀਲੇ ਜੁਟਾਉਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਪੰਜਾਬ ਦੀਆਂ ਖੱਬੀਆਂ ਪਾਰਟੀਆਂ, ਸੰਘਰਸ਼ਸ਼ੀਲ ਜਥੇਬੰਦੀਆਂ, ਜਮਹੂਰੀ-ਸੈਕੂਲਰ-ਦੇਸ਼ ਭਗਤ ਅਤੇ ਵਿਗਿਆਨਕ ਵਿਚਾਰਧਾਰਾ ਨੂੰ ਪ੍ਰਣਾਏ ਸੰਗਠਨਾਂ ਤੇ ਉੱਘੀਆਂ ਸ਼ਖਸੀਅਤਾਂ, ਲੇਖਕਾਂ, ਬੁੱਧੀਜੀਵੀਆਂ ਅਤੇ ਸਮਾਜਸੇਵੀ ਸੰਗਠਨਾਂ ਨੂੰ ਉਕਤ ਸੰਗਰਾਮ ਵਿੱਚ ਸ਼ਮੂਲੀਅਤ ਕਰਨ ਦਾ ਵੀ ਸੱਦਾ ਦਿੱਤਾ।
ਜਿਕਰ ਯੋਗ ਹੈ ਕਿ ਪਾਰਟੀ ਵਲੋਂ 4 ਜੁਲਾਈ ਨੂੰ ਜਲੰਧਰ ਵਿਖੇ ਸੂਬਾ ਪੱਧਰੀ ਵਿਸ਼ਾਲ ਨੁਮਾਇੰਦਾ ਕਨਵੈਨਸ਼ਨ ਕਰਕੇ ਸੂਬਾ ਵਾਸੀਆਂ ਨੂੰ ਬਿਜਲੀ ਦੋ ਰੁਪੈ ਪ੍ਰਤੀ ਯੂਨਿਟ ਦਿੱਤੇ ਜਾਣ, ਧਰਤੀ ਹੇਠਲੇ ਤੇ ਦਰਿਆਈ ਪਾਣੀਆਂ ਦੀ ਬਰਬਾਦੀ ਰੋਕਣ ਅਤੇ ਪੀਣ ਲਈ ਮੁਫਤ ਸਾਫ ਪਾਣੀ ਦੀਆਂ ਮੰਗਾਂ ਲਈ ਤਿੰਨ ਪੜਾਵੀ ਸੰਘਰਸ਼ ਦਾ ਐਲਾਨ ਕੀਤਾ ਸੀ। ਪਹਿਲੇ ਪੜਾਅ ਵਿੱਚ 15 ਤੋਂ 31 ਜੁਲਾਈ ਤੱਕ ਹਜ਼ਾਰਾਂ ਜਨ ਇਕੱਤਰਤਾਵਾਂ ਕੀਤੀਆਂ ਗਈਆਂ, ਦੂਜੇ ਪੜਾਅ ਵਿੱਚ 5 ਤੋਂ 9 ਅਗਸਤ ਤੱਕ ਜ਼ਿਲ੍ਹਾ ਕੇਂਦਰਾਂ 'ਤੇ ਵਿਸ਼ਾਲ ਪ੍ਰਦਰਸ਼ਨ ਕੀਤੇ ਗਏ ਅਤੇ ਤੀਜੇ ਪੜਾਅ ਵਿੱਚ 9 ਸਤੰਬਰ ਤੋਂ ਪਟਿਆਲਾ ਵਿਖੇ ਉਪਰੋਕਤ ਮੋਰਚਾ ਲਾਇਆ ਗਿਆ ਸੀ।

1 comment:

  1. ਅਮਰ ਸ਼ਹੀਦਾਂ ਦਾ ਪੈਗਾਮ ਜਾਰੀ ਰੱਖਣਾ ਹੈ ਸੰਗਰਾਮ

    ReplyDelete