Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Tuesday 27 August 2019

ਹੜ੍ਹਾਂ ਦੇ ਬੁਨਿਆਦੀ ਕਾਰਨ ਦੂਰ ਕਰਨ ਅਤੇ ਲੋਕਾਂ ਨੂੰ ਬਣਦਾ ਮੁਆਵਜ਼ਾ ਦੇਣ ਦੀ ਮੰਗ

ਜਲੰਧਰ, 27 ਅਗਸਤ- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਨੇ ਹੜ੍ਹਾਂ ਦੌਰਾਨ ਸਰਕਾਰ ਦੀ ਸੰਵੇਦਨ ਹੀਣਤਾ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਲੋਕਾਂ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਅਤੇ ਹਾਕਮ ਧਿਰ ਵੱਲੋਂ ਇਸ 'ਤੇ ਰਾਜਨੀਤੀ ਕੀਤੀ ਜਾ ਰਹੀ ਹੈ। ਪਾਰਟੀ ਦੀ ਪੰਜਾਬ ਰਾਜ ਕਮੇਟੀ ਦੇ ਪ੍ਰਧਾਨ ਰਤਨ ਸਿੰਘ ਰੰਧਾਵਾ, ਸਕੱਤਰ ਹਰਕੰਵਲ ਸਿੰਘ ਅਤੇ ਖ਼ਜ਼ਾਨਚੀ ਲਾਲ ਚੰਦ ਕਟਾਰੂਚੱਕ ਵੱਲੋਂ ਇੱਥੋਂ ਜਾਰੀ ਕੀਤੇ ਇੱਕ ਸਾਂਝੇ ਬਿਆਨ 'ਚ ਕਿਹਾ ਕਿ ਪੰਜਾਬ ਦੇ ਹੜ੍ਹ ਹਾਕਮ ਧਿਰ ਦੀ ਨਾਲਾਇਕੀ ਦਾ ਹੀ ਸਿੱਟਾ ਹਨ। ਆਗੂਆਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਅਕਾਲੀ-ਭਾਜਪਾ ਸਰਕਾਰ ਵੇਲੇ ਵੀ ਅਤੇ ਹੁਣ ਵੀ ਰੇਤ ਮਾਫ਼ੀਆਂ ਨੂੰ ਦਿੱਤੀ ਖੁੱਲ੍ਹ ਅਤੇ ਦਰਖਤਾਂ ਦੀ ਅੰਨ੍ਹੇਵਾਹ ਕਟਾਈ ਨੇ ਇਸ ਮੁਸ਼ਕਲ ਨੂੰ ਹੋਰ ਵਧਾਇਆ ਹੈ। ਆਗੂਆਂ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਇੱਕ ਦੂਜੇ 'ਤੇ ਦੋਸ਼ ਲਗਾ ਕੇ ਆਪਣਾ ਪੱਲਾ ਝਾੜਿਆ ਜਾ ਰਿਹਾ ਹੈ। ਜਦੋਂ ਕਿ ਮੁਸ਼ਕਲ ਦੀ ਘੜੀ 'ਚ ਯੋਜਨਾਬੰਦੀ ਨਾਂ ਦੀ ਚੀਜ਼ ਕਿਤੇ ਵੀ ਨਹੀਂ ਦਿਖਾਈ ਦੇ ਰਹੀ, ਇਸ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਦਰਿਆ ਦੇ ਬੰਨ੍ਹਾਂ ਦੀ ਮਜ਼ਬੂਤੀ ਲਈ ਕੋਈ ਕੰਮ ਨਹੀਂ ਕੀਤਾ ਗਿਆ ਅਤੇ ਕਾਹਲ 'ਚ ਪਾਣੀ ਛੱਡ ਕੇ ਪੰਜਾਬ ਨੂੰ ਬਲਦੀ ਦੇ ਬੂਥੇ 'ਚ ਦੇ ਦਿੱਤਾ। ਇਸ ਤੋਂ ਪਹਿਲਾ ਅਕਾਲੀ-ਭਾਜਪਾ ਸਰਕਾਰ ਵੇਲੇ ਵੀ ਬੰਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਸੀ, ਸਗੋਂ ਹੁਣ ਲੋਕਾਂ ਦੀ ਹਮਦਰਦੀ ਜਿੱਤਣ ਲਈ ਝੂਠੇ ਮੂਠੇ ਯਤਨ ਕੀਤੇ ਜਾ ਰਹੇ ਹਨ। ਕੇਂਦਰ ਵੱਲੋਂ ਕੋਈ ਮਦਦ ਦੇਣ ਦੀ ਥਾਂ ਕੇਂਦਰੀ ਮੰਤਰੀ ਬੀਬੀ ਬਾਦਲ ਵੱਲੋਂ ਸਿਰਫ਼ ਚਿੱਠੀ ਲਿਖਣ ਦੇ ਮਿਹਣੇ ਮਾਰੇ ਜਾ ਰਹੇ ਹਨ। ਆਗੂਆਂ ਨੇ ਕਿਹਾ ਕਿ ਨੁਕਸਾਨ ਸਿਰਫ਼ ਖੇਤੀ ਸੈਕਟਰ ਦਾ ਹੀ ਨਹੀਂ ਹੋਇਆ ਸਗੋਂ ਲੋਕਾਂ ਦੇ ਘਰਾਂ ਦਾ ਸਮਾਨ, ਪਸ਼ੂਆਂ ਸਮੇਤ ਹੋਰ ਬਹੁਤ ਤਰ੍ਹਾਂ ਦਾ ਜਾਨੀ, ਮਾਲੀ ਨੁਕਸਾਨ ਹੋਇਆ ਹੈ। ਉਕਤ ਆਗੂਆਂ ਨੇ ਹੋਏ ਹਰ ਤਰ੍ਹਾਂ ਦੇ ਨੁਕਸਾਨ ਦੀ ਭਰਪਾਈ ਦੀ ਮੰਗ ਵੀ ਕੀਤੀ ਅਤੇ ਨਾਲ ਹੀ ਮਾਈਨਿੰਗ ਨੂੰ ਸਰਕਾਰੀ ਕੰਟਰੋਲ 'ਚ ਕਰਨ ਅਤੇ ਦਰਿਆ ਦੇ ਬੰਨ੍ਹਾਂ ਸਮੇਤ ਹਰ ਮੋਰਚੇ 'ਤੇ ਇਮਾਨਦਾਰੀ ਨਾਲ ਕੰਮ ਕਰਨ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਪਾਣੀ ਦਾ ਵਹਾਅ ਭਾਵੇਂ ਘੱਟ ਗਿਆ ਹੈ ਪਰ ਲੋਕਾਂ ਦੀਆਂ ਮੁਸੀਬਤਾਂ ਨੂੰ ਹਾਲੇ ਕੋਈ ਠੱਲ੍ਹ ਨਹੀਂ ਪਈ।

No comments:

Post a Comment