Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Thursday 26 September 2019

15 ਦਸੰਬਰ ਨੂੰ ਚੇਨਈ (ਤਾਮਿਲਨਾਡੂ) ਵਿਖੇ ਸਾਂਝੀ ਕੌਮੀ ਕਨਵੈਨਸ਼ਨ ਕਰਨ ਦਾ ਐਲਾਨ



ਜਲੰਧਰ; 26 ਸਤੰਬਰ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ) ਅਤੇ ਮਾਰਕਸਿਸਟ ਕਮਿਊਨਿਸਟ ਪਾਰਟੀ ਆਫ ਇੰਡੀਆ ਯੂਨਾਇਟਿਡ (ਐਮ.ਸੀ.ਪੀ.ਆਈ-ਯੂ.) ਦੀਆਂ ਕੇਂਦਰੀ ਕਮੇਟੀਆਂ ਦੀ ਸਾਂਝੀ ਮੀਟਿੰਗ, ਐਮ ਸੀ ਪੀ ਆਈ-ਯੂ ਦੇ ਇੱਥੇ ਸਥਿਤ ਕੌਮੀ ਹੈੱਡ ਕੁਆਰਟਰ, ਸਾਥੀ ਓਂਕਾਰ ਭਵਨ ਹੈਦਰਾਬਾਦ (ਤਿਲੰਗਾਨਾ) ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਆਰ ਐਮ ਪੀ ਆਈ ਦੇ ਚੇਅਰਮੈਨ ਸਾਥੀ ਕੇ. ਗੰਗਾਧਰਨ ਅਤੇ ਐਮ ਸੀ ਪੀ ਆਈ -ਯੂ ਦੇ ਪੋਲਿਟ ਬਿਊਰੋ ਮੈਂਬਰ ਸਾਥੀ ਮਹਿੰਦਰ ਸਿੰਘ ਨੇਹ ਵਲੋਂ ਕੀਤੀ ਗਈ। ਮੀਟਿੰਗ ਨੂੰ ਦੋਹਾਂ ਪਾਰਟੀਆਂ ਦੇ ਜਨਰਲ ਸਕੱਤਰਾਂ ਸਾਥੀ ਮੰਗਤ ਰਾਮ ਪਾਸਲਾ ਅਤੇ ਮੁਹੰਮਦ ਗੌਂਸ ਵਲੋਂ ਸੰਬੋਧਨ ਕੀਤਾ ਗਿਆ।
ਅੱਜ ਇਥੋਂ ਜਾਰੀ ਇੱਕ ਸਾਂਝੇ ਬਿਆਨ ਰਾਹੀਂ ਮੀਟਿੰਗ ਦੇ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਆਰ ਐਮ ਪੀ ਆਈ ਸਟੈਂਡਿੰਗ ਕਮੇਟੀ ਦੇ ਮੈਂਬਰ ਸਾਥੀ ਹਰਕੰਵਲ ਸਿੰਘ ਅਤੇ ਐਮ ਸੀ ਪੀ ਆਈ ਯੂ ਦੇ ਪੋਲਿਟ ਬਿਊਰੋ ਮੈਂਬਰ ਸਾਥੀ ਕਿਰਨਜੀਤ ਸੇਖੋਂ ਨੇ ਦਸਿਆ ਕਿ ਭਵਿੱਖ ਵਿੱਚ ਦੋਹਾਂ ਪਾਰਟੀਆਂ ਦੀ ਸਟੈਂਡਿੰਗ ਕਮੇਟੀ ਅਤੇ ਪੋਲਿਟ ਬਿਊਰੋ ਤੇ ਕੇਂਦਰੀ ਕਮੇਟੀਆਂ ਦੀਆਂ ਸਾਂਝੀਆਂ ਮੀਟਿੰਗਾਂ ਹੋਇਆ ਕਰਨਗੀਆਂ ਤਾਂ ਕਿ ਦੇਸ਼ ਦੀ ਮੌਜੂਦਾ ਰਾਜਸੀ ਅਵਸਥਾ ਵਿੱਚ ਦੋਹੇਂ ਪਾਰਟੀਆਂ ਸਾਂਝੀ ਰਾਜਨੀਤਕ ਸਮਝਦਾਰੀ ਦੇ ਆਧਾਰ 'ਤੇ ਇਕਜੁੱਟ ਦਖਲ ਅੰਦਾਜ਼ੀ ਕਰ ਸਕਣ। ਉਨ੍ਹਾਂ ਇਹ ਵੀ ਦੱਸਿਆ ਕਿ ਦੋਹਾਂ ਪਾਰਟੀਆਂ ਵਲੋਂ ਨੇੜ ਭਵਿੱਖ ਵਿੱਚ ਟਰੇਡ ਯੂਨੀਅਨ, ਕਿਸਾਨ, ਇਸਤਰੀ ਅਤੇ ਨੌਜਵਾਨ ਫਰੰਟਾਂ ਦੀਆਂ ਸਾਂਝੀਆਂ ਕੁਲ ਹਿੰਦ ਜਨਤਕ ਜਥੇਬੰਦੀਆਂ ਕਾਇਮ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ 15 ਦਸੰਬਰ ਨੂੰ ਚੇਨਈ (ਤਾਮਿਲਨਾਡੂ) ਵਿਖੇ ਸਾਂਝੀ ਕੌਮੀ ਕਨਵੈਨਸ਼ਨ ਕੀਤੀ ਜਾਵੇਗੀ, ਜਿਸ ਵਿੱਚ ਭਵਿੱਖ ਦੇ ਸੰਗਰਾਮਾਂ ਦੀ ਉਸਾਰੀ ਦਾ ਖਾਕਾ ਪਾਸ ਕੀਤਾ ਜਾਵੇਗਾ ।
ਦੋਹਾਂ ਪਾਰਟੀਆਂ ਦੀ ਸਾਂਝੀ ਮੀਟਿੰਗ ਵਲੋਂ ਦੇਸ਼ ਵਿੱਚ ਦਿਨੋ-ਦਿਨ ਤਿੱਖੇ ਹੋ ਰਹੇ ਚੌਤਰਫਾ ਫਿਰਕੂ-ਫਾਸ਼ੀ ਹੱਲਿਆਂ ਅਤੇ ਸਾਮਰਾਜੀ ਤੇ ਕਾਰਪੋਰੇਟ ਲੁੱਟ ਦੀ ਗਰੰਟੀ ਕਰਦੀਆਂ ਨਵਉਦਾਰਵਾਦੀ ਨੀਤੀਆਂ ਖਿਲਾਫ਼ ਹਰ ਮੋਰਚੇ 'ਤੇ ਸੰਘਰਸ਼ ਤਿੱਖੇ ਕਰਨ ਦਾ ਨਿਰਣਾ ਲਿਆ ਗਿਆ। ਸੰਘ ਪਰਿਵਾਰ ਦੀਆਂ ਭਾਰਤ ਨੂੰ ਕੱਟੜਤਾ ਆਧਾਰਿਤ ਹਿੰਦੂ ਰਾਸ਼ਟਰ ਵਿੱਚ ਤਬਦੀਲ ਕਰਨ ਦੀਆਂ ਕੋਝੀਆਂ ਸਾਜ਼ਿਸ਼ਾਂ ਨੂੰ ਅਮਲੀ ਰੂਪ ਦੇਣ ਲਈ ਪੱਬਾਂ ਭਾਰ ਹੋਈ ਮੋਦੀ ਸਰਕਾਰ ਦੀਆਂ ਕੁਚਾਲਾਂ ਵਿਰੁੱਧ ਦੇਸ਼ ਵਾਸੀਆਂ ਨੂੰ ਚੌਕਸ ਕਰਨ ਲਈ ਮੀਟਿਗ ਵਲੋਂ ਦੇਸ਼ ਵਿਆਪੀ ਮੁਹਿੰਮ ਚਲਾਉਣ ਦਾ ਵੀ ਫੈਸਲਾ ਕੀਤਾ ਗਿਆ। ਇਸ ਮੁਹਿੰਮ ਦੌਰਾਨ ਦਿਨੋਂ-ਦਿਨ ਤੇਜ ਹੋ ਰਹੇ ਆਰਥਿਕ ਮੰਦਵਾੜੇ ਅਤੇ ਇਸ ਦੇ ਸਿੱਟੇ ਵੱਜੋਂ ਭਾਰੀ ਬਹੁਗਿਣਤੀ ਵਸੋਂ ਦੇ ਵਧ ਰਹੇ ਕੰਗਾਲੀਕਰਨ ਖਿਲਾਫ਼, ਗਰੀਬਾਂ ਦੇ ਬੱਚਿਆਂ ਨੂੰ ਵਿੱਦਿਆ ਤੋਂ ਵਿਰਵੇ ਕਰਨ ਵਾਲੀ ਨਵੀਂ ਸਿੱਖਿਆ ਨੀਤੀ ਵਿਰੁੱਧ, ਮੰਨੂਵਾਦੀ ਵਰਣ ਵਿਵਸਥਾ ਦੀ ਪੁਨਰ ਸਥਾਪਤੀ ਦੇ ਉਦੇਸ਼ ਅਧੀਨ ਦਲਿਤਾਂ ਅਤੇ ਔਰਤਾਂ ਖਿਲਾਫ਼ ਕੀਤੇ ਜਾ ਰਹੇ ਅਕਹਿ ਜ਼ੁਲਮਾਂ ਖਿਲਾਫ਼, ਦੇਸ਼ ਵਿੱਚ ਫਿਰਕੂ ਵੰਡ ਤਿੱਖੀ ਕਰਨ ਦੀ ਸਾਜਿਸ਼ ਅਧੀਨ ਮੁਸਲਮਾਨਾਂ ਅਤੇ ਹੋਰਨਾਂ ਘੱਟ ਗਿਣਤੀਆਂ ਖ਼ਿਲਾਫ਼ ਕੀਤੇ ਜਾ ਰਹੇ ਕਾਤਲਾਨਾ ਹਮਲਿਆਂ ਅਤੇ ਅਮਾਨਵੀ ਅੱਤਿਆਚਾਰਾਂ ਵਿਰੁੱਧ ਦੇਸ਼ ਦੇ ਮਿਹਨਤਕਸ਼ ਆਵਾਮ ਨੂੰ ਜਥੇਬੰਦ ਹੁੰਦਿਆਂ ਸੰਘਰਸ਼ਾਂ ਦੇ ਮੈਦਾਨਾਂ ਵਿਚ ਨਿੱਤਰਨ ਦਾ ਸੱਦਾ ਦਿੱਤਾ ਗਿਆ। ਇਸ ਤੋਂ ਇਲਾਵਾ ਤਾਨਾਸ਼ਾਹੀ 'ਤੇ ਇੱਕ ਪਾਸੜ ਤਰੀਕੇ ਨਾਲ ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਅਤੇ 35 ਏ ਦੇ ਖਾਤਮੇ ਅਤੇ ਉਥੋਂ ਦੀ ਵਿਧਾਨ ਸਭਾ ਦਾ ਦਰਜਾ ਘਟਾ ਕੇ ਸੂਬੇ ਨੂੰ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡ ਦੇਣ ਪਿਛੇ ਲੁਕੀ ਫਿਰਕੂ ਮਨਸ਼ਾ ਦਾ ਵੀ ਪਰਦਾਫਾਸ਼ ਕੀਤਾ ਜਾਵੇਗਾ। ਮੀਟਿੰਗ ਵਲੋਂ ਆਮ ਲੋਕਾਂ ਨੂੰ ਦੇਸ਼ ਦੇ ਧਰਮਨਿਰਪੱਖ, ਫੈਡਰਲ ਅਤੇ ਜਮਹੂਰੀ ਢਾਂਚੇ ਨੂੰ ਤਹਿਤ ਨਹਿਸ ਕਰਨ ਦੀਆਂ ਸਰਕਾਰੀ ਕੁਚਾਲਾਂ ਦਾ ਹਰ ਪੱਧਰ 'ਤੇ  ਡੱਟਵਾਂ ਵਿਰੋਧ ਕਰਨ ਦਾ ਵੀ ਸੱਦਾ ਦਿੱਤਾ ਗਿਆ। ਸਾਂਝੀ ਮੀਟਿੰਗ ਵਲੋਂ ਮੌਜੂਦਾ ਗੰਭੀਰ ਅਵਸਥਾ ਵਿੱਚ ਸਾਰੀਆਂ ਖੱਬੀਆਂ ਧਿਰਾਂ ਨੂੰ ਘੱਟੋ-ਘੱਟ ਸਾਂਝੇ ਪ੍ਰੋਗਰਾਮ ਦੇ ਅਧਾਰ 'ਤੇ ਇੱਕਜੁਟ ਹੋਕੇ ਸੰਗਰਾਮਾਂ ਵਿੱਚ ਨਿੱਤਰਨ  ਦੀ ਅਪੀਲ ਕੀਤੀ ਗਈ।

No comments:

Post a Comment