Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Tuesday 10 September 2019

11 ਸਤੰਬਰ ਨੂੰ ਮੋਹਾਲੀ ਵਿਖੇ ਸਰਕਾਰ ਨਾਲ ਗੱਲਬਾਤ ਹੋਈ ਤਹਿ



ਬਿਜਲੀ ਪਾਣੀ ਦਾ ਮੋਰਚਾ ਦੂਜੇ ਦਿਨ ਵੀ ਉਤਸ਼ਾਹ ਨਾਲ ਜਾਰੀ

ਪਟਿਆਲਾ; 10 ਸਤੰਬਰ- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਪੰਜਾਬ ਰਾਜ ਕਮੇਟੀ ਦੇ ਸੱਦੇ 'ਤੇ ਕੱਲ੍ਹ ਤੋਂ ਆਰੰਭ ਹੋਇਆ ਪੱਕਾ ਮੋਰਚਾ ਅੱਜ ਇੱਥੇ ਦੂਜੇ ਦਿਨ ਵੀ ਜਾਰੀ ਰਿਹਾ। ਇਹ ਮੋਰਚਾ ਸੂਬੇ ਦੇ ਲੋਕਾਂ ਨੂੰ ਬਿਜਲੀ ਦੋ ਰੁਪੈ ਪ੍ਰਤੀ ਯੂਨਿਟ ਦਿੱਤੇ ਜਾਣ ਅਤੇ ਧਰਤੀ ਹੇਠਲੇ ਤੇ ਦਰਿਆਈ ਪਾਣੀਆਂ ਦੀ ਰਾਖੀ ਲਈ ਲਾਇਆ ਗਿਆ ਹੈ। ਜਿਕਰ ਯੋਗ ਹੈ ਕਿ ਸੰਘਰਸ਼ ਦੇ ਸਿੱਟੇ ਵਜੋਂ  ਕੱਲ੍ਹ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਪਹਿਲਕਦਮੀ 'ਤੇ ਪਾਵਰਕੌਮ ਮੈਨੇਜਮੈਂਟ ਨਾਲ 11 ਸਤੰਬਰ ਦੀ ਮੋਹਾਲੀ ਵਿਖੇ ਗੱਲਬਾਤ ਹੋਣੀ ਤਹਿ ਹੋਈ ਹੈ। ਮੋਰਚੇ ਦੀ ਅਗਵਾਈ ਕਰ ਰਹੇ ਆਗੂਆਂ ਨੇ ਗੱਲਬਾਤ ਦੀ ਪਹਿਲਕਦਮੀ ਦਾ ਸਵਾਗਤ ਕਰਦਿਆਂ ਆਸ ਪ੍ਰਗਟਾਈ ਕਿ ਪੰਜਾਬ ਸਰਕਾਰ ਅਤੇ ਪਾਵਰਕੌਮ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਚੰਗੇ ਕਦਮ ਚੁੱਕਣਗੇ। ਮੋਰਚੇ ਵਿੱਚ ਸ਼ਾਮਲ ਵੱਖੋ-ਵੱਖ ਜਿਲ੍ਹਿਆਂ ਦੇ ਸਾਥੀਆਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਮੋਰਚੇ ਦੀ ਅਗਲੀ ਰੂਪ ਰੇਖਾ ਕੱਲ੍ਹ ਦੀ ਮੀਟਿੰਗ ਵਿੱਚ ਅਧਿਕਾਰੀਆਂ ਵਲੋ ਅਪਣਾਏ ਜਾਣ ਵਾਲੇ ਰਵੱਈਏ 'ਤੇ ਨਿਰਭਰ ਕਰੇਗੀ।
ਉਨ੍ਹਾਂ ਅੱਗੇ ਕਿਹਾ ਕਿ ਜੀਵਨ ਦੀ ਬੁਨਿਆਦੀ ਲੋੜ ਪਾਣੀ, ਮੁਨਾਫਿਆਂ ਦੀ ਭੁੱਖ ਪੂਰੀ ਕਰਨ ਲਈ ਧਨਾਢਾਂ ਵਲੋਂ ਪਰਦੂਸ਼ਿਤ ਕੀਤਾ ਜਾ ਰਿਹਾ ਹੈ ਅਤੇ ਸਰਕਾਰਾਂ ਨੇ ਇਸ ਮਾਨਵਤਾ ਦੋਖੀ ਗੁਨਾਹ ਵਲੋਂ ਅੱਖਾਂ ਮੀਟ ਛੱਡੀਆਂ ਹਨ। ਉਨ੍ਹਾਂ ਸਨਅਤਕਾਰਾਂ ਵਲੋਂ ਵਰਤ ਕੇ ਪਲੀਤ ਕੀਤਾ ਜਹਿਰੀਲਾ ਪਾਣੀ ਬਿਨਾਂ ਸੋਧੇ ਦਰਿਆਵਾਂ ਵਿੱਚ ਸੁੱਟਣ ਅਤੇ ਮਲ-ਮੂਤਰ ਦੀ ਦਰਿਆਈ ਪਾਣੀਆਂ ਵਿੱਚ ਮਿਲਾਵਟ ਰੋਕਣ ਪੱਖੋਂ ਸਰਕਾਰ ਦੀ ਮੁਜਰਮਾਨਾ ਅਸਫਲਤਾ ਦੀ ਜੋਰਦਾਰ ਨਿਖੇਧੀ ਕੀਤੀ। ਸਾਥੀ ਪਾਸਲਾ ਨੇ ਕਿਹਾ ਕਿ ਦਰਿਆਈ ਪਾਣੀਆਂ ਦੀ ਬਰਬਾਦੀ ਰੋਕਣ ਨਾਲ ਸਿੰਚਾਈ ਲਈ ਧਰਤੀ ਹੇਠਲੇ ਪਾਣੀ ਤੇ ਨਿਰਭਰਤਾ ਵਿੱਚ ਵੱਡੀ ਹੱਦ ਤੱਕ ਕਟੌਤੀ ਕੀਤੀ ਜਾ ਸਕਦੀ ਹੈ ਪਰ ਹਕੂਮਤਾਂ ਇਸ ਗੰਭੀਰ ਮਸਲੇ ਪ੍ਰਤੀ ਘੇਸਲ ਮਾਰੀ ਬੈਠੀਆਂ ਹਨ। ਇਸ ਮੌਕੇ ਸੰਬੋਧਨ ਕਰਨ ਵਾਲੇ ਆਗੂਆਂ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਜੇ ਪਾਣੀ ਇਸ ਤਰ੍ਹਾਂ ਪਲੀਤ ਹੁੰਦਾ ਰਿਹਾ ਤਾਂ ਘਰ-ਘਰ ਵਿੱਚ ਅਸਾਧ ਰੋਗਾਂ ਨਾਲ ਕਹਿਰ ਦੀਆਂ ਮੌਤਾਂ ਹੋਣ ਦੀ ਕੁਲਹਿਣੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਆਗੂਆਂ ਨੇ ਹਰ ਘਰ ਪੀਣ ਲਈ ਮੁੱਫ਼ਤ ਪਾਣੀ ਉਪਲੱਭਧ ਕਰਵਾਉਣ ਦੀ ਮੰਗ ਵੀ ਕੀਤੀ। ਆਗੂਆਂ ਨੇ ਕਿਹਾ ਕਿ ਬਾਰਸ਼ ਦਾ ਪਾਣੀ ਸਹੇਜਣ ਲਈ ਠੋਸ ਯਤਨ ਕੀਤੇ ਜਾਣ। ਰਸਾਇਣਕ ਖਾਦਾਂ, ਕੀਟਨਾਸ਼ਕਾਂ, ਨਦੀਨ ਨਾਸ਼ਕਾਂ ਅਤੇ ਹੋਰ ਜਹਿਰਾਂ ਦੀ ਧਰਤੀ ਹੇਠਲੇ ਪਾਣੀ ਵਿੱਚ ਮਿਲਾਵਟ ਰੋਕਣ ਲਈ ਲੋਕ ਪੱਖੀ ਖੇਤੀ ਨੀਤੀ ਬਣਾਈ ਜਾਵੇ। ਅੱਜ ਮੋਰਚੇ ਦੀ ਪ੍ਰਧਾਨਗੀ ਡਾਕਟਰ ਸਤਨਾਮ ਸਿੰਘ ਅਜਨਾਲਾ, ਰਘਬੀਰ ਸਿੰਘ ਬੈਨੀਪਾਲ, ਮਿੱਠੂ ਸਿੰਘ ਘੁੱਦਾ, ਰਤਨ ਸਿੰਘ ਰੰਧਾਵਾ ਅਤੇ ਦੀਪਕ ਠਾਕੁਰ ਨੇ ਕੀਤੀ। ਸਾਥੀ ਵੇਦ ਪ੍ਰਕਾਸ਼, ਪ੍ਰੋਫੈਸਰ ਜੈਪਾਲ, ਦਰਸ਼ਨ ਨਾਹਰ, ਨੀਲਮ ਘੁਮਾਣ, ਲਾਲ ਚੰਦ ਸਰਦੂਲਗੜ੍ਹ, ਮਲਕੀਤ ਸਿੰਘ ਵਜੀਦਕੇ, ਜਗਤਾਰ ਸਿੰਘ ਚਕੋਹੀ, ਸੰਤੋਖ ਸਿੰਘ ਬਿਲਗਾ, ਜਸਪਾਲ ਝਬਾਲ, ਸੁਖਦੇਵ ਗੋਹਲਵੜ, ਮੁਖਤਿਆਰ ਸਿੰਘ ਮੱਲ੍ਹਾ, ਅਮਰਜੀਤ ਸਿੰਘ ਮੱਟੂ, ਜਗਤਾਰ ਸਿੰਘ ਕਰਮਪੁਰਾ, ਛੱਜੂ ਰਾਮ ਰਿਸ਼ੀ, ਯਸ਼ਪਾਲ ਮਹਿਲ ਕਲਾਂ, ਮੋਹਣ ਸਿੰਘ ਧਮਾਣਾ, ਸ਼ਿਵ ਕੁਮਾਰ ਤਲਵਾੜਾ ਅਤੇ ਹੋਰਨਾਂ ਨੇ ਵੀ ਸੰਬੋਧਨ ਕੀਤਾ।

No comments:

Post a Comment