Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Friday 13 September 2019

ਬਿਜਲੀ ਪਾਣੀ ਦਾ ਮੋਰਚਾ ਪੰਜਵੇਂ ਦਿਨ ਵਿੱਚ ਦਾਖ਼ਲ : ਮੋਤੀ ਮਹਿਲ ਵੱਲ ਕੀਤਾ ਮਾਰਚ



ਪੰਜਾਬ ਭਰ 'ਚੋਂ ਪੁੱਜੇ ਹਜ਼ਾਰਾਂ ਲੋਕਾਂ ਸਾਹਵੇਂ ਆਗੂਆਂ ਵਲੋਂ ਆਰ-ਪਾਰ ਦੇ ਸੰਘਰਸ਼ ਦਾ ਐਲਾਨ

ਸੀਪੀਆਈ ਦੇ ਸੂਬਾ ਸਕੱਤਰ ਸਾਥੀ ਬੰਤ ਬਰਾੜ ਅਤੇ ਪੰਜਾਬ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਨੇ ਕੀਤੀ ਸੰਘਰਸ਼ ਦੀ ਹਮਾਇਤ

ਪਟਿਆਲਾ; 13 ਸਤੰਬਰ-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਪੰਜਾਬ ਰਾਜ ਕਮੇਟੀ ਵਲੋਂ ਇੱਥੇ ਚਲਾਇਆ ਜਾ ਰਿਹਾ ਪੱਕਾ ਮੋਰਚਾ ਅੱਜ ਪੰਜਵੇਂ ਦਿਨ ਵਿੱਚ ਦਾਖਲ ਹੋ ਗਿਆ। ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਲੋਕਾਂ ਨੇ ਅੱਜ ਮੋਤੀ ਮਹਿਲ ਵੱਲ ਕੂਚ ਕੀਤਾ। ਅੱਜ ਦੇ ਇਕੱਠ ਵਿੱਚ ਹਜ਼ਾਰਾਂ ਲੋਕ, ਜਿਨ੍ਹਾਂ ਵਿੱਚ ਚੋਖੀ ਗਿਣਤੀ ਔਰਤਾਂ ਵੀ ਸ਼ਾਮਲ ਸਨ, ਕੇਂਦਰੀ ਅਤੇ ਸੂਬਾ ਸਰਕਾਰ ਦੀਆਂ ਲੋਕ ਦੋਖੀ ਨੀਤੀਆਂ ਖਿਲਾਫ਼ ਰੋਸ ਪ੍ਰਗਟਾਉਂਦੇ, ਜੋਸ਼ ਭਰਪੂਰ ਨਾਹਰੇ ਲਾਉਂਦੇ ਹੋਏ ਸ਼ਾਮਲ ਹੋਏ। ਲੋਕੀਂ ਮੰਗ ਕਰ ਰਹੇ ਸਨ ਕਿ ਸੂਬੇ ਦੇ ਲੋਕਾਂ ਨੂੰ ਬਿਜਲੀ ਦੋ ਰੁਪੈ ਪ੍ਰਤੀ ਯੂਨਿਟ ਦਿੱਤੀ ਜਾਵੇ, ਨਿੱਜੀ ਬਿਜਲੀ ਕਾਰੋਬਾਰੀਆਂ ਨਾਲ ਕੀਤੇ ਬਿਜਲੀ ਖਰੀਦ ਦੇ ਬਦਨੀਅਤੀ ਵਾਲੇ ਸਮਝੌਤੇ ਰੱਦ ਕਰਕੇ ਸਰਕਾਰੀ ਮਾਲਕੀ ਵਾਲੇ ਤਿੰਨੇ ਥਰਮਲ ਪੂਰੀ ਸਮਰੱਥਾ ਨਾਲ ਚਲਾਏ ਜਾਣ, ਰੱਜੇ-ਪੁੱਜੇ ਲੋਕਾਂ ਨੂੰ ਮੁਫਤ ਬਿਜਲੀ ਜਾਂ ਬਿਜਲੀ ਤੇ ਸਬਸਿਡੀ ਦੇਣੀ ਫੌਰੀ ਬੰਦ ਕਰਕੇ ਇਹ ਲਾਭ ਹਕੀਕੀ ਲੋੜਵੰਦਾਂ ਨੂੰ ਦਿੱਤਾ ਜਾਵੇ, ਬਾਰਸੂਖ ਵਿਅਕਤੀਆਂ ਵਲੋਂ ਕੀਤੀ ਜਾਂਦੀ ਬਿਜਲੀ ਚੋਰੀ ਸਖਤੀ ਨਾਲ ਰੋਕੀ ਜਾਵੇ ਅਤੇ ਬਿਜਲੀ ਪੈਦਾ ਕਰਨ ਦੇ ਸਸਤੇ ਤੇ ਸੁਲਭ ਤਰੀਕੇ ਅਪਣਾਏ ਜਾਣ।
ਲੋਕਾਂ ਦੇ ਹੱਥਾਂ ਵਿੱਚ ਫੜੀਆਂ ਤਖਤੀਆਂ ਅਤੇ ਫਲੈਕਸਾਂ ਰਾਹੀਂ ਇਹ ਵੀ ਮੰਗ ਕੀਤੀ ਗਈ ਕਿ ਸੂਬੇ ਦੇ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਸਰਕਾਰ ਵਲੋਂ ਮੁਫਤ ਮੁਹੱਈਆ ਕਰਵਾਇਆ ਜਾਵੇ, ਪਾਣੀ ਨਾਲ ਪੈਦਾ ਹੋਣ ਵਾਲੀਆਂ ਬੀਮਾਰੀਆਂ ਦੇ ਇਲਾਜ ਲਈ ਵਿਸ਼ੇਸ਼ ਫੰਡ ਕਾਇਮ ਕਰਦਿਆਂ ਹੰਗਾਮੀ ਨੀਤੀ ਬਣਾਈ ਜਾਵੇ, ਧਰਤੀ ਹੇਠਲੇ ਤੇ ਦਰਿਆਈ ਪਾਣੀਆਂ ਵਿੱਚ ਸਨਅਤੀ ਤੇ ਮੈਡੀਕਲ ਰਹਿੰਦ-ਖੂਹੰਦ, ਮਲ-ਮੂਤਰ, ਕਾਰਖਾਨਿਆਂ ਵਲੋਂ ਵਰਤਣ ਉਪਰੰਤ ਦੂਸ਼ਿਤ ਕੀਤਾ ਬਿਨਾਂ ਸੋਧਿਆ ਪਾਣੀ ਅਤੇ ਹੋਰ ਘਾਤਕ ਜਹਿਰਾਂ ਦੀ ਮਿਲਾਵਟ ਬੰਦ ਕੀਤੀ ਜਾਵੇ, ਧਰਤੀ ਹੇਠਲੇ ਪਾਣੀ ਦਾ ਪੱਧਰ ਉੱਚਾ ਚੁੱਕਣ ਲਈ ਵਿਸ਼ੇਸ਼ ਨੀਤੀ ਬਣਾ ਕੇ ਉਸ ਉੱਪਰ ਫੌਰੀ ਅਮਲ ਕੀਤਾ ਜਾਵੇ, ਬਾਰਿਸ਼ਾਂ ਦਾ ਪਾਣੀ ਸੰਭਾਲ ਕੇ ਮੁੜ ਵਰਤਣ ਯੋਗ ਬਣਾਉਣ ਲਈ ਜੰਗੀ ਪੱਧਰ 'ਤੇ ਉਪਰਾਲੇ ਕੀਤੇ ਜਾਣ, ਧਰਤੀ ਹੇਠਲੇ ਪਾਣੀਆਂ 'ਤੇ ਨਿਰਭਰਤਾ ਘਟਾ ਕੇ ਦਰਿਆਈ ਪਾਣੀਆਂ ਰਾਹੀਂ ਖੇਤੀ ਲੋੜਾਂ ਪੂਰੀਆਂ ਕਰਨ ਦਾ ਐਕਸ਼ਨ ਪਲਾਨ ਉਲੀਕਿਆ ਜਾਵੇ, ਖਾਤਮੇ ਕਿਨਾਰੇ ਜਾ ਲੱਗੇ ਨਹਿਰੀ ਢਾਂਚੇ ਦੀ ਪੁਨਰ ਉਸਾਰੀ ਅਤੇ ਵਿਸਥਾਰ ਕੀਤਾ ਜਾਵੇ।
ਮੋਤੀ ਮਹਿਲ ਵੱਲ ਮਾਰਚ ਕਰਨ ਤੋਂ ਪਹਿਲਾ ਹੋਏ ਇਕੱਠ ਦੀ ਪ੍ਰਧਾਨਗੀ ਸਾਥੀ ਰਤਨ ਸਿੰਘ ਰੰਧਾਵਾ, ਵਿਜੇ ਮਿਸ਼ਰਾ, ਨੱਥਾ ਸਿੰਘ ਡਡਵਾਲ,  ਦਰਸ਼ਨ ਨਾਹਰ, ਸਤਨਾਮ ਸਿੰਘ ਅਜਨਾਲਾ, ਨੀਲਮ ਘੁਮਾਣ, ਸ਼ਮਸ਼ੇਰ ਸਿੰਘ ਬਟਾਲਾ, ਮਨਜਿੰਦਰ ਢੇਸੀ, ਪੂਰਨ ਚੰਦ ਨਨਹੇੜਾ 'ਤੇ ਆਧਾਰਿਤ ਪ੍ਰਧਾਨਗੀ ਮੰਡਲ ਵਲੋਂ ਕੀਤੀ ਗਈ। ਮੰਚ ਸੰਚਾਲਨ ਦੀ ਭੂਮਿਕਾ ਸਾਥੀ ਪਰਗਟ ਸਿੰਘ ਜਾਮਾਰਾਇ ਵਲੋਂ ਨਿਭਾਈ ਗਈ।
ਅੱਜ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਸਾਥੀ ਰਘਬੀਰ ਸਿੰਘ ਬਟਾਲਾ, ਗੁਰਨਾਮ ਸਿੰਘ ਦਾਊਦ, ਕੁਲਵੰਤ ਸਿੰਘ ਸੰਧੂ, ਮਹੀਪਾਲ (ਮੈਂਬਰਾਨ ਕੇਂਦਰੀ ਕਮੇਟੀ), ਲਾਲ ਚੰਦ ਕਟਾਰੂ ਚੱਕ, ਪ੍ਰੋ ਜੈਪਾਲ, ਵਿਜੇ ਮਿਸ਼ਰਾ, ਵੇਦ ਪ੍ਰਕਾਸ਼, ਰਵੀ ਕੰਵਰ, ਭੀਮ ਸਿੰਘ ਆਲਮਪੁਰ (ਮੈਂਬਰਾਨ ਸੂਬਾ ਸਕੱਤਰੇਤ) ਅਤੇ ਹੋਰਨਾਂ ਸੂਬਾਈ ਆਗੂਆਂ ਨੇ ਐਲਾਨ ਕੀਤਾ ਕਿ ਉਕਤ ਦੋਹਾਂ ਮੁਦਿਆਂ ਨਾਲ ਸਬੰਧਤ ਉੱਪਰ ਬਿਆਨ ਕੀਤੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਪਾਰਟੀ ਆਰ-ਪਾਰ ਦਾ ਸੰਗਰਾਮ ਲੜੇਗੀ।
ਇਸ ਦੌਰਾਨ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੇ ਸੂਬਾ ਸਕੱਤਰ ਸਾਥੀ ਬੰਤ ਬਰਾੜ ਨੇ ਮੋਰਚੇ ਦੀ ਹਮਾਇਤ ਕਰਦਿਆਂ ਉਚੇਚੇ ਤੌਰ 'ਤੇ ਆਪਣਾ ਭਰਾਤਰੀ ਸੰਦੇਸ਼ ਵੀ ਦਿੱਤਾ।
ਇਸ ਮੌਕੇ ਪੰਜਾਬ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਨੇ ਵੀ ਸੰਘਰਸ਼ ਦੀ ਹਮਾਇਤ ਕੀਤੀ।
ਇਸ ਮੌਕੇ ਹੋਰਨਾ ਬੁਲਾਰਿਆਂ ਨੇ ਕਿਹਾ ਕਿ ਪਟਿਆਲਾ ਮੋਰਚਾ ਵੱਖੋ-ਵੱਖ ਰੂਪਾਂ ਵਿੱਚ ਵਿਸ਼ਾਲ ਪੈਮਾਨੇ ਉੱਤੇ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਮੰਗਾਂ ਲਾਗੂ ਨਹੀਂ ਕਰ ਦਿੰਦੀ। ਪਾਰਟੀ ਆਗੂਆਂ ਨੇ ਦਸਿਆ ਕਿ ਪਾਰਟੀ ਵਲੋਂ ਉਕਤ ਮੰਗਾਂ ਦੀ ਪ੍ਰਾਪਤੀ ਲਈ ਪੰਜਾਬ ਦੇ ਹਰ ਘਰ ਦੀ ਦਹਿਲੀਜ਼ ਤੱਕ ਪੁੱਜਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਅਤੇ ਇਸ ਲਾਮਬੰਦੀ ਮੁਹਿੰਮ ਦਾ ਤਿੰਨ ਪੜਾਅ ਹੁਣ ਤੱਕ ਪੂਰੇ ਕੀਤੇ ਜਾ ਚੁੱਕੇ ਹਨ। ਉਨ੍ਹਾਂ ਜੋਰ ਦੇ ਕੇ ਕਿਹਾ ਕਿ ਲੋਕਾਂ ਦੀ ਵਿਸ਼ਾਲ ਲਾਮਬੰਦੀ ਹੀ ਸਰਕਾਰਾਂ  ਨੂੰ ਝੁਕਾਉਣ ਦਾ ਇੱਕੋ ਇੱਕ ਰਾਹ ਹੈ ਅਤੇ ਪਾਰਟੀ ਇਸ ਰਾਹ ਤੇ ਅਡੋਲ ਤੁਰਦੀ ਰਹੇਗੀ।
ਆਗੂਆਂ ਨੇ ਸਮੂੰਹ ਪੰਜਾਬੀਆਂ ਨੂੰ ਇਸ ਜੀਵਨ ਦੀ ਰਾਖੀ ਦੇ ਸੰਗਰਾਮ ਵਿੱਚ ਸ਼ਾਮਲ ਹੋਣ ਅਤੇ ਇਸ ਦੀ ਹਰ ਪੱਖੋਂ ਇਮਦਾਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਖੱਬੇ, ਇਨਸਾਫ ਪਸੰਦ, ਜਮਹੂਰੀ ਸੰਗਠਨਾਂ, ਸੰਗਰਾਮੀ ਨੂੰ ਮੋਰਚੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।

No comments:

Post a Comment