Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Tuesday 21 March 2017

ਖੱਬੀਆਂ ਧਿਰਾਂ ਦੀ ਇੱਕਜੁੱਟਤਾ ਸਮੇਂ ਦੀ ਲੋੜ

ਖੱਬੀਆਂ ਧਿਰਾਂ ਦੀ ਇੱਕਜੁੱਟਤਾ ਸਮੇਂ ਦੀ ਲੋੜ

Daily Nawan Zamana, 21.3.2017

 
- ਮੰਗਤ ਰਾਮ ਪਾਸਲਾ
ਵਿਧਾਨ ਸਭਾ ਚੋਣਾਂ ਅੰਦਰ ਪੰਜਾਬ ਦੇ ਵੋਟਰਾਂ ਨੇ ਅਕਾਲੀ ਦਲ-ਭਾਜਪਾ ਗਠਜੋੜ ਨੂੰ ਭਾਰੀ ਹਾਰ ਦੇ ਕੇ ਕਾਂਗਰਸ ਪਾਰਟੀ ਨੂੰ ਪ੍ਰਾਂਤ ਦੀ ਸੱਤਾ ਸੰਭਾਲ ਦਿੱਤੀ ਹੈ। 'ਆਪ' ਜੋ ਆਪਣੇ ਆਪ ਨੂੰ ਪੂਰਨ ਰੂਪ ਵਿਚ ਜੇਤੂ ਸਮਝ ਰਹੀ ਸੀ, ਨੂੰ ਹਾਰ ਹੋਣ ਨਾਲ ਭਾਰੀ ਮਾਯੂਸੀ ਹੋਈ ਹੈ। ਬਸਪਾ, ਜੋ ਕਦੀ ਦਲਿਤ ਸਮਾਜ ਵਿਚ ਜਾਤੀ ਪਾਤੀ ਅਧਾਰ 'ਤੇ ਚੋਖਾ ਅਸਰ ਬਣਾ ਗਈ ਸੀ, ਵੋਟਾਂ ਦੀ ਗਿਣਤੀ -ਮਿਣਤੀ ਦੇ ਪੱਖ ਤੋਂ ਕਾਫੀ ਹੇਠਾਂ ਚਲੇ ਗਈ ਹੈ। ਉਪਰੋਕਤ ਰਾਜਸੀ ਧਿਰਾਂ ਦੀਆਂ ਜਿੱਤਾਂ ਤੇ ਹਾਰਾਂ ਦੇ ਕਾਰਨਾਂ ਦਾ ਮੁਲਾਂਕਣ ਅਸੀਂ ਕਿਧਰੇ ਵੱਖਰਾ ਕਰਾਂਗੇ, ਪ੍ਰੰਤੂ ਸਭ ਤੋਂ ਪਹਿਲਾਂ ਖੱਬੀਆਂ ਪਾਰਟੀਆਂ ਦੀ ਆਪਣੀ ਕਾਰਗੁਜ਼ਾਰੀ ਬਾਰੇ ਚਰਚਾ ਕਰਨੀ ਜ਼ਿਆਦਾ ਜਰੂਰੀ ਹੈ। ਭਾਵੇਂ ਪ੍ਰਾਂਤ ਅੰਦਰ ਅਕਾਲੀ ਦਲ-ਭਾਜਪਾ ਸਰਕਾਰ, ਜੋ ਅੱਤ ਦੀ ਲੋਕ ਵਿਰੋਧੀ, ਭਰਿਸ਼ਟ ਅਤੇ ਫਿਰਕਾਪ੍ਰਸਤ ਸੀ, ਦਾ ਭੋਗ ਪੈਣਾ ਪ੍ਰਾਂਤ ਦੀ ਰਾਜਨੀਤੀ ਅੰਦਰ ਸ਼ੁਭ ਸ਼ਗਨ ਹੈ, ਪ੍ਰੰਤੂ ਕਾਂਗਰਸ ਦਾ ਸੱਤਾ ਉਪਰ ਕਾਬਜ਼ ਹੋਣਾ ਪੰਜਾਬੀ ਲੋਕਾਂ ਲਈ ਕਦੀ ਨਾ ਪਹਿਲਾ ਲਾਹੇਵੰਦ ਰਿਹਾ ਹੈ ਤੇ ਨਾ ਹੀ ਭਵਿੱਖ ਵਿੱਚ ਇਸਦੇ ਲੋਕ ਪੱਖੀ ਹੋਣ ਦੀ ਕੋਈ ਸੰਭਾਵਨਾ ਦਿਸਦੀ ਹੈ। ਕਾਂਗਰਸ ਸਰਕਾਰ ਦੇ ਇਨ੍ਹਾਂ ਸੰਭਾਵਿਤ ਲੋਕ ਦੋਖੀ ਅਮਲਾਂ ਦਾ ਟਾਕਰਾ ਕਰਨ ਲਈ ਪੰਜਾਬ ਅੰਦਰ ਇਕ ਮਜ਼ਬੂਤ ਆਧਾਰ ਵਾਲੀ ਸੰਗਠਤ ਖੱਬੇ  ਪੱਖੀ ਲਹਿਰ ਦੀ ਬੇਹੱਦ ਲੋੜ ਹੈ। ਵਿਧਾਨ ਸਭਾ ਚੋਣਾਂ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਸਰਕਾਰ ਦੀਆਂ ਨੀਤੀਆਂ ਤੋਂ ਪੈਦਾ ਹੋਈ ਭਵਿੱਖੀ ਲੋਕ ਬੇਚੈਨੀ ਨੂੰ ਇਕ  ਅਗਾਂਹਵਧੂ ਧਾਰਾ ਵਿਚ ਤਬਦੀਲ ਕਰਨ ਵਾਸਤੇ ਸੂਬੇ ਅੰਦਰ ਖੱਬੀਆਂ ਸ਼ਕਤੀਆਂ ਦਾ ਮਜ਼ਬੂਤ ਅਤੇ ਇਕਜੁੱਟ ਹੋਣਾ ਅਤਿਅੰਤ ਜਰੂਰੀ ਹੈ।
ਬਿਨਾਂ ਸ਼ੱਕ ਇਨ੍ਹਾਂ ਅਸੈਂਬਲੀ ਚੋਣਾਂ ਅੰਦਰ ਪੰਜਾਬ ਦੀਆਂ ਤਿੰਨ ਖੱਬੀਆਂ ਪਾਰਟੀਆਂ ਸੀ.ਪੀ.ਆਈ., ਸੀ.ਪੀ. ਆਈ. (ਐਮ) ਅਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐਮ. ਪੀ. ਆਈ) ਨੇ ਇਕ ਸਾਂਝਾ ਮੰਚ ਉਸਾਰ ਕੇ, ਚੋਣਾਂ ਅੰਦਰ ਸ਼ਿਰਕਤ ਕੀਤੀ। ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਨਾਲ ਇਕ ਦੋ ਸੀਟਾਂ ਉਪਰ ਸਮਝੌਤਾ ਨਾ ਹੋਣ ਕਰਕੇ ਭਾਵੇਂ ਇਹ ਪਾਰਟੀ ਖੱਬੇ ਮੋਰਚੇ ਵਿਚ ਸ਼ਾਮਲ ਤਾਂ ਨਹੀਂ ਸੀ ਪ੍ਰੰਤੂ ਜਿਸ ਸੀਟ ਉਪਰ ਆਪਸੀ ਵਿਰੋਧ ਨਹੀਂ ਸੀ, ਉਥੇ ਇਹ ਚਾਰੇ ਖੱਬੇ ਪੱਖੀ ਪਾਰਟੀਆਂ ਨੇ ਇਕ ਦੂਸਰੇ ਦੀ ਹਮਾਇਤ ਕਰਕੇ ਆਪਸੀ ਸਦਭਾਵਨਾ ਜ਼ਰੂਰ ਪੈਦਾ ਕੀਤੀ। ਅਸੈਂਬਲੀ ਚੋਣਾਂ ਵਿਚ ਇਨ੍ਹਾਂ ਚੌਹਾਂ ਖੱਬੀਆਂ ਪਾਰਟੀਆਂ ਨੇ ਕੁੱਲ 92,473 ਵੋਟਾਂ ਹਾਸਲ ਕੀਤੀਆਂ। ਭਾਵੇਂ ਆਰ. ਐਮ. ਪੀ. ਆਈ. ਜਿਸਨੇ 13 ਅਸੈਂਬਲੀ ਸੀਟਾਂ ਲੜੀਆਂ ਸਨ, ਨੂੰ 37,243 ਵੋਟਾਂ ਪ੍ਰਾਪਤ ਹੋਈਆਂ ਅਤੇ ਇਹ ਅਪਣੇ ਸਹਿਯੋਗੀ ਧਿਰਾਂ ਨਾਲੋਂ ਪ੍ਰਤੀ ਸੀਟ ਔਸਤਨ ਵੋਟਾਂ ਦੇ ਪੱਖ ਤੋਂ ਬਹੁਤ ਚੰਗੇਰੀ ਰਹੀ, ਪ੍ਰੰਤੂ ਸਮੁੱਚੇ ਰੂਪ ਵਿਚ ਖੱਬੇ ਪੱਖੀ ਦਲਾਂ ਦੀ ਕਾਰਗੁਜ਼ਾਰੀ ਤਸੱਲੀਬਖਸ਼ ਬਿਲਕੁਲ ਹੀ ਨਹੀਂ ਕਹੀ ਜਾ ਸਕਦੀ। ਅਕਾਲੀ ਦਲ-ਭਾਜਪਾ ਸਰਕਾਰ ਵਿੱਰੁਧ ਲੋਕਾਂ ਵਿੱਚ ਏਨੀ ਨਿਰਾਸ਼ਤਾ ਤੇ ਗੁੱਸਾ ਹੋਣ ਦੇ ਬਾਵਜੂਦ ਜੇਕਰ ਖੱਬੇ ਪੱਖੀ ਦਲ ਲੁੱਟੇ ਪੁੱਟੇ ਜਾਂਦੇ ਮਿਹਨਤਕਸ਼ ਲੋਕਾਂ ਦੀ ਇਕ ਮਜ਼ਬੂਤ ਧਿਰ ਨਾ ਬਣਾ ਸਕਣ,  ਤਦ ਇਸ ਅਸਫਲਤਾ ਬਾਰੇ ਡੂੰਘੀ ਆਪਾ ਪੜਚੋਲ ਕਰਨ ਦੀ ਜ਼ਿਆਦਾ ਜ਼ਰੂਰਤ ਬਣ ਜਾਂਦੀ ਹੈ। ਸਫਲਤਾ ਸਮੇਂ ਕੱਛਾਂ ਵਜਾਉਣ ਤੇ ਅਸਫਲਤਾ  ਮਿਲਣ ਉਪਰ ਆਪਣੇ ਕਾਡਰ ਦੇ ਵਧੇਰੇ ਮਾਯੂਸ ਹੋਣ ਦੇ ਡਰੋਂ ਆਪਾ ਪੜਚੋਲ ਤੋਂ ਕਿਨਾਰਾਕਾਸ਼ੀ ਕਰਨ ਵਾਲਾ ਵਤੀਰਾ ਕਮਿਊਨਿਸਟ ਲਹਿਰ ਲਈ ਪਿੱਛਲੇ ਸਮਿਆਂ ਵਿਚ ਬਹੁਤ ਹੀ ਆਤਮਘਾਤੀ ਸਿੱਧ ਹੋਇਆ ਹੈ। ਅਸਲ ਵਿਚ ਜਿੱਤਾਂ ਤੇ ਹਾਰਾਂ, ਭਾਵ ਦੋਨਾਂ ਸਮਿਆਂ 'ਤੇ ਹੀ ਸਮਜਿਕ ਪਰਿਵਰਤਨ ਲਈ ਸਮਰਪਤ ਖੱਬੀਆਂ ਪਾਰਟੀਆਂ ਨੂੰ ਸਵੈ ਮੰਥਨ ਕਰਨ ਦੀ ਜ਼ਰੂਰਤ ਹੁੰਦੀ ਹੈ। ਜਿੱਤ ਸਮੇਂ ਹੋਰ ਅੱਗੇ ਵਧਣ ਦੀ ਯੋਜਨਾਬੰਦੀ ਤੇ ਸੇਧ ਉਲੀਕਣ ਵਾਸਤੇ ਅਤੇ ਹਾਰ ਸਮੇਂ ਆਪਣੀਆਂ ਕਮਜ਼ੋਰੀਆਂ 'ਤੇ ਉਂਗਲ ਧਰ ਕੇ ਉਨ੍ਹਾਂ ਉਪਰ ਕਾਬੂ ਪਾਉਣ ਲਈ।
ਕਮਿਊਨਿਸਟ ਲਹਿਰ ਦੇ ਇਕ ਵੱਡੇ ਭਾਗ ਦੀ ਸੱਭ ਤੋਂ ਵੱਡੀ ਕਮਜ਼ੋਰੀ ਦੁਸ਼ਮਣ ਜਮਾਤਾਂ ਤੇ ਸਰਕਾਰਾਂ ਦੀ ਦਰੁਸਤ ਨਿਸ਼ਾਨਦੇਹੀ ਨਾ ਕਰਨ ਦੀ ਰਹੀ ਹੈ । ਅਜੇ ਤੱਕ ਅਸੀਂ ਆਜ਼ਾਦੀ ਤੋਂ ਬਾਅਦ ਦੀਆਂ ਹੁਕਮਰਾਨ ਜਾਮਤਾਂ ਤੇ ਉਨ੍ਹਾਂ ਦੀ ਨੁੰਮਾਇੰਦਗੀ ਕਰਦੀਆਂ ਰਾਜਨੀਤਕ ਪਾਰਟੀਆਂ ਦੀ ਠੀਕ ਜਮਾਤੀ ਪਹਿਚਾਣ ਨਹੀਂ ਕਰ ਸਕੇ। ਦੇਸ਼ ਦੀਆਂ ਦੋ ਪ੍ਰਮੁੱਖ ਰਾਜਨੀਤਕ ਪਾਰਟੀਆਂ, ਭਾਜਪਾ ਤੇ ਕਾਂਗਰਸ, ਅਤੇ ਦੂਸਰੀਆਂ ਬਸਪਾ, ਰਾਸ਼ਟਰੀ ਜਨਤਾ ਦਲ, ਸਮਾਜਵਾਦੀ ਪਾਰਟੀ, ਅਕਾਲੀ ਪਾਰਟੀ, ਅੰਨਾ ਡੀ.ਐਮ.ਕੇ, ਡੀ. ਐਮ.ਕੇ. ਇਤਿਆਦਿ ਪਾਰਟੀਆਂ, ਜੋਂ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਆਰਥਿਕ ਨੀਤੀਆਂ ਦੇ ਪੱਖ ਤੋ ਬਿਲਕੁਲ ਹੀ ਇਕਮਿੱਕ ਹਨ, ਖੱਬੀਆਂ ਧਿਰਾਂ ਇਨ੍ਹਾਂ ਪਾਰਟੀਆਂ ਨੂੰ ਦੁਸ਼ਮਣ ਜਮਾਤਾਂ ਦੇ ਖਾਤੇ ਵਿੱਚ ਰੱਖਕੇ ਇਨ੍ਹਾਂ ਵਿੱਰੁਧ ਇੱਕ ਬੱਝਵੀਂ ਜਨਤਕ ਲਹਿਰ ਖੜੀ ਨਹੀਂ ਕਰ ਸਕੀਆਂ। ਇਹ ਰਾਜਨੀਤਕ ਦਲ ਫਿਰਕਾਪ੍ਰਸਤੀ ਬਾਰੇ ਵੀ ਮੌਕਾਤਾੜੂ ਪਹੁੰਚ ਰੱਖਦੇ ਹਨ ਤੇ ਕਈਆਂ ਦਲਾਂ ਨੇ ਤਾਂ ਭਾਜਪਾ ਨਾਲ ਮਿਲਕੇ ਸਰਕਾਰਾਂ ਵਿਚ ਸਾਂਝੇਦਾਰੀ ਵੀ ਕੀਤੀ ਹੈ।  ਕਿਸੇ ਨਾ ਕਿਸੇ ਬਹਾਨੇ ਝੂਠੇ ਤਰਕਾਂ ਨਾਲ ਖੱਬੇ ਪੱਖੀ ਦਲ ਚੰਦ ਵੋਟਾਂ ਤੇ ਸੀਟਾਂ ਪ੍ਰਾਪਤ ਕਰਨ ਲਈ ਇਕ ਜਾਂ ਦੂਸਰੀ ਹਾਕਮ ਜਮਾਤ ਦੀ ਰਾਜਨੀਤਕ ਪਾਰਟੀ ਨਾਲ ਸਾਝਾਂ ਪਾਉਂਦੇ ਰਹੇ ਹਨ। ਇਸ ਦਾਅਪੇਚ ਨਾਲ ਜੇਕਰ ਚੋਣਾਂ ਅੰਦਰ ਕੋਈ ਸੀਮਤ ਪ੍ਰਾਪਤੀ ਹੋ ਵੀ ਜਾਂਦੀ ਰਹੀ, ਤਦ ਉਹ ਬਹੁਤ ਹੀ ਥੋੜ ਚਿਰੀ ਤੇ ਅੰਤਮ ਨਿਸ਼ਾਨੇ ਦੀ ਪ੍ਰਾਪਤੀ ਦੀ ਧਾਰ ਨੂੰ ਖੁੰਡਾ ਕਰਨ ਵਾਲੀ ਸਿੱਧ ਹੁੰਦੀ ਰਹੀ ਹੈ। ਇਨ੍ਹਾਂ ਗੈਰ ਮਾਰਕਸੀ ਪੈਂਤੜਿਆਂ ਨਾਲ ਖੱਬੀਆਂ ਧਿਰਾਂ ਇਕ ਪਾਸੇ ਆਮ ਲੋਕਾਂ ਅੰਦਰ ਆਪਣੀ ਭਰੋਸੇਯੋਗਤਾ ਪੇਤਲੀ ਕਰਦੀਆਂ ਰਹੀਆਂ ਤੇ ਦੂਸਰੇ ਬੰਨੇ ਆਪਣੇ ਮੈਂਬਰਾਂ ਤੇ ਕਾਰਕੁੰਨਾਂ ਅੰਦਰ ਕਮਿਊਨਿਸਟ ਨੈਤਿਕਤਾ ਦੇ ਅਸੂਲਾਂ ਨੂੰ ਖੋਰਾ ਲਾਉਂਦੀਆਂ ਰਹੀਆਂ ਹਨ। ਇਨ੍ਹਾਂ ਨੁਕਸਾਨਾਂ ਦਾ ਘਾਟਾ ਪੂਰਾ ਕਰਨ ਦੀ ਥਾਂ ਹਰ ਚੋਣ ਬਾਅਦ ਖੱਬੀਆਂ ਪਾਰਟੀਆਂ ਇਨ੍ਹਾਂ ਵਿਚ ਵਾਧਾ ਹੀ ਕਰਦੀਆਂ ਰਹੀਆਂ ਹਨ। ਸਾਂਝੇ ਮੋਰਚੇ ਦੇ ਇਨਕਲਾਬੀ ਦਾਅਪੇਚ ਨੂੰ ਖੋਖਲਾ ਕਰਕੇ ਇਸਨੂੰ ਇਕ ਮੌਕਾਪ੍ਰਸਤ ਚੁਣਾਵੀ ਦਾਅਪੇਚ ਬਣਾ ਦਿੱਤਾ ਗਿਆ। ਮਜ਼ਦੂਰ ਜਮਾਤ ਦੇ ਇਨਕਲਾਬੀ ਸਿਧਾਂਤਾਂ ਦੇ ਨਜ਼ਰੀਏ ਤੋਂ ਸਾਂਝੇ ਮੋਰਚੇ ਦਾ ਦਾਅਪੇਚ ਇਨਕਲਾਬ ਲਈ ਮਿਥੀ  ਯੁੱਧਨੀਤੀ ਨੂੰ ਮਜ਼ਬੂਤ ਕਰਨ ਹਿੱਤ ਹੀ ਘੜਨਾ ਹੁੰਦਾ ਹੈ। ਪ੍ਰੰਤੂ ਆਮ ਤੌਰ 'ਤੇ ਖੱਬੇ ਪੱਖੀ ਦਲ ਇਸਦੇ ਉਲਟ ਹੀ ਕੰਮ ਕਰਦੇ ਰਹੇ। ਸਿੱਟਾ ਖੱਬੇ ਪੱਖੀਆਂ ਦਾ ਜਨ ਅਧਾਰ ਸੁੰਗੜਨ ਵਿਚ ਨਿਕਲਿਆ। ਇਸ ਮੌਕਾਪ੍ਰਸਤ ਰਾਜਨੀਤੀ ਦੇ ਸਿੱਟੇ ਵਜੋਂ ਖੱਬੇ ਪੱਖੀ ਕਾਡਰ ਦਾ ਇਕ ਚੋਖਾ ਹਿੱਸਾ ਸਰਮਾਏਦਾਰ ਜਗੀਰਦਾਰ ਜਮਾਤਾਂ ਦੀਆਂ ਪਾਰਟੀਆਂ ਨਾਲ ਮਿਲ ਕੇ ਆਪਣੀਆਂ ਅਸਲੀ ਜਮਾਤਾਂ ਨੂੰ ਇਕੱਠਾ ਕਰਨ ਦੀ ਥਾਂ ਦੁਸ਼ਮਣਾਂ ਦੇ ਮੋਢਿਆਂ ਉਪਰ ਚੜ੍ਹਕੇ ਮੌਜ ਮਸਤੀ ਕਰਨ ਦਾ ਹੀ  ਆਦੀ ਬਣ ਗਿਆ। ਇਹੀ ਕਾਰਨ ਹੈ ਕਿ ਅਜਿਹਾ ਕਾਡਰ ਚੋਣਾਂ ਦੌਰਾਨ ਬਿਨਾਂ ਪਾਰਟੀ ਦੀ ਇਜ਼ਾਜ਼ਤ ਦੇ ਵੀ ਆਪਣੀ ਪਾਰਟੀ ਜਾਂ ਇਤਿਹਾਦੀ ਪਾਰਟੀ ਦੇ ਉਮੀਦਵਾਰਾਂ ਦੀ ਹਮਾਇਤ ਵਿਚ ਕੰਮ ਕਰਨ ਤੇ ਵੋਟ ਪਾਉਣ ਦੀ ਥਾਂ ਕਿਸੇ ਨਾ ਕਿਸੇ ਲਾਲਚ ਅਧੀਨ ਲੁਟੇਰੀਆਂ ਰਾਜਸੀ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਗੱਡੀਆਂ ਉਪਰ ਚੜ੍ਹਕੇ ਹੀ ਖੁਸ਼ੀ ਮਹਿਸੂਸ ਕਰਦਾ ਹੈ। ਇਹ ਅੱਤ ਦੀ ਗਿਰਾਵਟ ਹੈ। ਕਈ ਖੱਬੇ ਪੱਖੀ ਪਾਰਟੀ ਮੈਂਬਰ ਜਾਂ ਨੇੜਲੇ ਹਮਦਰਦ ਆਮ ਤੌਰ 'ਤੇ ਮੂੰਹ ਜ਼ੁਬਾਨੀ ਖੱਬੇ ਪੱਖੀਆਂ ਦੀ ਏਕਤਾ ਦੀ ਚਰਚਾ ਕਰਕੇ ਵਾਹਵਾ ਖੱਟਣ ਦਾ ਪਾਖੰਡ ਕਰਦੇ ਰਹਿੰਦੇ ਹਨ, ਪ੍ਰੰਤੂ ਖੱਬੇ ਪੱਖੀਆਂ ਦੀ ਏਕਤਾ ਹੋਣ ਸਮੇਂ ਉਹ ਢੀਠਤਾਈ ਨਾਲ ਦੁਸ਼ਮਣ ਜਮਾਤਾਂ ਦੀਆਂ ਪਾਰਟੀਆਂ ਦੀ ਝੋਲੀ ਪੈ ਜਾਂਦੇ ਹਨ।
ਇਸ ਸਿਧਾਂਤਕ ਕਮਜ਼ੋਰੀ ਨੂੰ ਦੂਰ ਕੀਤੇ ਬਿਨਾਂ ਨਾ ਤਾਂ ਖੱਬੇ ਪੱਖੀઠਦਲਾਂ ਦੀ ਲੋਕਾਂ ਵਿੱਚ ਖੁੱਸੀ ਹੋਈ ਭੋਰਸੇਯੋਗਤਾ ਮੁੜ ਹਾਸਲ ਕੀਤੀ ਜਾ ਸਕਦੀ ਹੈ ਤੇ ਨਾ ਹੀ ਜਨਤਕ ਲਹਿਰ ਦਾ ਪਸਾਰਾ ਹੋ ਸਕੇਗਾ।
ਚੋਣਾਂ ਅੰਦਰ ਜਨ ਆਧਾਰ ਵਿਚ ਪ੍ਰਗਟ ਹੋਈ ਕਮਜ਼ੋਰੀ ਹਕੀਕੀ ਰੂਪ ਵਿੱਚ ਗੈਰ-ਪਾਰਲੀਮਾਨੀ ਸੰਘਰਸ਼ਾਂ ਨੂੰ ਤੇਜ਼ ਕਰਨ ਤੋਂ ਬਿਨਾਂ ਦੂਰ ਕਰਨ ਦਾ ਸੁਪਨਾ ਵੀ ਨਹੀਂ ਲਿਆ ਜਾ ਸਕਦਾ। ਆਮ ਤੌਰ 'ਤੇ ਦੇਖਿਆ ਗਿਆ ਹੈ ਕਿ ਜਨਤਕ ਸ਼ੰਘਰਸ਼ਾਂ ਵਿੱਚ ਸਬੰਧਤ ਜਮਾਤ ਦੇ ਵੱਡੇ ਹਿੱਸੇ ਦੀ ਸ਼ਮੂਲੀਅਤ ਕਰਾਉਣ ਲਈ ਯੋਜਨਾਬੰਦੀ ਕਰਨ ਦੀ ਥਾਂ ਕੁੱਝ ਆਗੂਆਂ ਵਲੋਂ ਸਿਰਫ ਗਿਣਤੀ ਮਿਣਤੀ ਦੇ ਕੁੱਝ ਲੋਕਾਂ ਨਾਲ ਅਖਬਾਰਾਂ ਅੰਦਰ ਫੋਟੋ ਤੇ ਖ਼ਬਰ ਛਪਵਾ ਕੇ ਹੀ ਸਵੈ-ਪ੍ਰਸਿੱਧੀ ਦਾ ਮਾਰੂ ਰਾਹ  ਅਖਤਿਆਰ ਕਰ ਲਿਆ ਗਿਆ ਹੈ। ਇਹ ਆਪਣੇ ਆਪ ਨੂੰ ਧੋਖਾ ਦੇਣ ਦੇ ਤੁਲ ਹੈ। ਇਸ ਢੰਗ ਨਾਲ ਕਦੀ ਵੀ ਜਨਤਕ ਲਹਿਰ ਨਹੀਂ ਉਸਾਰੀ ਜਾ ਸਕਦੀ ਤੇ ਨਾ ਹੀ ਜਨਤਕ ਜਥੇਬੰਦੀਆਂ ਦੀ ਜਮਹੂਰੀ ਲੀਹਾਂ ਉਪਰ ਕਾਰਜਵਿਧੀ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ।
ਮੁੱਠੀ ਭਰ ਲੋਕਾਂ ਦੇ ਡੰਗ ਟਪਾਊ ਸੰਘਰਸ਼ ਜਥੇਬੰਦ ਕਰਨ ਨਾਲ ਵੱਡੀਆਂ ਜਨਤਕ ਲਹਿਰਾਂ ਨਹੀਂ ਉਸਾਰੀਆਂ ਜਾ ਸਕਦੀਆਂ ਅਤੇ ਨਾ ਹੀ ਕਿਰਤੀ ਲੋਕਾਂ ਦੀ ਹਕੀਕੀ ਸੇਵਾ ਤੇ ਉਨ੍ਹਾਂ ਦੀ ਲੁੱਟ ਖਸੁੱਟ ਵਾਲੇ ਸਮਾਜ ਤੋਂ ਬੰਦ ਖਲਾਸੀ ਕਰਾਉਣ ਦਾ ਦਾਅਵਾ ਕੀਤਾ ਜਾ ਸਕਦਾ ਹੈ। ਸਮੁੱਚੀਆਂ ਕਮਿਊਨਿਸਟ ਧਿਰਾਂ ਨੂੰ ਆਪਣੇ ਕੰਮ ਕਰਨ ਦੇ ਢੰਗਾਂ ਨੂੰ ਸੁਧਾਰਨ ਦੇ ਨਾਲ ਨਾਲ ਕਮਿਊਨਿਸਟ ਤੇ ਗੈਰ ਕਮਿਊਨਿਸਟ ਅਮਲਾਂ ਵਿਚਕਾਰ ਨਿਖੇੜਾ ਕਰਕੇ ਹਕੀਕੀ ਰੂਪ ਵਿਚ ਲੁੱਟੇ ਪੁੱਟੇ ਜਾਂਦੇ ਕਿਰਤੀ ਲੋਕਾਂ ਦੇ ਜਮਾਤੀ ਸੰਘਰਸ਼ਾਂ ਦੀ ਸੇਧ ਵਿਚ ਹੀ ਆਪਣੀਆਂ ਕਾਰਵਾਈਆਂ ਨੂੰ ਜਥੇਬੰਦ ਕਰਨਾ ਹੋਵੇਗਾ।
ਆਰਥਿਕ ਘੋਲਾਂ ਦੇ ਨਾਲ ਨਾਲ ਰਾਜਨੀਤਕ ਤੇ ਵਿਚਾਰਧਾਰਕ ਸੰਘਰਸ਼ਾਂ ਰਾਹੀਂ ਕਮਿਊਨਿਸਟ ਚੇਤਨਤਾ ਨੂੰ ਵਧਾਉਣ ਦੀ ਲੋੜ ਪ੍ਰਤੀ ਘੋਰ ਲਾਪਰਵਾਹੀ ਦੀ ਕਮਜ਼ੋਰੀ ਨੂੰ ਵੀ ਗੰਭੀਰਤਾ ਨਾਲ ਵਿਚਾਰ ਕੇ ਦੂਰ ਕਰਨ ਦੀ ਜ਼ਰੂਰਤ ਹੈ। ਅਸੀਂ ਲੋਕਾਂ ਦੇ ਮਨਾਂ ਅੰਦਰ ਟਰੇਡ ਯੂਨੀਅਨ ਤੇ ਜਨਤਕ ਜਥੇਬੰਦੀਆਂ ਦੇ ਪੱਧਰ ਦੀ ਚੇਤਨਤਾ ਪੈਦਾ ਕਰਕੇ ਹੀ ਤਸੱਲੀ ਕਰਕੇ ਬੈਠ ਜਾਂਦੇ ਹਾਂ। ਜਦਕਿ ਲੋੜ ਜਮਾਤੀ ਚੇਤਨਾ ਨੂੰ ਉਚਿਆਉਣ ਦੀ ਹੈ। ਇਹ ਕੰਮ ਵੀ ਜਨਤਕ ਜਥੇਬੰਦੀਆਂ ਉਪਰ ਕੰਮ ਕਰਨ ਵਾਲੇ ਆਗੂਆਂ ਤੇ ਕਾਰਕੁੰਨਾਂ 'ਤੇ ਹੀ ਨਹੀਂ ਛੱਡਿਆ ਜਾਣਾ ਚਾਹੀਦਾ, ਸਗੋਂ ਪਾਰਟੀ ਕਮੇਟੀਆਂ ਨੂੰ ਆਪਣੇ ਜ਼ਿੰਮੇ ਲੈਣਾ ਚਾਹੀਦਾ ਹੈ। ਜਮਾਤੀ ਸੂਝ ਦੀ ਘਾਟ ਕਾਰਨ ਕਈ ਕਮਿਊਨਿਸਟ ਆਗੂ ਤੇ ਕਾਰਕੁੰਨ ਨਿਰਾਸ਼ ਹੋ ਕੇ ਘਰੀਂ ਬੈਠ ਜਾਂਦੇ ਹਨ। ਹੋਰ ਅਨੇਕਾਂ ਦੂਸਰੀਆਂ ਰਾਜਨੀਤਕ ਪਾਰਟੀਆਂ ਦੀ ਬੁੱਕਲ ਵਿਚ ਬੈਠ ਕੇ ਭਰਿਸ਼ਟ ਕਾਰਵਾਈਆਂ ਵਿਚ ਫਸ ਜਾਂਦੇ ਹਨ। ਸਮਾਜਵਾਦ ਦੀ ਪ੍ਰਾਪਤੀ ਲਈ ਕੁਰਬਾਨੀ ਭਰੇ ਲੰਬੇ, ਕਠਿਨ ਤੇ ਦਲੇਰਾਨਾ ਘੋਲ ਤੋਂ ਘਬਰਾ ਕੇ ਵਿਚਾਰਧਾਰਕ ਤੇ ਰਾਜਨੀਤਕ ਚੇਤਨਤਾ ਪੱਖੋਂ ਸੱਖਣੇ ਲੋਕ ਕਈ ਵਾਰ ਇਨਕਲਾਬੀ ਮਾਰਗ ਤੋਂ ਭਟਕ ਜਾਂਦੇ ਹਨ। ਸੰਭਵ ਹੈ ਕਿ ਜਨਤਕ ਲਹਿਰ ਦੇ ਚੜ੍ਹਾਅ ਤੋਂ ਪ੍ਰਭਾਵਤ ਹੋ ਕੇ ਉਹ ਮੁੜ ਇਸ ਪਾਸੇ ਪਰਤ ਆਉਣ। ਭਾਜਪਾ ਤੇ ਕਾਂਗਰਸ ਦੇ ਵਿਰੋਧ ਵਿਚ ਇਕ ਸਾਮਰਾਜ ਵਿਰੋਧੀ ਧਰਮ ਨਿਰਪੱਖ ਕੌਮਵਾਦ ਦਾ ਥੜਾ ਅਤੇ ਨਵਉਦਾਰਵਾਦੀ ਆਰਥਿਕ ਨੀਤੀਆਂ ਦੇ ਵਿਰੋਧ ਵਿਚ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਦੇ ਏਕੇ ਤੇ ਸੰਘਰਸ਼ ਰਾਹੀਂ ਉਸਾਰਿਆ ਹਕੀਕੀ ਲੋਕ ਪੱਖੀ ਮੁਤਬਾਦਲ ਹੀ ਜਨ ਸਮੂਹਾਂ ਦੀ ਹੋਣੀ ਤੈਅ ਕਰ ਸਕਦਾ ਹੈ। ਜਾਤਾਂ ਪਾਤਾਂ, ਫਿਰਕਿਆਂ ਤੇ ਪਿਛਾਖੜੀ ਵਿਚਾਰਾਂ ਦੇ ਸੰਕੀਰਨ ਚੌਖਟੇ ਵਿਚੋਂ ਬਾਹਰ ਆ ਕੇ ਅਤੇ ਗੈਰ ਪਾਰਲੀਮਾਨੀ ਸੰਘਰਸ਼ਾਂ ਦੇ ਰਾਹੇ ਪੈ ਕੇ ਹੀ ਦੇਸ਼ ਅੰਦਰ ਭਾਜਪਾ-ਆਰ.ਐਸ.ਐਸ. ਦੇ ਖਤਰਨਾਕ ਫਿਰਕੂ ਗਠਜੋੜ ਤੇ ਸਾਮਰਾਜ ਨਿਰਦੇਸ਼ਤ ਆਰਥਿਕ ਨੀਤੀਆਂ ਦੀਆਂ ਮੁੱਦਈ ਧਿਰਾਂ ਨੂੰ ਹਾਰ ਦਿੱਤੀ ਜਾ ਸਕਦੀ ਹੈ।
ਉਪਰੋਕਤ ਜ਼ਿੰਮੇਵਾਰੀਆਂ ਨਿਭਾਉਣ ਦੇ ਯੋਗ ਬਣਨ ਵਾਸਤੇ ਇਨ੍ਹਾਂ ਅਸੈਂਬਲੀ ਚੋਣਾਂ ਵਿਚ ਖੱਬੇ ਪੱਖੀ ਦਲਾਂ ਦੀ ਕਾਰਗੁਜ਼ਾਰੀ ਦੇ ਮੱਦੇ ਨਜ਼ਰ, ਖੱਬੇ ਪੱਖੀਆਂ ਦੀ ਜੋ ਏਕਤਾ ਉਸਰੀ ਹੈ, ਉਸਨੂੰ ਹੋਰ ਪੀਡਾ ਤੇ ਮਜ਼ਬੂਤ ਕਰਨਾ ਹੋਵੇਗਾ ਅਤੇ ਜਿਹੜੀਆਂ ਕਮਜ਼ੋਰੀਆਂ ਨਜ਼ਰ ਆਈਆਂ ਹਨ, ਉਨ੍ਹਾਂ ਉਪਰ ਆਬੂਰ ਹਾਸਲ ਕਰਨਾ ਹੋਵੇਗਾ। ਪੜਚੋਲ ਤੇ ਆਪਾ ਪੜਚੋਲ, ਜੋ ਕਮਿਊਨਿਸਸਟ ਸਿਧਾਂਤ ਦਾ ਅਨਿੱਖੜਵਾਂ ਅੰਗ ਹੈ, ਦੀ ਵਰਤੋਂ ਰਾਹੀਂ ਪ੍ਰਾਂਤ ਅੰਦਰ ਕਮਿਊਨਿਸਟ ਲਹਿਰ ਨਵੀਆਂ ਬੁਲੰਦੀਆਂ ਛੂਹ ਸਕਦੀ ਹੈ।
ਧੰਨਵਾਦ ਸਹਿਤ : ਰੋਜ਼ਾਨਾਂ ਨਵਾਂ ਜ਼ਮਾਨਾ, ਜਲੰਧਰ

No comments:

Post a Comment