Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Monday 19 August 2019

9 ਸਤੰਬਰ ਤੋਂ ਪੱਕਾ ਮੋਰਚਾ ਲਾਉਣ ਦਾ ਐਲਾਨ

ਜਲੰਧਰ : 'ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਵਲੋਂ ਬਿਜਲੀ ਰੇਟਾਂ ਦਾ ਲੱਕ ਤੋੜਵਾਂ ਵਾਧਾ ਰੱਦ ਕਰਾਉਣ, ਖਪਤਕਾਰਾਂ ਨੂੰ ਬਿਜਲੀ ਦੋ ਰੁਪੈ ਪ੍ਰਤੀ ਯੂਨਿਟ ਦਿੱਤੇ ਜਾਣ ਤੇ ਧਰਤੀ ਹੇਠਲੇ ਤੇ ਦਰਿਆਈ ਪਾਣੀਆਂ ਦੀ ਬਰਬਾਦੀ ਰੋਕਣ, ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਸਰਕਾਰ ਵਲੋਂ ਮੁਫਤ ਦਿੱਤੇ ਜਾਣ ਲਈ 9 ਸਤੰਬਰ ਤੋਂ ਪਟਿਆਲਾ ਵਿਖੇ ਪੱਕਾ ਮੋਰਚਾ ਲਾਇਆ ਜਾਵੇਗਾ, ਜੋ ਮੰਗਾਂ ਮੰਨਣ ਤੱਕ ਜਾਰੀ ਰਹੇਗਾ'। ਉਕਤ ਫੈਸਲਾ ਪਾਰਟੀ ਦੀ ਪੰਜਾਬ ਰਾਜ ਕਮੇਟੀ ਦੀ ਸਾਥੀ ਪਰਗਟ ਸਿੰਘ ਜਾਮਾਰਾਏ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਕੀਤਾ ਗਿਆ। ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਮੀਟਿੰਗ ਵਿੱਚ ਉਚੇਚੇ ਤੌਰ 'ਤੇ ਸ਼ਾਮਲ ਹੋਏ। ਰਾਜ ਕਮੇਟੀ ਵਲੋਂ ਉਕਤ ਮੰਗਾਂ ਦੀ ਪ੍ਰਾਪਤੀ ਲਈ 15 ਤੋਂ 31 ਜੁਲਾਈ ਤੱਕ ਸੈਂਕੜੇ ਪਿੰਡਾਂ ਵਿੱਚ ਚਲਾਈ ਗਈ ਜਨ ਸੰਪਰਕ ਤੇ ਲਾਮਬੰਦੀ ਮੁਹਿੰਮ ਅਤੇ 5 ਤੋਂ 9 ਅਗਸਤ ਤੱਕ ਜ਼ਿਲ੍ਹਾ ਕੇਂਦਰਾਂ 'ਤੇ ਕੀਤੇ ਗਏ ਲਾਮਿਸਾਲ ਰੋਸ ਐਕਸ਼ਨਾਂ 'ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਨੋਟ ਕੀਤਾ ਗਿਆ ਕਿ ਉਪਰੋਕਤ ਸੰਗਰਾਮ ਲੜੀ ਨੂੰ ਹਜ਼ਾਰਾਂ ਲੋਕਾਂ ਵਲੋਂ ਦਿੱਤਾ ਗਿਆ ਸਮਰਥਨ, ਉਕਤ ਦੋਹਾਂ ਮਸਲਿਆਂ ਪ੍ਰਤੀ ਸਰਕਾਰੀ ਦੀ ਦੋਖੀ ਪਹੁੰਚ ਖਿਲਾਫ਼ ਲੋਕਾਂ ਦੇ ਅੰਤਾਂ ਦੇ ਰੋਹ ਨੂੰ ਰੂਪਮਾਨ ਕਰਦਾ ਹੈ। ਰਾਜ ਕਮੇਟੀ ਵਲੋਂ ਪ੍ਰਾਂਤ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਸਾਰੇ ਵਖਰੇਵੇਂ ਭੁਲਾ ਕੇ ਲੋਕਾਈ ਦੇ ਵਰਤਮਾਨ ਅਤੇ ਭਵਿੱਖ ਦੇ ਖੂਬਸੂਰਤ ਜੀਵਨ ਦੀ ਜਾਮਨੀ ਕਰਦੇ ਉਕਤ ਸੰਗਰਾਮ ਨੂੰ ਹਰ ਕਿਸਮ ਦਾ ਸਹਿਯੋਗ ਦੇਣ।
ਪਾਰਟੀ ਦੀ ਰਾਇ ਹੈ ਕਿ ਨਿੱਜੀਕਰਨ-ਉਦਾਰੀਕਰਨ ਦੇ ਖਾਸੇ ਵਾਲੀਆਂ ਸਾਮਰਾਜ ਨਿਰਦੇਸ਼ਤ ਨਵ ਉਦਾਰਵਾਦੀ ਆਰਥਿਕ ਨੀਤੀਆਂ, ਜਿਨ੍ਹਾਂ 'ਤੇ ਤੇਜ਼ੀ ਨਾਲ ਅਮਲ ਕਰਦਿਆਂ ਮੋਦੀ 2.0 ਹਕੂਮਤ ਵਲੋਂ ਕੌਮੀ ਮਹੱਤਵ ਦੇ ਸਰਕਾਰੀ ਅਦਾਰਿਆਂ ਰੇਲਵੇ, ਹਵਾਈ ਸੇਵਾਵਾਂ, ਰਖਿਆ ਖੇਤਰ ਆਦਿ ਨੂੰ ਬੜੀ ਬੇਕਿਰਕੀ ਨਾਲ ਨਿੱਜੀ ਕਾਰੋਬਾਰੀਆਂ ਦੀ ਝੋਲੀ ਪਾਇਆ ਜਾ ਰਿਹਾ ਹੈ, ਜਿਸ ਨਾਲ ਪਹਿਲਾਂ ਹੀ ਬੇਸ਼ੁਮਾਰ ਮੁਸ਼ਕਿਲਾਂ 'ਚ ਘਿਰੇ ਗਰੀਬਾਂ ਦੀਆਂ ਦੁਸ਼ਵਾਰੀਆਂ 'ਚ ਹੋਰ ਵਾਧਾ ਹੋਵੇਗਾ। ਮਿਹਨਤੀਆਂ ਨੂੰ ਸੰਘਰਸ਼ਾਂ ਰਾਹੀਂ ਆਪਣੇ ਹਿਤਾਂ ਦੀ ਰਾਖੀ ਕਰਨ ਦੇ ਅਧਿਕਾਰ ਤੋਂ ਵਾਂਝੇ ਕਰਨ ਲਈ ਕਾਨੂੰਨ ਸਿਰਜੇ ਜਾ ਰਹੇ ਹਨ। ਆਰਐੱਸਐੱਸ ਦੀ 'ਹਿੰਦੂ ਰਾਸ਼ਟਰ' ਦੀ ਕਾਇਮੀ ਦੇ ਮੰਤਵ ਅਧੀਨ ਲੋਕਾਂ ਵਿੱਚ ਸਦੀਵੀਂ ਫੁੱਟ ਦੇ ਜ਼ਹਿਰੀਲੇ ਬੀਜ ਬੀਜਣ ਲਈ ਫਿਰਕੂ-ਫਾਸ਼ੀ ਹੱਲੇ ਤੇਜ ਕੀਤੇ ਜਾ ਰਹੇ ਹਨ। ਸੰਵਿਧਾਨਕ ਮਰਿਆਦਾਵਾਂ ਉਲੰਘ ਕੇ ਦੇਸ਼ ਦੇ ਜਮਹੂਰੀ, ਧਰਮਨਿਰਪੱਖ ਅਤੇ ਫੈਡਰਲ ਢਾਂਚੇ ਨੂੰ ਤਹਿਸ-ਨਹਿਸ ਕੀਤਾ ਜਾ ਰਿਹਾ ਹੈ।
ਜੰਮੂ ਕਸ਼ਮੀਰ ਦੇ ਸੰਬੰਧ ਵਿਚ ਧਾਰਾ 370 ਅਤੇ 35ਏ ਦਾ ਖਾਤਮਾ ਕਰਦਿਆਂ ਸੂਬੇ ਦੀ ਵਿਧਾਨ ਸਭਾ ਦਾ ਦਰਜਾ ਘਟਾਉਣ ਅਤੇ ਸੂਬੇ ਦੀ ਵੰਡ ਕਰਨ, ਇੱਕ ਰਾਸ਼ਟਰ ਇੱਕ ਚੋਣ ਵੱਲ ਵਧਣ, ਸੂਚਨਾ ਅਧਿਕਾਰ ਕਾਨੂੰਨ ਨੂੰ ਬੇਅਸਰ ਕਰਨ ਵਰਗੇ ਕਦਮਾਂ ਤੋਂ ਸਰਕਾਰ ਦੀ ਉਪਰੋਕਤ ਪਹੁੰਚ ਦੀ ਪੁਸ਼ਟੀ ਹੁੰਦੀ ਹੈ।
ਮੀਟਿੰਗ ਵਲੋਂ ਕਿਹਾ ਗਿਆ ਕਿ ਪਿਛਲੀ ਅਕਾਲੀ-ਭਾਜਪਾ ਗਠਜੋੜ ਸਰਕਾਰ ਸਮੇਂ ਹੁੰਦੀ ਮਾਫੀਆ ਲੁੱਟ, ਨਸ਼ਿਆਂ ਦਾ ਤੰਦੂਆ ਜਾਲ, ਭਰਿਸ਼ਟਾਚਾਰ, ਸਿਆਸੀ ਦਖਲਅੰਦਾਜ਼ੀ ਆਦਿ ਦੇ ਖਾਤਮੇ ਦੀ ਆਸ ਨਾਲ ਕਾਂਗਰਸ ਸਰਕਾਰ ਕਾਇਮ ਕਰਨ ਵਾਲੇ ਲੋਕ ਮੌਜੂਦਾ ਸਰਕਾਰ ਦੀ ਰੱਦੀ ਕਾਰਗੁਜ਼ਾਰੀ ਤੋਂ ਭਾਰੀ ਨਿਰਾਸ਼ ਹਨ। ਕਾਂਗਰਸੀ ਸਰਕਾਰ ਮੋਦੀ ਸਰਕਾਰ ਵਾਲੀਆਂ ਹੀ ਨੀਤੀਆਂ 'ਤੇ ਅਮਲ ਕਰਦਿਆਂ ਲੋਕਾਈ ਦੀਆਂ ਲੋੜਾਂ ਪ੍ਰਤੀ ਗੈਰ ਸੰਵੇਦਨਸ਼ੀਲ ਅਤੇ ਜਾਬਰ ਪਹੁੰਚ ਤੋਂ ਕੰਮ ਲੈ ਰਹੀ ਹੈ। ਮੀਟਿੰਗ ਵਲੋਂ ਫੈਸਲਾ ਕੀਤਾ ਗਿਆ ਕਿ ਦੋਹਾਂ ਹਕੂਮਤਾਂ ਖਿਲਾਫ਼, ਲੋਕ ਹਿਤਾਂ ਦੀ ਰਾਖੀ ਲਈ ਸਾਰੀਆਂ ਖੱਬੀਆਂ, ਜਮਹੂਰੀ, ਸੰਗਰਾਮੀ ਧਿਰਾਂ ਦੀ ਸਾਂਝੀ ਲਹਿਰ ਉਸਾਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।
ਰਾਜ ਕਮੇਟੀ ਵਲੋਂ ਹੜ੍ਹਾਂ ਦੀ ਗੰਭੀਰ ਸਥਿਤੀ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਸਾਨਾਂ ਮਜ਼ਦੂਰਾਂ ਸਮੇਤ ਸਭ ਲੋਕਾਂ ਦੇ ਹੋਏ ਹਰ ਕਿਸਮ ਦੇ ਜਾਨੀ-ਮਾਲੀ ਨੁਕਸਾਨ ਦੀ ਪੂਰਤੀ ਲਈ ਫੌਰੀ ਢੁਕਵੇਂ ਮੁਆਵਜ਼ੇ ਦੀ ਮੰਗ ਕੀਤੀ ਗਈ।
ਮੀਟਿੰਗ ਵਲੋਂ ਸਰਕਾਰ ਦੀ ਪੱਖਪਾਤੀ ਪਹੁੰਚ ਅਧੀਨ ਦਿੱਲੀ ਵਿਖੇ ਢਾਹੇ ਗਏ ਸ੍ਰੀ ਗੁਰੂ ਰਵੀਦਾਸ ਮੰਦਰ ਦੀ ਪੁਨਰਸਥਾਪਨਾ ਦੀ ਮੰਗ ਕੀਤੀ ਗਈ। ਮੀਟਿੰਗ ਦੇ ਸ਼ੁਰੂ ਵਿੱਚ ਬੀਬੀ ਬਲਬੀਰ ਕੌਰ, ਧਰਮ ਪਤਨੀ ਸਾਥੀ ਹਰਚਰਨ ਸਿੰਘ ਕਪੂਰਥਲਾ ਦੇ ਵਿਛੋੜੇ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼ਰਧਾਂਜਲੀ ਭੇਂਟ ਕੀਤੀ ਗਈ।

No comments:

Post a Comment