Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Thursday 23 March 2017

ਦੇਸ਼ ਲਈ ਵੱਡਾ ਖਤਰਾ ਹੈ ਫ਼ਿਰਕਾਪ੍ਰਸਤੀ

ਮੰਗਤ ਰਾਮ ਪਾਸਲਾ
Ajit Jalandhar 22.03.2017

 

ਨਰਿੰਦਰ ਮੋਦੀ ਸਰਕਾਰ ਦੇ ਸੱਤਾ ਸੰਭਾਲਣ ਤੋਂ ਬਾਅਦ ਆਰ.ਐਸ.ਐਸ. ਆਪਣੇ ਪੂਰੇ ਜਲੌਅ ਵਿਚ ਹੈ। ਜਿਸ ਧਰਮ ਅਧਾਰਤ 'ਹਿੰਦੂ ਰਾਸ਼ਟਰ' ਦੀ ਸਥਾਪਨਾ ਦੇ ਨਿਸ਼ਾਨੇ ਬਾਰੇ ਇਹ ਸੌ ਪਰਦੇ ਪਾ ਕੇ ਛੁਪਾਉਣ ਦੀਆਂ ਕੋਸ਼ਿਸ਼ਾਂ ਕਰਦਾ ਸੀ, ਉਸ ਨੂੰ ਹੁਣ ਉਹ ਪੂਰੇ ਜ਼ੋਰ-ਸ਼ੋਰ ਨਾਲ ਲੋਕਾਂ ਸਾਹਮਣੇ ਰੱਖ ਰਿਹਾ ਹੈ। ਬਹੁਤ ਸਾਰੀਆਂ ਕੇਂਦਰੀ ਕੈਬਨਿਟ ਦੀਆਂ ਮੀਟਿੰਗਾਂ ਤੇ ਅਤੀ ਗੁਪਤ ਫ਼ੈਸਲੇ ਵੀ ਸੰਘ ਆਗੂਆਂ ਦੀ ਮੌਜੂਦਗੀ ਵਿਚ ਹੁੰਦੇ ਹਨ। ਕੇਂਦਰੀ ਮੰਤਰੀ, ਰਾਜਾਂ ਦੇ ਮੁੱਖ ਮੰਤਰੀ, ਗਵਰਨਰ, ਅਦਾਲਤਾਂ ਦੇ ਜੱਜ, ਵਿੱਦਿਆ ਤੇ ਇਤਿਹਾਸ ਨਾਲ ਸਬੰਧਤ ਕਮਿਸ਼ਨ ਜਾਂ ਸੰਸਥਾਵਾਂ ਦੇ ਮੁਖੀ ਭਾਵ ਹਰ ਪੱਧਰ 'ਤੇ ਮਹੱਤਵਪੂਰਨ ਨਿਯੁਕਤੀਆਂ ਸੰਘ ਦੀ ਮੋਹਰ ਲੱਗਣ ਤੋਂ ਬਾਅਦ ਹੀ ਕੀਤੀਆਂ ਜਾਂਦੀਆਂ ਹਨ। ਯੋਜਨਾਬੱਧ ਢੰਗ ਨਾਲ ਸੰਘ ਪਰਿਵਾਰ ਦੇਸ਼ ਦੇ ਲੋਕਾਂ ਦਾ ਫ਼ਿਰਕੂ ਆਧਾਰ ਉੱਪਰ ਧਰੁਵੀਕਰਨ ਕਰਨ ਵਿਚ ਲੱਗਾ ਹੋਇਆ ਹੈ।
ਇਸ ਦੇ ਵੱਖ-ਵੱਖ ਆਗੂ ਹਿੰਦੂਆਂ ਨੂੰ ਫ਼ਿਰਕੂ ਆਧਾਰ 'ਤੇ ਉਕਸਾ ਕੇ ਇਕਜੁੱਟ ਕਰਨ, ਘੱਟ-ਗਿਣਤੀਆਂ ਤੇ ਅਗਾਂਹਵਧੂ ਲੋਕਾਂ ਵਿਰੁੱਧ ਨਫ਼ਰਤ ਫੈਲਾਉਣ ਅਤੇ ਫਾਸ਼ੀ ਰਾਜ ਸਥਾਪਤ ਕਰਨ ਹਿਤ 'ਅੰਨ੍ਹੇ ਕੌਮਵਾਦ' ਦੇ ਸੰਕਲਪ ਨੂੰ ਲੋਕਾਂ ਦੇ ਮਨਾਂ ਵਿਚ ਭਰਨ ਲਈ ਕੋਈ ਮੌਕਾ ਹੱਥੋਂ ਅਜਾਈਂ ਨਹੀਂ ਜਾਣ ਦਿੰਦੇ। ਮੁਸਲਮਾਨ ਭਾਈਚਾਰੇ ਨੂੰ ਸਮੂਹਿਕ ਰੂਪ ਵਿਚ ਅੱਤਵਾਦੀ ਗਰਦਾਣ, 'ਹਿੰਦੂ ਰਾਸ਼ਟਰ' ਦਾ ਵਿਰੋਧ ਕਰਨ ਵਾਲੇ ਹਰ ਵਿਅਕਤੀ ਤੇ ਸੰਗਠਨ ਨੂੰ ਦੇਸ਼-ਧ੍ਰੋਹੀ ਦੱਸਣ ਅਤੇ ਗੁਆਂਢੀ ਦੇਸ਼ਾਂ ਨਾਲ ਚੰਗੇ ਸਬੰਧ ਬਣਾਉਣ ਤੇ ਜੰਗੀ ਮਾਹੌਲ ਨੂੰ ਠੱਲ੍ਹਣ ਦਾ ਪੱਖ ਲੈਣ ਵਾਲੇ ਨੂੰ ਵਿਦੇਸ਼ੀ ਏਜੰਟ ਦੱਸ ਕੇ ਸੰਘ ਪਰਿਵਾਰ ਆਪਣੇ-ਆਪ ਨੂੰ ਸਭ ਤੋਂ ਵੱਡੇ ਦੇਸ਼ ਭਗਤ ਸਿੱਧ ਕਰਨ ਲਈ ਹਰ ਹਰਬਾ ਵਰਤ ਰਿਹਾ ਹੈ।
ਸਾਰੇ ਧਰਮਾਂ ਦੇ ਲੋਕਾਂ ਦੀ ਆਪਸੀ ਏਕਤਾ ਤੇ ਭਾਈਚਾਰਾ ਮਜ਼ਬੂਤ ਕਰਨ ਅਤੇ ਦੇਸ਼ ਦੀਆਂ ਧਰਮ-ਨਿਰਪੱਖ ਤੇ ਜਮਹੂਰੀ ਕਦਰਾਂ-ਕੀਮਤਾਂ ਨੂੰ ਮਿੱਟੀ ਵਿਚ ਮਿਲਾਉਣ ਲਈ ਇਹ 'ਭਗਵਾਂ ਬਰਗੇਡ' ਸਰਕਾਰ ਦੀ ਕਿਸੇ ਵੀ ਨੀਤੀ ਦਾ ਵਿਰੋਧ ਕਰਨ ਵਾਲਿਆਂ ਨੂੰ ਵਿਕਾਸ ਵਿਰੋਧੀ ਅਤੇ ਦੇਸ਼ ਧ੍ਰੋਹੀ ਆਖ ਕੇ ਨਿੰਦਦਾ ਹੈ। ਹੁਣ ਤਾਂ ਇਸ ਦੇ ਆਗੂ ਇਹ ਕਹਿਣ ਤੱਕ ਚਲੇ ਗਏ ਹਨ ਕਿ ਮੁਸਲਮਾਨਾਂ ਨੂੰ ਮੁਰਦੇ ਦਫ਼ਨਾਉਣ ਦੀ ਬਜਾਏ ਜਲਾਉਣੇ ਚਾਹੀਦੇ ਹਨ। ਇਹ ਵੱਖ-ਵੱਖ ਧਰਮਾਂ ਤੇ ਸੱਭਿਆਚਾਰ ਵਾਲੇ ਦੇਸ਼ ਨੂੰ ਟੋਟੇ-ਟੋਟੇ ਕਰਨ ਦੀ ਇਕ ਵੱਡੀ ਸਾਜ਼ਿਸ਼ ਨਹੀਂ ਹੈ ਹੋਰ ਕੀ ਹੈ?
ਸੰਘ ਬੁਨਿਆਦੀ ਤੌਰ 'ਤੇ ਇਕ ਫ਼ਿਰਕੂ, ਸਾਮਰਾਜ ਪੱਖੀ ਤੇ ਪਿਛਾਖੜੀ ਸੰਗਠਨ ਹੈ, ਜੋ ਹਰ ਅਗਾਂਹਵਧੂ ਲਹਿਰ, ਧਰਮ-ਨਿਰਪੱਖਤਾ ਤੇ ਲੋਕਰਾਜੀ ਅਸੂਲ ਦਾ ਪੂਰਨ ਰੂਪ ਵਿਚ ਵਿਰੋਧੀ ਹੈ। 1925 ਵਿਚ ਇਸ ਦੀ ਅਧਾਰਸ਼ਿਲਾ ਅੰਗਰੇਜ਼ ਸਾਮਰਾਜ ਵਿਰੁੱਧ ਉੱਠੀ ਆਜ਼ਾਦੀ ਦੀ ਲਹਿਰ ਨੂੰ ਫ਼ਿਰਕਾਪ੍ਰਸਤੀ ਦੀ ਜ਼ਹਿਰ ਰਾਹੀਂ ਕਮਜ਼ੋਰ ਕਰਨ ਹਿਤ ਹੀ ਰੱਖੀ ਗਈ ਸੀ। ਇਸ ਸਮਝਦਾਰੀ ਕਾਰਨ ਹੀ ਸੰਘ ਆਗੂਆਂ ਦੀ ਦੇਸ਼ ਦੇ ਆਜ਼ਾਦੀ ਸੰਗਰਾਮ ਵਿਚ ਕੋਈ ਹਾਂ-ਪੱਖੀ ਭੂਮਿਕਾ ਤਾਂ ਕੀ ਹੋਣੀ ਸੀ, ਬਲਕਿ ਹਮੇਸ਼ਾ ਸਾਮਰਾਜ ਭਗਤੀ ਵਾਲਾ ਰੋਲ ਰਿਹਾ ਹੈ। ਕਾਲੇ ਪਾਣੀ ਦੀ ਜੇਲ੍ਹ ਕੱਟਣ ਦਾ ਹਵਾਲਾ ਦੇ ਕੇ ਸੰਘੀ ਜਿਸ ਵਿਅਕਤੀ ਦਾ ਨਾਂਅ ਵੱਡੇ ਦੇਸ਼ ਭਗਤ ਵਜੋਂ ਲੈਂਦੇ ਹਨ, ਅਸਲ ਵਿਚ ਉਹ ਹਿੰਦੂ ਮਹਾਂਸਭਾ ਦਾ ਆਗੂ ਵੀਰ ਸਾਵਰਕਰ, ਅੰਗਰੇਜ਼ਾਂ ਤੋਂ ਮੁਆਫ਼ੀ ਮੰਗ ਕੇ ਸਾਮਰਾਜ-ਪੱਖੀ ਪ੍ਰਚਾਰ ਕਰਨ ਦਾ ਵਾਅਦਾ ਕਰਕੇ ਜੇਲ੍ਹੋਂ ਬਾਹਰ ਆਇਆ ਸੀ। 1947 ਵਿਚ ਮਿਲੀ ਆਜ਼ਾਦੀ ਨੂੰ ਵੀ ਸੰਘ ਪਰਿਵਾਰ ਨੇ ਕਦੀ ਸੌਖਿਆਂ ਸਵੀਕਾਰ ਨਹੀਂ ਕੀਤਾ। ਆਜ਼ਾਦੀ ਤੋਂ ਬਾਅਦ ਅੱਜ ਤੱਕ ਆਰ.ਐਸ.ਐਸ. ਦੀ ਭੂਮਿਕਾ ਦੇਸ਼ ਵਿਚ ਫ਼ਿਰਕਾਪ੍ਰਸਤੀ ਫੈਲਾਉਣ, ਫ਼ਿਰਕੂ ਦੰਗੇ ਕਰਾਉਣ ਤੇ ਇਕ ਵਫ਼ਾਦਾਰ ਸਾਮਰਾਜ ਭਗਤੀ ਕਰਨ ਵਾਲੀ ਸੰਸਥਾ ਵਜੋਂ ਰਹੀ ਹੈ। ਇਸ ਦੁਆਰਾ ਸੰਚਾਲਤ ਸਾਰੀਆਂ ਹੀ ਸਮਾਜਿਕ, ਧਾਰਮਿਕ ਤੇ ਸਮਾਜ ਸੇਵਾ ਕਰਨ ਦੀਆਂ ਸਰਗਰਮੀਆਂ ਅਤੇ ਕਥਿਤ ਭਾਰਤੀ ਸੰਸਕ੍ਰਿਤੀ ਨੂੰ ਬੜ੍ਹਾਵਾ ਦੇਣ ਵਾਲੇ ਪ੍ਰੋਗਰਾਮ ਅਸਲ ਵਿਚ ਅੱਤ ਦੀ ਫ਼ਿਰਕੂ ਘ੍ਰਿਣਾ ਪੈਦਾ ਕਰਨ ਵੱਲ ਹੀ ਸੇਧਤ ਹੁੰਦੇ ਹਨ।
ਅੱਜਕਲ੍ਹ ਭਾਵੇਂ ਸੰਘ ਪਰਿਵਾਰ ਤੇ ਭਾਜਪਾ ਆਪਣੇ-ਆਪ ਨੂੰ ਸਭ ਤੋਂ ਵੱਡੀਆਂ ਜਮਹੂਰੀ ਤੇ ਦੇਸ਼ ਦੇ ਵਿਧਾਨ ਨੂੰ ਮੰਨਣ ਵਾਲੀਆਂ 'ਦੇਸ਼ ਭਗਤ' ਸੰਸਥਾਵਾਂ ਕਹਿਣੋਂ ਨਹੀਂ ਥੱਕਦੀਆਂ, ਪ੍ਰੰਤੂ ਇਹ ਇਕ ਸੱਚ ਹੈ ਕਿ 'ਸੰਘ' ਦੀਆਂ ਜਥੇਬੰਦਕ ਚੋਣਾਂ ਕਦੇ ਵੀ ਜਮਹੂਰੀ ਢੰਗ ਨਾਲ ਨਹੀਂ ਹੋਈਆਂ ਤੇ ਇਸ ਦੇ ਉੱਚ ਅਹੁਦੇਦਾਰ ਇਕ ਨਿਰੰਕੁਸ਼ (ਤਾਨਾਸ਼ਾਹ) ਸ਼ਾਸਕ ਵਾਂਗਰ ਸਿਰਫ 'ਮਨੋਨੀਤ' ਹੀ ਕੀਤੇ ਜਾਂਦੇ ਹਨ। ਇਸ ਨੇ ਭਾਰਤ ਦੇ ਸੰਵਿਧਾਨ ਦੇ ਸੰਘੀ, ਜਮਹੂਰੀ ਤੇ ਧਰਮ-ਨਿਰਪੱਖ ਅਕਸ ਨੂੰ ਕਦੀ ਵੀ ਮਾਨਤਾ ਨਹੀਂ ਦਿੱਤੀ। ਬਾਬਰੀ ਮਸਜਿਦ ਨੂੰ ਇਕ ਯੋਜਨਾ ਤਹਿਤ ਗ਼ੈਰ-ਕਾਨੂੰਨੀ ਢੰਗ ਨਾਲ ਢਾਹੁਣ ਤੋਂ ਪਹਿਲਾਂ ਇਸ ਦੇ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਤੇ ਓਮਾ ਭਾਰਤੀ ਵਰਗੇ ਉੱਚ ਆਗੂਆਂ ਨੇ ਅਦਾਲਤ ਦੇ ਸਾਹਮਣੇ ਬਾਬਰੀ ਮਸਜਿਦ ਨੂੰ ਢਾਹੁਣ ਵਰਗੇ ਕੋਈ ਗ਼ੈਰ-ਕਾਨੂੰਨੀ ਤੇ ਅਨੈਤਿਕ ਕੰਮ ਨਾ ਕਰਨ ਦੀ ਸਹੁੰ ਖਾਧੀ ਸੀ।
ਆਰ.ਐਸ.ਐਸ. ਸਾਰੀਆਂ ਹੀ ਧਾਰਮਿਕ ਘੱਟ-ਗਿਣਤੀਆਂ ਨੂੰ ਖ਼ਤਮ ਕਰਕੇ ਜਾਂ ਬਹੁਗਿਣਤੀ ਫ਼ਿਰਕੇ ਦੇ ਮੁਕਾਬਲੇ ਦੂਸਰੇ ਦਰਜੇ ਦੇ ਸ਼ਹਿਰੀ ਬਣਾ ਕੇ ਧਰਮ ਅਧਾਰਤ 'ਹਿੰਦੂ ਰਾਸ਼ਟਰ' ਤਾਂ ਕਾਇਮ ਕਰਨਾ ਹੀ ਚਾਹੁੰਦਾ ਹੈ, ਜੋ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਬਲੀ ਲੈ ਸਕਦਾ ਹੈ, ਇਸ ਤੋਂ ਵੀ ਅੱਗੇ ਜਾ ਕੇ ਅਜਿਹੀ ਸੋਚ ਹਿੰਦੂ ਸਮਾਜ ਦੀ ਸਮੁੱਚੀ ਵੱਸੋਂ ਦੇ ਹਿਤਾਂ ਨਾਲ ਵੀ ਖਿਲਵਾੜ ਕਰਨ ਵਾਲੀ ਹੈ। ਕਿਸੇ ਵੀ ਧਰਮ ਦੇ 'ਜਨੂੰਨੀ' ਉਸ ਧਰਮ ਨਾਲ ਸਬੰਧਤ ਭੋਲੇ-ਭਾਲੇ ਤੇ ਸਾਧਾਰਨ ਲੋਕਾਂ ਦੇ ਹਿਤਾਂ ਦੀ ਰਾਖੀ ਨਹੀਂ ਕਰ ਸਕਦੇ। ਉਲਟਾ ਉਨ੍ਹਾਂ ਨੂੰ 'ਗੁਲਾਮੀ' ਦੇ ਨਵੇਂ ਸੰਗਲਾਂ ਵਿਚ ਨੂੜਨ ਦਾ ਕੰਮ ਕਰਦੇ ਹਨ। ਮੁਸਲਿਮ ਆਬਾਦੀ ਵਾਲੇ ਦੇਸ਼ਾਂ ਦੇ ਜਨੂੰਨੀ ਹਾਕਮ ਉਸ ਦੇਸ਼ ਦੇ ਮੁਸਲਮਾਨ ਕਿਰਤੀਆਂ, ਕਿਸਾਨਾਂ ਤੇ ਦੂਸਰੇ ਮਿਹਨਤਕਸ਼ਾਂ ਦੇ ਓਨੇ ਹੀ ਵੈਰੀ ਹਨ, ਜਿੰਨੇ ਉਹ ਦੂਸਰੇ ਧਰਮਾਂ ਦੇ ਲੋਕਾਂ ਦੇ।
ਅਜੋਕੀ ਨਰਿੰਦਰ ਮੋਦੀ ਸਰਕਾਰ ਦੇ ਕਾਰਜਕਾਲ ਵਿਚ ਅਸਹਿਣਸ਼ੀਲਤਾ ਤੇ ਵੱਖ-ਵੱਖ ਫ਼ਿਰਕਿਆਂ ਵਿਚ ਆਪਸੀ ਦੁਸ਼ਮਣੀ ਵਾਲਾ ਮਾਹੌਲ ਵੀ ਆਰ.ਐਸ.ਐਸ. ਦੀ ਵਿਚਾਰਧਾਰਾ ਦੀ ਉਪਜ ਹੈ। ਜਿਹੜਾ ਵੀ ਵਿਅਕਤੀ ਸੰਘ ਦੇ ਵਿਚਾਰਾਂ ਦੇ ਵਿਰੁੱਧ ਬੋਲਦਾ ਜਾਂ ਲਿਖਦਾ ਹੈ, ਉਸ ਨੂੰ ਝੱਟ ਹੀ ਦੇਸ਼ ਦੇ 'ਦੁਸ਼ਮਣ' ਦੀ ਉਪਾਧੀ ਪ੍ਰਦਾਨ ਕਰ ਦਿੱਤੀ ਜਾਂਦੀ ਹੈ। ਇਹ ਸਮਾਜ ਦੀ ਹਰ ਰਸਮ ਨੂੰ ਸੰਕੀਰਨਤਾ ਦੀਆਂ ਐਨਕਾਂ ਰਾਹੀਂ ਦੇਖਦੇ ਹਨ। ਮੁਹੱਬਤ ਦਾ ਇਜ਼ਹਾਰ ਕਰਨ ਵਾਲੇ ਸਾਡੇ ਬੱਚੇ ਤੇ ਬੱਚੀਆਂ ਨਾਲ ਸੰਘ ਪਰਿਵਾਰ ਦੇ ਮੈਂਬਰ ਜਿਵੇਂ ਬਜਰੰਗ ਦਲ, ਰਾਮ ਸੈਨਾ ਆਦਿ ਜਿਸ ਤਰ੍ਹਾਂ ਦਾ ਦੁਰਵਿਹਾਰ ਕਰਦੇ ਹਨ, ਉਹ ਪੂਰੀ ਤਰ੍ਹਾਂ ਨਿੰਦਣਯੋਗ ਤੇ ਹੈਵਾਨੀਅਤ ਹੈ। ਇਥੇ ਇਹ ਗੱਲ ਵਿਸ਼ੇਸ਼ ਤੌਰ 'ਤੇ ਯਾਦ ਰੱਖਣਯੋਗ ਹੈ ਕਿ ਆਰ.ਐਸ.ਐਸ. ਅਤੇ ਅਜਿਹੇ ਹਰ ਕੱਟੜ ਫ਼ਿਰਕੂ ਸੰਗਠਨ ਵਿਚਾਰਧਾਰਾ ਪੱਖੋਂ ਹੀ ਔਰਤ ਤੇ ਮਰਦ ਦੀ ਬਰਾਬਰੀ ਦੇ ਸਿਧਾਂਤ ਦੇ ਮੁੱਢੋਂ ਖਿਲਾਫ਼ ਹਨ। ਦਿੱਲੀ ਯੂਨੀਵਰਸਿਟੀ ਦੇ ਰਾਮਜਸ ਕਾਲਜ ਵਿਚ ਸੰਘ ਪਰਿਵਾਰ ਦੇ ਇਕ ਮੈਂਬਰ, ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਵੱਲੋਂ ਸੈਮੀਨਾਰ ਕਰਨ ਜਾ ਰਹੇ ਇਕ ਖੱਬੇ-ਪੱਖੀ ਵਿਦਿਆਰਥੀ ਸੰਗਠਨ ਤੇ ਅਧਿਆਪਕਾਂ ਉੱਪਰ ਧਾਵਾ ਬੋਲਣ ਤੇ ਮਾਰ-ਕੁਟਾਈ ਕਰਨ ਵਿਰੁੱਧ ਕਾਰਗਿਲ ਦੇ ਸ਼ਹੀਦ ਦੀ ਬੇਟੀ ਗੁਰਮੇਹਰ ਕੌਰ ਨੇ ਆਵਾਜ਼ ਉਠਾਈ। ਇਸ ਵਿਰੋਧ ਦੇ ਪ੍ਰਤੀਕਰਮ ਵਜੋਂ ਸਮੁੱਚੇ ਸੰਘ ਪਰਿਵਾਰ ਨੇ ਗੁਰਮੇਹਰ ਕੌਰ ਵਿਰੁੱਧ ਬਹੁਤ ਹੀ ਘਟੀਆ ਤੇ ਨਿੰਦਣਯੋਗ ਟਿੱਪਣੀਆਂ ਕੀਤੀਆਂ। ਹਰਿਆਣਾ ਦੇ ਇਕ ਸੰਘੀ ਮੰਤਰੀ ਨੇ ਤਾਂ ਗੁਰਮੇਹਰ ਕੌਰ ਦੇ ਹੱਕ ਵਿਚ ਬੋਲਣ ਵਾਲਿਆਂ ਨੂੰ ਦੇਸ਼ ਧ੍ਰੋਹੀ ਆਖ ਕੇ ਪਾਕਿਸਤਾਨ ਚਲੇ ਜਾਣ ਦੀ ਧਮਕੀ ਵੀ ਦੇ ਦਿੱਤੀ। ਅਸਲ ਵਿਚ ਇਹ ਸਾਰਾ ਕੁਝ ਸੰਘ ਦੀ ਫ਼ਿਰਕੂ ਤੇ ਔਰਤ ਵਿਰੋਧੀ ਮਾਨਸਿਕਤਾ ਦਾ ਅਕਸ ਹੈ।
ਮੁੱਦਾ ਸਿਰਫ ਸੰਘ ਪਰਿਵਾਰ ਤੇ ਭਾਜਪਾ ਦੇ ਵਿਰੋਧ ਦਾ ਨਹੀਂ ਹੈ, ਬਲਕਿ ਇਹ ਇਕ ਅੱਡ-ਅੱਡ ਬੋਲੀਆਂ, ਧਰਮਾਂ ਤੇ ਸੱਭਿਆਚਾਰਾਂ ਦੇ ਮਾਲਕ ਲੋਕਾਂ ਦੇ ਖੂਬਸੂਰਤ ਸਜੇ ਹੋਏ ਗੁਲਦਸਤੇ ਨੂੰ ਫ਼ਿਰਕੂਆਂ ਤੋਂ ਬਚਾਉਣ ਦਾ ਹੈ। ਇਕੱਲੀਆਂ ਧਾਰਮਿਕ ਘੱਟ-ਗਿਣਤੀਆਂ ਦੇ ਲੋਕਾਂ ਦਾ ਹੀ ਨਹੀਂ, ਸਗੋਂ ਬਹੁਗਿਣਤੀ ਹਿੰਦੂ ਸਮਾਜ, ਸਾਰੇ ਹੀ ਅਗਾਂਹਵਧੂ ਤੇ ਤਰਕਸ਼ੀਲ ਲੋਕਾਂ ਅਤੇ ਧਰਮ-ਨਿਰਪੱਖ ਸ਼ਕਤੀਆਂ ਦਾ ਇਹ ਮੁਢਲਾ ਫ਼ਰਜ਼ ਹੈ ਕਿ ਉਹ ਦੇਸ਼ ਨੂੰ ਧਾਰਮਿਕ ਕੱਟੜਵਾਦੀ ਰਾਜ ਤੋਂ ਬਚਾਉਣ ਲਈ ਮੈਦਾਨ ਵਿਚ ਆਉਣ। ਨਾਲ ਹੀ ਧਾਰਮਿਕ ਘੱਟ-ਗਿਣਤੀ ਲੋਕਾਂ ਨੂੰ ਵੀ ਆਪਣੀਆਂ ਸਫ਼ਾਂ ਵਿਚਲੇ ਫ਼ਿਰਕੂ, ਪਿਛਾਖੜੀ ਤੇ ਵੱਖਵਾਦੀ ਵਿਚਾਰਾਂ ਵਾਲੇ ਤੱਤਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ।
ਧੰਨਵਾਦ ਸਹਿਤ: ਅਜੀਤ ਜਲੰਧਰ

No comments:

Post a Comment