Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Friday 27 December 2019

ਆਰਐਸਐਸ ਅਤੇ ਫੌਜ ਮੁਖੀ ਦੇ ਬਿਆਨਾਂ ਦਾ ਆਰਐਮਪੀਆਈ ਨੇ ਲਿਆ ਨੋਟਿਸ

ਜਲੰਧਰ; 27 ਦਸੰਬਰ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਵਲੋਂ ਰਾਸ਼ਟਰੀ ਸੋਇੰਮ ਸੇਵਕ ਸੰਘ (ਆਰ.ਐਸ.ਐਸ.) ਦੇ ਮੁਖੀ ਮੋਹਨ ਭਾਗਵਤ ਵਲੋਂ ਸਾਰੇ ਦੇਸ਼ ਵਾਸੀਆਂ ਨੂੰ ਹਿੰਦੂ ਕਰਾਰ ਦੇਣ, ਫੌਜ ਮੁਖੀ ਵਿਪਨ ਰਾਵਤ ਵਲੋਂ ਜਮਹੂਰੀ ਢੰਗਾਂ ਨਾਲ ਸ਼ਾਂਤਮਈ ਸੰਘਰਸ਼ ਕਰ ਰਹੇ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਹਿੰਸਾ ਭੜਕਾਉਣ ਦੇ ਦੋਸ਼ੀ ਕਰਾਰ ਦੇਣ ਅਤੇ ਸੰਘ-ਭਾਜਪਾ ਆਗੂਆਂ ਦੇ ਭਾਈਚਾਰੇ ਅਤੇ ਅਮਨ ਸ਼ਾਂਤੀ ਨੂੰ ਲਾਂਬੂੰ ਲਾਉਣ ਵਾਲੇ ਭੜਕਾਊ ਬਿਆਨਾਂ ਦਾ ਸਖਤ ਨੋਟਿਸ ਲੈਂਦਿਆਂ ਲੋਕਾਂ ਨੂੰ ਇਨ੍ਹਾਂ ਫੁੱਟਪਾਊ-ਤਾਨਾਸ਼ਾਹਾਂ ਤੋਂ ਸੁਚੇਤ ਹੋਣ ਦੀ ਅਪੀਲ ਕੀਤੀ ਗਈ ਹੈ।
ਅੱਜ ਏਥੋਂ ਜਾਰੀ ਇਕ ਬਿਆਨ ਰਾਹੀਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਫੌਜ ਮੁਖੀ ਦਾ ਬਿਆਨ ਸੰਵਿਧਾਨ ਵਿਰੋਧੀ ਹੋਣ ਤੋਂ ਇਲਾਵਾ ਦੇਸ਼ ਦੇ ਅੰਦਰੂਨੀ ਮਾਮਲਿਆਂ ’ਚ ਫੌਜ ਦੇ ਨਾਜਾਇਜ਼-ਦਮਨਕਾਰੀ ਦਖਲ ਦੀ ਸੰਘੀ ਲਾਈਨ ਦੀ ਪ੍ਰੋੜ੍ਹਤਾ ਕਰਦਾ ਹੈ। ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਵਲੋਂ ਦੇਸ਼ ਦੀ ਏਕਤਾ-ਅਖੰਡਤਾ ਅਤੇ ਫਿਰਕੂ ਸਾਂਝ ਲਈ ਖਤਰਾ ਬਣੇ ਸੰਵਿਧਾਨ ਵਿਰੋਧੀ ‘ਨਾਗਰਿਕਤਾ ਸੋਧ ਕਾਨੂੰਨ’, ‘ਐਨਆਰਸੀ’ ਅਤੇ ‘ਐਨਪੀਆਰ’ ਵਿਰੁੱਧ ਸੰਘਰਸ਼ ਕਰ ਰਹੇ ਲੋਕਾਂ ਨੂੰ ਰਾਸ਼ਟਰ ਵਿਰੋਧੀ ਗਰਦਾਨ ਕੇ ਸਖਤੀ ਨਾਲ ਸਿੰਝਣ ਦੀਆਂ ਧਮਕੀਆਂ ਦੇਣਾ ਅਤੇ ਦਰਜਨਾਂ ਨਿਰਦੋਸ਼ ਲੋਕਾਂ ਨੂੰ ਗੋਲੀ ਨਾਲ ਫੁੰਡ ਦੇਣ ਵਾਲੀ ਯੂਪੀ ਸਰਕਾਰ ਦੀ ਜਾਬਰਾਨਾ ਕਾਰਵਾਈ ਨੂੰ ਵਾਜ਼ਬ ਦੱਸਣ ਵਾਲੇ ਮੋਦੀ ਦੇ ਬਿਆਨ ਦੇਸ਼ ਦੇ ਜਮਹੂਰੀ ਢਾਂਚੇ ਲਈ ਗੰਭੀਰ ਖ਼ਤਰਿਆਂ ਦੀ ਨਿਸ਼ਾਨਦੇਹੀ ਕਰਦੇ ਹਨ।
ਸਾਥੀ ਪਾਸਲਾ ਨੇ ਕਿਹਾ ਕਿ ਫਿਰਕੂ ਜ਼ਹਿਨੀਅਤ ਨਾਲ ਡੰਗੇ ਭਾਜਪਾ ਆਗੂਆਂ, ਮੰਤਰੀਆਂ ਅਤੇ ਚੁਣੇ ਹੋਏ ਨੁਮਾਇੰਦਿਆਂ ਵਲੋਂ ਪੁਲਸ ਗੋਲੀਬਾਰੀ ਵਿਚ ਮਾਰੇ ਗਏ ਲੋਕਾਂ ਦੇ ਘਰੀਂ ਫਿਰਕੂ ਆਧਾਰ ’ਤੇ ਜਾਣ ਤੋਂ ਇਨਕਾਰ ਕਰਨਾ ਇਸ ਗੱਲ ਦਾ ਜਿਉਂਦਾ ਜਾਗਦਾ ਸਬੂਤ ਹੈ ਕਿ ਸੰਘ ਭਾਜਪਾ ਦਾ ਮੁੱਖ ਏਜੰਡਾ ਫਿਰਕੂ ਕਤਾਰਬੰਦੀ ਹੈ ਅਤੇ ਉਨ੍ਹਾਂ ਵਲੋਂ ਸਾਜੇ ਜਾ ਰਹੇ ਕਾਨੂੰਨ ਤੇ ਲਏ ਜਾ ਰਹੇ ਫੈਸਲੇ ਉਕਤ ਅਜੰਡੇ ਦੀ ਪੂਰਤੀ ਦਾ ਸਾਧਨ ਹੀ ਹਨ। ਉਨ੍ਹਾਂ ਕਿਹਾ ਕਿ ਸੰਘ ਮੁਖੀ ਹਿੰਦੁਸਤਾਨ ਦੀ ਮਿਲੀਜੁਲੀ ਸਭਿਅਤਾ ਨੂੰ ਨੁਕਸਾਨ ਪਹੁੰਚਾਉਣ ਵਾਲੇ ਫਿਰਕੂ ਵੰਡ ਤਿੱਖੀ ਕਰਨ ਦੇ ਉਦੇਸ਼ਾਂ ਵਾਲੇ ਬਿਆਨ ਅਕਸਰ ਹੀ ਦਿੰਦੇ ਰਹਿੰਦੇ ਹਨ। ਇਸ ਬਿਆਨ ਤੋਂ ਨਾ ਕੇਵਲ ਮੁਸਲਮਾਨਾਂ ਬਲਕਿ ਉਦਾਰ ਹਿੰਦੂਆਂ, ਸਾਰੀਆਂ ਘੱਟ ਗਿਣਤੀਆਂ, ਦਲਿਤਾਂ ਅਤੇ ਭਾਰਤ ਦੇ ਧਰਮ ਨਿਰਪੱਖ ਢਾਂਚੇ ਦੀ ਰਾਖੀ ਦੇ ਮੁੱਦਈਆਂ ਨੂੰ ਚੌਕਸ ਹੋ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਪਾਰਟੀ ਸਮੂਹ ਖੱਬੀਆਂ-ਪ੍ਰਗਤੀਸ਼ੀਲ ਧਿਰਾਂ ਇਸ ਫਿਰਕੂ ਸਰਕਾਰ ਅਤੇ ਇਸਦੇ ਦੇਸ਼ ਵਿਰੋਧੀ ਕਾਰਿਆਂ ਖਿਲਾਫ਼ ਸਾਂਝੇ ਸੰਘਰਸ਼ਾਂ ਦੀ ਲਾਮਬੰਦੀ ਕਰਨ। ਉਨ੍ਹਾਂ ਭਾਰਤੀ ਆਵਾਮ ਨੂੰ ਵੀ ਸੰਘਰਸ਼ਸ਼ੀਲ ਲੋਕਾਂ ਦੀ ਹਰ ਪੱਖੋਂ ਇਮਦਾਦ ਕਰਨ ਅਤੇ ਸਰਕਾਰ ਦੇ ਹੈਂਕੜਬਾਜ ਰਵੱਈਏ ਨੂੰ ਹਾਰ ਦੇਣ ਦੀ ਅਪੀਲ ਕੀਤੀ।
ਸਾਥੀ ਪਾਸਲਾ ਨੇ ਸਮੂਹ ਮਿਹਨਤਕਸ਼ਾਂ ਨੂੰ ਅਪੀਲ ਕੀਤੀ ਕਿ ਉਹ ਆਉਂਦੀ 8 ਜਨਵਰੀ ਨੂੰ ਕੀਤੀ ਜਾ ਰਹੀ ਸਨੱਅਤੀ ਅਤੇ ਆਮ ਹੜਤਾਲ ਨੂੰ ਭਾਰਤ ਬੰਦ ਦੀ ਸ਼ਕਲ ਵਿਚ ਵਟਾਉਣ ਲਈ ਖੱਬੀਆਂ ਧਿਰਾਂ ਦਾ ਸਾਥ ਦੇਣ। 

No comments:

Post a Comment