Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Thursday 12 September 2019

ਪੱਕੇ ਮੋਰਚੇ ਦੇ ਚੌਥੇ ਦਿਨ ਜੋਸ਼ੋ ਖਰੋਸ਼ ਨਾਲ ਸ਼ਾਮਲ ਹੋਏ ਵਿਸ਼ਾਲ ਜਥੇ






ਉੱਚ ਅਧਿਕਾਰੀਆਂ ਨੇ ਗੱਲਬਾਤ ਦੌਰਾਨ ਸੀਐਮ ਨਾਲ ਮੀਟਿੰਗ ਕਰਵਾਉਣ ਦਾ ਦਿੱਤਾ ਭਰੋਸਾ

ਪਟਿਆਲਾ; 12 ਸਤੰਬਰ-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਵਲੋਂ ਇੱਥੇ 9 ਸਤੰਬਰ ਤੋਂ ਆਰੰਭੇ  ਪੱਕੇ ਮੋਰਚੇ ਦੀ ਅਗਵਾਈ ਕਰ ਰਹੇ ਸੂਬਾਈ  ਆਗੂਆਂ ਵਲੋਂ ਮੋਰਚਾ ਹੋਰ ਭਖਾਉਣ ਦਾ ਐਲਾਨ ਕੀਤਾ ਗਿਆ ਹੈ। ਅੱਜ ਚੌਥੇ ਦਿਨ ਅੰਮ੍ਰਿਤਸਰ, ਜਲੰਧਰ, ਤਰਨਤਾਰਨ ਜ਼ਿਲ੍ਹਿਆਂ ਵਿੱਚੋਂ ਭਾਰੀ ਗਿਣਤੀ ਵਲੰਟੀਅਰ ਵਿਸ਼ਾਲ ਜਥਿਆਂ ਦੇ ਰੂਪ ਵਿੱਚ ਮੋਰਚੇ ਵਿੱਚ ਪੁੱਜੇ। ਮੋਰਚੇ ਵਿੱਚ ਸ਼ਾਮਲ ਵਲੰਟੀਅਰਾਂ ਵਲੋਂ ਹੱਥਾਂ ਵਿੱਚ ਮੰਗਾਂ ਵਾਲੀਆਂ ਤਖਤੀਆਂ ਅਤੇ ਫਲੈਕਸਾਂ ਫੜ ਕੇ ਸੜਕਾਂ ਕਿਨਾਰੇ ਖੜ੍ਹ ਕੇ ਵਿਖਾਵਾ ਕੀਤਾ ਅਤੇ ਰਾਤ ਨੂੰ ਪ੍ਰਭਾਵਸ਼ਾਲੀ ਮਸ਼ਾਲ ਮਾਰਚ ਜਥੇਬੰਦ ਕੀਤਾ ਗਿਆ। ਅੱਜ ਦੇ ਇਕੱਠ ਦੀ ਪ੍ਰਧਾਨਗੀ ਸਾਥੀ ਗੁਰਨਾਮ ਸਿੰਘ ਦਾਊਦ, ਜਸਵਿੰਦਰ ਸਿੰਘ ਢੇਸੀ ਅਤੇ ਪਾਲ ਸਿੰਘ ਜਾਮਾਰਾਇ ਵਲੋਂ ਕੀਤੀ ਗਈ।
ਇਸ ਦੌਰਾਨ 11 ਸਤੰਬਰ ਨੂੰ ਉੱਚ ਅਧਿਕਾਰੀਆਂ ਨਾਲ ਹੋਈ ਮੀਟਿੰਗ ਦੇ ਵੇਰਵੇ ਦਿੰਦਿਆਂ ਸਾਥੀ ਰਘਬੀਰ ਸਿੰਘ ਬਟਾਲਾ ਨੇ ਦੱਸਿਆ ਕਿ ਮੀਟਿੰਗ ਬਹੁਤ ਹੀ ਸਦਭਾਵਨਾ ਪੂਰਨ ਮਾਹੌਲ ਵਿੱਚ ਹੋਈ। ਉਨ੍ਹਾਂ ਅਧਿਕਾਰੀਆਂ ਦੇ ਸੁਹਿਰਦ ਰਵੱਈਏ ਦੀ ਸ਼ਲਾਘਾ ਕਰਦਿਆਂ ਮੰਗ ਕੀਤੀ ਕਿ ਅਧਿਕਾਰੀ ਆਪਣੇ ਵਾਅਦੇ ਅਨੁਸਾਰ ਛੇਤੀ ਤੋਂ ਛੇਤੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾ ਕੇ ਮੰਗਾਂ ਦਾ ਨਿਪਟਾਰਾ ਕਰਵਾਉਣ।
ਸੜਕਾਂ ਕਿਨਾਰੇ ਮਾਰਚ ਕਰਨ ਤੋਂ ਪਹਿਲਾ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸਾਥੀ ਮਹੀਪਾਲ, ਪਰਗਟ ਸਿੰਘ ਜਾਮਾਰਾਇ, ਸਤਨਾਮ ਸਿੰਘ ਅਜਨਾਲਾ, ਭੀਮ ਸਿੰਘ ਆਲਮਪੁਰ, ਵਿਜੇ ਮਿਸ਼ਰਾ, ਮਨੋਹਰ ਗਿੱਲ, ਸ਼ਿਵ ਕੁਮਾਰ ਤਿਵਾੜੀ, ਅਮਰੀਕ ਸਿੰਘ ਦਾਊਦ, ਬਲਦੇਵ ਸਿੰਘ ਸੈਦਪੁਰ, ਰਾਮ ਕਿਸ਼ਨ ਧੁਨਕੀਆ, ਹਰੀ ਸਿੰਘ ਦੌਣ ਕਲਾਂ, ਮਲਕੀਤ ਸਿੰਘ ਸ਼ੇਰ ਸਿੰਘ ਵਾਲਾ, ਦਾਰਾ ਸਿੰਘ ਮੁੰਡਾਪਿੰਡ, ਬਲਦੇਵ ਸਿੰਘ ਭੈਲ ਨੇ ਕਿਹਾ ਕਿ ਪੰਜਾਬ ਦੀ ਬਹੁਗਿਣਤੀ ਵਸੋਂ ਖਾਸ ਕਰਕੇ ਸ਼ਹਿਰੀ ਮਜਦੂਰ, ਬੇਜਮੀਨੇ ਖੇਤ ਮਜ਼ਦੂਰ, ਸੀਮਾਂਤ ਕਿਸਾਨ, ਅਤਿ ਛੋਟੇ ਕਾਰੋਬਾਰੀ ਅਤੇ ਨਿਮਨ ਮੱਧ ਵਰਗ ਬਿਜਲੀ ਦੇ ਬਿੱਲ ਤਾਰਨੋਂ ਅਸਮਰੱਥ ਹੋ ਚੁੱਕੇ ਹਨ ਕਿਉਂਕਿ ਉਨ੍ਹਾਂ ਦੀਆਂ ਛੋਟੀਆਂ ਕਮਾਈਆਂ ਦਾ ਵਿਸ਼ਾਲ ਭਾਗ ਬਿਜਲੀ ਦੇ ਬਿੱਲ ਤਾਰਨ ਵਿੱਚ ਹੀ ਖਤਮ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੀਣ ਯੋਗ ਪਾਣੀ ਐਨ ਖਾਤਮੇ ਦੇ ਕਿਨਾਰੇ ਪੁੱਜ ਚੁੱਕਾ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਪਾਣੀ ਦੀ ਰਾਸ਼ਨਿੰਗ ਅਤੇ ਕਾਲਾਬਾਜਾਰੀ ਸ਼ੁਰੂ ਹੋ ਜਾਵੇਗੀ। ਇਸੇ ਕਰਕੇ ਮੋਰਚੇ ਦੀਆਂ ਮੰਗਾਂ ਦੀ ਪੂਰਤੀ ਹਿਤ ਇੱਕ ਪਲ ਦੀ ਦੇਰੀ ਵੀ ਖਤਰਨਾਕ ਅਵਸਥਾਵਾਂ ਪੈਦਾ ਕਰ ਸਕਦੀ ਹੈ। ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਤੇ ਪਾਣੀ ਨਾਲ ਸਬੰਧਤ ਵਿਭਾਗਾਂ ਨੂੰ ਸਥਿਤੀ ਦੀ ਗੰਭੀਰਤਾ ਸਮਝਦਿਆਂ ਫੌਰੀ ਕਦਮ ਚੁੱਕਣੇ ਚਾਹੀਦੇ ਹਨ। ਆਗੂਆਂ ਨੇ ਖੱਬੀਆਂ, ਜਮਹੂਰੀ, ਦੇਸ਼ ਭਗਤ  ਧਿਰਾਂ ਨੂੰ ਮੋਰਚੇ ਵਿੱਚ ਸ਼ਾਮਲ ਹੋਣ ਅਤੇ ਹਰ ਪੱਖ ਤੋਂ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।

No comments:

Post a Comment