Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Friday 31 March 2017

ਧਰਮ ਨਿਰਪੱਖਤਾ, ਜਮਹੂਰੀਅਤ ਤੇ ਰਾਸ਼ਟਰਵਾਦ ਦੀ ਰਾਖੀ ਲਈ ਹਫਤਾ ਮਨਾਉਣ ਦਾ ਸੱਦਾ

ਮੁੰਬਈਂ, 30 ਮਾਰਚ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਕੇਂਦਰੀ ਕਮੇਟੀ ਦੀ ਹੋਈ 2 ਦਿਨਾਂ ਮੀਟਿੰਗ ਨੇ 21 ਤੋਂ 27 ਅਪ੍ਰੈਲ ਤੱਕ ਦੇ ਹਫਤੇ ਨੂੰ ਦੇਸ਼ ਭਰ ਵਿਚ ਸੈਮੀਨਾਰ, ਜਨਤਕ ਮੀਟਿੰਗਾਂ ਅਤੇ ਮੁਜ਼ਾਹਰੇ ਕਰਕੇ ''ਧਰਮ ਨਿਰਪੱਖਤਾ, ਜਮਹੂਰੀਅਤ ਤੇ ਰਾਸ਼ਟਰਵਾਦ ਦੀ ਰਾਖੀ ਲਈ'' ਹਫਤੇ ਵਜੋਂ ਮਨਾਉਣ ਦਾ ਸੱਦਾ ਆਪਣੀਆਂ ਸੂਬਾ ਇਕਾਈਆਂ ਨੂੰ ਦਿੱਤਾ ਹੈ।
ਕਾਮਰੇਡ ਮੰਗਤ ਰਾਮ ਪਾਸਲਾ ਜਨਰਲ ਸਕੱਤਰ ਆਰ.ਐਮ.ਪੀ.ਆਈ. ਨੇ ਮੀਟਿੰਗ ਦੇ ਫੈਸਲੇ ਪ੍ਰੈਸ ਲਈ ਜਾਰੀ ਕਰਦਿਆਂ ਇਕ ਪ੍ਰੈਸ ਨੋਟ ਰਾਹੀਂ ਕਿਹਾ ਕਿ ਮੀਟਿੰਗ ਨੇ ਮੌਜੂਦਾ ਰਾਜਨੀਤਕ ਸਥਿਤੀ 'ਤੇ ਡੂੰਘੀ ਚਿੰਤਾ ਦਾ ਇਜਹਾਰ ਕਰਦਿਆਂ ਨੋਟ ਕੀਤਾ ਕਿ ਦੇਸ਼ ਦੀਆਂ ਧਰਮ ਨਿਰਪੱਖ, ਜਮਹੂਰੀ ਤੇ ਸਾਮਰਾਜ ਵਿਰੋਧੀ ਕੌਮੀ ਭਾਵਨਾਵਾਂ ਨੂੰ ਆਰ.ਅਸ.ਐਸ. ਦੀ ਅਗਵਾਈ ਵਾਲੀਆਂ ਫਿਰਕੂ ਫਾਸ਼ੀਵਾਦੀ ਸ਼ਕਤੀਆਂ ਡੂੰਘੀ ਸੱਟ ਮਾਰ ਰਹੀਆਂ ਹਨ। ਸਰਕਾਰ ਇਕ ਪਾਸੇ ਦੇਸ਼ ਦੇ ਕੁਦਰਤੀ ਖਜ਼ਾਨੇ, ਭਾਰਤੀ ਮੰਡੀਆਂ ਅਤੇ ਸਰਕਾਰੀ ਅਦਾਰਿਆਂ ਨੂੰ ਬਹੁਕੌਮੀ ਕਾਰਪੋਰੇਸ਼ਨਾਂ ਅਤੇ ਕਾਰਪੋਰੇਟ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਦੇਣ ਲਈ ਬਜਿੱਦ ਬਣੀ ਬੈਠੀ ਹੈ ਤੇ ਦੂਸਰੇ ਬੰਨ੍ਹੇ ਧਾਰਮਿਕ ਘੱਟ ਗਿਣਤੀਆਂ ਤੇ ਸਮੁੱਚੀਆਂ ਧਰਮ ਨਿਰਪੱਖ ਸ਼ਕਤੀਆਂ ਦੇ ਵਿਰੁੱਧ ਨਫਰਤ ਤੇ ਡਰ ਦਾ ਮਹੌਲ ਸਿਰਜਣ ਵਿਚ ਗਲਤਾਨ ਹੈ। ਕੇਂਦਰੀ ਕਮੇਟੀ ਨੇ ਹੁਣੇ ਹੋਈਆਂ 5 ਰਾਜਾਂ ਦੀਆਂ ਅਸੈਂਬਲੀ ਚੋਣਾਂ ਦੇ ਨਤੀਜਿਆਂ ਉਪਰ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ, ਜਿਨ੍ਹਾਂ ਵਿਚ ਪੰਜਾਬ ਤੋਂ ਬਿਨਾਂ ਭਾਜਪਾ ਨੇ ਹਰ ਹਥਕੰਡਾ ਵਰਤ ਕੇ ਜਿੱਤ ਹਾਸਲ ਕੀਤੀ ਹੈ। ਯੂ.ਪੀ., ਜਿਥੇ ਯੋਗੀ ਅਦਿਤਿਆ ਨਾਥ ਵਰਗੇ ਫਿਰਕੂ ਤੇ ਭੜਕਾਊ ਬਿਆਨ ਦਾਗਣ ਵਾਲੇ ''ਧਰਮ ਅਧਾਰਤ ਰਾਜ ਹਿੰਦੂ ਰਾਸ਼ਟਰ'' ਦੇ ਮੁੜੈਲੀ ਵਿਅਕਤੀ ਨੂੰ ਮੁੱਖ ਮੰਤਰੀ ਵਜੋਂ ਸਥਾਪਤ ਕੀਤਾ ਹੈ, ਦੇਸ਼ ਦੇ ਧਰਮ ਨਿਰਪੱਖ ਤਾਣੇਬਾਣੇ ਤੇ ਫਿਰਕੂ ਸਦਭਾਵਨਾ ਲਈ ਹੋਰ ਵੀ ਵਧੇਰੇ ਖਤਰਨਾਕ ਹੈ।
ਆਰ.ਐਮ.ਪੀ.ਆਈ. ਦੀ ਕੇਂਦਰੀ ਕਮੇਟੀ ਨੇ ਪਹਿਲੀ ਮਈ ਦੇ ਦਿਹਾੜੇ ''ਮਈ ਦਿਵਸ' ਨੂੰ ਇਸ ਸਾਲ ਦੇਸ਼ ਭਰ ਵਿਚ ''ਫਿਰਕਾਪ੍ਰਸਤੀ ਵਿਰੋਧੀ ਦਿਨ'' ਵਜੋਂ ਮਨਾਉਣ ਦਾ ਸੱਦਾ ਦਿੱਤਾ ਹੈ, ਜਿਸ ਰਾਹੀਂ ਸੰਘ ਪਰਿਵਾਰ ਦੇ ਫਿਰਕੂ ਮਨਸੂਬਿਆਂ ਨੂੰ ਬੇਪਰਦ ਕੀਤਾ ਜਾਵੇਗਾ, ਜੋ ਸਾਡੇ ਸਮਾਜ ਦੇ ਧਰਮ ਨਿਰਪੱਖ ਤਾਣੇਬਾਣੇ ਵਿਚ ਫਿਰਕੂ ਜ਼ਹਿਰ ਘੋਲਣ ਦਾ ਯਤਨ ਕਰ ਰਹੇ ਹਨ। ਸਾਥੀ ਪਾਸਲਾ ਨੇ ਅੱਗੇ ਕਿਹਾ ਕਿ ਪਾਰਟੀ ਦੇਸ਼ ਪੱਧਰ ਉਪਰ ਕੇਂਦਰੀ ਤੇ ਵੱਖ-ਵੱਖ ਸੂਬਾਈ ਸਰਕਾਰਾਂ ਦੀਆਂ ਨਵਉਦਾਰਵਾਦੀ ਆਰਥਿਕ ਨੀਤੀਆਂ ਜੋ ਬੇਕਾਰੀ, ਮਹਿੰਗਾਈ ਤੇ ਗਰੀਬੀ ਵਿਚ ਅਥਾਹ ਵਾਧਾ ਕਰ ਰਹੀਆਂ ਹਨ, ਵਿਰੁੱਧ ਕਿਰਤੀ ਲੋਕਾਂ ਦੇ ਸਾਂਝੇ ਸੰਘਰਸ਼ ਲਾਮਬੰਦ ਕਰਨ ਲਈ ਸਮੂਹ ਖੱਬੀਆਂ ਸ਼ਕਤੀਆਂ ਨੂੰ ਇਕਜੁਟ ਕਰਨ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰੇਗੀ।
ਪਾਰਟੀ ਦੀ ਕੇਂਦਰੀ ਕਮੇਟੀ ਨੇ ਆਪਣੀ ਪਹਿਲੀ ਕੁਲ ਹਿੰਦ ਕਾਨਫਰੰਸ 23 ਤੋਂ 26 ਨਵੰਬਰ 2017 ਤੱਕ ਚੰਡੀਗੜ੍ਹ ਵਿਖੇ ਕਰਨ ਦਾ ਫੈਸਲਾ ਵੀ ਕੀਤਾ ਹੈ।
ਕੇਂਦਰੀ ਕਮੇਟੀ ਨੇ ਇਕ ਮਤਾ ਪਾਸ ਕਰਦੇ ਹੋਏ ਸੀ.ਪੀ.ਆਈ. (ਐਮ) ਦੀ ਕੇਂਦਰੀ ਲੀਡਰਸ਼ਿਪ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਕੇਰਲ ਇਕਾਈ ਤੇ ਖੱਬੇ ਜਮਹੂਰੀ ਮੋਰਚੇ ਦੀ ਸਰਕਾਰ ਵਲੋਂ ਆਰ.ਐਮ.ਪੀ.ਆਈ. ਦੇ ਆਗੂਆਂ ਤੇ ਕਾਰਕੁੰਨਾਂ ਉਪਰ ਨਿਰੰਤਰ ਕੀਤੇ ਜਾ ਰਹੇ ਹਮਲਿਆਂ ਨੂੰ ਤੁਰੰਤ ਰੋਕੇ। ਇਸ ਨਾਲ ਕੇਰਲ ਹੀ ਨਹੀਂ ਬਲਕਿ  ਸਮੁੱਚੇ ਦੇਸ਼ ਵਿਚ ਖੱਬੇ ਪੱਖੀ ਸ਼ਕਤੀਆਂ ਦੀ ਏਕਤਾ ਨੂੰ ਢਾਅ ਲੱਗਦੀ ਹੈ। ਕੇਂਦਰੀ ਕਮੇਟੀ ਨੇ ਮਾਰੂਤੀ ਉਦਯੋਗ, ਗੁੜਗਾਓਂ ਦੇ 19 ਕਿਰਤੀਆਂ ਨੂੰ ਉਮਰ ਕੈਦ ਤੇ ਹੋਰਨਾਂ ਨੂੰ ਦਸ ਸਾਲਾਂ ਦੀ ਕੈਦ ਦੀ ਸਜਾ ਸੁਣਾਉਣ ਦੇ ਫੈਸਲੇ ਨੂੰ ਬਹੁਤ ਹੀ ਮੰਦਭਾਗਾ ਕਰਾਰ ਦਿੱਤਾ ਤੇ ਮੰਗ ਕੀਤੀ ਹੈ ਕਿ ਮਾਨਯੋਗ ਅਦਾਲਤ ਇਸ ਫੈਸਲੇ ਉਪਰ ਮੁੜ ਨਜ਼ਰਸਾਨੀ ਕਰੇ। ਪਾਰਟੀ ਨੇ ਦਿੱਲੀ ਵਿਖੇ ਤਾਮਿਲਨਾਡੂ ਦੇ ਕਿਸਾਨਾਂ ਵਲੋਂ ਆਪਣੀਆਂ ਮੰਗਾਂ ਦੇ ਹੱਕ ਵਿਚ ਮਾਰੇ ਜਾ ਰਹੇ ਧਰਨੇ ਦੀ ਪੂਰਨ ਹਮਾਇਤ ਕੀਤੀ ਹੈ।
ਮੀਟਿੰਗ ਦੇ ਆਰੰਭ ਵਿਚ ਕਿਊਬਾ ਦੇ ਮਰਹੂਮ ਮਹਾਨ ਆਗੂ ਸਾਥੀ ਫੀਡਲ ਕਾਸਟਰੋ ਨੂੰ ਦੋ ਮਿੰਟ ਦਾ ਮੋਨ ਧਾਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ।

(ਮੰਗਤ ਰਾਮ ਪਾਸਲਾ)
ਜਨਰਲ ਸਕੱਤਰ, ਆਰ.ਐਮ.ਪੀ.ਆਈ.

No comments:

Post a Comment